- ਮੁੱਖ ਪੰਨਾ
- ਅੰਤਰਰਾਸ਼ਟਰੀ
- ਘਟਨਾਵਾਂ ਅਤੇ ਕੁਦਰਤੀ ਆਫ਼ਤ
ਤੁਰਕੀ ਤੇ ਸੀਰੀਆ ‘ਚ ਆਇਆ ਜ਼ਬਰਦਸਤ ਭੂਚਾਲ, 1900 ਤੋਂ ਵੱਧ ਮੌਤਾਂ
ਸੈਂਕੜੇ ਲੋਕਾਂ ਦੇ ਮਲਬੇ ਹੇਠ ਫਸੇ ਹੋਣ ਦਾ ਖ਼ਦਸ਼ਾ

ਤੁਰਕੀ ਦੇ ਦਿਆਰਬਾਕਿਰ ਇਲਾਕੇ ਵਿਚ ਤਬਾਹ ਹੋਈ ਇਮਾਰਤ ਦੀ ਤਸਵੀਰ। ਸੋਮਵਾਰ ਨੂੰ ਤੁਰਕੀ ਅਤੇ ਸੀਰੀਆ ਵਿਚ ਆਏ ਭਿਆਨਕ ਭੂਚਾਲ ਵਿਚ ਕਰੀਬ ਦੋ ਹਜ਼ਾਰ ਲੋਕਾਂ ਦੀ ਮੌਤ ਹੋ ਗਈ ਹੈ।
ਤਸਵੀਰ: (Sertac Kayar/Reuters)
ਦੱਖਣੀ ਪੂਰਬੀ ਤੁਰਕੀ ਅਤੇ ਉੱਤਰੀ ਸੀਰੀਆ ਵਿਚ ਆਏ ਜ਼ਬਰਦਸਤ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। 7.8 ਤੀਬਰਤਾ ਵਾਲੇ ਇਸ ਭੂਚਾਲ ਵਿਚ ਸੈਂਕੜੇ ਇਮਾਰਤਾਂ ਢਹਿ ਗਈਆਂ ਹਨ ਅਤੇ 1900 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।
ਅਜੇ ਵੀ ਸੈਂਕੜੇ ਲੋਕਾਂ ਦੇ ਮਲਬੇ ਹੇਠ ਦਬੇ ਹੋਣ ਦਾ ਖ਼ਦਸ਼ਾ ਹੈ ਜਿਸ ਕਰਕੇ ਮੌਤਾਂ ਦੀ ਗਿਣਤੀ ਹੋਰ ਵੀ ਵੱਧ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਭੂਚਾਲ ਦੇ ਝਟਕੇ ਸਥਾਨਕ ਸਮੇਂ ਅਨੁਸਾਰ ਤੜਕੇ ਵੇਲੇ ਮਹਿਸੂਸ ਕੀਤੇ ਗਏ ਸਨ। ਤੁਰਕੀ ਦੇ ਰਾਸ਼ਟਰਪਤੀ ਨੇ ਟੀਵੀ ‘ਤੇ ਬੋਲਦਿਆਂ ਕਿਹਾ ਕਿ ਬਚਾਅ ਕਰਮਚਾਰੀ ਰਾਹਤ ਕਾਰਜਾਂ ਵਿਚ ਜੁਟੇ ਹੋਏ ਹਨ ਅਤੇ ਮਲਬਾ ਹਟਾਉਣ ਦਾ ਕੰਮ ਜਾਰੀ ਹੈ, ਇਸ ਕਰਕੇ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਗਿਣਤੀ ਹੋਰ ਉੱਪਰ ਜਾ ਸਕਦੀ ਹੈ।
7.8 ਤੀਬਰਤਾ ਵਾਲੇ ਭੂਚਾਲ ਤੋਂ ਬਾਅਦ ਘੱਟੋ ਘੱਟ 20 ਹੋਰ ਜ਼ਮੀਨੀ ਝਟਕੇ ਮਹਿਸੂਸ ਕੀਤੇ ਜਾ ਚੁੱਕੇ ਹਨ।
ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਦਾ ਕੇਂਦਰ ਤੁਰਕੀ ਦੀ ਇੱਕ ਸੂਬਾਈ ਰਾਜਧਾਨੀ ਗਾਜ਼ੀਆਂਟੇਪ ਤੋਂ ਕਰੀਬ 33 ਕਿਲੋਮੀਟਰ ਦੂਰ ਸੀ। ਕੁਝ ਘੰਟਿਆਂ ਬਾਅਦ ਇਸ ਕੇਂਦਰ ਤੋਂ 100 ਕਿਲੋਮੀਟਰ ਦੂਰ 7.5 ਤੀਬਰਤਾ ਵਾਲਾ ਇੱਕ ਹੋਰ ਭੂਚਾਲ ਆਇਆ ਸੀ।
ਤੁਰਕੀ ਦੀ ਆਫ਼ਤ ਪ੍ਰਬੰਧਨ ਏਜੰਸੀ ਅਨੁਸਾਰ ਮੁਲਕ ਦੇ 10 ਸੂਬਿਆਂ ਵਿਚ 1,100 ਲੋਕਾਂ ਦੀ ਮੌਤ ਹੋਈ ਹੈ ਅਤੇ 7,600 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ।
ਘਰੇਲੂ ਯੁੱਧ ਨਾਲ ਜੂਝ ਰਹੇ ਸੀਰੀਆ ਵਿਚ ਸਰਕਾਰ ਦੇ ਅਧੀਨ ਇਲਾਕਿਆਂ ਵਿਚ 430 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ ਅਤੇ 1,280 ਤੋਂ ਵੱਧ ਲੋਕਾਂ ਦੇ ਜ਼ਖ਼ਮੀ ਹੋਣ ਦੀ ਰਿਪੋਰਟ ਹੈ। ਮੁਲਕ ਦੇ ਬਾਗ਼ੀਆਂ ਅਧੀਨ ਉੱਤਰ-ਪੱਛਮੀ ਇਲਾਕਿਆਂ ਵਿਚ 380 ਲੋਕਾਂ ਦੇ ਮਾਰੇ ਜਾਣ ਅਤੇ ਸੈਂਕੜੇ ਲੋਕਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਹੋਈ ਹੈ। ਮੌਤਾਂ ਅਤੇ ਜ਼ਖ਼ਮੀਆਂ ਦਾ ਅੰਕੜਾ ਹੋਰ ਉੱਪਰ ਜਾਣ ਦਾ ਖ਼ਦਸ਼ਾ ਹੈ।

ਸੀਰੀਆ ਦੇ ਜੰਡਾਰਿਸ ਇਲਾਕੇ ਵਿਚ ਬਚਾਅ ਕਰਮਚਾਰੀ ਮਲਬੇ ਚੋਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰਦੇ ਹੋਏ।
ਤਸਵੀਰ: (Khalil Ashawi/Reuters)
ਭੂਚਾਲ ਵਿਚ ਸੀਰੀਆ ਦੇ ਅਲੈਪੋ ਅਤੇ ਹਮਾ ਵਿਚ ਸੈਂਕੜੇ ਇਮਾਰਤਾਂ ਤਬਾਹ ਹੋਈਆਂ ਹਨ।
ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਟਵੀਟ ਕਰਦਿਆਂ ਤੁਰਕੀ ਅਤੇ ਸੀਰੀਆ ਵਿਚ ਪ੍ਰਭਾਵਿਤ ਲੋਕਾਂ ਨੂੰ ਆਪਣੀਆਂ ਸੰਵੇਦਨਾਵਾਂ ਭੇਜੀਆਂ। ਉਹਨਾਂ ਲਿਖਿਆ ਕਿ ਕੈਨੇਡਾ ਇਹਨਾਂ ਮੁਲਕਾਂ ਦੀ ਮਦਦ ਲਈ ਤਿਆਰ ਹੈ।
ਅਮਰੀਕਾ, ਰੂਸ, ਜਰਮਨੀ ਅਤੇ ਇਜ਼ਰਾਇਲ ਸਣੇ ਕਈ ਦੇਸ਼ਾਂ ਨੇ ਤੁਰਕੀ ਅਤੇ ਸੀਰੀਆ ਦੀ ਮਦਦ ਦੀ ਪੇਸ਼ਕਸ਼ ਕੀਤੀ ਹੈ।
ਦ ਅਸੋਸੀਏਟੇਡ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ