1. ਮੁੱਖ ਪੰਨਾ
  2. ਸਮਾਜ

ਕਿਊਬੈਕ ਵਿਚ 32ਵੀਂ ਬਲੈਕ ਹਿਸਟਰੀ ਮੰਥ ਰਾਊਂਡਟੇਬਲ ਦਾ ਆਯੋਜਨ

‘ਹਨੇਰੇ ਤੋਂ ਚਾਨਣ ਵੱਲ’, ਇਸ ਸਾਲ ਦਾ ਥੀਮ

ਇਸ ਸਾਲ ਬਲੈਕ ਹਿਸਟਰੀ ਮੰਥ ਦਾ ਥੀਮ ‘From Darkness to Light’ ਭਾਵ ‘ਹਨੇਰੇ ਤੋਂ ਚਾਨਣ ਵੱਲ’ ਰੱਖਿਆ ਗਿਆ ਹੈ।

ਇਸ ਸਾਲ ਬਲੈਕ ਹਿਸਟਰੀ ਮੰਥ ਦਾ ਥੀਮ ‘ਹਨੇਰੇ ਤੋਂ ਚਾਨਣ ਵੱਲ’ ਰੱਖਿਆ ਗਿਆ ਹੈ।

ਤਸਵੀਰ: Black history month calender

RCI

ਹਰ ਸਾਲ ਫ਼ਰਵਰੀ ਮਹੀਨਾ ਸਿਆਹਫ਼ਾਮ ਲੋਕਾਂ ਦੀ ਵਿਰਾਸਤ ਅਤੇ ਸੱਭਿਆਚਾਰ ਨੂੰ ਸਮਰਪਿਤ ਹੁੰਦਾ ਹੈ ਜਿਸ ਵਿਚ ਬਲੈਕ ਭਾਈਚਾਰੇ ਦੇ ਲੋਕਾਂ ਵੱਲੋਂ ਕੈਨੇਡਾ ਦੇ ਸਮਾਜ, ਸੱਭਿਆਚਾਰ, ਆਰਥਿਕਤਾ ਅਤੇ ਇਤਿਹਾਸ ਵਿਚ ਪਾਏ ਵਢਮੁੱਲੇ ਯੋਗਦਾਨ ਨੂੰ ਯਾਦ ਕੀਤਾ ਜਾਂਦਾ ਹੈ।

ਬੁੱਧਵਾਰ ਨੂੰ ਮੌਂਟਰੀਅਲ ਵਿੱਖੇ 32ਵੀਂ ਬਲੈਕ ਹਿਸਟਰੀ ਮੰਥ ਰਾਊਂਟੇਬਲ ਦੀ ਪ੍ਰੈੱਸ ਕਾਨਫ਼੍ਰੰਸ ਹੋਈ, ਜਿਸ ਵਿਚ ਇਸ ਸਾਲ ਦੇ ਬਲੈਕ ਹਿਸਟਰੀ ਮੰਥ ਦੇ ਥੀਮ ਅਤੇ ਇਸ ਵਿਸ਼ੇਸ਼ ਮਹੀਨੇ ਹੋਣ ਵਾਲੇ ਸਮਾਗਮਾਂ ਅਤੇ ਆਯੋਜਨਾਂ ਦੀ ਜਾਣਕਾਰੀ ਦਿੱਤੀ ਗਈ। 

ਇਸ ਸਾਲ ਬਲੈਕ ਹਿਸਟਰੀ ਮੰਥ ਦਾ ਥੀਮ ‘From Darkness to Light’ ਭਾਵ ‘ਹਨੇਰੇ ਤੋਂ ਚਾਨਣ ਵੱਲ’ ਰੱਖਿਆ ਗਿਆ ਹੈ।

1 ਫ਼ਰਵਰੀ ਤੋਂ 28 ਫ਼ਰਵਰੀ ਤੱਕ ਹੋਣ ਵਾਲੀ ਬਲੈਕ ਹਿਸਟਰੀ ਮੰਥ ਰਾਊਂਟੇਬਲ ਦੌਰਾਨ ਕਿਊਬੈਕ ਦੇ ਸਮਾਜ ਵਿਚ ਅਫਰੀਕੀ ਮੂਲ ਦੇ ਲੋਕਾਂ ਵੱਲੋਂ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਕਈ ਸੱਭਿਆਚਾਰਕ, ਵਿਦਿੱਅਕ, ਸਮਾਜਿਕ ਅਤੇ ਇਤਿਹਾਸਕ ਆਯੋਜਨ ਕੀਤੇ ਜਾਣਗੇ।

ਪੂਰੇ ਮਹੀਨੇ ਦੌਰਾਨ ਲੋਕ ਤਿਉਹਾਰਾਂ, ਕਾਨਫ਼੍ਰੰਸਾਂ, ਵਰਕਸ਼ਾਪਾਂ ਅਤੇ ਫ਼ਿਲਮ ਸਕਰੀਨਿੰਗਜ਼ ਵਿਚ ਹਿੱਸਾ ਲੈ ਸਕਣਗੇ। ਇਹਨਾਂ ਜਸ਼ਨਾਂ ਵਿਚ ਸ਼ਮੂਲੀਅਤ ਦੇ ਪ੍ਰਤੀਕ ਵੱਜੋਂ ਹਰੇ ਰੰਗ ਦਾ ਦਿਲ ਵੀ ਪਹਿਨਿਆ ਜਾਂਦਾ ਹੈ ਜਿਸ ਵਿਚ ਕਾਲੀ ਧਾਰੀਆਂ ਹੁੰਦੀਆਂ ਹਨ।

ਕਿਊਬੈਕ ਦੀ ਫ਼ਿਲਮ ਕੰਜ਼ਰਵੇਟਰੀ Cinémathèque québécoise ਵਿਚ ਬਲੈਕ ਭਾਈਚਾਰੇ ਦੇ ਸ਼ੋਸ਼ਣ ਨੂੰ ਦਰਸਾਉਂਦੀਆਂ 15 ਮਸ਼ਹੂਰ ਫ਼ਿਲਮਾਂ ਦਿਖਾਈਆਂ ਜਾਣਗੀਆਂ। ਇਹ ਵਰਤਾਰਾ 1970ਵਿਆਂ ਦੀ ਸ਼ੁਰੂਆਤ ਵਿਚ ਅਮਰੀਕਾ ਵਿਚ ਪ੍ਰਚੱਲਤ ਸੀ।

ਇਸ ਇਵੈਂਟ ਦੇ ਬੁਲਾਰੇ, ਸ਼ੈਲਬੀ ਯੌਂ-ਬੈਪਟਿਸਟ ਨੇ ਕਿਹਾ ਕਿ ਮਹੀਨਾ ਭਰ ਚੱਲਣ ਵਾਲਾ ਇਹ ਸਮਾਗਮ ਕਿਊਬੈਕ ਵਿੱਚ 180 ਨਸਲੀ ਅਤੇ ਸੱਭਿਆਚਾਰਕ ਭਾਈਚਾਰਿਆਂ ਬਾਰੇ ਜਾਣਨ ਦਾ ਇੱਕ ਵਧੀਆ ਮੌਕਾ ਹੈ।

ਭਾਵੇਂ ਇਹਨਾਂ ਜਸ਼ਨਾਂ ਦੀ ਇੱਕ ਇਤਿਹਾਸਕ ਮਹੱਤਤਾ ਹੈ, ਪਰ ਆਯੋਜਨਾਂ ਦਾ ਮੁੱਖ ਫੋਕਸ ਬਲੈਕ ਭਾਈਚਾਰੇ ਦੀ ਸਮਾਜਿਕ ਤਰੱਕੀ, ਉਮੀਦ ਅਤੇ ਅਹਿਮ ਪ੍ਰਾਪਤੀਆਂ ‘ਤੇ ਹੈ।

ਸਿਹਤ ਖੇਤਰ ਦੇ ਥੰਮ੍ਹ

ਕਿਊਬੈਕ ਅਤੇ ਕੈਨੇਡੀਅਨ ਸਮਾਜ ਦੇ ਵੱਖ ਵੱਖ ਖੇਤਰਾਂ ਜਿਵੇਂ ਰਾਜਨੀਤੀ, ਹੈਲਥ ਨੈਟਵਰਕ ਅਤੇ ਸੱਭਿਆਚਾਰਕ ਉਦਯੋਗ ਵਿਚ ਵੀ ਬਲੈਕ ਭਾਈਚਾਰੇ ਦਾ ਵੱਡਾ ਯੋਗਦਾਨ ਹੈ।

ਸ਼ੈਲਬੀ ਨੇ ਕਿਹਾ, ਮਹਾਂਮਾਰੀ ਦੇ ਦੌਰਾਨ, ਅਸੀਂ ਐਫਰੋ [ਅਫ਼ਰੀਕੀ ਮੂਲ ਦੇ] ਲੋਕਾਂ ਦੇ ਵਿਸ਼ਾਲ ਯੋਗਦਾਨ ਨੂੰ ਮਹਿਸੂਸ ਕੀਤਾ, ਅਤੇ ਖ਼ਾਸ ਤੌਰ 'ਤੇ ਬਲੈਕ ਔਰਤਾਂ ਦੇ ਯੋਗਦਾਨ ਨੂੰ... ਜੋ ਉਹਨਾਂ ਨੇ ਹਸਪਤਾਲਾਂ ਵਿਚ, ਨਰਸਾਂ ਜਾਂ ਡਾਕਟਰਾਂ ਦੇ ਰੂਪ ਵਿੱਚ ਪਾਇਆ। ਇਹਨਾਂ ਲੋਕਾਂ ਕਰਕੇ ਅਸੀਂ ਕਿਊਬਿਕ ਵਿੱਚ ਬਲੈਕ ਲੋਕਾਂ ਦੇ ਯੋਗਦਾਨ ਦੇ ਮਹੱਤਵ ਨੂੰ ਬਿਹਤਰ ਤਰੀਕੇ ਨਾਲ ਸਮਝ ਸਕੇ ਹਾਂ

2021 ਦੇ ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਅਨੁਸਾਰ, ਕੈਨੇਡਾ ਵਿੱਚ ਬਲੈਕ ਔਰਤਾਂ ਮੁੱਖ ਤੌਰ 'ਤੇ ਹੈਲਥ ਕੇਅਰ ਅਤੇ ਸਮਾਜਿਕ ਸਹਾਇਤਾ ਦੇ ਖੇਤਰ ਵਿੱਚ ਕੰਮ ਕਰਦੀਆਂ ਹਨ। ਬਾਕੀ ਔਰਤਾਂ ਦੀ ਆਬਾਦੀ ਦੇ 22.5 ਪ੍ਰਤੀਸ਼ਤ ਦੇ ਮੁਕਾਬਲੇ, ਇੱਕ ਤਿਹਾਈ ਬਲੈਕ ਔਰਤਾਂ ਇਸ ਖੇਤਰ ਵਿੱਚ ਕੰਮ ਕਰਦੀਆਂ ਹਨ। ਬਲੈਕ ਪਰਵਾਸੀ ਔਰਤਾਂ ਲਈ, ਇਹ ਅਨੁਪਾਤ ਲਗਭਗ 38 ਪ੍ਰਤੀਸ਼ਤ ਹੈ।

ਅਫਰੀਕੀ-ਕੈਨੇਡੀਅਨ ਔਰਤਾਂ ਦੀ ਰਾਜਨੀਤੀ ਵਿਚ, ਖ਼ਾਸ ਤੌਰ ‘ਤੇ ਮੈਟਰੋਪੌਲਿਟਨ ਸਰਕਾਰਾਂ ਵਿਚ ਪ੍ਰਤੀਨਿਧਤਾ ਵਧ ਰਹੀ ਹੈ।

ਕਿਊਬੈਕ ਦੇ ਇੱਕ ਕਸਬੇ Côte-des-Neiges-Notre-Dame-de-Grâce ਵਿਚ ਮੇਅਰ ਬਣਨ ਵਾਲੀ ਪਹਿਲੀ ਬਲੈਕ ਔਰਤ, ਗ੍ਰਾਸ਼ੀਆ ਕਾਸੋਕੀ ਕਟਾਹਵਾ ਵੀ ਪ੍ਰੈਸ ਕਾਨਫ਼੍ਰੰਸ ਵਿਚ ਸ਼ਾਮਲ ਹੋਏ। 

ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਅਫਰੀਕੀ ਮੂਲ ਦੇ ਇੰਨੇ ਸਾਰੇ ਲੋਕਾਂ ਨੇ ਮੌਂਟਰੀਅਲ ਦੀ ਸਿਟੀ ਕੌਂਸਲ, ਕਾਰਜਕਾਰੀ ਕਮੇਟੀ ਅਤੇ ਕਮਿਸ਼ਨਾਂ 'ਤੇ ਅਹੁਦੇ ਸੰਭਾਲੇ ਹਨ।

ਦ ਕੈਨੇਡੀਅਨ ਪ੍ਰੈੱਸ (ਫ਼੍ਰੈਂਚ)
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ