- ਮੁੱਖ ਪੰਨਾ
- ਰਾਜਨੀਤੀ
- ਫ਼ੈਡਰਲ ਰਾਜਨੀਤੀ
ਸਾਬਕਾ ਲਿਬਰਲ ਐਮਪੀ ਰਾਜ ਗਰੇਵਾਲ ਵੱਲੋਂ ਆਪਣੇ ਖ਼ਿਲਾਫ਼ ਲੱਗੇ ਦੋਸ਼ਾਂ ਨੂੰ ਖ਼ਾਰਜ ਕਰਨ ਦੀ ਮੰਗ
ਸਬੂਤਾਂ ਦੀ ਘਾਟ ਨੂੰ ਬਣਾਉਣਗੇ ਦਲੀਲ ਦਾ ਅਧਾਰ

ਸਾਬਕਾ ਲਿਬਰਲ ਐਮਪੀ ਰਾਜ ਗਰੇਵਾਲ ਦੀ ਫ਼ਾਈਲ ਤਸਵੀਰ।
ਤਸਵੀਰ: The Canadian Press / Adrian Wyld
ਸਾਬਕਾ ਲਿਬਰਲ ਐਮਪੀ ਰਾਜ ਗਰੇਵਾਲ ਅੱਜ ਓਨਟੇਰਿਓ ਦੀ ਅਦਾਲਤ ਵਿੱਚ ਆਪਣੇ ਦਫ਼ਤਰ ਦੇ ਸਮੇਂ ਨਾਲ ਜੁੜੇ ਦੋ ਅਪਰਾਧਿਕ ਦੋਸ਼ਾਂ ਨੂੰ ਖ਼ਾਰਜ ਕਰਨ ਦੀ ਮੰਗ ਕਰਨਗੇ।
ਰਾਜ ਗਰੇਵਾਲ ਦੇ ਵਕੀਲ ਦੁਆਰਾ ਇਹ ਦਲੀਲ ਦਿੱਤੇ ਜਾਣ ਦੀ ਉਮੀਦ ਹੈ ਕਿ ਸਰਕਾਰੀ ਵਕੀਲ ਨੇ ਉਨ੍ਹਾਂ ਨੂੰ ਭਰੋਸੇ ਦੀ ਉਲੰਘਣਾ ਦਾ ਦੋਸ਼ੀ ਠਹਿਰਾਉਣ ਲਈ ਲੋੜੀਂਦੇ ਸਬੂਤ ਪੇਸ਼ ਨਹੀਂ ਕੀਤੇ ਹਨ।
ਸਰਕਾਰੀ ਵਕੀਲਾਂ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਰਾਜ ਗਰੇਵਾਲ ਨੇ ਆਪਣੇ ਨਿੱਜੀ ਲਾਭ ਲਈ ਸਿਆਸੀ ਅਹੁਦੇ ਦੀ ਵਰਤੋਂ ਕੀਤੀ ਸੀ। ਉਹਨਾਂ ‘ਤੇ ਇਲਜ਼ਾਮ ਲਗਾਇਆ ਗਿਆ ਸੀ ਕਿ ਉਨ੍ਹਾਂ ਨੇ ਇਮੀਗ੍ਰੇਸ਼ਨ ਫ਼ਾਈਲਾਂ ਵਿਚ ਮਦਦ ਤੋਂ ਲੈਕੇ ਪ੍ਰਧਾਨ ਮੰਤਰੀ ਦੇ ਸਮਾਗਮਾਂ ਵਿਚ ਪਹੁੰਚ ਮੁਹੱਈਆ ਕਰਵਾਉਣ ਦੇ ਬਦਲੇ ਵੱਡੇ ਲੋਨ ਪ੍ਰਾਪਤ ਕੀਤੇ ਸਨ, ਜੋ ਉਹਨਾਂ ਦੇ ਜੂਏਬਾਜ਼ੀ ਦੇ ਕਰਜ਼ੇ ਵਿਚ ਸ਼ਾਮਲ ਹੋਏ ਸਨ।
ਪਰ ਉਹਨਾਂ ਦੇ ਵਕੀਲਾਂ ਵੱਲੋਂ ਦਾਇਰ ਦਸਤਾਵੇਜ਼ਾਂ ਵਿਚ ਦਲੀਲ ਦਿੱਤੀ ਗਈ ਸੀ ਕਿ ਉਹਨਾਂ ਦਾ ਵਿਵਹਾਰ ਗ਼ੈਰ-ਅਪਰਾਧਕ ਸ਼੍ਰੇਣੀ ਵਿਚ ਆਉਂਦਾ ਹੈ ਅਤੇ ਕ੍ਰਾਊਨ ਦੇ ਕੇਸ ਵਿਚ ਕੋਈ ਦਮ ਨਹੀਂ ਹੈ।
ਰਾਜ ਦੇ ਵਕੀਲ ਨਾਦਰ ਹਸਨ ਨੇ ਦਸਤਾਵੇਜ਼ ਵਿੱਚ ਕਿਹਾ ਹੈ ਕਿ ਕਿਸੇ ਭ੍ਰਿਸ਼ਟ ਮਕਸਦ ਲਈ ਆਪਣੇ ਅਧਿਕਾਰਤ ਰੁਤਬੇ ਦੀ ਦੁਰਵਰਤੋਂ ਕਰਨ ਅਤੇ ਦਫ਼ਤਰ ਵਿੱਚ ਸੇਵਾ ਨਿਭਾਉਂਦੇ ਸਮੇਂ ਗਲਤੀ ਕਰਨ ਵਿੱਚ ਅੰਤਰ ਹੈ।
ਗਰੇਵਾਲ ਨੇ ਆਪਣੀ ਜੂਏਬਾਜ਼ੀ ਦੀ ਆਦਤ ਜਨਤਕ ਹੋਣ ਤੋਂ ਬਾਅਦ 2018 ਵਿੱਚ ਲਿਬਰਲ ਕੌਕਸ ਦੇ ਮੈਂਬਰ ਵਜੋਂ ਅਸਤੀਫਾ ਦੇ ਦਿੱਤਾ ਸੀ ਅਤੇ ਉਹਨਾਂ ਨੇ ਦੁਬਾਰਾ ਚੋਣ ਨਹੀਂ ਲੜੀ ਸੀ।
ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ