1. ਮੁੱਖ ਪੰਨਾ
  2. ਰਾਜਨੀਤੀ
  3. ਮੂਲਨਿਵਾਸੀ

ਕੈਨੇਡਾ ਦਾ ਪਹਿਲਾ ਮੂਲਨਿਵਾਸੀ ਭਾਸ਼ਾਵਾਂ ਕਮਿਸ਼ਨਰ ਦਫ਼ਤਰ ਆਉਂਦੀਆਂ ਗਰਮੀਆਂ ਤੱਕ ਸ਼ੁਰੂ ਹੋਣ ਦੀ ਉਮੀਦ

ਦੋ ਸਾਲ ਪਹਿਲਾਂ ਹੋਇਆ ਸੀ ਐਲਾਨ

30 ਸਤੰਬਰ 2022 ਨੂੰ ਨੈਸ਼ਨਲ ਡੇਅ ਫ਼ੌਰ ਟ੍ਰੁੱਥ ਐਂਡ ਰੀਕਨਸੀਲੀਏਸ਼ਨ ਮੌਕੇ ਮੌਂਟਰੀਅਲ ਵਿਚ ਆਯੋਜਿਤ ਇੱਕ ਮਾਰਚ ਦੀ ਤਸਵੀਰ।

30 ਸਤੰਬਰ 2022 ਨੂੰ ਨੈਸ਼ਨਲ ਡੇਅ ਫ਼ੌਰ ਟ੍ਰੁੱਥ ਐਂਡ ਰੀਕਨਸੀਲੀਏਸ਼ਨ ਮੌਕੇ ਮੌਂਟਰੀਅਲ ਵਿਚ ਆਯੋਜਿਤ ਇੱਕ ਮਾਰਚ ਦੀ ਤਸਵੀਰ।

ਤਸਵੀਰ: (THE CANADIAN PRESS/Graham Hughes)

RCI

ਕੈਨੇਡਾ ਦੇ ਪਹਿਲੇ ਮੂਲਨਿਵਾਸੀ ਭਾਸ਼ਾਵਾਂ ਕਮਿਸ਼ਨਰ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਆਉਂਦੀਆਂ ਗਰਮੀਆਂ ਤੱਕ ਉਹਨਾਂ ਦਾ ਦਫ਼ਤਰ ਪੂਰੀ ਤਰ੍ਹਾਂ ਚਾਲੂ ਹੋ ਜਾਵੇਗਾ। ਕਰੀਬ ਦੋ ਸਾਲ ਪਹਿਲਾਂ ਇਸ ਦਫ਼ਤਰ ਦਾ ਐਲਾਨ ਕੀਤਾ ਗਿਆ ਸੀ।

ਰੋਨਾਲਡ ਇਗਨੇਸ ਹਾਊਸ ਔਫ਼ ਕੌਮਨਜ਼ ਦੀ ਕਮੇਟੀ ਦੇ ਸਨਮੁੱਖ ਹੋਏ ਜੋ ਮੂਲਨਿਵਾਸੀ ਭਾਸ਼ਾਵਾਂ ਦੇ ਮੁੱਦੇ ਦਾ ਅਧਿਐਨ ਕਰ ਰਹੀ ਹੈ।

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੀ ਸਰਕਾਰ ਨੇ ਦੇਸ਼ ਭਰ ਵਿੱਚ ਫ਼ਸਟ ਨੇਸ਼ਨਜ਼, ਇਨੁਇਟ ਅਤੇ ਮੇਟਿਸ ਭਾਈਚਾਰਿਆਂ ਨਾਲ ਸੁਲ੍ਹਾ-ਸਫ਼ਾਈ ਨੂੰ ਅੱਗੇ ਵਧਾਉਣ ਲਈ ਆਪਣੇ ਟੀਚਿਆਂ ਵਿੱਚੋਂ ਇੱਕ ਵਜੋਂ ਮੂਲਨਿਵਾਸੀ ਭਾਸ਼ਾਵਾਂ ਨੂੰ ਮੁੜ ਸੁਰਜੀਤ ਕਰਨ ਨੂੰ ਤਰਜੀਹ ਦਿੱਤੀ ਹੈ।

ਫ਼ੈਡਰਲ ਸਰਕਾਰ ਨੇ 2019 ਵਿਚ ਇੰਡੀਜਨਸ ਐਕਟ ਪਾਸ ਕੀਤਾ ਸੀ, ਜਿਸ ਅਧੀਨ ਭਾਸ਼ਾਵਾਂ ਕਮਿਸ਼ਨਰ ਦਾ ਗਠਨ ਲਾਜ਼ਮੀ ਕੀਤਾ ਗਿਆ ਸੀ।

ਇਗਨੇਸ ਨੂੰ ਕਈ ਹੋਰ ਡਾਇਰੈਕਟਰਾਂ ਦੇ ਨਾਲ, ਜੂਨ 2021 ਵਿੱਚ ਇਸ ਭੂਮਿਕਾ ਲਈ ਨਿਯੁਕਤ ਕੀਤਾ ਗਿਆ ਸੀ, ਅਤੇ ਐਮਪੀਜ਼ ਨੂੰ ਦੱਸਿਆ ਕਿ ਅੱਜ ਤੱਕ ਮੁੱਖ ਫ਼ੋਕਸ ਦਫਤਰ ਨੂੰ ਚਾਲੂ ਕਰਨ ‘ਤੇ ਰਿਹਾ ਹੈ।

ਇਗਨੇਸ ਨੇ ਕਿਹਾ, ਸਾਡੇ ਮੈਂਡੇਟ ਅਤੇ ਜ਼ਿੰਮੇਵਾਰੀਆਂ ਦੀ ਪੇਚੀਦਗੀ ਅਤੇ ਮਹੱਤਤਾ ਸਾਨੂੰ ਇਸ ਸੰਸਥਾ ਲਈ ਇੱਕ ਠੋਸ ਬੁਨਿਆਦ ਸਥਾਪਤ ਕਰਨ ਲਈ ਲੋੜੀਂਦੇ ਸਮੇਂ ਅਤੇ ਕਦਮ ਚੁੱਕਣ ਦੀ ਮੰਗ ਕਰਦੀ ਹੈ

ਉਹਨਾਂ ਕਿਹਾ ਕਿ ਕਿਉਂਕਿ ਅਜਿਹਾ ਦਫ਼ਤਰ ਪਹਿਲਾਂ ਕਦੇ ਹੋਂਦ ਵਿਚ ਨਹੀਂ ਸੀ ਇਸ ਕਰਕੇ ਇਸਨੂੰ ਨਵੇਂ ਸਿਰਿਓਂ ਸਿਰਜਿਆ ਜਾ ਰਿਹਾ ਹੈ ਅਤੇ ਇਸ ਕਰਕੇ ਹੋਰ ਸਮੇਂ ਦੀ ਜ਼ਰੂਰਤ ਹੈ।

ਉਹਨਾਂ ਕਿਹਾ ਕਿ ਕੈਨੇਡਾ ਵਿੱਚ ਮੂਲਨਿਵਾਸੀ ਭਾਸ਼ਾਵਾਂ ਦੀ ਸਥਿਤੀ ਕਿਹੋ ਜਿਹੀ ਹੈ, ਇਸ ਬਾਰੇ ਖੋਜ ਕਰਨ 'ਤੇ ਕੰਮ ਸ਼ੁਰੂ ਹੋ ਗਿਆ ਹੈ ਅਤੇ ਇੱਕ ਵਾਰ ਜਦੋਂ ਇਹ ਦਫਤਰ ਚਾਲੂ ਹੋ ਜਾਂਦਾ ਹੈ, ਤਾਂ ਇਸ ਮਾਮਲੇ ‘ਤੇ ਰਿਪੋਰਟਿੰਗ ਸ਼ੁਰੂ ਹੋ ਜਾਵੇਗੀ।

ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ 2021 ਦੀ ਮਰਦਮਸ਼ੁਮਾਰੀ ਦੇ ਅੰਕੜੇ ਦਰਸਾਉਂਦੇ ਹਨ ਕਿ ਦੇਸ਼ ਵਿੱਚ ਮੂਲਨਿਵਾਸੀ-ਭਾਸ਼ਾ ਬੋਲਣ ਵਾਲਿਆਂ ਦੀ ਗਿਣਤੀ ਸਮੁੱਚੇ ਤੌਰ ‘ਤੇ ਘਟੀ ਹੈ, ਪਰ ਉਨ੍ਹਾਂ ਅੱਠ ਸਾਲ ਅਤੇ ਇਸ ਤੋਂ ਘੱਟ ਉਮਰ ਵਾਲਿਆਂ ਵਿੱਚ ਕੁਝ ਵਾਧਾ ਦਰਜ ਕੀਤਾ ਹੈ।

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ