- ਮੁੱਖ ਪੰਨਾ
- ਅੰਤਰਰਾਸ਼ਟਰੀ
- ਸੰਗਠਿਤ ਅਪਰਾਧ
ਪਾਕਿਸਤਾਨ ਦੀ ਇੱਕ ਮਸਜਿਦ ਵਿਚ ਆਤਮਘਾਤੀ ਹਮਲਾ, ਘੱਟੋ ਘੱਟ 34 ਲੋਕਾਂ ਦੀ ਮੌਤ
ਪੇਸ਼ਾਵਰ ਵਿਚ ਸਥਿਤ ਹੈ ਮਸਜਿਦ

ਸੋਮਵਾਰ ਨੂੰ ਪੇਸ਼ਾਵਰ ਦੀ ਇੱਕ ਮਸਜਿਦ ਵਿਚ ਹੋਏ ਆਤਮਘਾਤੀ ਬੰਬ ਧਮਾਕੇ ਵਿਚ ਘੱਟੋ ਘੱਟ 34 ਲੋਕਾਂ ਦੀ ਮੌਤ ਹੋ ਗਈ ਹੈ।
ਤਸਵੀਰ: (Maaz Ali/AFP/Getty Images)
ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ‘ਚ ਇੱਕ ਮਸਜਿਦ ਵਿਚ ਹੋਏ ਆਤਮਘਾਤੀ ਬੰਬ ਧਮਾਕੇ ਕਾਰਨ 34 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਘੱਟੋ ਘੱਟ 150 ਲੋਕ ਜ਼ਖ਼ਮੀ ਹੋਏ ਹਨ। ਇਹ ਮਸਜਿਦ ਪੇਸ਼ਾਵਾਰ ਦੇ ਇੱਕ ਪੁਲਿਸ ਕੰਪਾਊਂਡ ਵਿਚ ਸਥਿਤ ਹੈ।
ਪੁਲਿਸ ਮੁਤਾਬਕ ਬੰਬ ਧਮਾਕੇ ਦੇ ਸਮੇਂ ਮਸਜਿਦ ਦੇ ਅੰਦਰ 260 ਲੋਕ ਮੌਜੂਦ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਦੁਪਹਿਰ ਦੇ ਕਰੀਬ 1:30 ਵਜੇ ਵਾਪਰਿਆ।
ਫ਼ਿਲਹਾਲ ਇਸ ਹਮਲੇ ਦੀ ਕਿਸੇ ਸੰਗਠਨ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਧਮਾਕੇ ਵਿਚ ਮਸਜਿਦ ਦੀ ਇੱਕ ਕੰਧ ਵੀ ਢਹਿ ਕੇ ਨਮਾਜ਼ੀਆਂ ਉੱਪਰ ਡਿੱਗੀ ਦੱਸੀ ਜਾ ਰਹੀ ਹੈ।
ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਜੀਓ ਟੀਵੀ ਨੂੰ ਦੱਸਿਆ ਕਿ ਉਹਨਾਂ ਦੀ ਜਾਣਕਾਰੀ ਅਨੁਸਾਰ ਅੱਤਵਾਦੀ ਨਮਾਜ਼ੀਆਂ ਦੀ ਪਹਿਲੀ ਕਤਾਰ ਵਿਚ ਖੜਾ ਸੀ, ਜਿਸ ਵੇਲੇ ਉਸਨੇ ਖ਼ੁਦ ਨੂੰ ਉਡਾ ਲਿਆ।

ਆਤਮਘਾਤੀ ਵਿਚ ਜ਼ਖ਼ਮੀ ਹੋਏ ਇੱਕ ਵਿਅਕਤੀ ਨੂੰ ਵਹੀਲ ਚੇਅਰ 'ਤੇ ਲਿਜਾਂਦੇ ਲੋਕ।
ਤਸਵੀਰ: Reuters / Khuram Parvez
ਸਰਕਾਰੀ ਚੈਨਲ ਪੀਟੀਵੀ ਦੀ ਫ਼ੂਟੇਜ ਵਿਚ ਪੁਲਿਸ ਅਤੇ ਸਥਾਨਕ ਲੋਕ ਘਟਨਾ ਸਥਾਨ ਤੋਂ ਮਲਬਾ ਹਟਾਉਂਦੇ ਅਤੇ ਜ਼ਖ਼ਮੀਆਂ ਨੂੰ ਆਪਣੇ ਮੋਢਿਆਂ ‘ਤੇ ਚੁੱਕੀ ਦੇਖੇ ਜਾ ਰਹੇ ਸਨ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਅਤੇ ਪੀੜਤਾਂ ਦੇ ਸਭ ਤੋਂ ਬਿਹਤਰ ਸੰਭਵ ਫ਼ੌਰੀ ਇਲਾਜ ਲਈ ਅਥੌਰਟੀਆਂ ਨੂੰ ਹੁਕਮ ਦਿੱਤੇ ਹਨ।

ਮਸਜਿਦ ਵਿਚ ਹੋਏ ਹ,ਲੇ ਤੋਂ ਬਾਅਦ ਭੀੜ ਨੂੰ ਕਾਬੂ ਕਰਦੇ ਪੁਲਿਸਕਰਮੀ।
ਤਸਵੀਰ: Reuters / Fayaz Aziz
ਪਿਛਲੇ ਸਾਲ ਮਾਰਚ ਵਿਚ ਇੱਕ ਸ਼ੀਆ ਮਸਜਿਦ ‘ਤੇ ਹੋਏ ਆਤਮਘਾਤੀ ਬੰਬ ਧਮਾਕੇ ਤੋਂ ਬਾਅਦ ਦਾ ਇਹ ਸਭ ਤੋਂ ਘਾਤਕ ਹਮਲਾ ਹੈ। ਮਾਰਚ ‘ਚ ਹੋਏ ਧਮਾਕੇ ਵਿਚ 58 ਲੋਕਾਂ ਦੀ ਮੌਤ ਹੋਈ ਸੀ ਅਤੇ 200 ਦੇ ਕਰੀਬ ਲੋਕ ਜ਼ਖ਼ਮੀ ਹੋਏ ਸਨ। ਇਸਲਾਮਿਕ ਸਟੇਟ ਨੇ ਉਸ ਹਮਲੇ ਦੀ ਜ਼ਿੰਮੇਵਾਰੀ ਲਿੱਤੀ ਸੀ।
ਪੇਸ਼ਾਵਰ, ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਸੂਬੇ ਦੀ ਰਾਜਧਾਨੀ ਹੈ, ਜਿਸ ਦੀ ਸਰਹੱਦ ਅਫ਼ਗ਼ਾਨਿਸਤਾਨ ਨਾਲ ਲੱਗਦੀ ਹੈ। ਇਹ ਇਲਾਕਾ ਅਕਸਰ ਹੀ ਅੱਤਾਵਦੀਆਂ ਦੁਆਰਾ ਨਿਸ਼ਾਨਾ ਬਣਾਇਆ ਜਾਂਦਾ ਹੈ, ਜਿਸ ਵਿਚ ਪਾਕਿਸਤਾਨੀ ਤਾਲਿਬਾਨ ਵੀ ਸ਼ਾਮਲ ਹੈ।
ਤਹਿਰੀਕੇ ਤਾਲਿਬਾਨ ਪਾਕਿਸਤਾਨ (ਟੀਟੀਪੀ) ਨਾਂ ਦਾ ਗਰੁੱਪ, ਸੁੰਨੀ ਅਤੇ ਫ਼ਿਰਕੂ ਇਸਲਾਮੀ ਗਰੁੱਪਾਂ ਦਾ ਮੁੱਖ ਸਮੂਹ ਹੈ, ਜੋਕਿ ਪਾਕਿਸਤਾਨ ਵਿਚ ਸਰਕਾਰ ਦਾ ਤਖ਼ਤਾ ਪਲਟ ਕਰ ਕੇ ਆਪਣੀ ਤਰਜ਼ ਦੀ ਇਸਲਾਮੀ ਸਰਕਾਰ ਸਥਾਪਿਤ ਕਰਨਾ ਚਾਹੁੰਦਾ ਹੈ।
ਟੀਟੀਪੀ ਨੇ ਪਿਛਲੇ ਸਾਲ ਪਾਕਿਸਤਾਨੀ ਸਰਕਾਰ ਨਾਲ ਅਖੌਤਾ ਸ਼ਾਂਤੀ ਸਮਝੌਤਾ ਖ਼ਤਮ ਕਰਨ ਤੋਂ ਬਾਅਦ ਹਮਲੇ ਤੇਜ਼ ਕਰ ਦਿੱਤੇ ਹਨ।
ਰੋਏਟਰਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ