- ਮੁੱਖ ਪੰਨਾ
- ਰਾਜਨੀਤੀ
- ਫ਼ੈਡਰਲ ਰਾਜਨੀਤੀ
ਗ੍ਰੀਨ ਪਾਰਟੀ ਨੇ ਵੋਟਰਾਂ ਅਤੇ ਮੈਂਬਰਾਂ ਦੀ ਸੰਵੇਦਨਸ਼ੀਲ ਜਾਣਕਾਰੀ ਔਨਲਾਈਨ ਪੋਸਟ ਕੀਤੀ
ਪਾਰਟੀ ਦੁਆਰਾ ਅੰਦਰੂਨੀ ਜਾਂਚ ਸ਼ੁਰੂ

3 ਅਕਤੂਬਰ 2020 ਨੂੰ ਗ੍ਰੀਨ ਪਾਰਟੀ ਦੀ ਲੀਡਰਸ਼ਿਪ ਰੇਸ ਨਾਲ ਸਬੰਧਤ ਐਲਾਨ ਤੋਂ ਬਾਅਦ ਸਟੇਜ ਤੋਂ ਉੱਤਰਦੀ ਐਲੀਜ਼ਾਬੈਥ ਮੇਅ
ਤਸਵੀਰ: (Adrian Wyld/The Canadian Press)
ਗ੍ਰੀਨ ਪਾਰਟੀ ਨੇ ਆਪਣੇ ਅੰਦਰੂਨੀ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਆਪਣੇ ਮੈਂਬਰਾਂ ਅਤੇ ਵੋਟਰਾਂ ਨਾਲ ਸਬੰਧਤ ਸੰਵੇਦਨਸ਼ੀਲ ਅਤੇ ਨਿੱਜੀ ਜਾਣਕਾਰੀ ਔਨਲਾਈਨ ਪੋਸਟ ਕਰ ਦਿੱਤੀ।
ਹਜ਼ਾਰਾਂ ਨਾਮ, ਫ਼ੋਨ ਨੰਬਰ, ਪਤੇ ਅਤੇ ਹੋਰ ਸੰਵੇਦਨਸ਼ੀਲ ਜਾਣਕਾਰੀ ਔਨਲਾਈਨ ਉਪਲਬਧ ਸੀ, ਜੋਕਿ ਪਾਰਟੀ ਦੀ ਵੈੱਬਸਾਈਟ ਰਾਹੀਂ ਪਹੁੰਚਯੋਗ ਸੀ।
ਇਹ ਸਪਸ਼ਟ ਨਹੀਂ ਹੈ ਕਿ ਇਹ ਜਾਣਕਾਰੀ ਕਿੰਨੇ ਚਿਰ ਤੋਂ ਔਨਲਾਈਨ ਉਪਲਬਧ ਸੀ। ਸੀਬੀਸੀ ਨੂੰ ਮੰਗਲਵਾਰ ਨੂੰ ਇਸ ਬਾਰੇ ਜਾਣਕਾਰੀ ਮਿਲੀ ਸੀ। ਇਹ ਜਾਣਕਾਰੀ ਇੱਕ ਗੂਗਲ ਡਰਾਈਵ ਡੌਕਿਊਮੈਂਟ ਵਿਚ ਸੀ। ਸੀਬੀਸੀ ਦੁਆਰਾ ਪਾਰਟੀ ਨਾਲ ਸੰਪਰਕ ਕਰਨ ਤੋਂ ਬਾਅਦ ਇਸ ਡੌਕਿਊਮੈਂਟ ਨੂੰ ਵੈੱਬਸਾਈਟ ਤੋਂ ਹਟਾ ਲਿਆ ਗਿਆ ਹੈ।
ਇੱਕ ਗੋਪਨੀਯਤਾ ਮਾਹਰ ਨੇ ਕਿਹਾ ਕਿ ਨਿੱਜੀ ਜਾਣਕਾਰੀ ਨੂੰ ਔਨਲਾਈਨ ਪੋਸਟ ਕਰਨਾ ਵਿਸ਼ਵਾਸ ਦੀ ਉਲੰਘਣਾ (breach of trust) ਦੇ ਦਾਇਰੇ ਵਿਚ ਆਉਂਦਾ ਹੈ।
ਟੋਰੌਂਟੋ ਮੈਟਰੋਪੌਲਿਟਨ ਯੂਨਿਵਰਸਿਟੀ ਵਿਚ ਪ੍ਰਾਈਵੇਸੀ ਮਾਹਰ ਅਤੇ ਓਨਟੇਰਿਓ ਦੀ ਸਾਬਕਾ ਪ੍ਰਾਈਵੇਸੀ ਕਮਿਸ਼ਨਰ, ਐਨ ਕੈਵੋਕੀਅਨ ਨੇ ਇਸ ਘਟਨਾ ਨੂੰ ਡਰਾਉਣੀ
ਆਖਿਆ ਹੈ।
ਅਸੁਰੱਖਿਅਤ ਨਿੱਜੀ ਜਾਣਕਾਰੀ ਨੂੰ ਔਨਲਾਈਨ ਪੋਸਟ ਕਰਨਾ ਗ੍ਰੀਨ ਪਾਰਟੀ ਦੀ ਗੋਪਨੀਯਤਾ ਨੀਤੀ ਦੀ ਉਲੰਘਣਾ ਹੈ। ਆਪਣੀ ਵੈੱਬਸਾਈਟ ‘ਤੇ, ਪਾਰਟੀ ਵੋਟਰਾਂ ਨਾਲ ਵਾਅਦਾ ਕਰਦੀ ਹੈ ਕਿ ਉਹ ਜਾਣਕਾਰੀ ਦੀ ਅਣਅਧਿਕਾਰਤ ਵਰਤੋਂ, ਸ਼ੇਅਰਿੰਗ, ਨੁਕਸਾਨ ਜਾਂ ਚੋਰੀ ਤੋਂ ਸੁਰੱਖਿਆ ਕਰੇਗੀ।

ਗ੍ਰੀਨ ਪਾਰਟੀ ਦੀ ਵੈਬਸਾਈਟ 'ਤੇ ਮੌਜੂਦ "Discover the Organizing Toolbox" ਵਿਚ ਮੈਂਬਰਾਂ ਅਤੇ ਵੋਟਰਾਂ ਦੀ ਸੰਵੇਦਨਸ਼ੀਲ ਜਾਣਕਾਰੀ ਉਪਲਬਧ ਸੀ।
ਤਸਵੀਰ: CBC
ਸੀਬੀਸੀ ਨੂੰ ਫ਼ਾਈਲਾਂ ਵਿੱਚ ਕੋਈ ਕ੍ਰੈਡਿਟ ਕਾਰਡ ਜਾਂ ਵਿੱਤੀ ਜਾਣਕਾਰੀ ਨਹੀਂ ਮਿਲੀ — ਪਰ ਨਾਮ, ਪਤੇ, ਡਾਕ ਕੋਡ, ਫ਼ੋਨ ਨੰਬਰ, ਜਨਮ ਮਿਤੀ, ਅੰਦਰੂਨੀ ਪਾਰਟੀ ਦਸਤਾਵੇਜ਼ ਅਤੇ ਸਿਖਲਾਈ ਵੀਡੀਓਜ਼, ਦੇਖਣ ਅਤੇ ਡਾਊਨਲੋਡ ਕਰਨ ਲਈ ਉਪਲਬਧ ਸਨ। ਜਾਣਕਾਰੀ ਨੂੰ ਇੱਕ ਗੂਗਲ ਡਰਾਈਵ ਦੇ ਇੱਕ ਕਲਾਉਡ ਵਿੱਚ ਸਟੋਰ ਕੀਤਾ ਗਿਆ ਸੀ।
ਇਹ ਸਪੱਸ਼ਟ ਨਹੀਂ ਹੈ ਕਿ ਡੇਟਾ ਕਿੰਨੀ ਦੇਰ ਤੱਕ ਔਨਲਾਈਨ ਉਪਲਬਧ ਸੀ। ਫ਼ੋਲਡਰਾਂ ਅਤੇ ਫ਼ਾਈਲਾਂ 'ਤੇ ਜੁਲਾਈ 2022 ਦੀ ਮਿਤੀ ਦਰਜ ਸੀ।
ਸਾਲ 2022 ਵਿਚ ਸਾਬਕਾ ਪਾਰਟੀ ਲੀਡਰ ਐਲੀਜ਼ਾਬੈਥ ਮੇਅ ਨੇ ਲੀਡਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਫ਼ਿਲਹਾਲ ਕੈਵਿਨ ਡਨਬਰ ਪਾਰਟੀ ਦੇ ਐਗਜ਼ੈਕਟਿਵ ਡਾਇਰੈਕਟਰ ਹਨ। ਕੈਵਿਨ ਨੇ ਕਿਹਾ ਕਿ ਪਾਰਟੀ ਆਪਣੇ ਅੰਦਰੂਨੀ ਸਿਸਟਮ ਅਤੇ ਵੈੱਬਸਾਈਟ ਦੀ ਜ਼ਬਰਦਸਤ ਸਮੀਖਿਆ ਕਰ ਰਹੀ ਹੈ।
ਇੱਕ ਬਿਆਨ ਵਿਚ ਉਹਨਾਂ ਕਿਹਾ ਕਿ ਉਕਤ ਜਾਣਕਾਰੀ ਕਦੇ ਵੀ ਵੈੱਬਸਾਈਟ ‘ਤੇ ਪਾਉਣ ਲਈ ਨਹੀਂ ਸੀ ਅਤੇ ਉਸਨੂੰ ਹਟਾ ਦਿੱਤਾ ਗਿਆ ਹੈ।
ਕੈਵਿਨ ਨੇ ਕਿਹਾ, ਅਸੀਂ ਡੇਟਾ ਸੁਰੱਖਿਆ ਨੂੰ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਇਸ ਦੀ ਜਾਂਚ ਸ਼ੁਰੂ ਹੋ ਗਈ ਹੈ ਕਿ ਇਹ ਜਾਣਕਾਰੀ ਸਾਡੀ ਵੈੱਬਸਾਈਟ ਤੱਕ ਕਿਵੇਂ ਪਹੁੰਚੀ
।
ਪਾਰਟੀ ਤੋਂ ਖ਼ਫ਼ਾ ਹੋ ਕੇ ਮੈਂਬਰਸ਼ਿਪ ਤਿਆਗਣ ਵਾਲੇ ਪੌਲ ਬੌਚਰ ਦੀ ਵੀ ਨਿੱਜੀ ਜਾਣਕਾਰੀ ਔਨਲਾਈਨ ਰਿਲੀਜ਼ ਹੋਈ। ਉਹਨਾਂ ਨੇ ਪਿਛਲੇ ਸਾਲ ਕਿਸੇ ਹੋਰ ਮੈਂਬਰ ਨੂੰ ਪਾਰਟੀ ਤੋਂ ਬਾਹਰ ਕਰਨ ਦੀ ਪ੍ਰਕਿਰਿਆ ਵਿਚ ਨੁਕਸ ਹੋਣ ਦੇ ਦਾਅਵੇ ਦੇ ਚਲਦਿਆਂ ਪਾਰਟੀ ਤਿਆਗ ਦਿੱਤੀ ਸੀ।
ਬੌਚਰ ਨੇ ਇਸ ਪ੍ਰਾਈਵੇਸੀ ਘਟਨਾ ਨੂੰ ਗੰਭੀਰ
ਆਖਿਆ ਪਰ ਕਿਹਾ ਕਿ ਉਹਨਾਂ ਨੂੰ ਹੈਰਾਨੀ ਇਸ ਕਰਕੇ ਨਹੀਂ ਹੈ ਕਿਉਂਕਿ ਪਾਰਟੀ ਨੇ ਵਿੱਤੀ ਤੰਗੀ ਕਰਕੇ ਬਥੇਰੇ ਸਟਾਫ਼ ਨੂੰ ਨੌਕਰੀ ਤੋਂ ਕੱਢਿਆ ਹੈ ਅਤੇ ਸਟਾਫ਼ ਦੀ ਕਮੀ ਦੌਰਾਨ ਹਰੇਕ ਚੀਜ਼ ਨੂੰ ਪਹਿਲਾਂ ਵਾਲੇ ਪੱਧਰ ‘ਤੇ ਬਰਕਰਾਰ ਰੱਖਣਾ ਸੰਭਵ ਨਹੀਂ ਹੈ।
ਡੇਵਿਡ ਥਰਟਨ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ