1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਨਵੀਂ ਹੈਲਥ ਕੇਅਰ ਡੀਲ ਬਾਬਤ 7 ਫ਼ਰਵਰੀ ਨੂੰ ਹੋਵੇਗੀ ਟ੍ਰੂਡੋ ਅਤੇ ਪ੍ਰੀਮੀਅਰਾਂ ਦੀ ਮੁਲਾਕਾਤ: ਸੂਤਰ

ਫ਼ੈਡਰਲ ਸਰਕਾਰ ਚਾਹੁੰਦੀ ਹੈ ਕਿ ਸੂਬੇ ਹੋਰ ਫ਼ੰਡਿੰਗ ਨੂੰ ਪ੍ਰਣਾਲੀਗਤ ਸੁਧਾਰਾਂ ਲਈ ਇਸਤੇਮਾਲ ਕਰਨ

ਜਸਟਿਨ ਟ੍ਰੂਡੋ

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਹੈਲਥ ਕੇਅਰ ਫ਼ੰਡਿੰਗ ਨੂੰ ਲੈਕੇ ਅਗਲੇ ਮਹੀਨੇ ਕੈਨੇਡਾ ਦੇ ਪ੍ਰੀਮੀਅਰਾਂ ਨਾਲ ਮੁਲਾਕਾਤ ਕਰਨਗੇ।

ਤਸਵੀਰ: La Presse canadienne / Sean Kilpatrick

RCI

ਸੂਤਰਾਂ ਦੇ ਹਵਾਲੇ ਨਾਲ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ, ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨਵੇਂ ਹੈਲਥ ਕੇਅਰ ਫ਼ੰਡਿੰਗ ਸਮਝੌਤੇ ਦੇ ਮੁਤੱਲਕ 7 ਫ਼ਰਵਰੀ ਨੂੰ ਔਟਵਾ ਵਿਚ ਕੈਨੇਡਾ ਦੇ ਪ੍ਰੀਮੀਅਰਾਂ ਨਾਲ ਮੁਲਾਕਾਤ ਕਰਨਗੇ।

ਕੈਨੇਡਾ ਹੈਲਥ ਟ੍ਰਾਂਸਫ਼ਰ (CHT) ਨੂੰ ਲੈਕੇ ਫ਼ੈਡਰਲ ਸਰਕਾਰ ਅਤੇ ਸੂਬਾ ਸਰਕਾਰਾਂ ਦਰਮਿਆਨ ਲੰਬੇ ਸਮੇਂ ਤੋਂ ਵਿਵਾਦ ਚਲ ਰਿਹਾ ਹੈ।

ਪ੍ਰੀਮੀਅਰਜ਼ ਜਸਟਿਨ ਟ੍ਰੂਡੋ ਨਾਲ ਆਹਮੋ-ਸਾਹਣੇ ਦੀ ਬੈਠਕ ਦੀ ਮੰਗ ਕਰਦੇ ਰਹੇ ਹਨ ਤਾਂ ਕਿ ਉਹਨਾਂ ਉੱਪਰ ਕਈ ਬਿਲੀਅਨ ਡਾਲਰਾਂ ਦੇ ਫ਼ੰਡਿੰਗ ਵਾਧੇ ਦਾ ਦਬਾਅ ਪਾਇਆ ਜਾ ਸਕੇ।

ਫ਼ੈਡਰਲ ਸਰਕਾਰ ਨੇ ਕਿਹਾ ਸੀ ਕਿ ਟ੍ਰੂਡੋ ਉਦੋਂ ਤੱਕ ਪ੍ਰੀਮੀਅਰਾਂ ਨੂੰ ਨਹੀਂ ਮਿਲਣਗੇ ਜਦੋਂ ਤੱਕ ਦੋਵੇਂ ਪੱਖ ਦੀਆਂ ਸਰਕਾਰਾਂ ਦੇ ਅਧਿਕਾਰੀ ਡੀਲ ਦੇ ਕੁਝ ਅਹਿਮ ਨੁਕਤਿਆਂ ‘ਤੇ ਗੱਲਬਾਤ ਨਹੀਂ ਕਰ ਲੈਂਦੇ।

ਇੱਕ ਫ਼ੈਡਰਲ ਸੂਤਰ ਨੇ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ, ਕਿ ਟ੍ਰੂਡੋ ਵੱਲੋਂ ਪ੍ਰੀਮੀਅਰਾਂ ਨਾਲ ਬੈਠਕ ਕਰਨ ਵੱਲ ਵਧਣਾ ਸਮਝੌਤੇ ਦਾ ਸੰਕੇਤ ਹੈ, ਪਰ ਅਜੇ ਵੀ ਕੁਝ ਨੁਕਤੇ ਹਨ ਜਿਹੜੇ ਹੱਲ ਕੀਤੇ ਜਾਣੇ ਹਨ।

ਪ੍ਰੀਮੀਅਰਾਂ ਵੱਲੋਂ ਕੈਨੇਡਾ ਹੈਲਥ ਟ੍ਰਾਂਸਫ਼ਰ ਵਿਚ ਵਾਧੇ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਵਿਡ-19 ਅਤੇ ਕਾਮਿਆਂ ਦੀ ਘਾਟ ਨਾਲ ਡਗਮਗਾਉਂਦੇ ਹੈਲਥ ਸਿਸਟਮ ਨੂੰ ਲੀਹ ਉੱਤੇ ਲਿਆਇਆ ਜਾ ਸਕੇ।

ਫ਼ੈਡਰਲ ਸਰਕਾਰ ਚਾਹੁੰਦੀ ਹੈ ਕਿ ਸੂਬਾ ਸਰਕਾਰਾਂ ਫ਼ੈਡਰਲ ਪੈਸੇ ਨੂੰ ਪ੍ਰਣਾਲੀਗਤ ਤਬਦੀਲੀਆਂ ਜਿਵੇਂ ਪ੍ਰਾਈਮਰੀ ਕੇਅਰ ਤੱਕ ਬਿਹਤਰ ਪਹੁੰਚ ਬਣਾਉਣ, ਮਾਨਸਿਕ ਸਿਹਤ ਉਪਾਵਾਂ ਵਿਚ ਸੁਧਾਰ ਕਰਨ ਅਤੇ ਸਰਜਰੀਆਂ ਦੇ ਬੈਕਲੌਗ ਘਟਾਉਣ ਵਿਚ ਇਸਤੇਮਾਲ ਕਰਨ।

ਪ੍ਰੀਮੀਅਰਾਂ ਦਾ ਕਹਿਣਾ ਹੈ ਕਿ ਫ਼ੈਡਰਲ ਸਰਕਾਰ ਕੈਨੇਡਾ ਵਿਚ ਹੈਲਥ ਕੇਅਰ ਦੀ ਲਾਗਤ ਦਾ ਸਿਰਫ਼ 22 ਫ਼ੀਸਦੀ ਕਵਰ ਕਰਦੀ ਹੈ। ਉਹ ਚਾਹੁੰਦੇ ਹਨ ਕਿ ਫ਼ੈਡਰਲ ਸਰਕਾਰ 35 ਫ਼ੀਸਦੀ ਲਾਗਤ ਕਵਰ ਕਰੇ - ਯਾਨੀ ਜੇ ਅਜਿਹਾ ਹੁੰਦਾ ਹੈ ਤਾਂ ਕੈਨੇਡਾ ਹੈਲਥ ਟ੍ਰਾਂਸਫ਼ਰ 28 ਬਿਲੀਅਨ ਡਾਲਰ ਤੋਂ ਵਧਕੇ 45.2 ਬਿਲੀਅਨ ਡਾਲਰ ਹੋ ਜਾਵੇਗਾ।

ਫ਼ੈਡਰਲ ਸਰਕਾਰ ਉਸ ਗਣਿਤ ਨਾਲ ਅਸਹਿਮਤ ਹੈ ਜਿਸ ਦੇ ਅਧਾਰ ‘ਤੇ ਸੂਬਾ ਸਰਕਾਰਾਂ ਇਹ ਨਿਰਧਾਰਿਤ ਕਰ ਰਹੀਆਂ ਹਨ ਕਿ ਕਿਸ ਨੂੰ ਕਿਸ ‘ਤੇ ਕਿੰਨਾ ਖ਼ਰਚ ਕਰਨਾ ਚਾਹੀਦਾ ਹੈ।

1977 ਵਿੱਚ, ਫ਼ੈਡਰਲ ਸਰਕਾਰ ਦੁਆਰਾ ਹੈਲਥ ਕੇਅਰ ਲਈ ਫੰਡ ਦੇਣ ਦਾ ਤਰੀਕਾ ਬਦਲਿਆ ਗਿਆ ਸੀ। ਹਸਪਤਾਲ ਅਤੇ ਡਾਕਟਰੀ ਸੇਵਾਵਾਂ ਲਈ ਸਿੱਧੀ ਫ਼ੈਡਰਲ ਫ਼ੰਡਿੰਗ ਨੂੰ ਘਟਾ ਦਿੱਤਾ ਗਿਆ ਸੀ ਅਤੇ ਸੂਬਿਆਂ ਨੂੰ ਸਿਹਤ ਸੇਵਾਵਾਂ ਨੂੰ ਫ਼ੰਡਿੰਗ ਦੇਣ ਲਈ ਵਧੇਰੇ ਆਮਦਨ ਅਤੇ ਕਾਰਪੋਰੇਟ ਟੈਕਸ ਇਕੱਠਾ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ।

ਜੌਨ ਪੌਲ ਟਸਕਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ