1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਟ੍ਰੂਡੋ ਦੀ ਕੈਬਿਨੇਟ ਬੈਠਕ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਲਾਏ ਨਾਅਰੇ, ਕਾਨਫ਼੍ਰੰਸ ਸੈਂਟਰ ਵੱਲ ਚਲਾਈ ਆਤਸ਼ਬਾਜ਼ੀ

ਹੈਮਿਲਟਨ ਵਿੱਖੇ ਚਲ ਰਹੀ ਹੈ ਕੈਬਿਨੇਟ ਰੀਟ੍ਰੀਟ

ਹੈਮਿਲਟਨ ਵਿਚ ਚਲ ਰਹੀ ਤਿੰਨ ਰੋਜ਼ਾ ਕੈਬਿਨੇਟ ਬੈਠਕ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਨੇ ਇਕੱਠੇ ਹੋਕੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਹੋਟਲ ਦੇ ਬਾਹਰ ਹੀ ਡੇਰਾ ਲਾਇਆ ਹੋਇਆ ਹੈ।

ਹੈਮਿਲਟਨ ਵਿਚ ਚਲ ਰਹੀ ਤਿੰਨ ਰੋਜ਼ਾ ਕੈਬਿਨੇਟ ਬੈਠਕ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਨੇ ਇਕੱਠੇ ਹੋਕੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਹੋਟਲ ਦੇ ਬਾਹਰ ਹੀ ਡੇਰਾ ਲਾਇਆ ਹੋਇਆ ਹੈ।

ਤਸਵੀਰ: (Supplied by Zimo Wang)

RCI

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਅਤੇ ਉਹਨਾਂ ਦੀ ਕੈਬਿਨੇਟ ਦੇ ਮੈਂਬਰ ਹੈਲਿਮਟਨ ਵਿਚ ਇਸ ਹਫ਼ਤੇ ਚਲ ਰਹੀ ਤਿੰਨ ਰੋਜ਼ਾ ਕੈਬਿਨੇਟ ਰੀਟ੍ਰੀਟ ਲਈ ਜਮਾਂ ਹੋਏ ਹਨ ਅਤੇ ਇਸ ਦੌਰਾਨ ਕਰੀਬ 20 ਪ੍ਰਦਰਸ਼ਨਾਕਰੀਆਂ ਨੇ ਵੀ ਟ੍ਰੂਡੋ ਦੇ ਹੋਟਲ ਦੇ ਬਾਹਰ ਡੇਰਾ ਲਾਇਆ ਹੋਇਆ ਹੈ।

ਪ੍ਰਦਰਸ਼ਨਕਾਰੀ ਉਸੇ ਤਰ੍ਹਾਂ ਦੀਆਂ ਨੀਤੀਆਂ ਵਰਤ ਰਹੇ ਹਨ ਜਿਸ ਤਰ੍ਹਾਂ ਦੀਆਂ ਤਰਕੀਬਾਂ ਇੱਕ ਸਾਲ ਪਹਿਲਾਂ ਔਟਵਾ ਵਿਚ ਟਰੱਕ ਕਾਫ਼ਲੇ ਦੌਰਾਨ ਹੋਏ ਪ੍ਰਦਰਸ਼ਨਾਂ ਦੌਰਾਨ ਅਪਨਾਈਆਂ ਗਈਆਂ ਸਨ।

ਹੈਮਿਲਟਨ ਵਿਚ ਮੌਜੂਦ ਇਹ ਪ੍ਰਦਰਸ਼ਨਕਾਰੀ ਸਾਰਾ ਦਿਨ ਟ੍ਰੂਡੋ ਵਿਰੋਧੀ ਨਾਅਰੇ ਲਗਾਉਂਦੇ ਹਨ ਅਤੇ ਟ੍ਰੂਡੋ ਨੁੰ ਗ਼ੱਦਾਰ ਅਤੇ ਜ਼ਾਲਮ ਆਖਦੇ ਹਨ ਤੇ ਉਹਨਾਂ ਨੂੰ ਗਾਲਾਂ ਕੱਢਦੇ ਹਨ। ਉਹਨਾਂ ਹੱਥ ਫ਼ੜੇ ਬੈਨਰਾਂ ਅਤੇ ਪੋਸਟਰਾਂ ਵਿਚ ਵੀ ਇਹੋ ਸ਼ਬਦ ਲਿਖੇ ਹੋਏ ਹਨ।

ਪ੍ਰਦਰਸ਼ਨਕਾਰੀ ਤੜਕੇ ਵੇਲੇ ਗੱਡੀਆਂ ਦੇ ਹਾਰਨ ਵੀ ਵਜਾਉਂਦੇ ਹਨ।

ਹੈਮਿਲਟਨ ਦੇ ਜਿਸ ਹੋਟਲ ਵਿਚ ਪ੍ਰਧਾਨ ਮੰਤਰੀ ਠਹਿਰੇ ਹਨ ਉਸ ਹੋਟਲ ਦੇ ਦਰਵਾਜ਼ੇ 'ਤੇ ਚੀਖ਼ਦਾ ਹੋਇਆ ਇੱਕ ਪ੍ਰਦਰਸ਼ਨਕਾਰੀ।

ਹੈਮਿਲਟਨ ਦੇ ਜਿਸ ਹੋਟਲ ਵਿਚ ਪ੍ਰਧਾਨ ਮੰਤਰੀ ਠਹਿਰੇ ਹਨ ਉਸ ਹੋਟਲ ਦੇ ਦਰਵਾਜ਼ੇ 'ਤੇ ਚੀਖ਼ਦਾ ਹੋਇਆ ਇੱਕ ਪ੍ਰਦਰਸ਼ਨਕਾਰੀ।

ਤਸਵੀਰ: (Nick Iwanyshyn/Canadian Press)

ਕੁਝ ਪ੍ਰਦਰਸ਼ਨਕਾਰੀਆਂ ਨੇ ਖ਼ੁਦ ਨੂੰ ਕੈਨੇਡਾ ਦੇ ਝੰਡੇ ਵਿਚ ਲਪੇਟਿਆ ਹੋਇਆ ਹੈ, ਬਿਲਕੁਲ ਉਸੇ ਤਰ੍ਹਾਂ ਜਦੋਂ ਔਟਵਾ ਵਿਚ ਪਿਛਲੇ ਸਾਲ ਵੈਕਸੀਨ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਕੀਤਾ ਸੀ।

ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਦੁਆਰਾ ਕੋਵਿਡ -19 ਸਿਹਤ ਸੰਕਟ ਨਾਲ ਨਜਿੱਠਣ ਅਤੇ ਯਾਤਰੀਆਂ ਤੇ ਕੁਝ ਵਰਕਰਾਂ ਲਈ ਲਾਜ਼ਮੀ ਵੈਕਸੀਨੇਸ਼ਨ ਦੀ ਨੀਤੀ ਦਾ ਸਖ਼ਤ ਵਿਰੋਧ ਕਰ ਰਹੇ ਹਨ - ਹਾਲਾਂਕਿ ਹੁਣ ਉਹ ਨੀਤੀਆਂ ਹਟਾ ਦਿੱਤੀਆਂ ਗਈਆਂ ਹਨ।

ਨਾਲ ਹੀ ਪ੍ਰਦਰਸ਼ਨਕਾਰੀ ਵਰਲਡ ਇਨਕੌਮਿਕ ਫ਼ੋਰਮ (WEF) ਦੇ ਵਿਰੋਧ ਵਿਚ ਵੀ ਨਾਅਰੇ ਲਾ ਰਹੇ ਹਨ। WEF ਇੱਕ ਗ਼ੈਰ-ਸਰਕਾਰੀ ਸੰਸਥਾ ਹੈ ਜਿਸ ਦੀ ਦਾਵੋਸ ਵਿਚ ਹੋਣ ਵਾਲੀ ਸਲਾਨਾ ਬੈਠਕ ਵਿਚ ਸਿਆਸਤਦਾਨ ਅਤੇ ਕਾਰੋਬਾਰੀ ਇਕੱਠੇ ਹੁੰਦੇ ਹਨ।

WEF ਬਹੁਤ ਸਾਰੀਆਂ ਕੋਵਿਡ ਸਬੰਧੀ ਕਾਂਸਪੇਰੇਸੀ ਥਿਊਰੀਆਂ ਦਾ ਕੇਂਦਰ ਰਹੀ ਹੈ ਕਿਉਂਕਿ 2020 ਵਿਚ ਇਸਦੇ ਕੁਝ ਲੀਡਰਾਂ ਨੇ ਸਿਹਤ ਸੰਕਟ ਤੋਂ ਬਾਅਦ ਇੱਕ ‘ਵੱਡੇ ਰੀਸੈਟ’ ਦੀ ਗੱਲ ਕੀਤੀ ਸੀ - ਜੋਕਿ ਮਹਾਂਮਾਰੀ ਤੋਂ ਬਾਅਦ ਵਿਸ਼ਵ ਆਰਥਿਕਤਾ ਦੇ ਢਾਂਚੇ ਦਾ ਮੁਲਾਂਕਣ ਕਰਨ ਦਾ ਇੱਕ ਮੌਕਾ ਹੋ ਸਕਦਾ ਹੈ।

ਮੰਗਲਵਾਰ ਸ਼ਾਮ ਨੂੰ ਟ੍ਰੂਡੋ ਅਤੇ ਉਹਨਾਂ ਦੀ ਕੈਬਿਨੇਟ ਤੁਰਦੇ ਹੋਏ ਇੱਕ ਰੈਸਟੋਰੈਂਟ ਵਿਚ ਡਿਨਰ ਲਈ ਗਏ ਤਾਂ ਉੱਥੇ ਪ੍ਰਦਰਸ਼ਨਾਕਰੀਆਂ ਦੀ ਭੀੜ ਇਕੱਠੀ ਹੋ ਗਈ ਅਤੇ ਆਰਸੀਐਮਪੀ ਨੂੰ ਸੁਰੱਖਿਆ ਦਾਇਰਾ ਮਜ਼ਬੂਤ ਕਰਦਿਆਂ ਟ੍ਰੂਡੋ ਨੂੰ ਸਾਈਡ ਐਂਟਰੈਂਸ ਰਾਹੀਂ ਹੋਟਲ ਵਿਚ ਦਾਖ਼ਲ ਕਰਵਾਉਣਾ ਪਿਆ।

ਸੋਮਵਾਰ ਰਾਤ ਨੂੰ ਪ੍ਰਦਰਸ਼ਨਕਾਰੀਆਂ ਨੇ ਹੋਟਲ ਬਿਲਡਿੰਗ ‘ਤੇ ਆਤਸ਼ਬਾਜ਼ੀ ਵੀ ਚਲਾਈ ਸੀ, ਕੁਝ ਖਿੜਕੀਆਂ ‘ਤੇ ਪਥਰਾਅ ਵੀ ਕੀਤਾ ਸੀ, ਜਿਸ ਕਰਕੇ ਹੋਟਲ ਵਿਚ ਭਾਰੀ ਸੁਰੱਖਿਆ ਬੰਦੋਬਸਤ ਕਰਨਾ ਪਿਆ ਸੀ ਅਤੇ ਟ੍ਰੂਡੋ ਨੂੰ ਖਿੜਕੀਆਂ ਤੋਂ ਪਾਸੇ ਰੱਖਿਆ ਗਿਆ ਸੀ।

ਹੈਮਿਲਟਨ ਵਿਚ ਟ੍ਰੂਡੋ ਵਿਰੋਧੀ ਪਰਦਰਸ਼ਨਕਾਰੀਆਂ ਦੀ ਤਸਵੀਰ।

ਹੈਮਿਲਟਨ ਵਿਚ ਟ੍ਰੂਡੋ ਵਿਰੋਧੀ ਪਰਦਰਸ਼ਨਕਾਰੀਆਂ ਦੀ ਤਸਵੀਰ।

ਤਸਵੀਰ: (Nick Iwanyshyn/Canadian Press)

ਮੰਗਲਵਾਰ ਸ਼ਾਮ ਨੂੰ ਟ੍ਰੂਡੋ ਦੇ ਕਮਰੇ ਵੱਲ ਆਤਸ਼ਬਾਜ਼ੀਆਂ ਚਲਾਈਆਂ ਗਈਆਂ, ਪਰ ਆਤਸ਼ਬਾਜ਼ੀ ਬਿਲਡਿੰਗ ਤੋਂ ਟਕਰਾ ਕੇ ਹੋਰ ਪਾਸੇ ਡਿਗ ਪਈ। ਉਸ ਵੇਲੇ ਟ੍ਰੂਡੋ ਕਮਰੇ ਵਿਚ ਮੌਜੂਦ ਨਹੀਂ ਸਨ।

ਹੋਟਲ ਦੇ ਸਾਰੇ ਆਉਣ-ਜਾਣ ਵਾਲੇ ਰਸਤਿਆਂ ‘ਤੇ ਸਥਾਨਕ ਪੁਲਿਸ ਅਤੇ ਆਰਸੀਐਮਪੀ ਤੈਨਾਤ ਹੈ ਅਤੇ ਪ੍ਰਦਰਸ਼ਨਕਾਰੀਆਂ ਨੂੰ ਹੋਟਲ ਵਿਚ ਦਾਖ਼ਲ ਹੋਣ ਤੋਂ ਵਰਜਿਆ ਗਿਆ ਹੈ।

ਸੀਬੀਸੀ ਨੇ ਹੈਮਿਲਟਨ ਪੁਲਿਸ ਨੂੰ ਕਿਸੇ ਪ੍ਰਦਰਸ਼ਨਕਾਰੀ ਦੀ ਗ੍ਰਿਫ਼ਤਾਰੀ ਬਾਰੇ ਸਵਾਲ ਪੁੱਛਿਆ ਪਰ ਫ਼ਿਲਹਾਲ ਉਹਨਾਂ ਵੱਲੋਂ ਜਵਾਬ ਨਹੀਂ ਆਇਆ ਹੈ।

ਟ੍ਰੂਡੋ ਨੇ ਇਸ ਮਾਮਲੇ ‘ਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਮੁਜ਼ਾਹਰਾਕਾਰੀ ਹੈਮਿਲਟਨ ਦੇ ਲੋਕਾਂ ਦੀ ਨੁਮਾਇੰਦਗੀ ਨਹੀਂ ਕਰਦੇ।

ਟ੍ਰੂਡੋ ਨੇ ਕਿਹਾ, ਮੈਂ ਕਹਿਣਾ ਚਾਹੁੰਦਾ ਹਾਂ ਕਿ ਹੈਮਿਲਟਨ ਵਿਚ ਮੇਰਾ ਜ਼ਬਰਦਸਤ ਸੁਆਗਤ ਹੋਇਆ ਹੈ। ਜਿਨ੍ਹਾਂ ਲੋਕਾਂ ਨੂੰ ਮੈਂ ਮਿਲੀਆ, ਇੱਥੋਂ ਦੇ ਵਿਦਿਆਰਥੀ, ਲੋਕ ਅਤੇ ਟੀਮਾਂ ਜਿਨ੍ਹਾਂ ਨੂੰ ਮੈਂ ਇੱਥੇ ਕੁਝ ਦਿਨਾਂ ਦੌਰਾਨ ਵੱਖ-ਵੱਖ ਥਾਂਵਾਂ ‘ਤੇ ਮਿਲਿਆ, ਉਹ ਬਹੁਤ ਕਮਾਲ ਦੇ ਅਤੇ ਨਿੱਘੇ ਲੋਕ ਸਨ

ਮੁੱਠੀ ਭਰ ਨਾਰਾਜ਼ ਲੋਕ ਇਹ ਪਰਿਭਾਸ਼ਿਤ ਨਹੀਂ ਕਰ ਸਕਦੇ ਕਿ ਹੈਮਿਲਟਨ ਕੀ ਹੈ ਅਤੇ ਲੋਕਤੰਤਰ ਕੀ ਹੈ

ਟ੍ਰੂਡੋ ਨੇ ਕਿਹਾ ਕਿ ਇਹ ਬਹੁਤ ਮਹੱਤਵਪੂਰਨ ਹੈ ਕਿ ਲੋਕ ਵੱਖ-ਵੱਖ ਸਰਕਾਰਾਂ ਨਾਲ ਆਪਣੀ ਅਸਹਿਮਤੀ ਜਾਂ ਨਾਰਾਜ਼ਗੀ ਜਾਂ ਇੱਥੋਂ ਤੱਕ ਕਿ ਗੁੱਸਾ ਵੀ ਜ਼ਾਹਰ ਕਰਨ।

ਸਾਡੀਆਂ ਪੁਲਿਸ ਸੇਵਾਵਾਂ ਅਤੇ ਸੰਸਥਾਵਾਂ ਇਹ ਯਕੀਨੀ ਬਣਾਉਣਗੀਆਂ ਕਿ ਵਿਰੋਧ ਪ੍ਰਦਰਸ਼ਨ ਸ਼ਾਂਤੀਪੂਰਨ ਰਹਿਣ ਅਤੇ ਕਾਨੂੰਨ ਦੀ ਪਾਲਣਾ ਹੁੰਦੀ ਰਹੇ

ਇਹ ਉਹ ਚੀਜ਼ ਹੈ ਜੋ ਕਾਫ਼ੀ ਮਹੱਤਵਪੂਰਨ ਹੈ। ਅਸੀਂ ਹਮੇਸ਼ਾ ਇਹ ਯਕੀਨੀ ਬਣਾਵਾਂਗੇ ਕਿ ਲੋਕ ਆਪਣੇ ਨਜ਼ਰੀਏ ਨੂੰ ਪ੍ਰਗਟ ਕਰਨ ਲਈ ਸੁਤੰਤਰ ਹੋਣ

ਪਰ ਮੈਂ ਇਹ ਯਕੀਨੀ ਬਣਾਉਣਾ ਚਾਹੁੰਦਾ ਹਾਂ ਕਿ ਹਰ ਕੋਈ ਇਸ ਗੱਲ ਨੂੰ ਸਮਝੇ ਕਿ ਮੁੱਠੀ ਭਰ ਲੋਕ ਹੈਮਿਲਟਨ ਵਾਸੀਆਂ ਦੀ ਪ੍ਰਤੀਨਿਧਤਾ ਨਹੀਂ ਕਰਦੇ ਹਨ

ਜੌਨ ਪੌਲ ਟਸਕਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ