1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਇਸਲਾਮੋਫ਼ੋਬੀਆ ਸਬੰਧੀ ਵਿਸ਼ੇਸ਼ ਸਲਾਹਕਾਰ ਅਮੀਰਾ ਅਲਗ਼ਵਾਬੀ ਨੇ ਪੁਰਾਣੀਆਂ ਟਿੱਪਣੀਆਂ ਲਈ ਮੁਆਫ਼ੀ ਮੰਗੀ

ਕਿਊਬੈਕ ਸਰਕਾਰ ਅਤੇ ਪੀਅਰ ਪੌਲੀਐਵ ਨੇ ਕੀਤੀ ਸੀ ਅਮੀਰਾ ਨੂੰ ਹਟਾਉਣ ਦੀ ਮੰਗ

ਅਮੀਰਾ ਅਲਗ਼ਵਾਬੀ

ਅਮੀਰਾ ਅਲਗ਼ਵਾਬੀ ਨੂੰ ਇਸਲਾਮੋਫੋਬੀਆ ਨਾਲ ਨਜਿੱਠਣ ਲਈ ਕੈਨੇਡਾ ਦਾ ਵਿਸ਼ੇਸ਼ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਕਿਊਬੈਕ ਵਾਸੀਆਂ ਬਾਰੇ ਅਤੀਤ ਵਿਚ ਕੀਤੀਆਂ ਟਿੱਪਣੀਆਂ ਕਾਰਨ ਉਹਨਾਂ ਦੀ ਨਿਯੁਕਤੀ 'ਤੇ ਵਿਵਾਦ ਛਿੜ ਗਿਆ ਸੀ। ਅਮੀਰਾ ਨੇ ਬੱਧਵਾਰ ਨੂੰ ਮੁਆਫ਼ੀ ਮੰਗੀ ਹੈ।

ਤਸਵੀਰ: CBC

RCI

ਇਸਲਾਮੋਫ਼ੋਬੀਆ ਨਾਲ ਨਜਿੱਠਣ ਬਾਬਤ ਫ਼ੈਡਰਲ ਸਰਕਾਰ ਵੱਲੋਂ ਹਾਲ ਹੀ ਵਿਚ ਨਿਯੁਕਤ ਕੀਤੀ ਗਈ ਵਿਸ਼ੇਸ਼ ਸਲਾਹਕਾਰ ਅਮੀਰਾ ਅਲਗ਼ਵਾਬੀ ਨੇ ਅਤੀਤ ਵਿਚ ਕਿਉਬੈਕ ਬਾਰੇ ਕੀਤੀਆਂ ਆਪਣੀਆਂ ਟਿੱਪਣੀਆਂ ਲਈ ਮੁਆਫ਼ੀ ਮੰਗੀ ਹੈ।

ਬਲੌਕ ਕਿਊਬੈਕਵਾ ਲੀਡਰ ਈਵ ਫ਼੍ਰੈਂਸੁਆ ਬਲੌਸ਼ੇ ਨੇ 2019 ਵਿਚ ਅਮੀਰਾ ਵੱਲੋਂ ਕੀਤੀਆਂ ਟਿੱਪਣੀਆਂ ‘ਤੇ ਇਤਰਾਜ਼ ਪ੍ਰਗਟਾਇਆ ਸੀ।

ਅਮੀਰਾ ਨੇ ਬਲੌਕ ਲੀਡਰ ਨਾਲ ਮੁਲਾਕਾਤ ਤੋਂ ਪਹਿਲਾਂ ਇੱਕ ਬਿਆਨ ਵਿਚ ਕਿਹਾ, ਮੈਂ ਆਪਣੇ ਸ਼ਬਦਾਂ ਲਈ ਮੁਆਫ਼ੀ ਮੰਗਦੀ ਹਾਂ, ਜਿਨ੍ਹਾਂ ਕਾਰਨ ਕਿਊਬੈਕ ਦੇ ਲੋਕਾਂ ਨੂੰ ਦੁੱਖ ਪਹੁੰਚਿਆ ਹੈ, ਅਤੇ ਮੈਂ ਇਹ ਗੱਲ ਮਿਸਟਰ ਬਲੌਂਸ਼ੇ ਨੂੰ ਵੀ ਜ਼ਾਹਰ ਕਰਾਂਗੀ

ਮੈਂ ਸਮਝਦੀ ਹਾਂ ਕਿ ਮੇਰੇ ਸ਼ਬਦ, ਅਤੇ ਜਿਸ ਤਰ੍ਹਾਂ ਮੈਂ ਉਹਨਾਂ ਨੂੰ ਕਿਹਾ ਸੀ, ਨੇ ਕਿਊਬੈਕ ਦੇ ਲੋਕਾਂ ਨੂੰ ਤਕਲੀਫ਼ ਪਹੁੰਚਾਈ ਹੈ। ਮੈਂ ਬਹੁਤ ਗ਼ੌਰ ਨਾਲ ਲੋਕਾਂ ਨੂੰ ਸੁਣਦੀ ਰਹੀ ਹਾਂ। ਮੈਂ ਤੁਹਾਨੂੰ ਸੁਣਿਆ ਹੈ ਅਤੇ ਮੈਂ ਜਾਣਦੀ ਹਾਂ ਕਿ ਤੁਸੀਂ ਕੀ ਮਹਿਸੂਸ ਕਰ ਰਹੇ ਹੋ। ਮੈਂ ਮੁਆਫ਼ੀ ਮੰਗਦੀ ਹਾਂ

2019 ਵਿਚ ਔਟਵਾ ਸਿਟੀਜ਼ਨ ਅਖ਼ਬਾਰ ਵਿਚ ਅਮੀਰਾ ਨੇ ਬਰਨੀ ਫ਼ਾਰਬਰ (ਨਵੀਂ ਵਿੰਡੋ) ਦੇ ਨਾਲ ਮਿਲਕੇ, ਇੱਕ ਕਾਲਮ ਲਿਖਿਆ ਸੀ, ਜਿਸ ਨਾਲ ਉਕਤ ਵਿਵਾਦ ਸਬੰਧਤ ਹੈ।

ਕਾਲਮ ਵਿਚ ਕਿਊਬੈਕ ਦੇ ਵਿਵਾਦਿਤ ਬਿਲ-21 ‘ਤੇ ਟਿੱਪਣੀ ਕੀਤੀ ਗਈ ਸੀ, ਜਿਸ ਅਧੀਨ ਪਬਲਿਕ ਸਰਵੈਂਟਸ ‘ਤੇ ਕੰਮ ਦੌਰਾਨ ਹਿਜਾਬ ਵਰਗੇ ਧਾਰਮਿਕ ਚਿੰਨ੍ਹ ਪਹਿਨਣ ‘ਤੇ ਪਾਬੰਦੀ ਹੈ।

ਅਮੀਰਾ ਅਤੇ ਫ਼ਾਰਬਰ ਨੇ ਲਿਖਿਆ ਸੀ ਕਿ, ਬਦਕਿਸਮਤੀ ਨਾਲ, ਕਿਊਬੈਕ ਵਾਸੀਆਂ ਦੀ ਬਹੁਗਿਣਤੀ ਕਾਨੂੰਨ ਕਰਕੇ ਨਹੀਂ, ਸਗੋਂ ਮੁਸਲਿਮ ਵਿਰੋਧੀ ਭਾਵਨਾਵਾਂ ਦੁਆਰਾ ਪ੍ਰਭਾਵਿਤ ਪ੍ਰਤੀਤ ਹੁੰਦੀ ਹੈ

ਕਾਲਮ ਵਿੱਚ, ਅਮੀਰਾ ਅਤੇ ਫ਼ਾਰਬਰ ਨੇ ਕਿਹਾ ਕਿ ਉਹ ਇੱਕ ਲੇਜਰ ਮਾਰਕੀਟਿੰਗ ਪੋਲ ਤੋਂ ਬਾਅਦ ਇਸ ਸਿੱਟੇ 'ਤੇ ਪਹੁੰਚੇ ਹਨ ਕਿ ਇਸਲਾਮ ਵਿਰੋਧੀ ਵਿਚਾਰ ਰੱਖਣ ਵਾਲੇ 88 ਪ੍ਰਤੀਸ਼ਤ ਕਿਊਬੈਕ ਵਾਸੀਆਂ ਨੇ ਪਬਲਿਕ ਸਰਵੈਂਟਸ ਲਈ ਧਾਰਮਿਕ ਚਿੰਨ੍ਹਾਂ 'ਤੇ ਪਾਬੰਦੀ ਦਾ ਭਾਰੀ ਸਮਰਥਨ ਕੀਤਾ ਸੀ।

ਬਲੌਂਸ਼ੇ ਨੇ ਬੁੱਧਵਾਰ ਸਵੇਰੇ ਕਿਹਾ ਸੀ, ਮੇਰਾ ਮੰਨਣਾ ਹੈ ਕਿ ਉਹ ਕਿਊਬੈਕ ਨੂੰ ਨਹੀਂ ਜਾਣਦੀ। ਉਹ ਸਾਡੇ ਇਤਿਹਾਸ ਨੂੰ ਨਹੀਂ ਜਾਣਦੀ ਹੈ ਅਤੇ ਮੈਂ ਇੱਕ ਨਾਗਰਿਕ ਦੇ ਰੂਪ ਵਿੱਚ, ਇੱਕ ਪਾਰਟੀ ਲੀਡਰ ਅਤੇ ਇੱਕ ਮਾਨਵ-ਵਿਗਿਆਨੀ ਦੇ ਰੂਪ ਵਿੱਚ, ਉਸ ਨਾਲ ਕਿਊਬੈਕ ਦੇ ਇਤਿਹਾਸ ਬਾਰੇ ਚਰਚਾ ਕਰਨਾ ਚਾਹਾਂਗਾ

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਅਮੀਰਾ ਦੀਆਂ ਟਿੱਪਣੀਆਂ ਨੂੰ ਨਫ਼ਰਤੀ ਕਰਾਰ ਦਿੰਦਿਆਂ ਟ੍ਰੂਡੋ ਸਰਕਾਰ ਨੂੰ ਅਮੀਰਾ ਦੀ ਨਿਯੁਕਤੀ ਬਰਖ਼ਾਸਤ ਕਰਨ ਦੀ ਮੰਗ ਕੀਤੀ ਸੀ।

ਪੌਲੀਐਵ ਨੇ ਕਿਹਾ ਕਿ ਉਹ ਇਸਲਾਮੋਫ਼ੋਬੀਆ ਨਾਲ ਨਜਿੱਠਣ ਦੇ ਯਤਨਾਂ ਦਾ ਸਮਰਥਨ ਕਰਦੇ ਹਨ,ਪਰ ਟ੍ਰੂਡੋ ਨੇ ਇੱਕ ਅਜਿਹੇ ਸ਼ਖ਼ਸ ਨੂੰ ਨਿਯੁਕਤ ਕੀਤਾ ਹੈ ਜਿਸ ਨੇ ਕਿਊਬੈਕ ਵਾਸੀਆਂ ਦੀ ਤੌਹੀਨ ਕੀਤੀ ਸੀ।

ਅਮੀਰਾ ਦੀ ਮੁਆਫ਼ੀ ਤੋਂ ਪਹਿਲਾਂ, ਬੁੱਧਵਾਰ ਨੂੰ ਬੋਲਦਿਆਂ ਟ੍ਰੂਡੋ ਨੇ ਕਿਹਾ ਕਿ ਕਿਊਬੈਕ ਵਾਸੀ ਨਸਲਵਾਦੀ ਨਹੀਂ ਹਨ। ਉਹਨਾਂ ਕਿਹਾ ਕਿਊਬੈਕ ਵਾਸੀ ਬਹੁਤ ਸਾਰੇ ਕੈਨੇਡੀਅਨਜ਼ ਵਾਂਗ ਵਿਅਕਤੀਗਤ ਅਧਿਕਾਰਾਂ ਅਤੇ ਆਜ਼ਾਦੀ ਦੇ ਸਭ ਤੋਂ ਮਜ਼ਬੂਤ ਰਾਖੇ ਹਨ।

ਟ੍ਰੂਡੋ ਨੇ ਕਿਹਾ ਕਿ ਅਮੀਰਾ ਇਸ ਅਹੁਦੇ ਲਈ ਯੋਗ ਹਨ ਕਿਉਂਕਿ ਉਹਨਾਂ ਕੋਲ ਧਰਮ ਨਿਰਪੱਖ ਅਤੇ ਧਾਰਮਿਕ ਕਿਊਬੈਕਰਾਂ ਦੋਵਾਂ ਤੱਕ ਪਹੁੰਚ ਕਰਨ ਦੀ ਸਮਰੱਥਾ ਹੈ।

ਮੁਲਾਕਾਤ ਤੋਂ ਬਾਅਦ ਅਮੀਰਾ ਨੇ ਕਿਹਾ ਕਿ ਬਲੌਂਸ਼ੇ ਨਾਲ ਉਹਨਾਂ ਦੀ ਗੱਲਬਾਤ ਉਸਾਰੂ ਰਹੀ ਅਤੇ ਇਹ ਇੱਕ ਦੂਸਰੇ ਨੂੰ ਸੁਣਨ ਦਾ ਮੌਕਾ ਸੀ।

ਅਮੀਰਾ ਨੇ ਕਿਹਾ ਕਿ ਇੱਕ ਮੁਸਲਮਾਨ ਹੋਣ ਦੇ ਨਾਤੇ, ਉਹ ਸਮਝਦੀ ਹੈ ਕਿ ਪੱਖਪਾਤ ਅਤੇ ਕਿਸੇ ਬਾਰੇ ਰਾਏ ਬਣਾਏ ਜਾਣ ਦਾ ਕੀ ਮਤਲਬ ਹੈ। ਉਨ੍ਹਾਂ ਕਿਹਾ ਕਿ ਉਹਨਾਂ ਨੇ ਨਿੱਜੀ ਤੌਰ 'ਤੇ ਬਲੌਂਸ਼ੇ ਤੋਂ ਦੁਬਾਰਾ ਮੁਆਫੀ ਮੰਗੀ ਹੈ।

ਪੀਟਰ ਜ਼ਿਮੌਨਜਿਕ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ