- ਮੁੱਖ ਪੰਨਾ
- ਰਾਜਨੀਤੀ
- ਫ਼ੈਡਰਲ ਰਾਜਨੀਤੀ
ਜਗਮੀਤ ਸਿੰਘ ਹੈਲਥ ਕੇਅਰ ਦੇ ਨਿਜੀਕਰਣ ਨੂੰ ਲੈਕੇ ਐਮਰਜੈਂਸੀ ਬਹਿਸ ਕਰਵਾਉਣ ਦੀ ਮੰਗ ਕਰਨਗੇ
ਸੋਮਵਾਰ ਤੋਂ ਪਾਰਲੀਮੈਂਟ ਦੀ ਕਾਰਵਾਈ ਸ਼ੁਰੂ

ਐਨਡੀਪੀ ਲੀਡਰ ਜਗਮੀਤ ਸਿੰਘ ਦੀ ਫ਼ਾਈਲ ਤਸਵੀਰ।
ਤਸਵੀਰ: (Adrian Wyld/Canadian Press)
ਫ਼ੈਡਰਲ ਐਨਡੀਪੀ ਲੀਡਰ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਉਹ ਹੈਲਥ ਕੇਅਰ ਦੇ ਨਿਜੀਕਰਣ ਨੂੰ ਲੈਕੇ ਹਾਊਸ ਔਫ਼ ਕੌਮਨਜ਼ ਨੂੰ ਐਮਰਜੈਂਸੀ ਬਹਿਸ ਕਰਵਾਉਣ ਦੀ ਮੰਗ ਕਰਨਗੇ।
ਪਾਰਲੀਮੈਂਟ ਦੀ ਸੋਮਵਾਰ ਤੋਂ ਸ਼ੁਰੂ ਹੋ ਰਹੀ ਕਾਰਵਾਈ ਦੌਰਾਨ ਜਗਮੀਤ ਸਿੰਘ ਲਈ ਇਹ ਤਰਜੀਹੀ ਮੁੱਦਾ ਹੋਵੇਗਾ।
ਪਾਰਲੀਮੈਂਟ ਦੀਆਂ ਛੁੱਟੀਆਂ ਦੌਰਾਨ ਜਗਮੀਤ ਸਿੰਘ ਨੇ ਬੀਸੀ ਵਿਚ ਐਮਰਜੈਂਸੀ ਰੂਮਾਂ ਵਿਚ ਵਧ ਰਹੀ ਭੀੜ ਅਤੇ ਕਾਮਿਆਂ ਦੀ ਘਾਟ ਦੇ ਮਾਮਲੇ ਬਾਰੇ ਵਿਚਾਰ-ਚਰਚਾ ਕਰਨ ਵਿਚ ਵੀ ਸਮਾਂ ਬਿਤਾਇਆ।
ਜਗਮੀਤ ਸਿੰਘ ਨੇ ਕਿਹਾ ਕਿ ਹੈਲਥ ਕੇਅਰ ਵਿਚ ਪਹਿਲਾਂ ਹੀ ਸਟਾਫ਼ ਦੀ ਕਮੀ ਪਾਈ ਜਾ ਰਹੀ ਹੈ ਅਤੇ ਇਸ ਸਿਸਟਮ ਦਾ ਨਿਜੀਕਰਣ ਹੋਣ ਨਾਲ ਹਸਪਤਾਲਾਂ ਵਿਚ ਨਰਸਾਂ ਅਤੇ ਡਾਕਟਰਾਂ ਦੀ ਹੋਰ ਕਮੀ ਹੋ ਜਾਵੇਗੀ।
ਓਨਟੇਰਿਓ ਪ੍ਰੀਮੀਅਰ ਡਗ ਫ਼ੋਰਡ ਨੇ ਹਾਲ ਹੀ ਵਿਚ ਐਲਾਨ ਕੀਤਾ ਸੀ ਕਿ ਉਹ ਹਸਪਤਾਲਾਂ ਦਾ ਕੁਝ ਕੰਮਕਾਰ ਸਰਕਾਰੀ ਫ਼ੰਡ ਪ੍ਰਾਪਤ, ਪ੍ਰਾਈਵੇਟ ਹੈਲਥ ਕੇਅਰ ਅਦਾਰਿਆਂ ਨੂੰ ਦੇਣਗੇ ਤਾਂ ਕਿ ਸਰਜਰੀਆਂ ਲਈ ਉਡੀਕ ਸਮਾਂ ਘਟਾਇਆ ਜਾ ਸਕੇ। ਕੋਵਿਡ-19 ਮਹਾਂਮਾਰੀ ਕਾਰਨ ਹੈਲਥ ਕੇਅਰ ਪ੍ਰਣਾਲੀ ਚਰਮਰਾ ਗਈ ਹੈ।
ਐਲਬਰਟਾ ਅਤੇ ਸਸਕੈਚਵਨ ਸੂਬਿਆਂ ਨੇ ਵੀ ਇਸੇ ਤਰ੍ਹਾਂ ਦੇ ਕਦਮ ਚੁੱਕੇ ਹਨ।
ਕੈਨੇਡੀਅਨ ਪ੍ਰੈਸ ਨਾਲ ਗੱਲਬਾਤ ਕਰਦਿਆਂ ਜਗਮੀਤ ਸਿੰਘ ਨੇ ਕਿਹਾ, ਹੈਲਥ ਕੇਅਰ ਵਿਚ ਪਹਿਲਾਂ ਹੀ ਸਟਾਫ਼ ਦੀ ਭਾਰੀ ਕਮੀ ਹੈ ਅਤੇ ਮੁਨਾਫੇ ਵਾਲੇ ਪ੍ਰਾਈਵੇਟ ਅਦਾਰੇ ਡਾਕਟਰਾਂ ਅਤੇ ਨਰਸਾਂ ਦਾ ਸ਼ਿਕਾਰ ਕਰਨਗੇ - ਹਸਪਤਾਲਾਂ ਨੂੰ ਨਰਕ ਬਣਾਉਣਗੇ ਅਤੇ ਲੋਕਾਂ ਨੂੰ ਦਰਦ ਵਿੱਚ ਲੰਬਾ ਸਮੇਂ ਤੱਕ ਉਡੀਕ ਕਰਨ ਲਈ ਮਜ਼ਬੂਰ ਕਰਨਗੇ
।
ਐਨਡੀਪੀ ਦਾ ਕਹਿਣਾ ਹੈ ਕਿ ਉਹ ਇਸ ਗੱਲ ਤੋਂ ਵੀ ਚਿੰਤਤ ਹੈ ਕਿ ਪ੍ਰਾਈਵੇਟ ਅਦਾਰੇ ਮਰੀਜ਼ਾਂ ਨੂੰ ਬ੍ਰਾਂਡਾਂ ਅਤੇ ਅਜਿਹੀਆਂ ਸੇਵਾਵਾਂ ਲਈ ਆਖਣਗੇ ਜੋ ਸੂਬਾ ਸਰਕਾਰ ਦੁਆਰਾ ਕਵਰ ਨਹੀਂ ਹਨ, ਤਾਂ ਕਿ ਵਾਧੂ ਫ਼ੀਸਾਂ ਵਸੂਲੀਆਂ ਜਾ ਸਕਣ।
ਸ਼ਨੀਵਾਰ ਨੂੰ ਫ਼ੈਡਰਲ ਹੈਲਥ ਮਿਨਿਸਟਰ ਯੌਂ-ਈਵ ਡਿਉਕਲੋ ਨੇ ਕਿਹਾ ਕਿ ਉਨ੍ਹਾਂ ਦੀ ਲਿਬਰਲ ਸਰਕਾਰ ਇਹ ਯਕੀਨੀ ਬਣਾਏਗੀ ਕਿ ਲੋਕਾਂ ਨੂੰ ਹੈਲਥ ਕੇਅਰ ਸੇਵਾਵਾਂ ਲਈ ਆਪਣੇ ਕ੍ਰੈਡਿਟ ਕਾਰਡਾਂ ਦੀ ਵਰਤੋਂ ਨਾ ਕਰਨੀ ਪਵੇ ਅਤੇ ਹੈਲਥ ਕੇਅਰ ਸਰਵ ਵਿਆਪਕ ਤੌਰ 'ਤੇ ਜਨਤਕ ਖੇਤਰ ਅਧੀਨ ਰਹੇਗੀ।
ਜੇਕਰ ਜਗਮੀਤ ਸਿੰਘ ਦੀ ਐਮਰਜੈਂਸੀ ਬਹਿਤ ਲਈ ਬੇਨਤੀ ਮੰਜ਼ੂਰ ਹੁੰਦੀ ਹੈ ਤਾਂ ਇਹ ਬਹਿਸ ਸੋਮਵਾਰ ਸ਼ਾਮ ਨੂੰ ਵੀ ਹੋ ਸਕਦੀ ਹੈ।
ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ