- ਮੁੱਖ ਪੰਨਾ
- ਰਾਜਨੀਤੀ
- ਪ੍ਰਾਂਤਿਕ ਰਾਜਨੀਤੀ
ਕਿਊਬੈਕ ਵੱਲੋਂ ਵੀ ਸਮਲਿੰਗੀ ਮਰਦਾਂ ਦੇ ਖ਼ੂਨਦਾਨ ‘ਤੇ ਲੱਗੀ ਪਾਬੰਦੀ ਖ਼ਤਮ
ਹੋਰਨਾਂ ਪ੍ਰੋਵਿੰਸਜ਼ 'ਚ ਪਹਿਲਾਂ ਹਟ ਚੁੱਕੀ ਹੈ ਪਾਬੰਦੀ

ਕੈਨੇਡਾ ਨੇ 1992 ਵਿਚ ਸਮਲਿੰਗੀ ਮਰਦਾਂ ਵੱਲੋਂ ਖ਼ੂਨਦਾਨ ਕਰਨ 'ਤੇ ਜੀਵਨ ਭਰ ਦਾ ਬੈਨ ਲਗਾ ਦਿੱਤਾ ਸੀ।
ਤਸਵੀਰ: Shutterstock
ਕਿਊਬੈਕ ਦੀ ਏਜੰਸੀ , ਹੇਮਾ ਕਿਊਬੈਕ ਵੱਲੋਂ ਗੇਅ ਅਤੇ ਬਾਏ-ਸੈਕਸੁਅਲ ਮਰਦਾਂ ਦੁਆਰਾ ਖ਼ੂਨਦਾਨ ਕਰਨ ‘ਤੇ ਪਾਬੰਦੀ ਨੂੰ ਹਟਾਇਆ ਜਾ ਰਿਹਾ ਹੈ I
ਇਸ ਪ੍ਰਵਾਨਗੀ ਨਾਲ ਲੰਘੇ ਤਿੰਨ ਮਹੀਨਿਆਂ ਦੌਰਾਨ ਕਿਸੇ ਮਰਦ ਨਾਲ ਜਿਸਮਾਨੀ ਸਬੰਧ ਬਣਾਉਣ ਵਾਲੇ ਮਰਦ ਉੱਪਰ ਖ਼ੂਨਦਾਨ ਕਰਨ ‘ਤੇ ਬੰਦਿਸ਼ ਲਗਾਉਣ ਵਾਲੀ ਨੀਤੀ ਸਮਾਪਤ ਹੋ ਰਹੀ ਹੈ।
ਹੁਣ ਪ੍ਰੋਵਿੰਸ ਵਿੱਚ ਖ਼ੂਨਦਾਨ ਕਰਨ ਤੋਂ ਪਹਿਲਾਂ ਸਾਰੇ ਵਿਅਕਤੀਆਂ ਨੂੰ ਲਿੰਗ ਜਾਂ ਜਿਨਸੀ ਰੁਝਾਨ ਨੂੰ ਧਿਆਨ ਵਿੱਚ ਰੱਖੇ ਬਗ਼ੈਰ ਸਾਰੇ ਵਿਅਕਤੀ ਇੱਕੋ ਤਰ੍ਹਾਂ ਦੇ ਸ਼ੁਰੂਆਤੀ ਮੁਲਾਂਕਣ ਵਿੱਚੋਂ ਲੰਘਣਗੇ I
ਖ਼ੂਨਦਾਨ ਕਰਨ ਤੋਂ ਪਹਿਲਾਂ ਵਿਅਕਤੀਆਂ ਨੂੰ ਜਿਨਸੀ ਵਿਵਹਾਰ ਬਾਰੇ ਸਵਾਲ ਪੁੱਛੇ ਜਾਣਗੇ ਅਤੇ ਜਿੰਨ੍ਹਾਂ ਨੇ ਲੰਘੇ ਤਿੰਨ ਮਹੀਨਿਆਂ ਦੌਰਾਨ ਇਕ ਜਾਂ ਵਧੇਰੇ ਵਿਅਕਤੀਆਂ ਨਾਲ ਜਿਨਸੀ ਸੰਬੰਧ ਬਣਾਏ ਹੋਣਗੇ , ਉਹਨਾਂ ਨੂੰ ਕੁਝ ਹੋਰ ਸਵਾਲਾਂ ਦੇ ਜਵਾਬ ਦੇਣੇ ਪੈਣਗੇ I
ਪ੍ਰੋਵਿੰਸ਼ੀਅਲ ਏਜੰਸੀ ਦਾ ਕਹਿਣਾ ਹੈ ਕਿ ਖ਼ੂਨਦਾਨ ਨੂੰ ਹਸਪਤਾਲਾਂ ਨੂੰ ਭੇਜਣ ਤੋਂ ਪਹਿਲਾਂ ਸੰਭਾਵਿਤ ਇਨਫੈਕਸ਼ਨ ਲਈ ਟੈਸਟਿੰਗ ਕੀਤੀ ਜਾਂਦੀ ਹੈ I
ਕੈਨੇਡੀਅਨ ਬਲੱਡ ਸਰਵਿਸੇਜ਼ ਸਮਲਿੰਗੀ ਮਰਦਾਂ ਦੇ ਖ਼ੂਨਦਾਨ ‘ਤੇ ਲੱਗੀ ਪਾਬੰਦੀ ਖ਼ਤਮ ਕਰੇਗਾ
ਕੈਨੇਡੀਅਨ ਬਲੱਡ ਸਰਵਿਸੇਜ਼ ਵੱਲੋਂ ਕੈਲਗਰੀ ਅਤੇ ਲੰਡਨ ਚ ਕੁਝ ਸਮਲਿੰਗੀ ਮਰਦਾਂ ਨੂੰ ਪਲਾਜ਼ਮਾ ਦਾਨ ਦੀ ਇਜਾਜ਼ਤ
ਹੇਮਾ-ਕਿਊਬੈਕ ਦਾ ਕਹਿਣਾ ਹੈ ਕਿ ਜੂਨ 2021 ਦੌਰਾਨ ਯੂਕੇ ਵਿੱਚ ਵੀ ਇਹ ਨੀਤੀ ਲਾਗੂ ਹੋਈ ਹੈ ਪਰ ਇਸ ਦੇ ਨਤੀਜੇ ਵਜੋਂ ਖ਼ੂਨਦਾਨ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ।
ਨੀਤੀ ਅਪਨਾਉਣ ਵਾਲੀ ਆਖ਼ਰੀ ਪ੍ਰੋਵਿੰਸ
ਇਸ ਕਦਮ ਨਾਲ ਕਿਊਬੈਕ , ਕੈਨੇਡਾ ਦੀ ਆਖ਼ਰੀ ਪ੍ਰੋਵਿੰਸ ਬਣ ਗਿਆ ਹੈ , ਜਿਸ ਵਿੱਚ ਇਸ ਨੀਤੀ ਨੂੰ ਅਪਣਾਇਆ ਗਿਆ ਹੈ I
ਕੈਨੇਡਾ ਨੇ 1992 ਵਿਚ ਸਮਲਿੰਗੀ ਮਰਦਾਂ ਵੱਲੋਂ ਖ਼ੂਨਦਾਨ ਕਰਨ 'ਤੇ ਜੀਵਨ ਭਰ ਦਾ ਬੈਨ ਲਗਾ ਦਿੱਤਾ ਸੀ। 2013 ਵਿਚ, ਉਹਨਾਂ ਮਰਦਾਂ ਨੂੰ ਖ਼ੂਨਦਾਨ ਦੀ ਇਜਾਜ਼ਤ ਮਿਲ ਗਈ ਸੀ ਜਿਹਨਾਂ ਨੂੰ ਕਿਸੇ ਹੋਰ ਮਰਦ ਨਾਲ ਜਿਨਸੀ ਸਬੰਧ ਬਣਾਏ ਨੂੰ ਘੱਟੋ ਘੱਟ ਪੰਜ ਸਾਲ ਹੋ ਗਏ ਹੋਣ। ਉਸਤੋਂ ਬਾਅਦ ਇਸ ਮਿਆਦ ਨੂੰ ਇੱਕ ਸਾਲ ਕਰ ਦਿੱਤਾ ਗਿਆ ਸੀ ਅਤੇ 2019 ਵਿਚ ਇਹ ਤਿੰਨ ਮਹੀਨੇ ਦੀ ਰਹਿ ਗਈ ਸੀ।
ਕੰਜ਼ਰਵੇਟਿਵ ਐਮਪੀ ਐਰਿਕ ਡੰਕਨ ਨੇ ਲਿਬਰਲ ਸਰਕਾਰ ਤੋਂ ਸਮਲਿੰਗੀ ਮਰਦਾਂ ਦੇ ਖ਼ੂਨਦਾਨ ਕਰਨ 'ਤੇ ਲੱਗੀ ਪਾਬੰਦੀ ਹਟਾਉਣ ਦੀ ਮੰਗ ਕਰਨ ਲਈ ਇੱਕ ਪ੍ਰਾਈਵੇਟ ਮੈਂਬਰ ਬਿਲ ਵੀ ਪੇਸ਼ ਕੀਤਾ ਸੀ।
ਅਪ੍ਰੈਲ 2022 ਦੌਰਾਨ , ਕੈਨੇਡੀਅਨ ਬਲੱਡ ਸਰਵਿਸੇਜ਼ ਵੱਲੋਂ ਤਿੰਨ ਮਹੀਨਿਆਂ ਦੌਰਾਨ ਕਿਸੇ ਮਰਦ ਨਾਲ ਜਿਸਮਾਨੀ ਸਬੰਧ ਬਣਾਉਣ ਵਾਲੇ ਮਰਦ ਉੱਪਰ ਖ਼ੂਨਦਾਨ ਕਰਨ ‘ਤੇ ਬੰਦਿਸ਼ ਲਗਾਉਣ ਵਾਲੀ ਨੀਤੀ ਨੂੰ ਸਮਾਪਤ ਕਰ ਦਿੱਤਾ ਸੀ I
ਸੀਬੀਸੀ ਨਿਊਜ਼
ਪੰਜਾਬੀ ਅਨੁਵਾਦ ਸਰਬਮੀਤ ਸਿੰਘ