- ਮੁੱਖ ਪੰਨਾ
- ਸਮਾਜ
- ਇਮੀਗ੍ਰੇਸ਼ਨ
ਮੈਨੀਟੋਬਾ ਬਾਰਡਰ ਹਾਦਸੇ ਦਾ ਇੱਕ ਸਾਲ: ਕੈਨੇਡਾ ‘ਚ ਕੌਣ ਸੀ ਜ਼ਿੰਮੇਵਾਰ, ਇਹ ਸਵਾਲ ਅਜੇ ਵੀ ਬਰਕਰਾਰ
ਪਿਛਲੀ ਜਨਵਰੀ ਕੈਨੇਡਾ-ਅਮਰੀਕਾ ਬਾਰਡਰ 'ਤੇ ਇੱਕ ਭਾਰਤੀ ਪਰਿਵਾਰ ਦੀਆਂ ਠੰਡ ਨਾਲ ਜੰਮੀਆਂ ਲਾਸ਼ਾਂ ਬਰਾਮਦ ਹੋਈਆਂ ਸਨ

19 ਜਨਵਰੀ ਨੂੰ ਪਟੇਲ ਪਰਿਵਾਰ ਦੀਆਂ ਲਾਸ਼ਾਂ ਮਿਲਣ ਦੀ ਘਟਨਾ ਨੂੰ ਇੱਕ ਸਾਲ ਬੀਤ ਗਿਆ ਹੈ। ਪਿਛਲੇ ਸਾਲ ਕੈਨੇਡਾ-ਯੂ ਐਸ ਬਾਰਡਰ ਨਜ਼ਦੀਕ 39 ਸਾਲ ਦੇ ਜਗਦੀਸ਼ ਬਲਦੇਵਭਾਈ ਪਟੇਲ, 37 ਸਾਲ ਦੀ ਵੈਸ਼ਾਲੀਬੇਨ ਜਗਦੀਸ਼ਕੁਮਾਰ ਪਟੇਲ, 11 ਸਾਲ ਦੀ ਵਿਹਾਂਗੀ ਜਗਦੀਸ਼ਕੁਮਾਰ ਪਟੇਲ ਅਤੇ 3 ਸਾਲ ਦੇ ਧਾਰਮਿਕ ਜਗਦੀਸ਼ਕੁਮਾਰ ਪਟੇਲ ਦੀਆਂ ਲਾਸ਼ਾਂ ਮਿਲੀਆਂ ਸਨ।
ਤਸਵੀਰ: (Amritbhai Vakil/The Canadian Press)
ਮੈਨੀਟੋਬਾ ਸੂਬੇ ਵਿਚ ਕੈਨੇਡਾ-ਯੂ ਐਸ ਬਾਰਡਰ ਨਜ਼ਦੀਕ ਪਟੇਲ ਪਰਿਵਾਰ ਦੇ 4 ਜੀਆਂ ਦੇ ਮ੍ਰਿਤਕ ਪਾਏ ਜਾਣ ਦੀ ਘਟਨਾ ਨੂੰ ਇੱਕ ਸਾਲ ਬੀਤ ਚੁੱਕਾ ਹੈ, ਪਰ ਇਸ ਹਾਦਸੇ ਲਈ ਕੈਨੇਡਾ ਵਿਚ ਕੌਣ ਜ਼ਿੰਮੇਵਾਰ ਸੀ, ਇਹ ਸਵਾਲ ਅਜੇ ਵੀ ਬਰਕਰਾਰ ਹੈ।
19 ਜਨਵਰੀ ਦੇ ਦਿਨ ਪੁਲਿਸ ਨੂੰ 39 ਸਾਲ ਦੇ ਜਗਦੀਸ਼ ਬਲਦੇਵਭਾਈ ਪਟੇਲ, 37 ਸਾਲ ਦੀ ਔਰਤ ਵੈਸ਼ਾਲੀਬੇਨ ਜਗਦੀਸ਼ਕੁਮਾਰ ਪਟੇਲ, 11 ਸਾਲ ਦੀ ਲੜਕੀ ਵਿਹਾਂਗੀ ਜਗਦੀਸ਼ਕੁਮਾਰ ਪਟੇਲ ਅਤੇ ਤਿੰਨ ਸਾਲ ਦੇ ਲੜਕੇ ਧਾਰਮਿਕ ਜਗਦੀਸ਼ਕੁਮਾਰ ਪਟੇਲ ਦੀਆਂ ਅਮਰੀਕਾ ਬਾਰਡਰ ਨਜ਼ਦੀਕ ਲਾਸ਼ਾਂ ਬਰਾਮਦ ਹੋਈਆਂ ਸਨ।
ਪੁਲਿਸ ਅਨੁਸਾਰ ਇਹ ਪਰਿਵਾਰ ਗੈਰ-ਕਾਨੂੰਨੀ ਢੰਗ ਨਾਲ ਯੂ ਐਸ ਵਿੱਚ ਜਾਣ ਦੀ ਕੋਸ਼ਿਸ਼ ਵਿੱਚ ਸੀ। ਗੁਜਰਾਤ ਨਾਲ ਸਬੰਧਤ ਇਸ ਪਰਿਵਾਰ ਦੀ ਮੌਤ ਦੇ ਮਾਮਲੇ ਵਿਚ ਭਾਰਤ ਵਿਚ ਦੋ ਲੋਕ ਹਿਰਾਸਤ ਵਿਚ ਲਏ ਗਏ ਹਨ (ਨਵੀਂ ਵਿੰਡੋ)।
ਜਗਦੀਸ਼ ਦੇ ਭਰਾ ਮਹੇਂਦਰ ਪਟੇਲ ਲਈ ਇਹ ਗ੍ਰਿਫ਼ਤਾਰੀਆਂ ਸਾਰੇ ਸਵਾਲਾਂ ਦੇ ਜਵਾਬ ਨਹੀਂ ਹਨ।
ਉਹ ਚਾਹੁੰਦੇ ਹਨ ਕਿ ਉਹਨਾਂ ਸਾਰੀਆਂ ਹਕੀਕਤਾਂ ਤੋਂ ਪਰਦਾ ਹਟੇ ਜਿਹੜੀਆਂ ਇਸ ਪਰਿਵਾਰ ਨੂੰ ਬਾਰਡਰ ਤੱਕ ਲੈ ਗਈਆਂ ਅਤੇ ਅਖ਼ੀਰ ਉਹਨਾਂ ਦੀ ਮੌਤ ਦਾ ਕਾਰਨ ਬਣੀਆਂ। ਅਧਿਕਾਰੀਆਂ ਨੇ ਇਸ ਮਾਮਲੇ ਦੇ ਮਨੁੱਖੀ ਤਸਕਰੀ ਦੇ ਕੋਣ ਤੋਂ ਵੀ ਜੁੜੇ ਹੋਣ ਦੀ ਗੱਲ ਆਖੀ ਸੀ।
ਇਹ ਵੀ ਪੜ੍ਹੋ:
- ਕੈਨੇਡਾ-ਯੂ ਐਸ ਬਾਰਡਰ ਨਜ਼ਦੀਕ ਮਿਲੀਆਂ ਚਾਰ ਲਾਸ਼ਾਂ, ਮ੍ਰਿਤਕਾਂ ‘ਚ ਬੱਚਾ ਵੀ ਸ਼ਾਮਲ
- ਵਿਨੀਪੈਗ ਵਿੱਚ ਕੈਨੇਡਾ-ਅਮਰੀਕਾ ਸਰਹੱਦ ਨੇੜੇ ਮ੍ਰਿਤਕ ਮਿਲੇ ਗੁਜਰਾਤੀ ਪਰਿਵਾਰ ਦਾ ਅੰਤਿਮ ਸੰਸਕਾਰ
- ਕੈਨੇਡੀਅਨ ਬਾਰਡਰ ‘ਤੇ ਭਾਰਤੀ ਪਰਿਵਾਰ ਦੀ ਮੌਤ ਦੇ ਮਾਮਲੇ ‘ਚ ਯੂਐਸ ਦਾ ਇੱਕ ਕਥਿਤ ਮਨੁੱਖੀ ਤਸਕਰ ਜਾਂਚ ਅਧੀਨ
ਜਗਦੀਸ਼ ਨੇ ਭਾਰਤ ਵਿਚ ਸੀਬੀਸੀ ਨਾਲ ਜੁੜੇ ਇੱਕ ਸੁਤੰਤਰ ਪੱਤਰਕਾਰ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਅਮਰੀਕਾ ਅਤੇ ਕੈਨੇਡਾ ਵਿਚ ਰਹਿੰਦੇ ਇਸ ਹਾਦਸੇ ਨਾਲ ਜੁੜੇ ਬਾਕੀ ਲੋਕਾਂ ਦੀਆਂ ਵੀ ਗ੍ਰਿਫ਼ਤਾਰੀਆਂ ਹੋਣ।

ਮੈਨੀਟੋਬਾ ਸੂਬੇ ਵਿਚ ਕੈਨੇਡਾ-ਯੂ ਐਸ ਬਾਰਡ ਨਜ਼ਦੀਕ ਪਟੇਲ ਪਰਿਵਾਰ ਦੇ 4 ਜੀਆਂ ਦੇ ਮ੍ਰਿਤਕ ਪਾਏ ਜਾਣ ਦੀ ਘਟਨਾ ਦੇ ਇੱਕ ਸਾਲ ਬਾਅਦ ਵੀ ਇਸ ਹਾਦਸੇ ਲਈ ਕੈਨੇਡਾ ਵਿਚ ਕਿਸੇ ਨੂੰ ਵੀ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ ਹੈ।
ਤਸਵੀਰ: (Submitted by RCMP)
ਜਿਸ ਦਿਨ ਪਟੇਲ ਪਰਿਵਾਰ ਦੀਆਂ ਲਾਸ਼ਾਂ ਮਿਲੀਆਂ ਸਨ ਉਸੇ ਦਿਨ ਇਸ ਮਾਮਲੇ ਵਿਚ ਫ਼ਲੋਰਿਡਾ ਦੇ ਇੱਕ ਵਿਅਕਤੀ ਉੱਪਰ ਅਮਰੀਕਾ ਵਿਚ ਦੋਸ਼ ਆਇਦ ਕੀਤੇ ਗਏ ਸਨ। ਸਟੀਵ ਸ਼ੈਂਡ ਨਾਂ ਦੇ ਵਿਅਕਤੀ ਉੱਪਰ ਬਾਅਦ ਵਿਚ ਮਨੁੱਖੀ ਤਸਕਰੀ ਦੇ ਦੋ ਦੋਸ਼ ਵੀ ਲੱਗੇ ਸਨ।
ਪਰ ਇੱਕ ਸਾਲ ਬੀਤਣ ਦੇ ਬਾਅਦ ਵੀ ਕੈਨੇਡਾ ਵਿਚ ਇਸ ਮਾਮਲੇ ਵਿਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਮੈਨੀਟੋਬਾ ਦੇ ਆਰਸੀਐਮਪੀ ਦੇ ਬੁਲਾਰੇ ਰੌਬਰਟ ਸਾਏਰੀਨ ਨੇ ਦੱਸਿਆ ਕਿ ਭਾਵੇਂ ਇੱਕ ਭਾਰਤੀ ਪੁਲਿਸ ਅਧਿਕਾਰੀ ਨੇ ਇਸ ਹਫ਼ਤੇ ਕਿਹਾ ਕਿ ਪਟੇਲ ਪਰਿਵਾਰ ਨੇ ਟੋਰੌਂਟੋ ਤੋਂ ਵੈਨਕੂਵਰ ਅਤੇ ਵੈਨਕੂਵਰ ਤੋਂ ਮੈਨੀਟੋਬਾ ਦਾ ਸਫ਼ਰ ਕੀਤਾ ਸੀ, ਪਰ ਆਰਸੀਐਮਪੀ ਨੂੰ ਅਜਿਹਾ ਕੋਈ ਸਬੂਤ ਨਹੀਂ ਮਿਲੀਆ ਹੈ ਕਿ ਇਹ ਪਰਿਵਾਰ ਕਦੇ ਵੈਨਕੂਵਰ ਗਿਆ ਹੋਵੇ।
ਸਾਏਰੀਨ ਨੇ ਦੱਸਿਆ ਕਿ ਇਹ ਪਰਿਵਾਰ 12 ਜਨਵਰੀ 2022 ਨੂੰ ਦੁਬਾਈ ਤੋਂ ਟੋਰੌਂਟੋ ਏਅਰਪੋਰਟ ਪਹੁੰਚਿਆ ਸੀ।
ਆਰਸੀਐਮਪੀ ਪਹਿਲਾਂ ਇਹ ਵੀ ਕਹਿ ਚੁੱਕੀ ਹੈ ਕਿ ਇੱਕ ਸ਼ਖ਼ਸ ਇਸ ਪਰਿਵਾਰ ਨੂੰ ਲੈਣ ਲਈ ਵੀ ਆਇਆ ਸੀ।
ਪੁਲਿਸ ਅਨੁਸਾਰ, ਇਸ ਤੋਂ ਬਾਅਦ ਇਸ ਪਰਿਵਾਰ ਨੇ ਕੁਝ ਦਿਨ ਜੀਟੀਏ ਦੇ ਕੁਝ ਹੋਟਲਾਂ ਅਤੇ ਕੁਝ ਵਾਕਫ਼ਾਂ ਦੇ ਘਰੇ ਗੁਜ਼ਾਰੇ ਸਨ। ਆਉਣ ਜਾਣ ਲਈ ਇਸ ਪਰਿਵਾਰ ਨੇ ਰਾਈਡ ਸ਼ੇਅਰਿੰਗ ਸਰਵਿਸ ਅਤੇ ਪ੍ਰਾਈਵੇਟ ਸਵਾਰੀਆਂ ਦੀ ਵਰਤੋਂ ਕੀਤੀ ਸੀ।
ਪਰ ਇੱਕ ਸਾਲ ਬੀਤਣ ਤੋਂ ਬਾਅਦ ਵੀ, ਪੁਲਿਸ ਨੇ ਇਹ ਖ਼ੁਲਾਸਾ ਨਹੀਂ ਕੀਤਾ ਕਿ ਜੀਟੀਏ ਵਿਚ ਉਹ ਕੌਣ ਲੋਕ ਸਨ ਜਿਨ੍ਹਾਂ ਕੋਲ, ਪੁਲਿਸ ਦਾ ਮੰਨਣਾ ਹੈ, ਕਿ ਇਹ ਪਰਿਵਾਰ ਠਹਿਰਿਆ ਸੀ।

ਹਿੰਦੂ ਸੁਸਾਇਟੀ ਔਫ਼ ਮੈਨੀਟੋਬਾ ਦੇ ਸਾਬਕਾ ਪ੍ਰੈਜ਼ੀਡੈਂਟ, ਭਦਰੇਸ਼ ਭੱਟ ਨੇ ਕਿਹਾ ਕਿ ਇੱਕ ਸਾਲ ਬੀਤ ਜਾਣ ਦੇ ਬਾਅਦ ਵੀ ਪਟੇਲ ਪਰਿਵਾਰ ਦੀ ਮੌਤ ਅਜੇ ਜ਼ਿਹਨਾਂ ਚੋਂ ਧੁੰਦਲੀ ਨਹੀਂ ਹੋਈ ਹੈ।
ਤਸਵੀਰ: Radio-Canada
ਹਿੰਦੂ ਸੁਸਾਇਟੀ ਔਫ਼ ਮੈਨੀਟੋਬਾ ਦੇ ਸਾਬਕਾ ਪ੍ਰੈਜ਼ੀਡੈਂਟ, ਭਦਰੇਸ਼ ਭੱਟ ਨੇ ਕਿਹਾ ਕਿ ਇੱਕ ਸਾਲ ਬੀਤ ਜਾਣ ਦੇ ਬਾਅਦ ਵੀ ਪਟੇਲ ਪਰਿਵਾਰ ਦੀ ਮੌਤ ਅਜੇ ਜ਼ਿਹਨਾਂ ਚੋਂ ਧੁੰਦਲੀ ਨਹੀਂ ਹੋਈ ਹੈ।
ਉਹਨਾਂ ਕਿਹਾ ਕੈਨੇਡਾ ਰਹਿੰਦਾ ਭਾਈਚਾਰਾ ਵੀ ਇਹ ਜਾਣਨਾ ਚਾਹੁੰਦਾ ਹੈ ਕਿ ਅਜਿਹਾ ਕੌਣ ਸ਼ਖ਼ਸ ਹੋਵੇਗਾ, ਜੋ ਮਾਸੂਮ ਜ਼ਿੰਦਗੀਆਂ ਨੂੰ ਦਾਅ ‘ਤੇ ਲਗਾ ਸਕਦਾ ਹੈ।
ਭੱਟ ਨੇ ਕਿਹਾ ਕਿ ਭਾਈਚਾਰੇ ਨੂੰ ਉਮੀਦ ਹੈ ਕਿ ਜਾਂਚ ਅਧਿਕਾਰੀ ਕਦੇ ਤਾਂ ਇਸ ਮਾਮਲੇ ‘ਤੇ ਹੋਰ ਜਵਾਬ ਦੇਣ ਦੇ ਯੋਗ ਹੋਣਗੇ।
ਕੈਟਲਿਨ ਗੋਰੀਲਕ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ