1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਇਮੀਗ੍ਰੇਸ਼ਨ

[ ਰਿਪੋਰਟ ] ਹੁਣ ਪੀਟੀਈ ਕਰਨ ਵਾਲੇ ਬਿਨੈਕਾਰ ਕੈਨੇਡਾ ਦੀ ਇਮੀਗ੍ਰੇਸ਼ਨ ਲਈ ਕਰ ਸਕਣਗੇ ਅਪਲਾਈ

ਅੰਗ੍ਰੇਜ਼ੀ ਅਤੇ ਫ੍ਰੈਂਚ ਭਾਸ਼ਾ ਲਈ 2 -2 ਹੋਰ ਟੈਸਟ ਮੌਜੂਦ

ਪੀਟੀਈ ਅੰਗਰੇਜ਼ੀ ਭਾਸ਼ਾ ਵਿੱਚ ਮੁਹਾਰਤ ਦਰਸਾਉਣ ਵਾਲਾ ਤੀਜਾ ਟੈਸਟ ਬਣ ਗਿਆ ਹੈ I

ਪੀਟੀਈ ਅੰਗਰੇਜ਼ੀ ਭਾਸ਼ਾ ਵਿੱਚ ਮੁਹਾਰਤ ਦਰਸਾਉਣ ਵਾਲਾ ਤੀਜਾ ਟੈਸਟ ਬਣ ਗਿਆ ਹੈ I

ਤਸਵੀਰ: Radio-Canada / Jean-Claude Taliana

ਸਰਬਮੀਤ ਸਿੰਘ

ਹੁਣ ਪੀਅਰਸਨ ਟੈਸਟ ਆਫ਼ ਇੰਗਲਿਸ਼ (ਪੀਟੀਈ ) ਕਰਨ ਵਾਲੇ ਬਿਨੈਕਾਰ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸ (ਪੀ ਆਰ) ਜਾਂ ਟੈਮਪੋਰੈਰੀ ਰੈਜ਼ੀਡੈਂਸ ਲਈ ਅਪਲਾਈ ਕਰ ਸਕਣਗੇ I

ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਹਾਲ ਵਿਚ ਹੀ ਕੀਤੀ ਗਈ ਘੋਸ਼ਣਾ ਮੁਤਾਬਿਕ , ਇਸ ਸਾਲ ਦੇ ਅੰਤ ਤੱਕ ਬਿਨੈਕਾਰ ਇਸ ਪੇਪਰ ਨਾਲ ਅਪਲਾਈ ਕਰ ਸਕਣਗੇ I

ਇਸ ਨਾਲ ਪੀਟੀਈ , ਅੰਗਰੇਜ਼ੀ ਭਾਸ਼ਾ ਵਿੱਚ ਮੁਹਾਰਤ ਦਰਸਾਉਣ ਵਾਲਾ ਤੀਜਾ ਟੈਸਟ ਬਣ ਗਿਆ ਹੈ I

ਕੀ ਹੈ ਪੀਟੀਈ

ਪੀਅਰਸਨ ਟੈਸਟ ਆਫ਼ ਇੰਗਲਿਸ਼ ਵਿੱਚ ਵੀ ਹੋਰਨਾਂ ਟੈਸਟਾਂ ਵਾਂਗ ਅੰਗਰੇਜ਼ੀ ਵਿੱਚ ਰਾਇਟਿੰਗ , ਸਪੀਕਿੰਗ , ਲਿਸਨਿੰਗ ਅਤੇ ਰੀਡਿੰਗ ਦੀ ਮੁਹਾਰਤ ਨੂੰ ਪਰਖਿਆ ਜਾਂਦਾ ਹੈ I ਇਸ ਪੇਪਰ 2 ਘੰਟੇ ਦਾ ਹੁੰਦਾ ਹੈ ਅਤੇ ਕੁੱਲ 90 ਅੰਕਾਂ ਦਾ ਹੁੰਦਾ ਹੈ I ਇਸਦੀ ਫ਼ੀਸ 15,900 ਭਾਰਤੀ ਰੁਪਏ ਹੈ ਅਤੇ ਨਤੀਜਾ 2 ਦਿਨਾਂ ਵਿਚ ਆ ਜਾਂਦਾ ਹੈ I

ਕੈਨੇਡਾ ਦੇ ਸਟੱਡੀ ਵੀਜ਼ੇ ਲਈ ਪ੍ਰਮਾਣਿਤ ਹੈ ਪੀਟੀਈ

ਕੈਨੇਡਾ ਸਮੇਤ ਹੋਰ ਕਈ ਦੇਸ਼ਾਂ ਵਿੱਚ ਪੀਟੀਈ ਇਸ ਸਮੇਂ ਸਟੱਡੀ ਵੀਜ਼ੇ ਦੀ ਅਰਜ਼ੀ ਲਈ ਵਰਤਿਆ ਜਾਂਦਾ ਹੈ I ਇਮੀਗ੍ਰੇਸ਼ਨ ਮਾਹਰਾਂ ਮੁਤਾਬਿਕ ਕੈਨੇਡਾ ਵਿੱਚ ਸਟੱਡੀ ਵੀਜ਼ੇ ਦੀ ਫ਼ਾਈਲ ਨੂੰ ਸਟੂਡੈਂਟ ਡਾਇਰੈਕਟ ਸਟਰੀਮ (ਨਵੀਂ ਵਿੰਡੋ) (ਐੱਸਡੀਐੱਸ ) ਅਤੇ ਨਾਨ ਸਟੂਡੈਂਟ ਡਾਇਰੈਕਟ ਸਟਰੀਮ ਵਿੱਚ ਵੰਡਿਆ ਗਿਆ ਹੈ I

ਸਟੂਡੈਂਟ ਡਾਇਰੈਕਟ ਸਟਰੀਮ ਲਈ ਆਇਲਟਸ ਲੋੜੀਂਦਾ ਹੁੰਦਾ ਹੈ ਪਰ ਨਾਨ ਸਟੂਡੈਂਟ ਡਾਇਰੈਕਟ ਸਟਰੀਮ ਵਿੱਚ ਪੀਟੀਈ ਨਾਲ ਸਟੱਡੀ ਵੀਜ਼ੇ ਦੀ ਅਰਜ਼ੀ ਲੱਗ ਜਾਂਦੀ ਹੈ I

ਪੀਅਰਸਨ ਦੀ ਵੈਬਸਾਈਟ ਮੁਤਾਬਿਕ ਆਸਟ੍ਰੇਲੀਆ , ਯੂ ਕੇ ਅਤੇ ਨਿਊਜ਼ੀਲੈਂਡ ਦੇਸ਼ਾਂ ਵਿੱਚ ਇਮੀਗ੍ਰੇਸ਼ਨ ਦੇ ਤੌਰ 'ਤੇ ਵੀ ਪੀਟੀਈ ਨੂੰ ਵਰਤਿਆ ਜਾਂਦਾ ਹੈ I

ਪ੍ਰਾਪਤ ਜਾਣਕਾਰੀ ਅਨੁਸਾਰ ਪੀਟੀਈ ਵੱਲੋਂ ਇੱਕ ਨਵਾਂ ਪੇਪਰ ਕੈਨੇਡੀਅਨ ਇਮੀਗ੍ਰੇਸ਼ਨ ਲਈ ਤਿਆਰ ਕੀਤਾ ਜਾਵੇਗਾ I ਦੱਸਣਯੋਗ ਹੈ ਕਿ ਇਸ ਸਮੇਂ ਆਇਲਟਸ ਦੇ ਵੀ ਅਕੈਡਮਿਕ ਅਤੇ ਜਨਰਲ ਪੇਪਰ ਹੁੰਦੇ ਹਨ ਜੋ ਕਿ ਕ੍ਰਮਵਾਰ ਸਟੱਡੀ ਵੀਜ਼ੇ ਅਤੇ ਇਮੀਗ੍ਰੇਸ਼ਨ ਲਈ ਵਰਤੇ ਜਾਂਦੇ ਹਨ I

2 ਹੋਰ ਵਿਕਲਪ ਮੌਜੂਦ

ਕੈਨੇਡਾ ਦੀ ਪੀ ਆਰ ਲੈਣ ਲਈ ਬਿਨੈਕਾਰਾਂ ਨੂੰ ਇੰਗਲਿਸ਼ ਜਾਂ ਫ੍ਰੈਂਚ ਭਾਸ਼ਾ ਵਿੱਚ ਮੁਹਾਰਤ ਦਿਖਾਉਣੀ ਪੈਂਦੀ ਹੈ , ਜਿਸ ਲਈ ਬਿਨੈਕਾਰ ਆਪਣੀ ਮਰਜ਼ੀ ਨਾਲ ਕੈਨੇਡਾ ਵੱਲੋ ਮਾਨਤਾ ਪ੍ਰਾਪਤ ਕੋਈ ਵੀ ਪੇਪਰ ਦੇ ਸਕਦੇ ਹਨ I

ਅਜਿਹੇ ਟੈਸਟਾਂ ਵਿੱਚੋਂ ਵਧੇਰੇ ਅੰਕ ਆਉਣ ਦੀ ਬਿਨੈਕਾਰਾਂ ਨੂੰ ਪੀ ਆਰ ਦੀ ਅਰਜ਼ੀ ਵਿੱਚ ਵਧੇਰੇ ਅੰਕ ਮਿਲਦੇ ਹਨ , ਜਿਸ ਨਾਲ ਉਹਨਾਂ ਦਾ ਪੀ ਆਰ ਲਈ ਰਾਹ ਹੋਰ ਪੱਧਰਾ ਹੋ ਜਾਂਦਾ ਹੈ I ਕੈਨੇਡਾ ਦੀ ਪੀ ਆਰ ਹਾਸਿਲ ਕਰਨ ਲਈ ਵੱਖ ਵੱਖ ਪ੍ਰੋਗਰਾਮਾਂ ਦੀ ਅਲੱਗ ਅਲੱਗ ਸ਼ਰਤ ਹੁੰਦੀ ਹੈ I

ਇਸ ਸਮੇਂ ਕੈਨੇਡਾ ਦੀ ਇਮੀਗ੍ਰੇਸ਼ਨ ਅਰਜ਼ੀ ਦੇਣ ਲਈ ਬਿਨੈਕਾਰਾਂ ਕੋਲ ਕਈ ਵਿਕਲਪ ਮੌਜੂਦ ਹਨ I ਬਿਨੈਕਾਰ ਆਇਲਟਸ (IELTS) ਤੋਂ ਇਲਾਵਾ ਸੈਲਪਿਪ (CELPIP) ਦਾ ਪੇਪਰ ਦੇ ਸਕਦੇ ਹਨ I

ਆਇਲਟਸ ਵਿੱਚ ਜਿੱਥੇ ਕੁੱਲ 9 ਬੈਂਡ ਹੁੰਦੇ ਹਨ ਉੱਥੇ ਸੈਲਪਿਪ ਵਿੱਚ ਕੁੱਲ 10 ਅੰਕ ਹੁੰਦੇ ਹਨ I ਆਇਲਟਸ ਦਾ ਨਤੀਜਾ 13 ਦਿਨ ਜਦਕਿ ਸੈਲਪਿਪ ਦਾ ਨਤੀਜਾ 5 ਦਿਨਾਂ ਅੰਦਰ ਆ ਜਾਂਦਾ ਹੈ I ਆਇਲਟਸ ਦੀ ਫ਼ੀਸ 15,500 ਭਾਰਤੀ ਰੁਪਏ ਅਤੇ ਸੈਲਪਿਪ ਦੀ ਫ਼ੀਸ 10,845 ਰੁਪਏ ਹੈ I

ਭਾਰਤ ਸਮੇਤ ਹੋਰਨਾਂ ਦੇਸ਼ਾਂ ਵਿੱਚ ਇਸ ਸਮੇਂ ਆਇਲਟਸ ਵਧੇਰੇ ਚਰਚਿਤ ਹੈ I ਪੰਜਾਬ ਵਿੱਚ ਆਇਲਟਸ ਸੈਂਟਰ ਚਲਾ ਰਹੇ ਵਿਕਾਸ ਸ਼ਰਮਾ ਦਾ ਕਹਿਣਾ ਹੈ ਕਿ ਆਇਲਟਸ ਦਾ ਪੇਪਰ ਪੁਰਾਣਾ ਹੈ ਅਤੇ ਵਿਦਿਆਰਥੀਆਂ ਕੋਲ ਪੇਪਰ ਦੀ ਤਿਆਰੀ ਲਈ ਬਹੁਤ ਸਾਰੀ ਸਮੱਗਰੀ ਉਪਲੱਬਧ ਹੈ , ਜਿਸ ਕਾਰਨ ਵਿਦਿਆਰਥੀ ਆਇਲਟਸ ਨੂੰ ਵਧੇਰੇ ਤਰਜੀਹ ਦਿੰਦੇ ਹਨ I

ਉਮੀਦਵਾਰ ਜਦੋਂ ਵੱਖ ਵੱਖ ਤਰ੍ਹਾਂ ਦੇ ਪੇਪਰ ਦੇ ਕੇ ਆਪਣੀ ਅਰਜ਼ੀ ਦਿੰਦੇ ਹਨ , ਤਾਂ ਸਮਾਨਤਾ ਬਣਾਉਣ ਦੇ ਲਈ ਵਿਭਾਗ ਵੱਲੋਂ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਕੈਨੇਡੀਅਨ ਲੈਂਗੁਏਜ਼ ਬੈਂਚਮਰਕ (ਨਵੀਂ ਵਿੰਡੋ) (ਸੀਐਲਬੀ) ਸਥਾਪਿਤ ਕੀਤੇ ਗਏ ਹਨ I

ਉਦਹਾਰਣ ਵਜੋਂ ਜੇਕਰ ਕੋਈ ਬਿਨੈਕਾਰ ਸੈਲਪਿਪ ਵਿੱਚੋਂ ਰਾਇਟਿੰਗ , ਸਪੀਕਿੰਗ , ਲਿਸਨਿੰਗ ਅਤੇ ਰੀਡਿੰਗ ਸਮੇਤ ਹਰੇਕ ਵਿੱਚੋਂ 7 ਅੰਕ ਹਾਸਿਲ ਕਰਦਾ ਹੈ ਤਾਂ ਉਸਦੀ ਸੀਐਲਬੀ 7 ਹੁੰਦੀ ਹੈ I ਉਧਰ ਆਇਲਟਸ ਵਿੱਚ ਰਾਇਟਿੰਗ , ਸਪੀਕਿੰਗ , ਲਿਸਨਿੰਗ ਅਤੇ ਰੀਡਿੰਗ ਸਮੇਤ ਹਰੇਕ ਵਿੱਚੋਂ 6 ਬੈਂਡ ਲੈਣ 'ਤੇ ਵੀ ਸੀਐਲਬੀ ਲੈਵਲ 7 ਹੋ ਜਾਂਦਾ ਹੈ I

ਫ੍ਰੈਂਚ ਭਾਸ਼ਾ ਦੇ ਟੈਸਟ

ਅੰਗਰੇਜ਼ੀ ਤੋਂ ਬਿਨ੍ਹਾਂ ਬਿਨੈਕਾਰ ਫ੍ਰੈਂਚ ਭਾਸ਼ਾ ਦੀ ਮੁਹਾਰਤ ਦਿਖਾ ਕੇ ਵੀ ਕੈਨੇਡਾ ਦੀ ਇਮੀਗ੍ਰੇਸ਼ਨ ਦੀ ਅਰਜ਼ੀ ਦੇ ਸਕਦੇ ਹਨ I

ਫ੍ਰੈਂਚ ਲਈ ਟੀ ਸੀ ਐੱਫ ਅਤੇ ਟੀ ਈ ਐੱਫ ਨਾਮ ਦੇ ਦੋ ਪੇਪਰ ਚਲਦੇ ਹਨI ਵਿਦਿਆਰਥੀ ਆਪਣੀ ਮਰਜ਼ੀ ਨਾਲ ਕੋਈ ਇੱਕ ਕਰ ਸਕਦੇ ਹਨ I

ਦੋਵਾਂ ਭਾਸ਼ਾ ਦੀ ਮੁਹਾਰਤ ਹੋਣ 'ਤੇ ਅੰਕ ਹੋਣ ਵੀ ਵੱਧ ਜਾਂਦੇ ਹਨ I ਇਮੀਗ੍ਰੇਸ਼ਨ ਵਿਭਾਗ ਦੇ ਅੰਕੜਿਆਂ ਮੁਤਾਬਿਕ 2017 ਤੋਂ 2019 ਦਰਮਿਆਨ 18 ਹਜ਼ਾਰ ਤੋਂ ਵਧੇਰੇ ਵਿਅਕਤੀਆਂ ਨੇ ਅੰਗਰੇਜ਼ੀ ਤੋਂ ਇਲਾਵਾ ਫ੍ਰੈਂਚ ਭਾਸ਼ਾ ਦੇ ਅੰਕ ਹਾਸਲ ਕਰ ਐਕਸਪ੍ਰੈਸ ਐਂਟਰੀ ਰਾਹੀਂ ਕੈਨੇਡਾ ਦੀ ਪੀ ਆਰ ਲਈ ਅਪਲਾਈ ਕੀਤਾ ਹੈ I ਇਸ ਗਿਣਤੀ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ I

ਸਰਬਮੀਤ ਸਿੰਘ

ਸੁਰਖੀਆਂ