- ਮੁੱਖ ਪੰਨਾ
- ਰਾਜਨੀਤੀ
- ਫ਼ੈਡਰਲ ਰਾਜਨੀਤੀ
ਕੈਨੇਡੀਅਨ ਐਮਪੀਜ਼ ਨੇ 10,000 ਵੀਗਰ ਸ਼ਰਨਾਰਥੀਆਂ ਨੂੰ ਕੈਨੇਡਾ ਵਸਾਉਣ ਦੇ ਪੱਖ ਚ ਸਰਬਸੰਮਤੀ ਨਾਲ ਵੋਟ ਪਾਈ
ਸਿੱਧਾ ਚੀਨ ਤੋਂ ਬੁਲਾਉਣ ਦੀ ਬਜਾਏ ਹੋਰ ਦੇਸ਼ਾਂ ਤੋਂ ਵੀਗਰ ਲੋਕਾਂ ਦੇ ਮੁੜ ਵਸੇਬੇ ਦਾ ਵਿਚਾਰ

ਪੱਛਮੀ ਚੀਨ ਵਿੱਚ ਵੀਗਰ ਭਾਈਚਾਰੇ ਦੇ ਮੈਂਬਰਾਂ ਨਾਲ ਚੀਨ ਦੇ ਦੁਰਵਿਵਹਾਰ ਵੱਲ ਧਿਆਨ ਦਿਵਾਉਣ ਲਈ, 27 ਦਸੰਬਰ, 2019 ਨੂੰ ਬਰਲਿਨ ਵਿੱਚ ਚੀਨੀ ਦੂਤਾਵਾਸ ਦੇ ਬਾਹਰ ਹੁੰਦੇ ਵਿਰੋਧ ਪ੍ਰਦਰਸ਼ਨਾਂ ਦੀ ਤਸਵੀਰ।
ਤਸਵੀਰ: (John MacDougall/AFP/Getty Images)
ਕੈਨੇਡੀਅਨ ਐਮਪੀਜ਼ ਨੇ ਸਰਬਸੰਮਤੀ ਨਾਲ ਵੋਟ ਪਾ ਕੇ ਫ਼ੈਡਰਲ ਸਰਕਾਰ ਨੂੰ ਆਖਿਆ ਹੈ ਕਿ ਚੀਨ ਦੇ ਜ਼ੁਲਮਾਂ ਕਰਕੇ ਹਿਜਰਤ ਕਰ ਰਹੇ 10,000 ਵੀਗਰ ਸ਼ਰਨਾਰਥੀਆਂ ਨੂੰ ਮੁੜ ਵਸਾਉਣ ਲਈ ਕੈਨੇਡਾ ਸਰਕਾਰ ਇੱਕ ਰਿਫ਼ਿਊਜੀ ਪ੍ਰੋਗਰਾਮ ਸ਼ੁਰੂ ਕਰੇ।
ਲਿਬਰਲ ਐਮਪੀ ਸਮੀਰ ਜ਼ੁਬੈਰੀ ਨੇ ਪਿਛਲੇ ਸਾਲ ਜੂਨ ਵਿਚ ਇੱਕ ਪ੍ਰਸਤਾਵ ਪੇਸ਼ ਕੀਤਾ ਸੀ ਜਿਸ ਵਿਚ ਸਰਕਾਰ ਨੂੰ 2024 ਤੱਕ ਵੀਗਰ ਅਤੇ ਤੁਰਕੀ ਮੂਲ ਦੇ ਹੋਰ ਮੁਸਲਮਾਨਾਂ ਨੂੰ ਕੈਨੇਡਾ ਲਿਆਉਣ ਲਈ ਇੱਕ ਪ੍ਰੋਗਰਾਮ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਸੀ।
ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਦਫਤਰ ਨੇ ਪਿਛਲੇ ਸਾਲ ਅਗਸਤ ਵਿੱਚ ਇੱਕ ਰਿਪੋਰਟ ਵਿਚ ਕਿਹਾ ਸੀ ਕਿ ਚੀਨ ਵੀਗਰ ਲੋਕਾਂ ਦੇ ਵਿਰੁੱਧ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ
ਕਰ ਰਿਹਾ ਹੈ, ਅਤੇ ਕੁਝ ਲੋਕ ਜੋ ਦੂਜੇ ਦੇਸ਼ਾਂ ਵਿੱਚ ਭੱਜ ਗਏ ਸਨ, ਉਨ੍ਹਾਂ ਨੂੰ ਜ਼ਬਰਦਸਤੀ ਵਾਪਸ
ਮੋੜ ਲਿਆਂਦਾ ਗਿਆ ਹੈ, ਹਾਲਾਂਕਿ ਚੀਨ ਨੇ ਇਨ੍ਹਾਂ ਰਿਪੋਰਟਾਂ ਨੂੰ ਰੱਦ ਕੀਤਾ ਹੈ।
ਇਹ ਮੋਸ਼ਨ, ਜੋ ਕਿ ਬਾਇਨਡਿੰਗ ਭਾਵ ਬੱਝਵਾਂ ਨਹੀਂ ਹੈ, ਕੈਨੇਡਾ ਨੂੰ ਦੋ ਸਾਲਾਂ ਦੇ ਦੌਰਾਨ 10,000 ਵੀਗਰ ਲੋਕਾਂ ਨੂੰ ਬੁਲਾਉਣ ਲਈ ਚਾਰ ਮਹੀਨਿਆਂ ਦੇ ਅੰਦਰ ਇੱਕ ਯੋਜਨਾ ਤਿਆਰ ਕਰਨ ਦੀ ਮੰਗ ਕਰਦਾ ਹੈ।
ਇਸ ਪ੍ਰਸਤਾਵ ਵਿਚ ਸਿੱਧਾ ਚੀਨ ਤੋਂ ਬੁਲਾਉਣ ਦੀ ਬਜਾਏ ਤੁਰਕੀ ਵਰਗੇ ਹੋਰ ਦੇਸ਼ਾਂ ਤੋਂ ਵੀਗਰ ਲੋਕਾਂ ਦੇ ਮੁੜ ਵਸੇਬੇ ਦਾ ਵਿਚਾਰ ਹੈ। ਜ਼ੂਬੈਰੀ ਦਾ ਕਹਿਣਾ ਹੈ ਕਿ ਚੀਨ ਤੋਂ ਸਿੱਧਾ ਬੁਲਾਉਣਾ ਸੁਰੱਖਿਅਤ ਨਹੀਂ ਹੈ।
- ਕੈਨੇਡਾ ਵਿਚ ਕਥਿਤ ‘ਚੀਨੀ ਪੁਲਿਸ ਸਟੇਸ਼ਨ’ ਹੋਣੇ ਚੀਨ ਸਰਕਾਰ ਦੇ ਵਿਆਪਕ ਵਿਦੇਸ਼ੀ ਦਖ਼ਲ ਦਾ ਸੰਕੇਤ: ਮਾਹਰ
- ਚੀਨ ਦਾ ਕੈਨੇਡਾ ਤੇ ਪਲਟਵਾਰ, ਕਿਹਾ ਸੰਯੁਕਤ ਰਾਸ਼ਟਰ ਕਰੇ ਮੂਲਨਿਵਾਸੀਆਂ ਖ਼ਿਲਾਫ਼ ਹੋਏ ਅਪਰਾਧਾਂ ਦੀ ਜਾਂਚ
ਹਾਊਸ ਔਫ਼ ਕੌਮਨਜ਼ ਨੇ ਫ਼ਰਵਰੀ 2021 ਵਿਚ ਇੱਕ ਮਤਾ ਪਾਸ ਕੀਤਾ ਸੀ ਜਿਸ ਵਿਚ ਵੀਗਰ ਲੋਕਾਂ ਨਾਲ ਚੀਨ ਦੇ ਸਲੂਕ ਨੂੰ ਨਸਲਕੁਸ਼ੀ ਘੋਸ਼ਿਤ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੀ ਕੈਬਿਨਟ ਦੇ ਮੈਂਬਰਾਂ ਨੇ ਹੋਰ ਅੰਤਰਰਾਸ਼ਟਰੀ ਜਾਂਚ ਦੀ ਲੋੜ ਦਾ ਹਵਾਲਾ ਦਿੰਦਿਆਂ ਮਤੇ ‘ਤੇ ਵੋਟ ਤੋਂ ਪਰਹੇਜ਼ ਕੀਤਾ ਸੀ।
ਡਾਏਲਨ ਰੌਬਰਟਸਨ - ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ