1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਆਰਥਿਕ ਸੂਚਕ

ਬੈਂਕ ਔਫ਼ ਕੈਨੇਡਾ ਨੇ ਵਿਆਜ ਦਰ ਵਧਾ ਕੇ 4.5 % ਕੀਤੀ - ਪਰ ਵਾਧੇ ਦਾ ਸਿਲਸਿਲਾ ਰੁਕਣ ਦੇ ਸੰਕੇਤ

ਮਹਿੰਗਾਈ ‘ਤੇ ਕਾਬੂ ਪਾਉਣ ਦੇ ਉਦੇਸ਼ ਨਾਲ ਚੁੱਕਿਆ ਕਦਮ

ਬੈਂਕ ਔਫ਼ ਕੈਨੇਡਾ ਦੇ ਗਵਰਨਰ, ਟਿਫ਼ ਮੈਕਲਮ

ਬੈਂਕ ਔਫ਼ ਕੈਨੇਡਾ ਦੇ ਗਵਰਨਰ, ਟਿਫ਼ ਮੈਕਲਮ

ਤਸਵੀਰ: Reuters / PATRICK DOYLE

RCI

ਬੈਂਕ ਔਫ਼ ਕੈਨੇਡਾ ਨੇ ਫ਼ਿਰ ਤੋਂ ਵਿਆਜ ਦਰ ਵਿਚ ਵਾਧਾ ਕਰ ਦਿੱਤਾ ਹੈ। ਬੁੱਧਵਾਰ ਨੂੰ ਕੀਤੇ ਵਾਧੇ ਤੋਂ ਬਾਅਦ ਹੁਣ ਵਿਆਜ ਦਰ 4.5 % ਹੋ ਗਈ ਹੈ।

ਅਰਥਸ਼ਾਸਤਰੀਆਂ ਨੇ ਵੀ ਬੈਂਕ ਵੱਲੋਂ ਵਿਆਜ ਦਰ ਵਿਚ ਇਜ਼ਾਫ਼ਾ ਕਰਨ ਦਾ ਅਨੁਮਾਨ ਲਗਾਇਆ ਗਿਆ ਸੀ। ਮੁਲਕ ਵਿਚ ਮਹਿੰਗਾਈ ਨੂੰ ਠੱਲ ਪਾਉਣ ਲਈ ਬੈਂਕ ਵੱਲੋਂ ਲਗਾਤਾਰ ਵਿਆਜ ਦਰਾਂ ਵਿਚ ਵਾਧਾ ਕੀਤਾ ਜਾ ਰਿਹਾ ਹੈ।

ਇੱਕ ਸਾਲ ਦੇ ਸਮੇਂ ਦੇ ਅੰਦਰ ਅੰਦਰ ਇਹ ਅੱਠਵੀਂ ਵਾਰੀ ਹੈ ਜਦੋਂ ਬੈਂਕ ਨੇ ਵਿਆਜ ਦਰ ਵਧਾਈ ਹੈ। ਇਸ ਫ਼ੈਸਲੇ ਤੋਂ ਬਾਅਦ ਕਰਜ਼ਾ ਲੈਣਾ ਹੋਰ ਮਹਿੰਗਾ ਹੋ ਜਾਵੇਗਾ।

ਹਾਲਾਂਕਿ ਮਾਰਚ 2022 ਤੋਂ ਚਲ ਰਹੇ ਵਿਆਜ ਦਰ ਵਾਧੇ ਦੇ ਸਿਲਸਿਲੇ ਵਿਚ 25 ਅੰਕਾਂ ਦਾ ਇਹ ਵਾਧਾ, ਸਭ ਤੋਂ ਛੋਟਾ ਵਾਧਾ ਹੈ। ਇਸ ਨੂੰ ਇੱਕ ਸੰਕੇਤ ਵੀ ਮੰਨਿਆ ਜਾ ਰਿਹਾ ਹੈ ਕਿ ਬੈਂਕ ਦੁਆਰਾ ਵਿਆਜ ਦਰ ਵਧਾਉਣ ਦਾ ਰੁਝਾਨ ਘਟਾਇਆ ਜਾ ਸਕਦਾ ਹੈ।

ਬੈਂਕ ਨੇ ਕਿਹਾ ਕਿ ਜੇ ਆਰਥਿਕ ਵਿਕਾਸ ਅਨੁਮਾਨਾਂ ਨਾਲ ਮੇਲ ਖਾਂਦਾ ਹੈ ਤਾਂ ਬੈਂਕ ਮੌਜੂਦਾ ਵਿਆਜ ਦਰ ਨੂੰ ਬਰਕਰਾਰ ਰੱਖ ਸਕਦਾ ਹੈ ਅਤੇ ਨਾਲ ਹੀ ਇਸ ਦੇ ਪ੍ਰਭਾਵ ਦੀ ਸਮੀਖਿਆ ਕੀਤੀ ਜਾਂਦੀ ਰਹੇਗੀ।

ਨਾਲ ਹੀ ਬੈਂਕ ਨੇ ਕਿਹਾ ਕਿ ਜੇ ਮਹਿੰਗਾਈ ਬਰਕਰਾਰ ਰਹਿੰਦੀ ਹੈ ਤਾਂ ਬੈਂਕ 2 % ਮਹਿੰਗਾਈ ਦਰ ਦਾ ਟੀਚਾ ਪ੍ਰਾਪਤ ਕਰਨ ਲਈ ਵਿਆਜ ਦਰਾਂ ਵਿਚ ਵਾਧਾ ਕਰਨ ਲਈ ਤਿਆਰ ਹੈ।

ਪੀਟ ਇਵੈਂਸ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ