- ਮੁੱਖ ਪੰਨਾ
- ਵਾਤਾਵਰਨ
- ਮੌਸਮ ਦੇ ਹਾਲਾਤ
ਭਾਰੀ ਬਰਫ਼ਬਾਰੀ ਕਾਰਨ ਜੀਟੀਏ ਵਿਚ ਜਨ ਜੀਵਨ ਪ੍ਰਭਾਵਿਤ
ਟੋਰੌਂਟੋ ਪੀਅਰਸਨ ਏਅਰਪੋਰਟ ਨੇ ਰੱਦ ਕੀਤੀਆਂ ਕਈ ਉਡਾਣਾਂ

ਸੜਕਾਂ 'ਤੇ ਤਿਲਕਣ ਹੋਣ ਕਾਰਨ ਟੋਰੌਂਟੋ ਪੁਲਿਸ ਨੇ ਲੋਕਾਂ ਨੂੰ ਸਾਵਧਾਨੀ ਨਾਲ ਡਰਾਈਵ ਕਰਨ ਦੀ ਅਪੀਲ ਕੀਤੀ ਹੈ।
ਤਸਵੀਰ: (Evan Mitsui/CBC)
ਬੁੱਧਵਾਰ ਨੂੰ ਜੀਟੀਏ ਵਿਚ ਆਏ ਬਰਫ਼ਰੀਲੇ ਤੂਫ਼ਾਨ ਕਾਰਨ ਜਨ ਜੀਵਨ ਪ੍ਰਭਾਵਿਤ ਹੋਇਆ। ਟੋਰੌਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਨੇ ਸੈਂਕੜੇ ਉਡਾਣਾਂ ਰੱਦ ਕਰ ਦਿੱਤੀਆਂ।
ਏਅਰਪੋਰਟ ਨੇ ਆਪਣੀ ਵੈੱਬਸਾਈਟ ‘ਤੇ ਦੱਸਿਆ ਕਿ ਟੋਰੌਂਟੋ ਤੋਂ ਰਵਾਨਾ ਹੋਣ ਵਾਲੀਆਂ 26 ਫ਼ੀਸਦੀ ਤੋਂ ਵੱਧ ਉਡਾਣਾਂ ਰੱਦ ਕੀਤੀਆਂ ਗਈਆਂ ਹਨ ਅਤੇ ਇੱਥੇ ਪਹੁੰਚਣ ਵਾਲੀਆਂ 27 ਫ਼ੀਸਦੀ ਤੋਂ ਵੱਧ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ।
ਏਅਰਪੋਰਟ ਨੇ ਕਿਹਾ ਕਿ ਉਡਾਣਾਂ ਵਿਚ ਦੇਰੀ ਅਤੇ ਰੱਦ ਹੋਣ ਦੀ ਉਮੀਦ ਹੈ ਇਸ ਕਰਕੇ ਯਾਤਰੀ ਘਰੋਂ ਰਵਾਨਾ ਹੋਣ ਤੋਂ ਪਹਿਲਾਂ ਆਪਣੀ ਉਡਾਣ ਦਾ ਸਟੈਟਸ ਚੈੱਕ ਕਰ ਲੈਣ।
ਹਾਈਵੇਜ਼ ਅਤੇ ਸੜਕਾਂ ਤੋਂ ਲਗਾਤਾਰ ਬਰਫ਼ ਹਟਾਉਣ ਦਾ ਕੰਮ ਜਾਰੀ ਹੈ, ਪਰ ਬਰਫ਼ਬਾਰੀ ਦੌਰਾਨ ਕੁਝ ਨਿੱਕੇ ਸੜਕ ਹਾਦਸੇ ਵੀ ਰਿਪੋਰਟ ਹੋਏ ਹਨ।
ਬੁੱਧਵਾਰ ਨੂੰ ਓਨਟੇਰਿਓ ਪ੍ਰੀਮੀਅਰ ਡਗ ਫ਼ੋਰਡ ਨੇ ਟਵੀਟ ਕਰਕੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕੋਈ ਬਹੁਤੀ ਜ਼ਰੂਰਤ ਨਾ ਹੋਵੇ ਤਾਂ ਲੋਕ ਡਰਾਈਵ ਤੋਂ ਗੁਰੇਜ਼ ਕਰਨ ਅਤੇ ਆਪਣੇ ਘਰਾਂ ਵਿਚ ਰਹਿਣ।

ਬੁੱਧਵਾਰ ਨੂੰ ਟੋਰੌਂਟੋ ਦੇ ਐਗਲਿੰਟਨ ਐਵਨਿਊ 'ਤੇ ਇੱਕ ਬੱਸ ਸੜਕ ਤੋਂ ਤਿਲਕ ਗਈ ਸੀ।
ਤਸਵੀਰ: (Submitted by Al Stewart)
ਬਰਫਬਾਰੀ ਕਾਰਨ ਸਕੂਲ ਬੱਸਾਂ ਵੀ ਕੈਂਸਲ ਹੋ ਗਈਆਂ ਹਨ। ਟੋਰੌਂਟੋ, ਪੀਲ, ਯੌਰਕ, ਹਾਲਟਨ ਅਤੇ ਡਰਹਮ ਪਬਲਿਕ ਅਤੇ ਕੈਥਲਿਕ ਸਕੂਲਾਂ ਦੀਆਂ ਬੱਸਾਂ ਕੈਂਸਲ ਹੋਈਆਂ ਹਨ। ਹਾਲਾਂਕਿ ਸਕੂਲ ਬੋਰਡਾਂ ਨੇ ਕਿਹਾ ਕਿ ਸਾਰੇ ਸਕੂਲ ਖੁੱਲ੍ਹੇ ਹਨ।
ਐਨਵਾਇਰਨਮੈਂਟ ਕੈਨੇਡਾ ਨੇ ਕਿਹਾ ਕਿ ਬੁੱਧਵਾਰ ਨੂੰ ਸਵੇਰੇ 11 ਵਜੇ ਤੋਂ ਰਾਤੀਂ 8 ਵਜੇ ਤੱਕ ਪੀਅਰਸਨ ਏਅਰਪੋਰਟ ‘ਤੇ 10 ਸੈਂਟੀਮੀਟਰ ਬਰਫ਼ਬਾਰੀ ਹੋਈ। ਬ੍ਰੈਂਪਟਨ ਵਿਚ 15 ਸੈਂਟੀਮੀਟਰ ਅਤੇ ਓਕਵਿਲ ਵਿਚ 16 ਸੈਂਟੀਮੀਟਰ ਬਰਫ਼ਬਾਰੀ ਰਿਪੋਰਟ ਹੋਈ ਹੈ।
ਜੀਟੀਏ ਵਿਚ 15 ਤੋਂ 20 ਸੈਂਟੀਮੀਟਰ ਬਰਫ਼ਬਾਰੀ ਦੀ ਭਵਿੱਖਵਾਣੀ ਕੀਤੀ ਗਈ ਸੀ। ਐਤਵਾਰ ਨੂੰ ਹੋਰ ਬਰਫ਼ਬਾਰੀ ਦਾ ਅਨੁਮਾਨ ਹੈ।
ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ