- ਮੁੱਖ ਪੰਨਾ
- ਰਾਜਨੀਤੀ
- ਫ਼ੈਡਰਲ ਰਾਜਨੀਤੀ
ਸਿਆਸੀ ਬਿਆਨਬਾਜ਼ੀਆਂ ਦੇ ਬਾਵਜੂਦ, 2023 ਵਿਚ ਫ਼ੈਡਰਲ ਚੋਣਾਂ ਦੀ ਸੰਭਾਵਨਾ ਨਹੀਂ: ਮਾਹਰ
ਮਹਿੰਗਾਈ ਅਤੇ ਆਰਥਿਕ ਚੁਣੌਤੀਆਂ ਦੇ ਮੁੱਦਿਆਂ ‘ਤੇ ਸਿਆਸੀ ਖਿੱਚੋਤਾਣ ਜਾਰੀ ਰਹੇਗੀ

(ਖੱਬੇ ਤੋਂ ਸੱਜੇ) ਲਿਬਰਲ ਲੀਡਰ ਜਸਟਿਨ ਟ੍ਰੂਡੋ, ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ, ਐਨਡੀਪੀ ਲੀਡਰ ਜਗਮੀਤ ਸਿੰਘ ਅਤੇ ਬਲੌਕ ਲੀਡਰ ਈਵ ਫ਼੍ਰੈਂਸੁਆ ਬਲੌਂਸ਼ੇ
ਤਸਵੀਰ: (Sean Kilptraick/The Canadian Press, Adrian Wyld/The Canadian Press, Sean Kilpatrick/The Canadian Press, Blair Gable/Reuters)
ਭਾਵੇਂ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਫ਼ੈਡਰਲ ਲੀਡਰਾਂ ਵੱਲੋਂ ਇੱਕ ਦੂਸਰੇ ਉੱਪਰ ਤਿੱਖੀਆਂ ਟਿੱਪਣੀਆਂ ਅਤੇ ਚੋਣਾਂ ਦੇ ਮਾਹੌਲ ਵਰਗੀਆਂ ਬਿਆਨਬਾਜ਼ੀਆਂ ਹੋ ਰਹੀਆਂ ਹਨ, ਪਰ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ 2023 ਵਿਚ ਫ਼ੈਡਰਲ ਚੋਣਾਂ ਹੋਣ ਦੇ ਅਸਾਰ ਨਹੀਂ ਹਨ।
ਪਾਰਲੀਮੈਂਟ ਦੀਆਂ ਛੇ ਹਫ਼ਤੇ ਦੀਆਂ ਛੁੱਟੀਆਂ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਸਰਗਰਮ ਰਹੇ ਅਤੇ ਉਹਨਾਂ ਨੇ ਸਸਕਾਟੂਨ, ਓਨਟੇਰਿਓ ਦੇ ਵਿੰਡਸਰ ਅਤੇ ਕਿਊਬੈਕ ਦੇ ਟ੍ਰਆ-ਰਿਵਰੈ ਦਾ ਦੌਰਾ ਕਰਕੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਵੀ ਗਿਣਾਈਆਂ। ਆਪਣੇ ਦੌਰਿਆਂ ਵਿਚ ਟ੍ਰੂਡੋ ਨੇ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ‘ਤੇ ਵੀ ਨਿਸ਼ਾਨਾ ਕੱਸਿਆ।
ਪੀਅਰ ਪੌਲੀਐਵ ਨੇ ਹਾਲ ਹੀ ਵਿਚ ਟਿੱਪਣੀ ਕੀਤੀ ਸੀ ਕਿ ਟ੍ਰੂਡੋ ਦੇ ਕਾਰਜਕਾਲ ਵਿਚ ਕੈਨੇਡਾ ਟੁੱਟਿਆ ਪ੍ਰਤੀਤ ਹੋ ਰਿਹਾ ਹੈ
। ਟ੍ਰੂਡੋ ਨੇ ਇਸਦੇ ਜਵਾਬ ਵਿਚ ਕਿਹਾ ਸੀ ਕਿ ਆਪਣੀਆਂ ਬਾਹਾਂ ਚ ਬਾਹਾਂ ਫਸਾ ਕੇ ਇਹ ਕਹਿਣਾ ਕਿ ਕੈਨੇਡਾ ਟੁੱਟ ਗਿਆ ਹੈ, ਇਹ ਕੈਨੇਡੀਅਨਜ਼ ਲਈ ਇੱਕ ਬਿਹਤਰ ਭਵਿੱਖ ਸਿਰਜਣ ਦਾ ਤਰੀਕਾ ਨਹੀਂ
ਹੈ।
ਪੌਲੀਐਵ ਨੇ ਵੀ ਇਸ ਦੌਰਾਨ ਕਿਊਬੈਕ ਦਾ ਦੌਰਾ ਕੀਤਾ ਅਤੇ ਆਪਣੀ ਲੀਡਰਸ਼ਿਪ ਦੌਰਾਨ ਕਿਊਬੈਕ ਤੋਂ ਮਿਲਣ ਵਾਲੇ ਸਮਰਥਨ ਦੇ ਕਸੀਦੇ (ਨਵੀਂ ਵਿੰਡੋ) ਪੜ੍ਹੇ। ਉਹਨਾਂ ਨੇ ਵੈਨਕੂਵਰ ਵਿਚ ਮੂਲਨਿਵਾਸੀ ਲੀਡਰਾਂ ਨਾਲ ਵੀ ਮੁਲਾਕਾਤ (ਨਵੀਂ ਵਿੰਡੋ) ਕੀਤੀ ਤਾਂ ਜੋ ਉਨ੍ਹਾਂ ਦੀਆਂ ਜ਼ਮੀਨਾਂ ‘ਤੇ ਸਰੋਤ ਵਿਕਾਸ ਦੁਆਰਾ ਪੈਦਾ ਹੋਏ ਮਾਲੀਏ ਨੂੰ ਸਾਂਝਾ ਕਰਨ ਲਈ ਫ਼ਸਟ ਨੇਸ਼ਨਜ਼ ਲਈ ਪ੍ਰਸਤਾਵਿਤ ਨੀਤੀ ‘ਤੇ ਚਰਚਾ ਕੀਤੀ ਜਾ ਸਕੇ।
ਸ਼ੁੱਕਰਵਾਰ ਨੂੰ ਵੀ ਪੌਲੀਐਵ ਨੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੂੰ ਆਪਣੀਆਂ ਤਿੱਖੀਆਂ ਟਿਪਣੀਆਂ ਦਾ ਨਿਸ਼ਾਨਾ ਬਣਾਇਆ ਸੀ। ਉਹਨਾਂ ਨੇ ਮੁਲਕ ਵਿਚ ਮਹਿੰਗਾਈ, ਹਵਾਈ ਆਵਾਜਾਈ ਦੇ ਘੜਮੱਸ ਅਤੇ ਸਰਕਾਰੀ ਘਾਟੇ ਲਈ ਟ੍ਰੂਡੋ ਨੂੰ ਜ਼ਿੰਮੇਵਾਰ ਠਹਿਰਾਇਆ, ਜਿਸ ਨਾਲ ਪ੍ਰਤੀਤ ਹੋਇਆ ਕਿ ਉਹ ਟ੍ਰੂਡੋ ਨੂੰ ਚੋਣ ਮੈਦਾਨ ਦੀ ਚੁਣੌਤੀ ਦੇ ਰਹੇ ਹੋਣ।
ਇਸ ਮਹੀਨੇ ਦੇ ਸ਼ੁਰੂ ਵਿਚ ਆਪਣੇ ਪਾਰਟੀ ਕੌਕਸ ਨਾਲ ਗੱਲ ਕਰਦਿਆਂ, ਐਨਡੀਪੀ ਲੀਡਰ ਜਗਮੀਤ ਸਿੰਘ ਨੇ ਵੀ ਲਿਬਰਲ ਸਰਕਾਰ ਨਾਲ ਕੀਤੇ ਆਪਣੇ ਕੌਨਫ਼ੀਡੈਂਸ-ਐਂਡ-ਸਪਲਾਈ ਅਰੇਂਜਮੈਂਟ ਦੇ ਕਸੀਦੇ ਪੜ੍ਹੇ ਸਨ, ਤੇ ਕਿਹਾ ਸੀ ਕਿ ਇਹ ਸਮਝੌਤਾ ਕੈਨੇਡੀਅਨਜ਼ ਲਈ ਕੰਮ ਕਰ ਰਿਹਾ ਹੈ।
ਪਰ ਜਗਮੀਤ ਸਿੰਘ ਨੇ ਇਹ ਸੰਕੇਤ ਵੀ ਦਿੱਤੇ ਸਨ ਕਿ ਉਹਨਾਂ ਨੇ ਆਪਣੀ ਅੱਖ ਹੋਰ ਉੱਪਰ ਵੀ ਰੱਖੀ ਹੋਈ ਹੈ।
ਉਹਨਾਂ ਕਿਹਾ ਸੀ, ਅਸੀਂ ਕੈਨੇਡੀਅਨਜ਼ ਦੀ ਮਦਦ ਲਈ ਲੜਾਂਗੇ ਅਤੇ ਸਾਨੂੰ ਉਮੀਦ ਹੈ ਕਿ ਅਸੀਂ ਜਿੱਤ ਸਕਦੇ ਹਾਂ ਅਤੇ ਫਿਰ ਮੈਂ ਕੈਨੇਡਾ ਦੇ ਪ੍ਰਧਾਨ ਮੰਤਰੀ ਲਈ ਚੋਣ ਲੜਾਂਗਾ
।
ਪਰ ਸੱਮਾ ਸਟ੍ਰੈਟਜੀਜ਼ ਦੇ ਟਿਮ ਪਾਵਰਜ਼ ਦਾ ਕਹਿਣਾ ਹੈ ਕਿ ਲੀਡਰਾਂ ਦੀ ਆਪਸੀ ਸਿਆਸੀ ਖਿੱਚੋਤਾਣ ਦੇ ਬਾਵਜੂਦ ਉਹਨਾਂ ਨੂੰ ਨਹੀਂ ਲੱਗਦਾ ਕਿ ਕੋਈ ਵੀ ਲੀਡਰ ਇਸ ਸਮੇਂ ਚੋਣਾਂ ਕਰਾਉਣ ਦੇ ਪੱਖ ਵਿਚ ਹੋਵੇਗਾ।
ਸੀਬੀਸੀ ਨਾਲ ਗੱਲ ਕਰਦਿਆਂ ਟਿਮ ਨੇ ਕਿਹਾ, ਇਸ ਸਾਲ ਚੋਣਾਂ ਲਈ ਹਾਲਾਤ ਮੌਜੂਦ ਨਹੀਂ ਹਨ
।
ਮੈਨੂੰ ਨਹੀਂ ਲੱਗਦਾ ਕਿ ਕਿਸੇ ਪਾਰਟੀ ਕੋਲ ਵੀ ਇਸ ਸਮੇਂ ਕੋਈ ਲਾਭਦਾਇਕ ਸਥਿਤੀ ਹੈ
।
ਟਿਮ ਨੇ ਕਿਹਾ ਕਿ ਮੁਲਕ ਵਿਚ ਆਰਥਿਕ ਮੰਦੀ (ਨਵੀਂ ਵਿੰਡੋ) ਦੇ ਖ਼ਦਸ਼ੇ ਦੇ ਚਲਦਿਆਂ, ਜਿਸਦਾ ਭਾਰ ਲਿਬਰਲ ਸਰਕਾਰ ਦੇ ਮੋਢਿਆਂ ‘ਤੇ ਹੈ, ਇਸ ਸਾਲ ਲਿਬਰਲਾਂ ਵੱਲੋਂ ਚੋਣਾਂ ਕਰਵਾਉਣ ਦੀ ਸੰਭਾਵਨਾ ਨਹੀਂ ਲੱਗਦੀ।
ਉਹਨਾਂ ਕਿਹਾ ਕਿ ਇਸ ਸਾਲ ਚੋਣਾਂ ਉਸੇ ਸਥਿਤੀ ਵਿਚ ਹੋ ਸਕਦੀਆਂ ਹਨ ਜੇ ਟ੍ਰੂਡੋ ਨੂੰ ਆਪਣੀ ਜਿੱਤ ਦੇ ਅਸਾਰ ਨਜ਼ਰ ਆਉਂਦੇ ਹਨ, ਪਰ ਫ਼ਿਲਹਾਲ ਅਜਿਹਾ ਨਹੀਂ ਲੱਗਦਾ ਕਿ ਲਿਬਰਲਜ਼ ਚੋਣਾਂ ਲਈ ਤਿਆਰ ਹਨ।
ਐਸਕੇ ਕੰਸਲਟਿੰਗ ਤੋਂ ਸ਼ਰਨ ਕੌਰ ਵੀ ਇਸ ਰਾਏ ਨਾਲ ਸਹਿਮਤ ਹਨ ਕਿ 2023 ਵਿਚ ਫ਼ੈਡਰਲ ਚੋਣਾਂ ਦੀ ਸੰਭਾਵਨਾ ਨਹੀਂ ਹੈ। ਪਰ ਉਹਨਾਂ ਕਿ ਕੰਜ਼ਰਵੇਟਿਵਜ਼ ਅਰਥਚਾਰੇ ਦਾ ਸਹਾਰਾ ਲੈਕੇ ਲਿਬਰਲ ਸਰਕਾਰ ਨੂੰ ਘੇਰਨਗੇ ਅਤੇ ਖ਼ੁਦ ਨੂੰ ਅਗਲੀ ਸਰਕਾਰ ਦੇ ਬਦਲ ਵੱਜੋਂ ਪੇਸ਼ ਕਰਦੇ ਰਹਿਣਗੇ।
ਸ਼ਰਨ ਦਾ ਮੰਨਣਾ ਹੈ ਕਿ ਸਾਲ 2023 ਵਿਚ ਮਹਿੰਗਾਈ ਅਤੇ ਸੰਭਾਵੀ ਆਰਥਿਕ ਮੰਦੀ ਕੰਜ਼ਰਵੇਟਿਵਜ਼ ਦੇ ਮੁੱਖ ਮੁੱਦੇ ਹੋ ਸਕਦੇ ਹਨ ਅਤੇ ਉਹਨਾਂ ਦਾ ਮੰਨਣਾ ਹੈ ਕਿ ਇਸ ਸਾਲ ਸਿਰਫ਼ ਕੰਜ਼ਰਵੇਟਿਵ ਪਾਰਟੀ ਹੀ ਚੋਣਾਂ ਦੇ ਪੱਖ ਵਿਚ ਹੋ ਸਕਦੀ ਹੈ।
ਪਰ ਟਿਮ ਦਾ ਕਹਿਣਾ ਹੈ ਕਿ ਪੀਅਰ ਪੌਲੀਐਵ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਵੱਜੋਂ ਕੈਨੇਡੀਅਨਜ਼ ਦੇ ਮਨਾਂ ਵਿਚ ਆਪਣਾ ਅਕਸ ਤਿਆਰ ਕਰਨ ਲਈ ਹੋਰ ਸਮਾਂ ਲੈਣ ਵਿਚ ਹੀ ਖ਼ੁਸ਼ ਹੋਣਗੇ।
ਉਹਨਾਂ ਦਾ ਮੰਨਣਾ ਹੈ ਕਿ ਪੌਲੀਐਵ ਆਪਣੇ ਲਈ ਲਾਭਦਾਇਕ ਪਲੈਟਫ਼ੌਰਮ ਤਿਆਰ ਕਰਨ ਲਈ ਕੁਝ ਹੋਰ ਸਮਾਂ ਲੈਣਗੇ।
ਜੇ ਲਿਬਰਲ-ਐਨਡੀਪੀ ਸਮਝੌਤਾ ਆਪਣੀ ਤੈਅ ਮਿਆਦ ਤੱਕ ਜਾਰੀ ਰਹਿੰਦਾ ਹੈ, ਤਾਂ 2025 ਤੋਂ ਪਹਿਲਾਂ ਫ਼ੈਡਰਲ ਚੋਣਾਂ ਨਹੀਂ ਹੋਣਗੀਆਂ।
ਪਰ 2022 ਦੇ ਮੁਕਾਬਲੇ 2023 ਵਿਚ ਇਸ ਸਮਝੌਤੇ ਦਾ ਦਾਰੋਮਦਾਰ ਵੀ ਵਧ ਗਿਆ ਹੈ, ਕਿਉਂਕਿ ਇਸ ਵਿਚ ਕੀਤੇ ਗਏ ਵਾਅਦਿਆਂ ਦੀ ਪ੍ਰਗਤੀ ਦਾ ਵੀ ਮੁਲਾਂਕਣ ਹੋਣਾ ਹੈ। ਜਗਮੀਤ ਸਿੰਘ ਇਹ ਧਮਕੀ ਵੀ ਦੇ ਚੁੱਕੇ ਹਨ ਕਿ ਜੇ ਫ਼ੈਡਰਲ ਸਰਕਾਰ ਨੇ ਹੈਲਥ ਕੇਅਰ ਸੰਕਟ ਨਾਲ ਨਜਿੱਠਣ ਲਈ ਕਦਮ ਨਾ ਚੁੱਕੇ ਤਾਂ ਉਹ ਸਮਝੌਤੇ ਤੋਂ ਪਿੱਛੇ ਹਟ ਜਾਣਗੇ।
ਕੌਂਸੁਲ ਪਬਲਿਕ ਅਫੇਅਰਜ਼ ਦੇ ਬ੍ਰੈਡ ਲੈਵਾਇਨੇ ਨੇ ਕਿਹਾ ਕਿ ਇਸ ਸਾਲ ਲਿਬਰਲ-ਐਨਡੀਪੀ ਸਮਝੌਤੇ ਦੀ ਵੀ ਸਖ਼ਤ ਪਰਖ ਹੋਣੀ ਹੈ।
ਐਨਡੀਪੀ ਐਮਪੀ ਡੇਨੀਅਲ ਬਲੇਕੀ ਨੇ ਇਸ ਮਹੀਨੇ ਸੀਬੀਸੀ ਨਿਊਜ਼ ਨਾਲ ਗੱਲ ਕਰਦਿਆਂ ਕਿਹਾ ਸੀ ਕਿ 2023 ਦਾ ਫ਼ੈਡਰਲ ਬਜਟ ਇਹ ਫ਼ੈਸਲਾ ਕਰਨ ਵਿਚ ਇੱਕ ਅਹਿਮ ਨੁਕਤਾ ਹੋਵੇਗਾ ਕਿ ਲਿਬਰਲ ਸਰਕਾਰ ਸਮਝੌਤੇ ਦੀਆਂ ਸ਼ਰਤਾਂ ਪੂਰੀਆਂ ਕਰ ਰਹੀ ਹੈ ਜਾਂ ਨਹੀਂ।
ਪਰ ਬ੍ਰੈਡ ਨੇ ਕਿਹਾ ਕਿ ਜੇ ਲਿਬਰਲ ਐਨਡੀਪੀ ਸਮਝੋਤਾ ਟੁੱਟਦਾ ਵੀ ਹੈ, ਤਾਂ ਵੀ ਜ਼ਰੂਰੀ ਨਹੀਂ ਕਿ ਇਸ ਸਾਲ ਚੋਣਾਂ ਹੋਣ।
ਬ੍ਰੈਡ ਨੇ ਕਿਹਾ ਕਿ ਸਟੀਫ਼ਨ ਹਾਰਪਰ ਦੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਦੌਰਾਨ ਵੀ ਉਹਨਾਂ ਦੀ ਘੱਟ-ਗਿਣਤੀ ਸਰਕਾਰ ਰਹੀ ਹੈ, ਜਿਸ ਵਿਚ ਕਿਸੇ ਵੀ ਹੋਰ ਪਾਰਟੀ ਨਾਲ ਕੌਨਫ਼ੀਡੈਂਸ-ਐਂਡ-ਸਪਲਾਈ ਅਰੇਂਜਮੈਂਟ ਨਹੀਂ ਸੀ, ਅਤੇ ਇਸਦੇ ਬਾਵਜੂਦ ਉਹਨਾਂ ਨੂੰ ਕਈ ਸਾਲਾਂ ਤੱਕ ਹਾਊਸ ਦੀ ਭਰੋਸਗੀ ਪ੍ਰਾਪਤ ਰਹੀ ਸੀ। ਬ੍ਰੈਡ ਨੇ ਕਿਹਾ ਕਿ ਇਹ ਵਿਕਲਪ ਟ੍ਰੂਡੋ ਕੋਲ ਵੀ ਮੌਜੂਦ ਹੈ।
ਸ਼ਰਨ ਕੌਰ ਨੇ ਕਿਹਾ ਕਿ ਭਾਵੇਂ ਇਸ ਸਾਲ ਚੋਣਾਂ ਨਾ ਵੀ ਹੋਣ ਪਰ ਸਿਆਸੀ ਬਿਆਨਬਾਜ਼ੀ ਦੇ ਰੁਕਣ ਦੀ ਸੰਭਾਵਾਨਾ ਨਹੀਂ ਲੱਗਦੀ।
ਉਹਨਾਂ ਕਿਹਾ ਕਿ ਮਹਿੰਗਾਈ ਅਤੇ ਆਰਥਿਕ ਚੁਣੌਤੀਆਂ ਦੇ ਮੁੱਦਿਆਂ ‘ਤੇ ਪਾਰਟੀਆਂ ਇੱਕ ਦੂਸਰੇ ਨੂੰ ਘੇਰਦੀਆਂ ਰਹਿਣਗੀਆਂ।
ਡੈਰਨ ਮੇਜਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ