1. ਮੁੱਖ ਪੰਨਾ
  2. ਅਰਥ-ਵਿਵਸਥਾ

ਪਿਛਲੇ ਸਾਲ ਨਵੇਂ ਕਿਰਾਏਦਾਰਾਂ ਲਈ ਔਸਤ ਕਿਰਾਇਆ 18% ਤੋਂ ਜ਼ਿਆਦਾ ਵਧਿਆ

ਕੈਨੇਡਾ ਹਾਊਸਿੰਗ ਐਂਡ ਮੌਰਗੇਜ ਕਾਰਪੋਰੇਸ਼ਨ ਦੀ ਸਾਲਾਨਾ ਰਿਪੋਰਟ

ਵੈਨਕੂਵਰ ਵਿਚ ਕਿਰਾਏ ਦੇ ਅਪਾਰਟਮੈਂਟਾਂ ਬਾਹਰ ਲੱਗਾ ਇੱਕ ਸਾਈਨ। ਕੈਨੇਡਾ ਭਰ ਵਿਚ ਕਿਰਾਏ ਲਈ ਖ਼ਾਲੀ ਪਏ ਯੂਨਿਟਾਂ ਦੀ ਦਰ ਵਿਚ ਕਮੀ ਆਈ ਹੈ।

ਵੈਨਕੂਵਰ ਵਿਚ ਕਿਰਾਏ ਦੇ ਅਪਾਰਟਮੈਂਟਾਂ ਬਾਹਰ ਲੱਗਾ ਇੱਕ ਸਾਈਨ। ਕੈਨੇਡਾ ਭਰ ਵਿਚ ਕਿਰਾਏ ਲਈ ਖ਼ਾਲੀ ਪਏ ਯੂਨਿਟਾਂ ਦੀ ਦਰ ਵਿਚ ਕਮੀ ਆਈ ਹੈ।

ਤਸਵੀਰ:  CBC News / Ben Nelms

RCI

ਕੈਨੇਡਾ ਵਿਚ ਪਿਛਲੇ ਸਾਲ ਕਿਰਾਏ ਦੇ ਮਕਾਨਾਂ ਦੀ ਵਧੀ ਮੰਗ ਕਾਰਨ ਰੈਂਟਲ ਮਾਰਕੀਟ ਪਿਛਲੇ ਦੋ ਦਹਾਕਿਆਂ ਵਿਚ ਸਭ ਤੋਂ ਉੱਤਲੇ ਪੱਧਰ ‘ਤੇ ਪਹੁੰਚੀ ਦਰਜ ਕੀਤੀ ਗਈ। ਅਪਾਰਮੈਂਟਾਂ ਦੇ ਖ਼ਾਲੀ ਪਏ ਹੋਣ ਦੀ ਦਰ 2 % ਤੋਂ ਵੀ ਘਟ ਦਰਜ ਹੋਈ ਅਤੇ ਨਵੇਂ ਕਿਰਾਏਦਾਰਾਂ ਲਈ ਕਿਰਾਇਆਂ ਵਿਚ 18 % ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ।

ਕੈਨੇਡਾ ਹਾਊਸਿੰਗ ਐਂਡ ਮੌਰਗੇਜ ਕਾਰਪੋਰੇਸ਼ਨ ਦੀ ਸਾਲਾਨਾ ਰਿਪੋਰਟ ਚੋਂ ਕੈਨੇਡਾ ਦੀ ਰੈਂਟਲ ਮਾਰਕੀਟ ਦੀ ਇਹ ਤਸਵੀਰ ਸਾਹਮਣੇ ਆਈ ਹੈ।

ਉਕਤ ਅੰਕੜੇ Purpose-built ਭਾਵ ਕਿਰਾਏ ਦੇ ਉਦੇਸ਼ ਲਈ ਬਣਾਏ ਅਪਾਰਟਮੈਂਟਾਂ ਦੇ ਹਨ, ਇਸ ਕਰਕੇ ਇਹਨਾਂ ਵਿਚ ਕੌਂਡੋਮੀਨੀਅਮ ਜਾਂ ਹੋਰ ਅਪਾਰਟਮੈਂਟਾਂ ਦੇ ਅੰਕੜੇ ਸ਼ਾਮਲ ਨਹੀਂ ਹਨ।

ਅਪਾਰਟਮੈਂਟ ਦੀ ਵਧਦੀ ਮੰਗ ਕਾਰਨ, ਇਹਨਾਂ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਇਆ ਹੈ ਅਤੇ ਔਸਤ ਕਿਰਾਇਆ ਵੀ 1,258 ਡਾਲਰ ਪ੍ਰਤੀ ਮਹੀਨਾ ਪਹੁੰਚ ਗਿਆ ਹੈ। ਇਹ ਇੱਕ ਸਾਲ ਪਹਿਲਾਂ ਦੇ ਪੱਧਰ ਦੀ ਤੁਲਨਾ ਵਿਚ 5.6 % ਵਾਧਾ ਹੈ ਅਤੇ ਪਿਛਲੇ 30 ਸਾਲ ਦੀ ਸਾਲਾਨਾ ਔਸਤ ਨਾਲੋਂ ਦੁਗਣਾ ਹੈ।

ਕੈਨੇਡਾ ਦੇ ਮੁੱਖ ਸ਼ਹਿਰਾਂ ਵਿਚ ਇੱਕ ਸਾਲ ਵਧੇ ਕਿਰਾਇਆਂ ਦੀ ਸਥਿਤੀਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਕੈਨੇਡਾ ਦੇ ਮੁੱਖ ਸ਼ਹਿਰਾਂ ਵਿਚ ਇੱਕ ਸਾਲ ਵਧੇ ਕਿਰਾਇਆਂ ਦੀ ਸਥਿਤੀ

ਤਸਵੀਰ: CBC/CMHC

ਪਰ ਹਰੇਕ ਯੂਨਿਟ ਲਈ ਕਿਰਾਇਆ ਵਧਣ ਦੀ ਰਫ਼ਤਾਰ ਇੱਕੋ  ਨਹੀਂ ਹੈ।

ਜਿਨ੍ਹਾਂ ਅਪਾਰਟਮੈਂਟਾਂ ਵਿਚ ਕਿਰਾਏਦਾਰ ਬਦਲੇ ਹਨ, ਉੱਥੇ ਕਿਰਾਇਆਂ ਵਿਚ 18.9 % ਵਾਧਾ ਹੋਇਆ ਹੈ। ਜਿੱਥੇ ਕਿਰਾਏਦਾਰ ਨਹੀਂ ਬਦਲੇ ਹਨ ਉੱਥੇ ਕਿਰਾਏ ਵਿਚ 2.9 % ਵਾਧਾ ਹੋਇਆ ਹੈ। ਸੀਮਐਮਐਚਸੀ ਨੇ ਕਿਹਾ ਕਿ ਇਹ ਅੰਕੜੇ ਇਸ ਤੱਥ ਨੂੰ ਦਰਸਾਉਂਦੇ ਹਨ ਕਿ ਜਦੋਂ ਮਕਾਨ ਖ਼ਾਲੀ ਹੁੰਦਾ ਹੈ ਤਾਂ ਮਕਾਨਮਾਲਕ ਆਮ ਤੌਰ ‘ਤੇ ਮੌਜੂਦਾ ਮਾਰਕੀਟ ਪੱਧਰ ਮੁਤਾਬਕ ਕਿਰਾਏ ਨੂੰ ਵਧਾ ਦਿੰਦਾ ਹੈ।

ਕੈਨੇਡਾ ਦੇ ਦੋ ਵੱਡੇ ਸ਼ਹਿਰਾਂ ਵਿਚ ਔਸਤ ਕਿਰਾਏ ਵਾਧੇ ਦਾ ਪਾੜਾ ਹੋਰ ਵੀ ਡੂੰਘਾ ਦਰਜ ਹੋਇਆ। ਨਵੇਂ ਕਿਰਾਇਦਾਰ ਦੀ ਸਥਿਤੀ ਵਿਚ ਟੋਰੌਂਟੋ ਦੇ ਯੂਨਿਟ ਵਿਚ ਕਿਰਾਇਆ 29 % ਉੱਪਰ ਗਿਆ ਅਤੇ ਵੈਨਕੂਵਰ ਵਿਚ 24 % ਉੱਪਰ ਗਿਆ।

ਫ਼ੈਡਰੇਸ਼ਨ ਔਫ਼ ਮੈਟਰੋ ਟੇਨੈਂਟਸ ਅਸੋਸੀਏਸ਼ਨ ਦੇ ਜੌਰਡੀ ਡੈਂਟ ਕਈ ਦਹਾਕਿਆਂ ਤੋਂ ਟੋਰੌਂਟੋ ਦੀ ਰੈਂਟਲ ਮਾਰਕੀਟ ਨਾਲ ਜੁੜੇ ਹਨ। ਉਹਨਾਂ ਕਿਹਾ ਕਿ ਸ਼ਹਿਰ ਵਿਚ ਕਿਰਾਇਆਂ ਦੀ ਸਥਿਤੀ ਬੜੀ ਗੰਭੀਰ ਹੋਈ ਪਈ ਹੈ ਅਤੇ ਕਈ ਮਕਾਨਮਾਲਕ ਆਪਣੇ ਪੁਰਾਣੇ ਕਿਰਾਏਦਾਰਾਂ ਨੂੰ ਕੱਢਣ ਲਈ ਕਾਹਲੇ ਹਨ ਤਾਂ ਕਿ ਨਵੀਂ ਮਾਰਕੀਟ ਸਥਿਤੀ ਦੇ ਅਨੁਸਾਰ ਨਵੇਂ ਕਿਰਾਏਦਾਰਾਂ ਕੋਲੋਂ ਵਧੇਰੇ ਕਿਰਾਏ ਪ੍ਰਾਪਤ ਕਰ ਸਕਣ।

ਉਹਨਾਂ ਕਿਹਾ ਕਿ ਉਹ ਰੋਜ਼ ਇਸ ਕਿਸਮ ਦੇ ਕਿੱਸੇ ਸੁਣ ਰਹੇ ਹਨ, ਜਿੱਥੇ ਲੋਕ ਸਿਰਫ਼ ਇਸ ਕਰਕੇ ਗ਼ੈਰ-ਅਨੁਕੂਲ ਥਾਂਵਾਂ ‘ਤੇ ਰਹਿਣ ਲਈ ਮਜਬੂਰ ਹਨ, ਕਿਉਂਕਿ ਜੇ ਉਹ ਜਗ੍ਹਾ ਛੱਡਦੇ ਹਨ ਤਾਂ ਨਵੀਂ ਕਿਰਾਏ ਦੀ ਥਾਂ ਉਹਨਾਂ ਨੂੰ 1000 ਡਾਲਰ ਪ੍ਰਤੀ ਮਹੀਨਾ ਤੱਕ ਮਹਿੰਗੀ ਮਿਲੇਗੀ।

ਪੀਟ ਇਵੈਂਸ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ