- ਮੁੱਖ ਪੰਨਾ
- ਅੰਤਰਰਾਸ਼ਟਰੀ
- ਸੰਗਠਿਤ ਅਪਰਾਧ
ਪੂਰਬੀ ਜੇਰੂਸਲਮ ਵਿਚ ਇੱਕ ਸਿਨੇਗਾਗ ‘ਤੇ ਹਮਲਾ, 7 ਹਲਾਕ
ਇੱਕ ਦਿਨ ਪਹਿਲਾਂ ਇਜ਼ਰਾਈਲੀ ਫ਼ੌਜ ਨੇ ਵੈਸਟ ਬੈਂਕ ‘ਤੇ ਘਾਤਕ ਰੇਡ ਮਾਰੀ ਸੀ

27 ਜਨਵਰੀ ਨੂੰ ਜੈਰੂਸਲਮ ਇਲਾਕੇ ਵਿਚ ਪੈਂਦੇ ਇੱਕ ਸਿਨੇਗੌਗ'ਤੇ ਘਾਤਕ ਹਮਲੇ ਵਿਚ 7 ਲੋਕਾਂ ਦੀ ਮੌਤ ਹੋ ਗਈ ਹੈ।
ਤਸਵੀਰ: Reuters / Ammar Awad
ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਅਨੁਸਾਰ ਜੇਰੂਸਲਮ ਦੇ ਬਾਹਰੀ ਇਲਾਕੇ ਵਿਚ ਸਥਿਤ ਇੱਕ ਸਿਨੇਗੌਗ (ਯਹੂਦੀ ਧਾਰਕਿਮ ਸਥਾਨ) ‘ਤੇ ਇੱਕ ਬੰਦੂਕਧਾਰੀ ਵੱਲੋਂ ਕੀਤੇ ਘਾਤਕ ਹਮਲੇ ਵਿਚ 7 ਲੋਕਾਂ ਦੀ ਮੌਤ ਹੋ ਗਈ ਹੈ ਅਤੇ 10 ਲੋਕ ਜ਼ਖ਼ਮੀ ਹੋ ਗਏ ਹਨ।
ਇਜ਼ਰਾਈਲ ਦੀ ਐਂਬੁਲੈਂਸ ਸਰਵਿਸ ਨੇ ਮ੍ਰਿਤਕਾਂ ਦੀ ਗਿਣਤੀ 5 ਦੱਸੀ ਹੈ ਅਤੇ ਪੰਜ ਜ਼ਖ਼ਮੀਆਂ ਦੇ ਹਸਪਤਾਲ ਭਰਤੀ ਕਰਵਾਏ ਜਾਣ ਦੀ ਗੱਲ ਆਖੀ ਹੈ, ਜਿਨ੍ਹਾਂ ਵਿਚ ਇੱਕ 70 ਸਾਲ ਦੀ ਔਰਤ ਵੀ ਸ਼ਾਮਲ ਹੈ।
ਇਜ਼ਰਾਈਲ ਦੀ ਪੁਲਿਸ ਨੇ ਇਸ ਘਟਨਾ ਨੂੰ ‘ਅੱਤਵਾਦੀ ਹਮਲਾ’ ਕਰਾਰ ਦਿੱਤਾ ਹੈ। ਇਹ ਹਮਲਾ ਨੀਵ ਯਾਕੋਵ ਇਲਾਕੇ ਵਿਚ ਵਾਪਰਿਆ ਹੈ, ਜਿਸਨੂੰ ਇਜ਼ਰਾਈਲ ਜੇਰੂਸਲਮ ਦਾ ਹਿੱਸਾ ਮੰਨਦਾ ਹੈ, ਪਰ ਫ਼ਿਲਸਤੀਨ ਅਤੇ ਬਹੁਤੇ ਦੇਸ਼ ਇਸ ਨੂੰ 1967 ਦੀ ਮੱਧ ਏਸ਼ੀਆ ਜੰਗ ਤੋਂ ਬਾਅਦ ਗ਼ੈਰ-ਕਾਨੂੰਨੀ ਤੌਰ ‘ਤੇ ਕਬਜ਼ਾਏ ਇਲਾਕੇ ਵੱਜੋਂ ਦੇਖਦੇ ਹਨ।
ਗ਼ੌਰਤਲਬ ਹੈ ਕਿ ਇਸ ਘਟਨਾ ਤੋਂ ਇੱਕ ਦਿਨ ਪਹਿਲਾਂ ਵੈਸਟ ਬੈਂਕ ਦੇ ਜੇਨਿਨ ਵਿੱਖੇ ਇਜ਼ਰਾਈਲੀ ਫ਼ੌਜ ਨੇ ਰੇਡ ਕੀਤੀ ਸੀ ਜਿਸ ਵਿਚ 7 ਫ਼ਿਲਸਤੀਨੀ ਹਥਿਆਰਬੰਦ ਅਤੇ 2 ਨਾਗਰਿਕ ਮਾਰੇ ਗਏ ਸਨ।

ਗ਼ਾਜ਼ਾ ਵਿਚ ਫ਼ਿਲਸਤੀਨੀ ਲੋਕ ਇਸ ਹਮਲੇ ਤੋਂ ਬਾਅਦ ਜ਼ਸ਼ਨ ਮਨਾੳੇੁਂਦੇ ਹੋਏ।
ਤਸਵੀਰ: Reuters / Mohammed Salem
ਗ਼ਾਜ਼ਾ ਵਿਚ ਹਮਸ ਦੇ ਬੁਲਾਰੇ, ਹਾਜ਼ੇਮ ਕਾਸੇਮ ਨੇ ਰੋਏਟਰਜ਼ ਨੂੰ ਕਿਹਾ ਕਿ ਇਹ ਆਪ੍ਰੇਸ਼ਨ ਜੇਨਿਨ ਵਿੱਚ ਕਾਬਜ਼ਾਂ ਦੁਆਰਾ ਕੀਤੇ ਗਏ ਅਪਰਾਧ ਦਾ ਜਵਾਬ ਹੈ ਅਤੇ ਕਾਬਜ਼ਾਂ ਦੀਆਂ ਅਪਰਾਧਿਕ ਗਤੀਵਿਧੀਆਂ ਦਾ ਇੱਕ ਕੁਦਰਤੀ ਰਿਸਪੌਂਸ ਹੈ। ਹਾਲਾਂਕਿ ਉਹਨਾਂ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਬਾਰੇ ਕੁਝ ਨਹੀਂ ਬੋਲਿਆ।
ਫ਼ਿਲਸਤੀਨ ਇਸਲਾਮਿਕ ਜਿਹਾਦ ਨੇ ਵੀ ਇਸ ਹਮਲੇ ਦੀ ਤਾਰੀਫ਼ ਕੀਤੀ ਪਰ ਇਸਦੀ ਜ਼ਿੰਮੇਵਾਰੀ ਨਹੀਂ ਲਈ।
ਰੋਏਟਰਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ