1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਕੈਨੇਡਾ ਵਿਚ ਕਥਿਤ ‘ਚੀਨੀ ਪੁਲਿਸ ਸਟੇਸ਼ਨ’ ਹੋਣੇ ਚੀਨ ਸਰਕਾਰ ਦੇ ਵਿਆਪਕ ਵਿਦੇਸ਼ੀ ਦਖ਼ਲ ਦਾ ਸੰਕੇਤ: ਮਾਹਰ

ਇੱਕ ਸਾਬਕਾ ਸੁਰੱਖਿਆ ਮਾਹਰ ਨੇ ਦੱਸਿਆ ਕੈਨੇਡੀਅਨ ਏਜੰਸੀ ਦਹਾਕਿਆਂ ਤੋਂ ਚੀਨ ਸਰਕਾਰ ਦੇ ਵਿਦੇਸ਼ੀ ਦਖ਼ਲ ਬਾਰੇ ਜਾਣੂ ਹੈ

ਟ੍ਰੂਡੋ ਅਤੇ ਜਿਨਪਿੰਗ

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਪਿਛਲੇ ਮਹੀਨੇ ਇੰਡੋਨੇਸ਼ੀਆ ਵਿਚ ਹੋਈ ਜੀ-20 ਬੈਠਕ ਦੌਰਾਨ ਵਿਦੇਸ਼ੀ ਦਖ਼ਲ ਦਾ ਮੁੱਦਾ ਚੁੱਕਿਆ ਸੀ।

ਤਸਵੀਰ: PMO

RCI

ਸੁਰੱਖਿਆ ਮਾਹਰਾਂ ਦਾ ਕਹਿਣਾ ਹੈ ਕਿ ਕੈਨੇਡਾ ਵਿਚ ਕਥਿਤ ਗੁਪਤ ਚੀਨੀ ਪੁਲਿਸ ਸਟੇਸ਼ਨਾਂ ਦੀ ਮੌਜੂਦਗੀ, ਜਿਹਨਾਂ ਵਿਚ ਇੱਕ ਬੀਸੀ ਦੇ ਵੈਨਕੂਵਰ ਵਿਚ ਵੀ ਸਥਿਤ ਹੈ, ਚੀਨ ਸਰਕਾਰ ਦੇ ਦੂਰ ਤੱਕ ਫ਼ੈਲੇ ਹੋਏ ਵਿਦੇਸ਼ੀ ਦਖ਼ਲ ਵੱਲ ਇਸ਼ਾਰਾ ਕਰਦੀ ਹੈ।

ਮਨੁੱਖੀ ਅਧਿਕਾਰਾਂ ਲਈ ਕੰਮ ਕਰਦੀ ਸੇਫ਼ਗਾਰਡ ਡਿਫ਼ੈਂਡਰਜ਼ ਨਾਂ ਦੀ ਇੱਕ ਐਨਜੀਓ ਨੇ ਆਪਣੀ ਇੱਕ ਰਿਪੋਰਟ ਵਿਚ ਦਰਸਾਇਆ ਸੀ ਕਿ ਚੀਨ ਦੇ ਗੁਪਤ ਪੁਲਿਸ ਸਟੇਸ਼ਨ ਦੁਨੀਆ ਦੇ ਕਈ ਮੁਲਕਾਂ ਸਮੇਤ ਕੈਨੇਡਾ ਵਿਚ ਵੀ ਮੌਜੂਦ ਹਨ, ਜਿਹਨਾਂ ਵਿਚੋਂ ਇੱਕ ਵੈਨਕੂਵਰ ਵਿਚ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਆਰਸੀਐਮਪੀ ਅਫਸਰਾਂ ਨੇ ਰਿਚਮੰਡ ਵਿੱਖੇ ਇੱਕ ਫ਼੍ਰੈਂਡਸ਼ਿਪ ਸੋਸਾਇਟੀ ਦਾ ਦੌਰਾ ਕੀਤਾ ਸੀ।

ਗਰੁੱਪ ਦਾ ਦੋਸ਼ ਹੈ ਕਿ ਚੀਨ ਦੇ ਅਧਿਕਾਰ ਖੇਤਰ ਤੋਂ ਬਾਹਰ ਚਲਾਏ ਜਾ ਰਹੇ ਇਹਨਾਂ ਸਟੇਸ਼ਨਾਂ ਵਿੱਖੇ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਵਿਦੇਸ਼ਾਂ ਵਿਚ ਰਹਿ ਰਹੇ ਚੀਨੀ ਲੋਕਾਂ ਨੂੰ ਅਪਰਾਧਿਕ ਕਾਰਵਾਈਆਂ ਲਈ ਚੀਨ ਵਾਪਸ ਜਾਣ ਲਈ ਆਖਿਆ ਜਾਂਦਾ ਹੈ।

ਇਮੀਗ੍ਰੇਸ਼ਨ ਵਕੀਲ ਵਾਰਦਾ ਸ਼ਜ਼ਾਦੀ ਮੀਗਨ ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਭ੍ਰਿਸ਼ਟਾਚਾਰ ਅਤੇ ਰਿਸ਼ਵਤਖ਼ੋਰੀ ਦੇ ਮੁਲਜ਼ਿਮ ਸਾਬਕਾ ਰਾਜ ਅਧਿਕਾਰੀ 2017 ਤੋਂ ਹੀ ਉਹਨਾਂ ਨੂੰ ਇਹਨਾਂ ਚੀਨੀ ਸਟੇਸ਼ਨਾਂ ਅਤੇ ਅੰਡਰਕਵਰ ਪੁਲਿਸ ਅਫ਼ਸਰਾਂ ਬਾਰੇ ਦੱਸ ਰਹੇ ਹਨ।

ਚੀਨ ਦੇ ਦੂਤਾਵਾਸ ਨੇ ਕਿਹਾ ਸੀ ਕਿ ਵੁਲੰਟੀਅਰਾਂ ਵੱਲੋਂ ਸੰਚਾਲਿਤ ਉਕਤ ਸਰਵਿਸ ਸਟੇਸ਼ਨ ਪਾਸਪੋਰਟ ਜਾਂ ਡਰਾਈਵਿੰਗ ਲਾਈਸੈਂਸ ਰੀਨਿਊ ਕਰਨ ਵਰਗੀਆਂ ਸੁਵਿਧਾਵਾਂ ਦਿੰਦੇ ਹਨ, ਪਰ ਮੀਗਨ ਇਸ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਦੀ ਹੈ ਕਿਉਂਕਿ ਇਸ ਤਰ੍ਹਾਂ ਦੇ ਕੰਮ ਤਾਂ ਦੂਤਾਵਾਸ ਜਾਂ ਕਾਂਸੁਲੇਟ ਕਰਦੇ ਹਨ।

ਮੀਗਨ ਨੇ ਦੱਸਿਆ ਕਿ ਅਕਸਰ ਇਹਨਾਂ ਸਿਕਿਓਰਟੀ ਦਫ਼ਤਰਾਂ ਵੱਲੋਂ ਮਨੁੱਖੀ ਅਧਿਕਾਰ ਕਾਰਕੁੰਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਉਹਨਾਂ ਨੂੰ ਵੀਚੈਟ(WeChat), ਜੋਕਿ ਵ੍ਹਾਟਸਐਪ ਦਾ ਚੀਨੀ ਵਿਕਲਪ ਹੈ, ਉੱਤੇ ਅਕਸਰ ਸੰਦੇਸ਼ ਭੇਜਕੇ ਕਿਤੇ ਮਿਲਣ ਲਈ ਬੁਲਾਇਆ ਜਾਂਦਾ ਹੈ ਨਹੀਂ ਤਾਂ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਉਹਨਾਂ ‘ਤੇ ਨਿਗਾਹ ਰੱਖੀ ਜਾਵੇਗੀ।

ਅਪਰਾਧਕ ਕੋਡ ਕਾਨੂੰਨ ਦੀ ਜ਼ਰੂਰਤ

ਮਿਸ਼ੈਲ ਜੂਨੋ-ਕਤਸੂਯਾ ਇੱਕ ਸਾਬਕਾ ਸੀਨੀਅਰ ਇੰਟੈਲੀਜੈਂਸ ਅਫਸਰ ਹਨ ਅਤੇ ਕੈਨੇਡੀਅਨ ਖ਼ੂਫ਼ੀਆ ਏਜੰਸੀ (CSIS) ਦੇ ਏਸ਼ੀਆ ਪੈਸਿਫ਼ਿਕ ਖ਼ਿੱਤੇ ਦੇ ਮੁਖੀ ਰਹੇ ਹਨ। ਉਹਨਾਂ ਕਿਹਾ ਕਿ ਇਸ ਕਿਸਮ ਦੀ ਵਿਦੇਸ਼ੀ ਦਖ਼ਲਅੰਦਾਜ਼ੀ ਅਤੇ ਧਮਕਾਉਣ ਦੀ ਤਕਨੀਕ ਲੰਮੇ ਸਮੇਂ ਤੋਂ ਚਲ ਰਹੀ ਹੈ ਅਤੇ ਇਸ ਨੂੰ ਰੋਕਣ ਲਈ ਵਧੇਰੇ ਸਰਕਾਰੀ ਦਖ਼ਲ ਅਤੇ ਵਿਦੇਸ਼ੀ ਕਾਨੂੰਨਾਂ ਦੀ ਜ਼ਰੂਰਤ ਹੈ।

ਮਿਸ਼ੈਲ ਨੇ ਕਿਹਾ, ਅਸੀਂ ਦਹਾਕਿਆਂ ਤੋਂ ਚੀਨ ਸਰਕਾਰ ਦੇ ਵਿਦੇਸ਼ੀ ਦਖ਼ਲ ਨੂੰ ਦੇਖ ਰਹੇ ਹਾਂ। ਉਹਨਾਂ ਕਿਹਾ ਕਿ ਇਹ ਵੱਡੇ ਪੱਧਰ ‘ਤੇ ਫ਼ੈਲੀਆਂ ਗਤੀਵਿਧੀਆਂ ਦਾ ਸੰਕੇਤ ਹੈ।

ਪਰ ਉਹਨਾਂ ਕਿਹਾ ਕਿ ਫ਼ਿਲਹਾਲ ਕੈਨੇਡਾ ਦੇ ਮੌਜੂਦਾ ਅਪਰਾਧਕ ਅਤੇ ਸਿਵਿਲ ਕੋਡ ਗ੍ਰਿਫ਼ਤਾਰੀ ਜਾਂ ਮਾਨਹਾਣੀ ਵਰਗੀਆਂ ਚੀਜ਼ਾਂ ਦੀ ਪੇਸ਼ਕਸ਼ ਕਰਦੇ ਹਨ, ਪਰ ਇਹ ਕਾਫ਼ੀ ਨ੍ਹੀਂ ਹੈ।

ਮਿਸ਼ੈਲ ਦਾ ਦਾਅਵਾ ਹੈ ਕਿ ਕਥਿਤ ਸਰਵਿਸ ਸਟੇਸ਼ਨ ਕੈਨੇਡਾ ਰਹਿੰਦੇ ਚੀਨੀ ਭਾਈਚਾਰੇ ਨੂੰ ਧੱਕੇਸ਼ਾਹੀ ਨਾਲ ਨਿਯੰਤਰਿਤ ਕਰਨ ਲਈ ਸਥਾਪਿਤ ਕੀਤੇ ਗਏ ਹਨ।

ਉਹਨਾਂ ਕਿਹਾ ਕਿ ਅਸਲ ਵਿਚ ਅਜਿਹੇ ਏਜੰਟ ਮੌਜੂਦ ਹਨ ਜੋ ਸੰਦੇਸ਼ ਲੈ ਕੇ ਆਉਂਦੇ ਹਨ, ਲੋਕਾਂ ਨੂੰ ਡਰਾਉਂਦੇ ਹਨ, ਲੋਕਾਂ ਦਾ ਪਿੱਛਾ ਕਰਦੇ ਹਨ, ਤਸਵੀਰਾਂ ਲੈਂਦੇ ਹਨ ਜਾਂ ਉਨ੍ਹਾਂ ਦੇ ਸੋਸ਼ਲ ਮੀਡੀਆ 'ਤੇ ਅਫਵਾਹਾਂ ਫੈਲਾਉਂਦੇ ਹਨ।

ਯੀਪਿੰਗ ਲੀ ਨੇ ਕਿਹਾ ਕਿ ਉਹ 1997 ਵਿੱਚ ਹਾਂਗਕਾਂਗ ਤੋਂ ਇੱਕ ਸ਼ਰਨਾਰਥੀ ਦੇ ਰੂਪ ਵਿੱਚ ਵੈਨਕੂਵਰ ਆਇਆ ਸੀ ਅਤੇ ਉਸ ਦਾ ਮੰਨਣਾ ਹੈ ਕਿ ਉਹ ਚੀਨ ਵਿੱਚ ਘੱਟ-ਗਿਣਤੀਆਂ ਦੇ ਅਧਿਕਾਰਾਂ ਦੀ ਵਕਾਲਤ ਕਰਨ ਵਾਲੀਆਂ ਆਪਣੀਆਂ ਮੁਹਿੰਮਾਂ ਅਤੇ ਸੋਸ਼ਲ ਮੀਡੀਆ ਸੰਦੇਸ਼ਾਂ ਲਈ ਚੀਨ ਸਰਕਾਰ ਦਾ ਨਿਸ਼ਾਨਾ ਬਣਦਾ ਰਿਹਾ ਹੈ।

ਲੀ ਨੇ ਕਿਹਾ, ਮੈਨੂੰ ਔਨਲਾਈਨ ਅਤੇ ਮੇਰੇ ਸੋਸ਼ਲ ਮੀਡੀਆ ਤੋਂ ਹਰ ਸਮੇਂ ਧਮਕੀਆਂ ਮਿਲਦੀਆਂ ਸਨ। ਉਨ੍ਹਾਂ ਨੇ ਮੇਰੇ ਘਰ ਦਾ ਪਤਾ, ਮੇਰਾ ਫ਼ੋਨ ਨੰਬਰ ਅਤੇ ਮੇਰੀ ਮਾਂ ਦਾ ਫ਼ੋਨ ਨੰਬਰ ਨਸ਼ਰ ਕੀਤਾ ਅਤੇ ਸਾਰਿਆਂ ਨੂੰ ਮੈਨੂੰ ਫ਼ੋਨ ਕਰਨ ਲਈ ਕਿਹਾ

ਲੀ ਨੂੰ ਵੈਨਕੂਵਰ ਰਹਿੰਦਿਆਂ 20 ਸਾਲ ਹੋ ਗਏ ਹਨ, ਪਰ ਉਹ ਕਹਿੰਦਾ ਹੈ ਕਿ ਉਸਦਾ ਅਜੇ ਵੀ ਪਿੱਛਾ ਕੀਤਾ ਜਾਂਦਾ ਹੈ ਤੇ ਨਜ਼ਰ ਰੱਖੀ ਜਾਂਦੀ ਹੈ।

ਲੀ ਨੇ ਕਿਹਾ, ਪਿਛਲੇ ਮਹੀਨੇ ਹੀ ਇੱਕ ਐਸਯੂਵੀ ਬਾਹਰ ਖੜੀ ਸੀ ਅਤੇ ਮੇਰੇ ਘਰ ਦੀਆਂ ਤਸਵੀਰਾਂ ਲੈ ਰਹੀ ਸੀ

ਕ੍ਰਿਸਟੀਨਾ ਜੰਗ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ