- ਮੁੱਖ ਪੰਨਾ
- ਅੰਤਰਰਾਸ਼ਟਰੀ
- ਇਮੀਗ੍ਰੇਸ਼ਨ
[ਰਿਪੋਰਟ] ਕੈਨੇਡਾ ’ਚ ਹਰ ਪੱਧਰ ’ਤੇ ਕੰਮ ਕਰਨ ਵਾਲੇ ਕਾਮਿਆਂ ਦੇ ਸਪਾਊਜ਼ ਅਪਲਾਈ ਕਰ ਸਕਣਗੇ ਓਪਨ ਵਰਕ ਪਰਮਿਟ
ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਲਿਆ ਗਿਆ ਹੈ ਕਦਮ
ਸ਼ੌਨ ਫ਼੍ਰੇਜ਼ਰ , ਇਮੀਗ੍ਰੇਸ਼ਨ ਮਨਿਸਟਰ
ਤਸਵੀਰ: La Presse canadienne / PATRICK DOYLE
ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਨਵਾਂ ਐਲਾਨ ਕਰਦਿਆਂ , ਕੈਨੇਡਾ 'ਚ ਕੰਮ ਕਰ ਰਹੇ ਕਾਮਿਆਂ ਦੇ ਸਪਾਊਜ਼ ਨੂੰ ਮਿਲਣ ਵਾਲੇ ਵਰਕ ਪਰਮਿਟ ਪ੍ਰੋਗਰਾਮ ਵਿਚ ਵਾਧਾ ਕੀਤਾ ਜਾ ਰਿਹਾ ਹੈ I
ਕੀ ਹਨ ਮੌਜੂਦਾ ਨਿਯਮ
ਕੈਨੇਡਾ ਵਿੱਚ ਇਸ ਸਮੇਂ ਸਕਿਲਡ ਪੱਧਰ ( ਨੌਕ ਓ , ਏ ਅਤੇ ਬੀ/ ਟੀਅਰ 0 ,1 , 2 ) ਦੀ ਨੌਕਰੀ ਕਰ ਰਹੇ ਕਾਮਿਆਂ ਦੇ ਸਪਾਊਜ਼ ਓਪਨ ਵਰਕ ਪਰਮਿਟ ਲਈ ਅਰਜ਼ੀ ਦੇ ਸਕਦੇ ਹਨ I ਇਸਤੋਂ ਇਲਾਵਾ ਪੜ੍ਹਾਈ ਕਰ ਰਹੇ ਵਿਦਿਆਰਥੀ ਵੀ ਆਪਣੇ ਜੀਵਨ ਸਾਥੀ ਦੀ ਅਰਜ਼ੀ ਓਪਨ ਵਰਕ ਪਰਮਿਟ ਲਈ ਦੇ ਸਕਦੇ ਹਨ I
ਇਹਨਾਂ ਬਿਨੈਕਾਰਾਂ ਨੂੰ ਆਪਣੇ ਸਪਾਊਜ਼ ਦੇ ਸਟੱਡੀ ਜਾਂ ਵਰਕ ਪਰਮਿਟ ਦੀ ਮਿਆਦ ਤੱਕ ਦਾ ਵੀਜ਼ਾ ਮਿਲ ਜਾਂਦਾ ਹੈ ਅਤੇ ਇਹ ਬਿਨੈਕਾਰ ਕੈਨੇਡਾ ਆ ਕੇ ਕਿਸੇ ਵੀ ਨੌਕਰੀਦਾਤੇ ਨਾਲ ਕੰਮ ਕਰ ਸਕਦੇ ਹਨ I
ਕੀ ਹੋਵੇਗਾ ਬਦਲਾਅ
ਨਵੇਂ ਨਿਯਮਾਂ ਤਹਿਤ ਜਿਹੜੇ ਕਾਮੇ ਉਪਰੋਕਤ ਲੈਵਲ ਤੋਂ ਹੇਠਲੇ ਲੈਵਲ ਦੀਆਂ ਨੌਕਰੀਆਂ ਕਰ ਰਹੇ ਹੋਣਗੇ , ਓਹਨਾ ਦੇ ਸਪਾਊਜ਼ ਵੀ ਹੁਣ ਓਪਨ ਵਰਕ ਪਰਮਿਟ ਲਈ ਅਪਲਾਈ ਕਰ ਸਕਣਗੇ I
ਕੈਨੇਡਾ ਦੇ ਇਮੀਗ੍ਰੇਸ਼ਨ ਮਨਿਸਟਰ ਨੇ ਕਿਹਾ ਕੈਨੇਡਾ ਵਿੱਚ ਨੌਕਰੀਦਾਤੇ , ਕਾਮਿਆਂ ਦੀ ਘਾਟ ਨੂੰ ਇਕ ਵੱਡੀ ਚੁਣੌਤੀ ਵਜੋਂ ਦੇਖਦੇ ਹਨ I
ਇਸ ਘੋਸ਼ਣਾ ਨਾਲ ਜਿੱਥੇ ਨੌਕਰੀਦਾਤਿਆਂ ਨੂੰ ਕਾਮੇ ਲੱਭਣ ਵਿੱਚ ਮਦਦ ਮਿਲੇਗੀ , ਉੱਥੇ ਹੀ 2 ਲੱਖ ਤੋਂ ਵੱਧ ਵਿਦੇਸ਼ੀ ਕਾਮਿਆਂ ਦੇ ਪਰਿਵਾਰਕ ਮੈਂਬਰ ਕੈਨੇਡਾ ਵਿੱਚ ਕੰਮ ਕਰਨ ਦੇ ਯੋਗ ਹੋਣਗੇ। ਸਾਡੀ ਸਰਕਾਰ ਕਾਮਿਆਂ ਦੀ ਘਾਟ ਨੂੰ ਦੂਰ ਕਰਨ ਦੇ ਨਾਲ-ਨਾਲ ਪਰਿਵਾਰਾਂ ਨੂੰ ਇਕਜੁੱਟ ਕਰਨ ਵਿੱਚ ਵੀ ਮਦਦ ਕਰਨਾ ਜਾਰੀ ਰੱਖੇਗੀ I
ਦੱਸਣਯੋਗ ਹੈ ਕਿ ਕੈਨੇਡਾ ਵਿੱਚ ਅੰਤਰ ਰਾਸ਼ਟਰੀ ਵਿਦਿਆਰਥੀ ਆਪਣੀ ਪੜ੍ਹਾਈ ਦੌਰਾਨ ਅਤੇ ਵਰਕ ਪਰਮਿਟ ਦੌਰਾਨ ਵੀ ਆਪਣੇ ਸਪਾਊਜ਼ ਨੂੰ ਕੈਨੇਡਾ ਬੁਲਾ ਸਕਦੇ ਹਨ I
ਮੌਜੂਦਾ ਨਿਯਮਾਂ ਮੁਤਾਬਿਕ ਉਹਨਾਂ ਨੂੰ ਸਕਿਲਡ ਨੌਕਰੀ ਦੀ ਲੋੜ ਪੈਂਦੀ ਹੈ ਅਤੇ ਨਵੇਂ ਨਿਯਮਾਂ ਨਾਲ ਵਿਦਿਆਰਥੀਆਂ ਨੂੰ ਵੀ ਇਸਦਾ ਲਾਭ ਮਿਲੇਗਾ I
ਬਹੁਤ ਸਾਰੇ ਅੰਤਰ ਰਾਸ਼ਟਰੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਕਿਲਡ ਨੌਕਰੀ ਲੱਭਣ ਵਿੱਚ ਬਹੁਤ ਮੁਸ਼ਕਿਲ ਪੇਸ਼ ਆਉਂਦੀ ਸੀ ਅਤੇ ਸਰਕਾਰ ਦਾ ਇਹ ਕਦਮ ਸ਼ਲਾਘਾਯੋਗ ਹੈ I

ਇਮੀਗ੍ਰੇਸ਼ਨ ਮਾਹਰ ਰਘਵੀਰ ਸਿੰਘ ਭੈਰੋਵਾਲ
ਤਸਵੀਰ: ਸਰਬਮੀਤ ਸਿੰਘ
ਸਰੀ ਸ਼ਹਿਰ ਵਿੱਚ ਵਿਦਿਆਰਥਣ ਅਮਨਦੀਪ ਕੌਰ ਨੇ ਕਿਹਾ ਵਿਦਿਆਰਥੀਆਂ ਲਈ ਨਵੇਂ ਥਾਂ 'ਤੇ ਨੌਕਰੀ ਲੱਭਣਾ ਬਹੁਤ ਔਖਾ ਹੁੰਦਾ ਅਤੇ ਸਕਿਲਡ ਨੌਕਰੀ ਲੱਭਣ ਲਈ ਉਹਨਾਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਸੀ I ਨਵੇਂ ਨਿਯਮਾਂ ਨਾਲ ਹੁਣ ਉਹ ਸੌਖਿਆਂ ਹੀ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਇਕੱਠੇ ਹੋ ਸਕਣਗੇI
ਪ੍ਰੋਗਰਾਮ ਦਾ ਹੋਵੇਗਾ ਲਾਭ : ਇਮੀਗ੍ਰੇਸ਼ਨ ਮਾਹਰ
ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਇਸ ਨਵੇਂ ਪ੍ਰੋਗਰਾਮ ਨਾਲ ਬਹੁਤ ਸਾਰੇ ਵਿਅਕਤੀਆਂ ਨੂੰ ਲਾਭ ਹੋਵੇਗਾI
ਇਹ ਵੀ ਪੜ੍ਹੋ :
- ਵੀਜ਼ਾ ਬੈਕਲੌਗ ਕਾਰਨ ਭਾਰਤ ਦੀ ਯਾਤਰਾ ਰੱਦ ਕਰ ਰਹੇ ਹਨ ਕੈਨੇਡੀਅਨਜ਼
- ਕੈਨੇਡਾ ਦੀ 23 ਫ਼ੀਸਦੀ ਆਬਾਦੀ ਪਰਵਾਸੀ ਅਤੇ ਪਰਮਾਨੈਂਟ ਰੈਜ਼ੀਡੈਂਟਸ: ਸੈਂਸਸ 2021
- ਹੁਣ ਔਨਲਾਈਨ ਲੱਗੇਗੀ ਸਪਾਊਜ਼ਲ ਸਪੌਂਸਰਸ਼ਿਪ ਅਰਜ਼ੀ
ਸਰੀ ਸ਼ਹਿਰ ਵਿੱਚ ਇਮੀਗ੍ਰੇਸ਼ਨ ਮਾਹਰ ਰਘਵੀਰ ਸਿੰਘ ਭੈਰੋਵਾਲ ਨੇ ਕਿਹਾ ਕਿ ਹੁਣ ਹਰ ਕਾਮੇ ਨੂੰ ਸਕਿਲਡ ਨੌਕਰੀ ਲੱਭਣ ਦੀ ਲੋੜ ਨਹੀਂ ਪਵੇਗੀ I
ਕੈਨੇਡਾ ਵਿੱਚ ਕੰਮ ਕਰ ਰਹੇ ਬਹੁਤ ਸਾਰੇ ਵਿਅਕਤੀ ਪਹਿਲਾਂ ਸਕਿਲਡ ਨੌਕਰੀ ਲੱਭਦੇ ਸਨ ਤਾਂ ਜੋ ਉਹ ਆਪਣੇ ਸਪਾਊਜ਼ ਨੂੰ ਕੈਨੇਡਾ ਬੁਲਾ ਸਕਣ I ਹੁਣ ਉਹਨਾਂ ਨੂੰ ਸਕਿਲਡ ਨੌਕਰੀ ਲੱਭਣ 'ਤੇ ਸਮਾਂ ਵਿਅਰਥ ਨਹੀਂ ਕਰਨਾ ਪਵੇਗਾ I
ਤਿੰਨ ਪੜਾਅ 'ਚ ਚੱਲੇਗਾ ਪ੍ਰੋਗਰਾਮ
ਜਨਵਰੀ 2023 ਤੋਂ ਸ਼ੁਰੂ ਹੋ ਰਿਹਾ ਇਹ ਪ੍ਰੋਗਰਾਮ ਤਿੰਨ ਪੜਾਅ ਵਿੱਚ ਚੱਲੇਗਾ I ਪਹਿਲੇ ਪੜਾਅ ਵਿੱਚ ਹਾਈ ਵੇਜ਼ 'ਤੇ ਕੰਮ ਕਰ ਰਹੇ ਕਾਮੇ ਆਪਣੇ ਸਪਾਊਜ਼ ਨੂੰ ਕੈਨੇਡਾ ਬੁਲਾ ਸਕਣਗੇ I
ਜਨਵਰੀ 2023 ਤੋਂ ਸ਼ੁਰੂ ਹੋ ਰਿਹਾ ਇਹ ਪ੍ਰੋਗਰਾਮ ਤਿੰਨ ਪੜਾਅ ਵਿੱਚ ਚੱਲੇਗਾ I
ਤਸਵੀਰ: canada.ca
ਦੂਸਰੇ ਪੜਾਅ ਵਿੱਚ ਲੋਅ ਵੇਜ਼ 'ਤੇ ਕੰਮ ਕਰਦੇ ਕਾਮੇ ਆਪਣੇ ਸਪਾਊਜ਼ ਨੂੰ ਕੈਨੇਡਾ ਬੁਲਾਉਣ ਦੇ ਯੋਗ ਹੋ ਜਾਣਗੇ ਪਰ ਪ੍ਰੈਸ ਰਿਲੀਜ਼ ਅਨੁਸਾਰ ਇਸ ਪੜਾਅ ਲਈ ਰਾਏ ਲਈ ਜਾਵੇਗੀ I
ਤੀਜਾ ਪੜਾਅ ਮੋਟੇ ਤੌਰ 'ਤੇ ਖੇਤੀਬਾੜੀ ਵਿੱਚ ਕੰਮ ਕਰ ਰਹੇ ਕਾਮਿਆਂ ਲਈ ਹੋਵੇਗਾ ਅਤੇ ਇਹਨਾਂ ਕਾਮਿਆਂ ਦੇ ਸਪਾਊਜ਼ ਵੀ ਓਪਨ ਵਰਕ ਪਰਮਿਟ ਲਈ ਯੋਗ ਹੋ ਜਾਣਗੇ I
ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਦਾ ਦਾਅਵਾ ਹੈ ਕਿ ਇਸ ਸਾਲ ਜਨਵਰੀ ਤੋਂ ਲੈ ਕੇ ਅਕਤੂਬਰ 2022 ਦੇ ਵਿਚਕਾਰ 645,000 ਤੋਂ ਵੱਧ ਵਰਕ ਪਰਮਿਟ ਜਾਰੀ ਕੀਤੇ ਹਨ ਜੋ ਕਿ ਲੰਘੇ ਸਾਲ ਨਾਲੋਂ 4 ਗੁਣਾ ਵਧੇਰੇ ਹਨ I