1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਡਾਕਟਰੀ ਸਹਾਇਤਾ ਨਾਲ ਮੌਤ ਦਾ ਵਿਸਤਾਰ ਮਾਰਚ 2024 ਤੱਕ ਟਾਲਣ ਲਈ ਲਿਬਰਲਾਂ ਵੱਲੋਂ ਬਿਲ ਪੇਸ਼

ਕੈਨੇਡੀਅਨਜ਼ ਦੀ ਸੁਰੱਖਿਆ ਸਭ ਤੋਂ ਪਹਿਲਾਂ, ਇਸ ਲਈ ਵਿਸਤਾਰ ‘ਚ ਦੇਰੀ ਜ਼ਰੂਰੀ: ਜਸਟਿਸ ਮਿਨਿਸਟਰ

ਜਸਟਿਸ ਮਿਨਿਸਟਰ ਡੇਵਿਡ ਲੇਮੈਟੀ

ਜਸਟਿਸ ਮਿਨਿਸਟਰ ਡੇਵਿਡ ਲੇਮੈਟੀ

ਤਸਵੀਰ: La Presse canadienne / Adrian Wyld

RCI

ਮਾਨਸਿਕ ਬਿਮਾਰੀ ਨਾਲ ਜੁਝ ਰਹੇ ਕੈਨੇਡੀਅਨਜ਼ ਵਾਸਤੇ ਡਾਕਟਰੀ ਸਹਾਇਤਾ ਨਾਲ ਮੌਤ ਦਾ ਦਾਇਰਾ ਵਧਾਏ ਜਾਣ ਨੂੰ ਇੱਕ ਸਾਲ ਲਈ ਟਾਲਣ ਲਈ ਲਿਬਰਲ ਸਰਕਾਰ ਵੱਲੋਂ ਹਾਊਸ ਔਫ਼ ਕੌਮਨਜ਼ ਵਿਚ ਅੱਜ ਬਿਲ ਪੇਸ਼ ਕੀਤਾ ਗਿਆ ਹੈ।

ਸਰਕਾਰ ਨੇ 2016 ਵਿਚ MAID (Medical Assistance In Dying) ਯਾਨੀ ਡਾਕਟਰੀ ਸਹਾਇਤਾ ਨਾਲ ਮੌਤ ਕਾਨੂੰਨ ਪਾਸ ਕੀਤਾ ਸੀ। ਕਿਊਬੈਕ ਦੀ ਸੁਪੀਰੀਅਰ ਕੋਰਟ ਨੇ 2019 ਵਿੱਚ ਇਸ ਕਾਨੂੰਨ ਨੂੰ ਰੱਦ ਕਰ ਦਿੱਤਾ ਸੀ ਕਿਉਂਕਿ ਇਹ ਉਨ੍ਹਾਂ ਲੋਕਾਂ ਤੱਕ ਸੀਮਤ ਸੀ ਜਿਨ੍ਹਾਂ ਦੀਆਂ ਮੌਤਾਂ ਵਾਜਬ ਤੌਰ 'ਤੇ ਅਨੁਮਾਨਤ ਸਨ।

ਬਿਲ ਸੀ-7, ਜੋ ਮਾਰਚ 2021 ਵਿਚ ਪਾਰਲੀਮੈਂਟ ਵਿਚ ਪਾਸ ਹੋਇਆ ਸੀ, ਉਸ ਵਿਚ, ਅਦਾਲਤ ਦੇ ਫ਼ੈਸਲੇ ਦੇ ਅਨੁਸਾਰ, ਇਹ ਜ਼ਰੂਰਤ ਹਟਾ ਦਿੱਤੀ ਗਈ ਸੀ। ਸੈਨੇਟਰਜ਼ ਨੇ ਕਾਨੂੰਨ ਵਿਚ ਸੋਧ ਕਰਵਾਉਂਦਿਆਂ ਤਰਕ ਦਿੱਤਾ ਸੀ ਮਾਨਸਿਕ ਬਿਮਾਰੀ ਵਾਲੇ ਲੋਕਾਂ ਨੂੰ ਇਸ ਕਾਨੂੰਨ ਦੇ ਦਾਇਰੇ ਚੋਂ ਬਾਹਰ ਰੱਖਣਾ ਉਹਨਾਂ ਦੇ ਅਧਿਕਾਰਾਂ ਦੀ ਉਲੰਘਣਾ ਹੋਵੇਗੀ।

ਕਾਨੂੰਨ ਵਿਚ ਡਾਕਟਰੀ ਸਹਾਇਤਾ ਨਾਲ ਮੌਤ ਦਾ ਵਿਸਤਾਰ ਕਰਕੇ ਮਾਨਿਸਕ ਬਿਮਾਰੀ ਨਾਲ ਜੁਝ ਰਹੇ ਮਰੀਜ਼ਾਂ ਨੂੰ ਸ਼ਾਮਲ ਕਰਨ ਲਈ ਦੋ ਸਾਲ ਦੀ ਡੈਡਲਾਈਨ ਨਿਸ਼ਚਿਤ ਕੀਤੀ ਗਈ ਸੀ, ਜੋਕਿ 17 ਮਾਰਚ ਨੂੰ ਖ਼ਤਮ ਹੋ ਰਹੀ ਹੈ। ਲਿਬਰਲਾਂ ਕੋਲ ਹੁਣ ਕਾਨੂੰਨ ਪਾਸ ਕਰਵਾਉਣ ਲਈ ਛੇ ਹਫ਼ਤਿਆਂ ਦਾ ਸਮਾਂ ਹੈ।

ਜਸਟਿਸ ਮਿਨਿਸਟਰ ਡੇਵਿਡ ਲੇਮੈਟੀ ਨੇ ਉਮੀਦ ਜਤਾਈ ਸੀ ਕਿ ਉਹਨਾਂ ਨੂੰ ਸਾਰੀਆਂ ਪਾਰਟੀਆਂ ਅਤੇ ਸੈਨੇਟ ਕੋਲੋਂ ਇੰਨੇ ਛੋਟੇ ਵਕਫ਼ੇ ਦੌਰਾਨ ਵੀ ਕਾਨੂੰਨ ਨੂੰ ਸਮਰਥਨ ਦਿੱਤੇ ਜਾਣ ਦੀ ਉਮੀਦ ਹੈ।

ਲੇਮੈਟੀ ਨੇ ਕਿਹਾ ਕਿ ਪ੍ਰਸਤਾਵਿਤ ਇੱਕ ਸਾਲ ਇੱਕ ਸਾਲ ਦੀ ਦੇਰੀ ਇਹ ਯਕੀਨੀ ਬਣਾਉਣ ਲਈ ਜ਼ਰੂਰੀ ਹੈ ਕਿ ਅਸੀਂ ਇਸ ਸੰਵੇਦਨਸ਼ੀਲ ਅਤੇ ਪੇਚੀਦਾ ਮੁੱਦੇ ‘ਤੇ ਸਮਝਦਾਰੀ ਅਤੇ ਗਿਣਮਿੱਥ ਕੇ ਅੱਗੇ ਵਧੀਏ

ਉਹਨਾਂ ਕਿਹਾ ਕਿ ਇਸ ਨਾਲ ਸੂਬਾਈ ਅਤੇ ਪ੍ਰਦੇਸ਼ੀ ਭਾਈਵਾਲਾਂ ਨੂੰ ਅਤੇ ਡਾਕਟਰਾਂ ਤੇ ਨਰਸਾਂ ਨੂੰ ਇਹਨਾਂ ਸਥਿਤੀਆਂ ਵਿਚ ਡਾਕਟਰੀ ਸਹਾਇਤਾ ਨਾਲ ਮੌਤ ਨੂੰ ਉਪਲਬਧ ਕਰਵਾਉਣ ਦੀ ਤਿਆਰੀ ਲਈ ਸਮਾਂ ਮਿਲ ਸਕੇਗਾ।

ਉਹਨਾਂ ਕਿਹਾ ਕਿ ਇਸ ਦੇਰੀ ਨਾਲ ਮਾਨਸਿਕ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਲਈ ਡਾਕਟਰੀ ਸਹਾਇਤਾ ਨਾਲ ਮੌਤ ਦਾ ਵਿਸਤਾਰ ਕਰਨ ਸਬੰਧੀ ਜੋਖਮਾਂ ਦੇ ਅਧੀਐਨਾਂ ਨੂੰ ਪੂਰਾ ਕਰਨ ਦਾ ਵੀ ਸਮਾਂ ਮਿਲ ਸਕੇਗਾ।

ਲੇਮੈਟੀ ਨੇ ਕਿਹਾ ਕਿ ਕੈਨੇਡੀਅਨਜ਼ ਦੀ ਸੁਰੱਖਿਆ ਸਭ ਤੋਂ ਅੱਵਲ ਹੈ, ਇਸ ਕਰਕੇ ਲੋੜੀਂਦਾ ਸਮਾਂ ਮੰਗਿਆ ਜਾ ਰਿਹਾ ਹੈ

ਡਾਇੰਗ ਵਿਦ ਡਿਗਨਿਟੀ ਕੈਨੇਡਾ ਨਾਂ ਦੀ ਸੰਸਥਾ ਦੀ ਸੀਈਓ, ਹੈਲੇਨ ਲੌਂਗ ਨੇ ਕਿਹਾ ਕਿ ਮਾਨਸਿਕ ਬਿਮਾਰੀਆਂ ਨਾਲ ਜੂਝ ਰਹੇ ਕੈਨੇਡੀਅਨਜ਼ ਨੂੰ MAID ਦੇ ਦਾਇਰੇ ਤੋਂ ਬਾਹਰ ਰੱਖਣਾ ਪੱਖਪਾਤ ਹੈ ਅਤੇ ਇਸ ਕਲੰਕ ਨੂੰ ਕਾਇਮ ਰੱਖਦਾ ਹੈ ਕਿ ਉਹਨਾਂ ਕੋਲ ਆਪਣੀ ਹੈਲਥ ਕੇਅਰ ਬਾਰੇ ਫੈਸਲੇ ਲੈਣ ਦੀ ਸਮਰੱਥਾ ਨਹੀਂ ਹੈ

ਲੇਮੈਟੀ ਦੇ ਬਿਲ ਤੋਂ ਪਹਿਲਾਂ ਇਸ ਗਰੁੱਪ ਨੇ ਫ਼ੈਡਰਲ ਸਰਕਾਰ ਨੂੰ ਮੰਗ ਕੀਤੀ ਸੀ ਕਿ ਵਿਸਤਾਰ ਵਿਚ ਦੇਰੀ ਛੋਟੀ ਅਤੇ ਪ੍ਰਭਾਵੀ ਹੋਵੇ।

ਪਰ ਲੇਮੈਟੀ ਨੇ ਕਿਹਾ ਕਿ ਸਾਰੇ ਅਜੇ ਤਿਆਰ ਨਹੀਂ ਹਨ।

ਲੇਮੈਟੀ ਨੇ ਕਿਹਾ ਕਿ ਉਹਨਾਂ ਨੂੰ ਕਈ ਪਾਸਿਓਂ ਰਫ਼ਤਾਰ ਹੌਲੀ ਰੱਖਣ ਲਈ ਆਖਿਆ ਗਿਆ ਹੈ।

ਕੰਜ਼ਰਵੇਟਿਵ ਐਮਪੀ ਮਾਈਕਲ ਕੂਪਰ ਨੇ ਕਿਹਾ ਕਿ ਇਹ ਦੇਰੀ ਕਾਫ਼ੀ ਨਹੀਂ ਹੈ ਅਤੇ ਇਸ ਖ਼ਤਰਨਾਕ ਵਿਸਤਾਰ ‘ਤੇ ਮੁਕੰਮਲ ਵਿਰਾਮ ਲੱਗਣਾ ਚਾਹੀਦਾ ਹੈ।

ਕੰਜ਼ਰਵੇਟਿਵਜ਼ ਦੀ ਦਲੀਲ ਹੈ ਕਿ ਡਾਕਟਰਾਂ ਲਈ ਇਹ ਦੱਸਣਾ ਮੁਸ਼ਕਲ ਹੁੰਦਾ ਹੈ ਕਿ ਮਾਨਿਸਕ ਬਿਮਾਰੀ ਕਾਰਨ ਕਦੋਂ ਕਿਸੇ ਮਰੀਜ਼ ਦੀ ਸਥਿਤੀ ਇਲਾਜ ਦੀ ਸੰਭਾਵਨਾ ਤੋਂ ਬਾਹਰ ਹੋ ਜਾਂਦੀ ਹੈ, ਇਸ ਕਰਕੇ ਇਹ ਨੀਤੀ ਬਚਾਏ ਜਾ ਸਕਣ ਵਾਲਿਆਂ ਦੀ ਮੌਤ ਦਾ ਕਾਰਨ ਬਣ ਸਕਦੀ ਹੈ।

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ