1. ਮੁੱਖ ਪੰਨਾ
  2. ਵਾਤਾਵਰਨ
  3. ਮੌਸਮ ਦੇ ਹਾਲਾਤ

ਤੁਰਕੀ ਤੇ ਸੀਰੀਆ ‘ਚ ਭੂਚਾਲ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਨਿਵਾਸੀ ਆਪਣੇ ਪਰਿਵਾਰ ਅਤੇ ਦੋਸਤਾਂ ਲਈ ਚਿੰਤਤ

5,000 ਤੋਂ ਵੱਧ ਲੋਕਾਂ ਦੀ ਮੌਤ , ਸੈਂਕੜੇ ਲੋਕ ਮਲਬੇ ਹੇਠ ਫ਼ਸੇ

ਦੱਖਣੀ ਪੂਰਬੀ ਤੁਰਕੀ ਅਤੇ ਉੱਤਰੀ ਸੀਰੀਆ ਵਿਚ ਆਏ ਜ਼ਬਰਦਸਤ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ।

ਦੱਖਣੀ ਪੂਰਬੀ ਤੁਰਕੀ ਅਤੇ ਉੱਤਰੀ ਸੀਰੀਆ ਵਿਚ ਆਏ ਜ਼ਬਰਦਸਤ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ।

ਤਸਵੀਰ: Khalil Hamra/The Associated Press

RCI

1997 ਵਿੱਚ ਕੈਨੇਡਾ ਪੜਨ ਆਈ ਅਤੇ ਹੁਣ ਵੈਨਕੂਵਰ ਰਹਿ ਰਹੀ ਤੁਰਕੀ ਦੀ ਨੂਰਲ ਸੁਮਬੂਟੇਪੇ ਨੂੰ ਤੁਰਕੀ ਵਿੱਚ ਆਏ ਭੂਚਾਲ ਦੀ ਜਾਣਕਾਰੀ ਆਪਣੇ ਕਿਸੇ ਪਰਿਵਾਰਿਕ ਮੈਂਬਰ ਦੁਆਰਾ ਵਟਸਐਪ 'ਤੇ ਪਾਈ ਪੋਸਟ ਤੋਂ ਲੱਗਿਆ I

ਸੀਬੀਸੀ ਨਾਲ ਗੱਲਬਾਤ ਦੌਰਾਨ ਨੂਰਲ ਨੇ ਰੋਂਦੇ ਹੋਏ ਕਿਹਾ ਇਹ ਤੁਰਕੀ ਦੇ ਨਾਲ ਨਾਲ ਮੇਰੇ ਪਰਿਵਾਰ ਲਈ ਬਹੁਤ ਵੱਡੀ ਤ੍ਰਾਸਦੀ ਹੈ I

ਨੂਰਲ ਨੇ ਦੱਸਿਆ ਕਿ ਉਸਦੇ ਜੀਜੇ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ। ਉਸਨੇ ਕਿਹਾ ਮੇਰਾ ਵੱਡਾ ਭਰਾ, ਭਾਬੀ, ਭਤੀਜਾ, ਉਸ ਦੀ ਪਤਨੀ ਅਤੇ ਇੱਕ ਸਾਲ ਦਾ ਬੱਚਾ ਅਜੇ ਵੀ ਮਲਬੇ ਹੇਠਾਂ ਦੱਬੇ ਹੋਏ ਹਨ I

ਨੂਰਲ ਦਾ ਕਹਿਣਾ ਹੈ ਕਿ ਉਸ ਦੇ ਪਰਿਵਾਰਕ ਮੈਂਬਰ 11 ਮੰਜ਼ਿਲਾ ਇਮਾਰਤ ਵਿੱਚ ਸੌਂ ਰਹੇ ਸਨ , ਜੋ ਸਵੇਰੇ ਤੜਕੇ ਭੂਚਾਲ ਦੇ ਝਟਕੇ ਨਾਲ ਢਹਿ ਗਈ।

ਦੱਸਣਯੋਗ ਹੈ ਕਿ ਦੱਖਣੀ ਪੂਰਬੀ ਤੁਰਕੀ ਅਤੇ ਉੱਤਰੀ ਸੀਰੀਆ ਵਿਚ ਆਏ ਜ਼ਬਰਦਸਤ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। 7.8 ਤੀਬਰਤਾ ਵਾਲੇ ਇਸ ਭੂਚਾਲ ਵਿਚ ਸੈਂਕੜੇ ਇਮਾਰਤਾਂ ਢਹਿ ਗਈਆਂ ਹਨ ਅਤੇ 5,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।

ਉਸਨੇ ਕਿਹਾ ਦੋਵੇਂ ਹਵਾਈ ਅੱਡੇ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ ਅਤੇ ਸੜਕਾਂ ਖ਼ਸਤਾ ਹਾਲਾਤ ਵਿੱਚ ਹਨ I ਅਜਿਹੇ ਵਿੱਚ ਮੇਰਾ ਆਪਣੇ ਜੱਦੀ ਸ਼ਹਿਰ ਤੱਕ ਪਹੁੰਚਣਾ ਮੁਸ਼ਕਿਲ ਹੈ I

ਨੂਰਲ , ਜੋ ਕਿ ਇਸਤਾਨਬੁਲ ਵਿੱਚ 1999 ਦੇ ਭੂਚਾਲ ਤੋਂ ਬਾਅਦ ਇੱਕ ਅਨੁਵਾਦਕ ਵਜੋਂ ਕੰਮ ਕਰ ਚੁੱਕੀ ਹੈ , ਦਾ ਕਹਿਣਾ ਹੈ ਕਿ ਉਸਨੇ ਸ਼ੁਰੂ ਵਿੱਚ ਕੁਝ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਅਤੇ ਜਾਣਕਾਰੀ ਹਾਸਿਲ ਕੀਤੀ ਪਰ ਉਨ੍ਹਾਂ ਨੇ ਉਸ ਨੂੰ ਅਤੇ ਹੋਰਾਂ ਨੂੰ ਫ਼ੋਨ ਨਾ ਕਰਨ ਲਈ ਕਿਹਾ ਹੈ ਕਿਉਂਕਿ ਉਹ ਨਹੀਂ ਜਾਣਦੇ ਕਿ ਉਹ ਆਪਣੇ ਫ਼ੋਨ ਕਦੋਂ ਚਾਰਜ ਕਰ ਸਕਣਗੇ।

ਨੂਰਲ ਚਿੰਤਤ ਹੈ ਕਿ ਹਾਲਾਤ ਹੋਰ ਵਿਗੜ ਸਕਦੇ ਹਨ ਕਿਉਂਕਿ ਤੁਰਕੀ ਵਿੱਚ ਕੁਝ ਲੋਕਾਂ ਨੂੰ ਅਗਲੇ ਕੁਝ ਦਿਨਾਂ ਵਿੱਚ ਬਿਜਲੀ , ਭੋਜਨ ਅਤੇ ਸੈਨੀਟੇਸ਼ਨ ਸੇਵਾਵਾਂ ਤੱਕ ਸੀਮਤ ਪਹੁੰਚ ਦਾ ਸਾਹਮਣਾ ਕਰਨਾ ਪੈਂਦਾ ਹੈ।

ਰਫ਼ੀ ਕਰਜਿਆਨ, ਜੋ ਇੱਕ ਸੀਰੀਆਈ ਸ਼ਰਨਾਰਥੀ ਹੈ ਅਤੇ ਹੁਣ ਸਰੀ ਵਿੱਚ ਰਹਿ ਰਿਹਾ ਹੈ , ਦੇ ਪਰਿਵਾਰਿਕ ਮੈਂਬਰਾਂ ਅਤੇ ਦੋਸਤਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ I

ਕਰਜਿਆਨ ਦੇ ਭਰਾ ਨੇ ਉਸਨੂੰ ਫ਼ੋਨ ਕਰਕੇ ਭੂਚਾਲ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਉਹ ਅਲੇਪੋ ਵਿੱਚ ਆਪਣੀ ਮਾਂ ਨੂੰ ਲੈਣ ਜਾ ਰਿਹਾ ਹੈ।

ਕਰਜਿਆਨ ਨੇ ਇਕ ਇੰਟਰਵਿਊ ਦੌਰਾਨ ਕਿਹਾ ਮੈਂ ਲਗਭਗ ਕੰਬ ਰਿਹਾ ਸੀ। ਮੈਂ ਆਪਣੀ ਮਾਂ ਨੂੰ ਕਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਜਦੋਂ ਮੈਂ ਡਾਇਲ ਕਰ ਰਿਹਾ ਸੀ ਤਾਂ ਗਲਤ ਨੰਬਰ ਦਬਾ ਰਿਹਾ ਸੀ I

ਕਰਜਿਆਨ ਨੇ ਦੱਸਿਆ ਕਿ ਸੀਰੀਆ ਵਿੱਚ ਲੋਕ ਤੁਰਕੀ ਵਾਂਗ ਹੋਰ ਭੂਚਾਲ ਆਉਣ ਬਾਰੇ ਚਿੰਤਤ ਹਨ।

ਉਸਨੇ ਕਿਹਾ ਲੋਕ ਬਾਹਰ ਖੇਤਾਂ ਵਿੱਚ ਹਨ ਤਾਂ ਜੋ ਸੁਰੱਖਿਅਤ ਮਹਿਸੂਸ ਕਰ ਸਕਣ I ਉਹ ਆਪਣੇ ਘਰ ਛੱਡ ਗਏ ਅਤੇ ਬਾਹਰ ਸੌਂ ਗਏ I

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਟਵੀਟ ਕਰਦਿਆਂ ਤੁਰਕੀ ਅਤੇ ਸੀਰੀਆ ਵਿਚ ਪ੍ਰਭਾਵਿਤ ਲੋਕਾਂ ਨੂੰ ਆਪਣੀਆਂ ਸੰਵੇਦਨਾਵਾਂ ਭੇਜੀਆਂ। ਉਹਨਾਂ ਲਿਖਿਆ ਕਿ ਕੈਨੇਡਾ ਇਹਨਾਂ ਮੁਲਕਾਂ ਦੀ ਮਦਦ ਲਈ ਤਿਆਰ ਹੈ।

ਅਮਰੀਕਾ, ਰੂਸ, ਜਰਮਨੀ ਅਤੇ ਇਜ਼ਰਾਇਲ ਸਣੇ ਕਈ ਦੇਸ਼ਾਂ ਨੇ ਤੁਰਕੀ ਅਤੇ ਸੀਰੀਆ ਦੀ ਮਦਦ ਦੀ ਪੇਸ਼ਕਸ਼ ਕੀਤੀ ਹੈ।

ਜੋਸ਼ ਗ੍ਰਾਂਟ ਸੀਬੀਸੀ ਨਿਊਜ਼

ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ