- ਮੁੱਖ ਪੰਨਾ
- ਰਾਜਨੀਤੀ
- ਫ਼ੈਡਰਲ ਰਾਜਨੀਤੀ
ਕੈਨੇਡਾ ਦੀ ਵਿਦੇਸ਼ ਮੰਤਰੀ ਦਾ ਦੋ ਰੋਜ਼ਾ ਭਾਰਤ ਦੌਰਾ ਸ਼ੁਰੂ
ਫ਼ੈਡਰਲ ਸਰਕਾਰ ਦੀ ਇੰਡੋ-ਪੈਸਿਫ਼ਿਕ ਰਣਨੀਤੀ ਤਹਿਤ ਭਾਰਤ ਪ੍ਰਮੱਖ ਦੇਸ਼ਾਂ ਵੱਜੋਂ ਸੂਚਿਤ ਹੈ

ਕੈਨੇਡਾ ਦੀ ਵਿਦੇਸ਼ ਮੰਤਰੀ ਮੇਲੈਨੀ ਜੋਲੀ 6 ਅਤੇ 7 ਫ਼ਰਵਰੀ ਨੂੰ ਭਾਰਤ ਦੌਰੇ 'ਤੇ ਹਨ।
ਤਸਵੀਰ: (Adrian Wyld/The Canadian Press)
ਕੈਨੇਡਾ ਦੀ ਵਿਦੇਸ਼ ਮੰਤਰੀ ਮੈਲੇਨੀ ਜੋਲੀ ਦਾ ਦੋ ਰੋਜ਼ਾ ਭਾਰਤ ਦੌਰਾ ਅੱਜ ਤੋਂ ਸ਼ੁਰੂ ਹੋ ਗਿਆ ਹੈ। ਗਲੋਬਲ ਅਫੇਅਰਜ਼ ਕੈਨੇਡਾ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਸੀ ਕਿ ਮਿਨਿਸਟਰ ਜੋਲੀ 6 ਅਤੇ 7 ਫ਼ਰਵਰੀ ਨੂੰ ਭਾਰਤ ਦਾ ਦੌਰਾ ਕਰਨਗੇ, ਜਿਸ ਦੌਰਾਨ ਉਹ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਮੁਲਾਕਾਤ ਕਰਨਗੇ।
ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਜੋਲੀ ਦੀ ਫੇਰੀ ਦਾ ਉਦੇਸ਼ ਦੁਵੱਲੇ ਸਬੰਧਾਂ ਨੂੰ ਡੂੰਘਾ ਕਰਨਾ ਅਤੇ ਮਜ਼ਬੂਤ ਭਾਈਵਾਲੀ ਨੂੰ ਹੁਲਾਰਾ ਦੇਣਾ
ਅਤੇ ਦੋਵਾਂ ਦੇਸ਼ਾਂ ਦਰਮਿਆਨ ਵਿਕਾਸ ਅਤੇ ਖ਼ੁਸ਼ਹਾਲੀ ਦੇ ਮੌਕੇ
ਪੈਦਾ ਕਰਨਾ ਹੈ।
ਬਿਆਨ ਅਨੁਸਾਰ ਦੋਵੇਂ ਦੇਸ਼ ਉਨ੍ਹਾਂ ਪਹਿਲੂਆਂ ਦੀ ਪਛਾਣ ਕਰਨਗੇ ਜਿੱਥੇ ਕੈਨੇਡਾ ਅਤੇ ਭਾਰਤ ਦੇ ਸਾਂਝੇ ਹਿੱਤ ਹਨ ਅਤੇ ਆਲਮੀ ਤੇ ਖੇਤਰੀ ਮੁੱਦਿਆਂ ‘ਤੇ ਵਧੇਰੇ ਸਹਿਯੋਗ ਬਾਰੇ ਚਰਚਾ ਕੀਤੀ ਜਾਵੇਗੀ, ਖ਼ਾਸ ਤੌਰ ‘ਤੇ ਜਦੋਂ ਭਾਰਤ ਇਸ ਸਾਲ ਜੀ-20 ਦੇਸ਼ਾਂ ਦੀ ਪ੍ਰਧਾਨਗੀ ਕਰ ਰਿਹਾ ਹੈ।
ਫ਼ੈਡਰਲ ਸਰਕਾਰ ਨੇ ਨਵੰਬਰ ਵਿਚ ਇੰਡੋ-ਪੈਸਿਫ਼ਿਕ ਰਣਨੀਤੀ (ਨਵੀਂ ਵਿੰਡੋ) ਲੌਂਚ ਕੀਤੀ ਸੀ, ਜਿਸ ਦਾ ਉਦੇਸ਼ ਇਸ ਖ਼ਿੱਤੇ ਦੇ ਦੇਸ਼ਾਂ ਨਾਲ ਜੁੜਨ ਦੀ ਕੈਨੇਡਾ ਦੀ ਯੋਜਨਾ ਦੀ ਰੂਪਰੇਖਾ ਤਿਆਰ ਕਰਨਾ ਅਤੇ ਚੀਨ ਨਾਲ ਗਹਿਰੇ ਹੋ ਰਹੇ ਤਣਾਅ ਕਰਕੇ ਚੀਨ ‘ਤੇ ਨਿਰਭਰਤਾ ਨੂੰ ਘਟਾਉਣਾ ਹੈ।
ਇਸ ਰਣਨੀਤੀ ਅਨੁਸਾਰ ਕੈਨੇਡਾ ਦਾ ਉਦੇਸ਼ ਡੂੰਘੇ ਵਪਾਰ ਅਤੇ ਨਿਵੇਸ਼ ਦੇ ਨਾਲ ਨਾਲ, ਲਚਕਦਾਰ ਸਪਲਾਈ ਚੇਨ ਬਣਾਉਣ ਵਿਚ ਸਹਿਯੋਗ ਰਾਹੀਂ ਭਾਰਤ ਨਾਲ ਆਰਥਿਕ ਸਬੰਧਾ ਨੂੰ ਵਧਾਉਣਾ ਹੈ
।
ਆਪਣੇ ਭਾਰਤ ਦੌਰੇ ਦੌਰਾਨ ਮਿਨਿਸਟਰ ਜੋਲੀ, ਇੰਡੋ-ਪੈਸਿਫ਼ਿਕ ਰਣਨੀਤੀ ਦੇ ਤਹਿਤ, ਭਾਰਤ ਦੇ ਵਪਾਰਕ ਅਤੇ ਸਿਵਲ ਸੋਸਾਈਟੀ ਦੇ ਪ੍ਰਮੁੱਖ ਮੈਂਬਰਾਂ ਨਾਲ ਵੀ ਮੁਲਾਕਾਤ ਕਰਨਗੇ।
ਕੈਨੇਡੀਅਨ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਰਿਲੀਜ਼ ਅਨੁਸਾਰ ਕੈਨੇਡਾ ਵਿਚ ਭਾਰਤੀ ਮੂਲ ਦੇ 1.8 ਮਿਲੀਅਨ ਲੋਕ ਰਹਿੰਦੇ ਹਨ ਅਤੇ ਭਾਰਤ ਕੈਨੇਡਾ ਆਉਣ ਵਾਲੇ ਪਰਵਾਸੀਆਂ ਦਾ ਪ੍ਰਮੁੱਖ ਸਰੋਤ ਹੈ।
2021 ਵਿਚ ਭਾਰਤ ਕੈਨੇਡਾ ਦਾ 13ਵਾਂ ਸਭ ਤੋਂ ਵੱਡਾ ਵਪਾਰਕ ਭਾਈਵਾਲ ਸੀ ਅਤੇ ਇਹ ਸਬੰਧ ਲਗਾਤਾਰ ਵਧ ਰਹੇ ਹਨ। ਕੈਨੇਡਾ ਅਤੇ ਭਾਰਤ ਦਰਮਿਆਨ ਦੋ-ਪੱਖੀ ਵਿਦੇਸ਼ੀ ਨਿਵੇਸ਼ 4.6 ਬਿਲੀਅਨ ਡਾਲਰ ਹੈ। ਇਸ ਤੋਂ ਇਲਾਵਾ, ਭਾਰਤ ਵਿੱਚ ਕੈਨੇਡੀਅਨ ਪੋਰਟਫੋਲੀਓ ਅਤੇ ਸੰਸਥਾਗਤ ਨਿਵੇਸ਼ 70 ਬਿਲੀਅਨ ਤੱਕ ਪਹੁੰਚ ਗਿਆ ਹੈ।