- ਮੁੱਖ ਪੰਨਾ
- ਅੰਤਰਰਾਸ਼ਟਰੀ
- ਇਮੀਗ੍ਰੇਸ਼ਨ
ਭਾਰਤ ਅਤੇ ਪਾਕਿਸਤਾਨ ਦੇ ਵੀਜ਼ਾ ਸੈਂਟਰਾਂ ਵਿੱਚ ਅਰਜ਼ੀਆਂ ਦੀ ਪ੍ਰੋਸੈਸਿੰਗ ਵਿੱਚ ਆਵੇਗੀ ਤੇਜੀ : ਸ਼ੌਨ ਫ਼੍ਰੇਜ਼ਰ
ਇੰਡੋ - ਪੈਸੇਫ਼ਿਕ ਰਣਨੀਤੀ ਤਹਿਤ ਆਉਂਦੇ 5 ਵਰ੍ਹਿਆਂ ਦੌਰਾਨ $74 ਮਿਲੀਅਨ ਦੀ ਫੰਡਿੰਗ ਦਾ ਐਲਾਨ

ਸ਼ੌਨ ਫ਼੍ਰੇਜ਼ਰ , ਇਮੀਗ੍ਰੇਸ਼ਨ ਮਨਿਸਟਰ
ਤਸਵੀਰ: La Presse canadienne / Patrick Doyle
ਕੈਨੇਡਾ ਦੇ ਇਮੀਗ੍ਰੇਸ਼ਨ ਮਨਿਸਟਰ ਸ਼ੌਨ ਫ਼੍ਰੇਜ਼ਰ ਨੇ ਇਕ ਟਵੀਟ ਕਰ ਜਾਣਕਾਰੀ ਸਾਂਝੀ ਕੀਤੀ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਵੀਜ਼ਾ ਕੇਂਦਰਾਂ ਵਿੱਚ ਅਰਜ਼ੀਆਂ ਦਾ ਜਲਦ ਨਿਪਟਾਰਾ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ I
ਕੈਨੇਡੀਅਨ ਸਰਕਾਰ ਵੱਲੋਂ ਇੰਡੋ - ਪੈਸੇਫ਼ਿਕ ਰਣਨੀਤੀ ਕਰਦਿਆਂ ਆਉਂਦੇ 5 ਵਰ੍ਹਿਆਂ ਦੌਰਾਨ $74.6 ਮਿਲੀਅਨ ਖ਼ਰਚਣ ਦੀ ਗੱਲ ਕਹੀ ਗਈ ਹੈ I
ਮੰਤਰਾਲੇ ਨੇ ਇਕ ਪ੍ਰੈਸ ਰਿਲੀਜ਼ ਵਿੱਚ ਕਿਹਾ ਹੈ ਕਿ ਦਿੱਲੀ , ਚੰਡੀਗੜ੍ਹ , ਇਸਲਾਮਾਬਾਦ ਅਤੇ ਮਨੀਲਾ ਦੇ ਵੀਜ਼ਾ ਸੈਂਟਰਾਂ ਵਿੱਚ ਸਟੱਡੀ , ਵਰਕ ਪਰਮਿਟ ਅਤੇ ਪੀ ਆਰ ਦੀਆਂ ਅਰਜ਼ੀਆਂ ਦਾ ਨਿਪਟਾਰਾ ਕਰਨ ਲਈ ਨਵੇਂ ਕਦਮ ਚੁੱਕੇ ਗਏ ਹਨ I
ਇੰਡੋ ਪੈਸੇਫਿਕ ਖ਼ੇਤਰ ਕੈਨੇਡਾ ਲਈ ਬੇਹੱਦ ਮਹੱਤਵਪੂਰਨ ਹੈ I ਨਵੀ ਰਣਨੀਤੀ ਨਾਲ ਅਰਜ਼ੀਆਂ ਦੀ ਪ੍ਰੋਸੈਸਿੰਗ ਸਮਰੱਥਾ ਵਧੇਗੀ , ਜਿਸ ਨਾਲ ਆਉਂਦੇ ਸਾਲਾਂ ਵਿੱਚ ਕੈਨੇਡਾ ਆਉਣ ਵਾਲੇ ਵਿਅਕਤੀਆਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ I
ਕਿਉਂ ਮਹੱਤਵਪੂਰਨ ਹੈ ਇੰਡੋ-ਪੈਸੇਫ਼ਿਕ ਖ਼ੇਤਰ
ਪ੍ਰਸ਼ਾਂਤ ਮਹਾਸਾਗਰ ਅਤੇ ਹਿੰਦ ਮਹਾਸਾਗਰ ਦਰਮਿਆਨ ਭਾਰਤ , ਪਾਕਿਸਤਾਨ , ਫ਼ਿਲਪੀਨਜ਼ ਅਤੇ ਚੀਨ ਜਿਹੇ ਇਕ ਦਰਜਨ ਤੋਂ ਵਧੇਰੇ ਦੇਸ਼ ਇੰਡੋ-ਪੈਸੇਫ਼ਿਕ ਖ਼ੇਤਰ ਵਿੱਚ ਆਉਂਦੇ ਹਨ I
2021 ਦੀ ਜਨਗਣਨਾ ਅਨੁਸਾਰ ਕੈਨੇਡਾ ਵਿੱਚ 8.3 ਮਿਲੀਅਨ ਲੋਕ ਇਮੀਗ੍ਰੈਂਟਸ ਹਨ, ਜੋਕਿ ਕੁਲ ਆਬਾਦੀ ਦਾ 23 ਫ਼ੀਸਦੀ ਬਣਦਾ ਹੈ। ਇਸ ਤੋਂ ਪਹਿਲਾਂ 1921 ਵਿਚ 22.3 ਫ਼ੀਸਦੀ ਇਮੀਗ੍ਰੈਂਟ ਆਬਾਦੀ ਰਿਕਾਰਡ ਹੋਈ ਸੀ।
ਕੈਨੇਡਾ ਦੀ 23 ਫ਼ੀਸਦੀ ਆਬਾਦੀ ਪਰਵਾਸੀ ਅਤੇ ਪਰਮਾਨੈਂਟ ਰੈਜ਼ੀਡੈਂਟਸ: ਸੈਂਸਸ 2021
ਅੰਕੜਿਆਂ ਮੁਤਾਬਿਕ ਕੈਨੇਡਾ ਆਉਣ ਵਾਲੇ ਇਮੀਗ੍ਰੈਂਟਸ ਦੀ ਬਹੁਗਿਣਤੀ ਇੰਡੋ-ਪੈਸੇਫ਼ਿਕ ਖ਼ੇਤਰ ਤੋਂ ਹੀ ਹੈ I
ਅੰਕੜਿਆਂ ਦੇ ਅਨੁਸਾਰ, 2015 ਤੋਂ 2021 ਤੱਕ, ਕੈਨੇਡਾ ਨੂੰ ਦੁਨੀਆ ਭਰ ਤੋਂ ਕੁੱਲ 23,74,030 ਸਟੱਡੀ ਵੀਜ਼ਾ ਅਰਜ਼ੀਆਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚੋਂ ਇੱਕ ਤਿਹਾਈ ਤੋਂ ਵੱਧ ਸਿਰਫ ਭਾਰਤ ਤੋਂ ਸਨ। ਦੂਸਰਾ ਸਥਾਨ ਚੀਨ ਤੋਂ ਅਰਜ਼ੀਆਂ ਦੇਣ ਵਾਲੇ ਬਿਨੈਕਾਰਾਂ ਦੀ ਸੀ I
ਕੈਨੇਡਾ ਦੇ ਇਮੀਗ੍ਰੇਸ਼ਨ, ਰਿਫ਼ੀਊਜੀਜ਼ ਐਂਡ ਸਿਟਿਜ਼ਨਸ਼ਿਪ ਮੰਤਰਾਲੇ ਵੱਲੋਂ ਪ੍ਰਾਪਤ ਅੰਕੜਿਆਂ ਮੁਤਾਬਿਕ ਸਾਲ 2015 ਤੋਂ 2020 ਦਰਮਿਆਨ 3 ਲੱਖ 29 ਹਜ਼ਾਰ 80 ਵਿਅਕਤੀਆਂ ਨੇ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ (ਪੀ ਆਰ) ਹਾਸਿਲ ਕੀਤੀ ਹੈ , ਜਿੰਨ੍ਹਾਂ ਵਿੱਚੋਂ ਪਹਿਲਾਂ ਸਥਾਨ ਭਾਰਤੀ ਮੂਲ ਦੇ ਵਿਅਕਤੀਆਂ ਦਾ ਹੈ I ਭਾਰਤੀ ਮੂਲ ਦੇ ਤਿਨ ਲੱਖ ਤੋਂ ਵਧੇਰੇ ਵਿਅਕਤੀ ਇਸ ਸਮੇਂ ਦੌਰਾਨ ਪੀ ਆਰ ਹੋਏ I
ਇਹਨਾਂ ਅੰਕੜਿਆਂ ਮੁਤਾਬਿਕ ਕੈਨੇਡਾ ਦੀ ਪੀ ਆਰ ਲੈਣ ਵਾਲੇ ਵਿਅਕਤੀਆਂ ਵਿਚ ਫਿਲਪੀਨਜ਼ ਦੇਸ਼ ਨਾਲ ਸੰਬੰਧ ਰੱਖਣ ਵਾਲੇ ਵਿਅਕਤੀਆਂ ਦੂਸਰੇ ਅਤੇ ਚੀਨੀ ਮੂਲ ਦੇ ਤੀਸਰੇ ਸਥਾਨ 'ਤੇ ਹਨ I
ਇਹਨਾਂ ਪੰਜ ਸਾਲਾਂ ਦੌਰਾਨ ਫਿਲਪੀਨਜ਼ ਤੋਂ 2 ਲੱਖ 7 ਹਜ਼ਾਰ 415 ਜਦਕਿ ਚੀਨੀ ਮੂਲ ਦੇ 1 ਲੱਖ 52 ਹਜ਼ਾਰ 975 ਵਿਅਕਤੀਆਂ ਨੇ ਕੈਨੇਡਾ ਦੀ ਪੀ ਆਰ ਪ੍ਰਾਪਤ ਕੀਤੀ I 5 ਸਾਲਾਂ ਦੇ ਇਸ ਅਰਸੇ ਦੌਰਾਨ ਪਾਕਿਸਤਾਨੀ ਮੂਲ ਦੇ 56,820 ਲੋਕਾਂ ਨੇ ਪੀ ਆਰ ਹਾਸਿਲ ਕੀਤੀ ਹੈ I
ਬੈਕਲੌਗ ਇਕ ਵੱਡੀ ਚੁਣੌਤੀ
ਇਮੀਗ੍ਰੇਸ਼ਨ ਅਰਜ਼ੀਆਂ ਦਾ ਸਮੇਂ ਸੀਟ ਨਿਪਟਾਰਾ ਮੰਤਰਾਲੇ ਲਈ ਇਕ ਵੱਡੀ ਚੁਣੌਤੀ ਬਣਿਆ ਹੋਇਆ ਹੈ I ਫ਼ਰਵਰੀ ਮਹੀਨੇ ਦੌਰਾਨ ਕੈਨੇਡਾ ਵਿੱਚ ਲਗਭਗ 2 ਮਿਲੀਅਨ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੌਗ ਸੀ ਜੋ ਕਿ ਬਾਅਦ ਵਿੱਚ ਘਟ ਕੇ ਕਰੀਬ ਇਕ ਮਿਲੀਅਨ ਰਹਿ ਗਿਆ ਸੀ I
ਇਹਨਾਂ ਵਿਚ 5 ਲੱਖ ਤੋਂ ਵਧੇਰੇ ਪਰਮਾਨੈਂਟ ਰੈਜ਼ੀਡੈਂਸ ਲਈ ਅਰਜ਼ੀਆਂ, 7 ਲੱਖ ਤੋਂ ਵਧੇਰੇ ਟੈਮਪੋਰੈਰੀ ਰੈਜ਼ੀਡੈਂਸ (ਸਟਡੀ ਪਰਮਿਟ, ਵਰ ਪਰਮਿਟ, ਟੀ ਆਰ ਵੀਜ਼ਾ ਅਤੇ ਵਿਜ਼ਿਟਰ ਐਕਸਟੈਂਸ਼ਨ) ਲਈ ਅਰਜ਼ੀਆਂ ਅਤੇ 4 ਲੱਖ ਤੋਂ ਵਧੇਰੇ ਕੈਨੇਡੀਅਨ ਨਾਗਰਿਕਤਾ ਲਈ ਅਰਜ਼ੀਆਂ ਸ਼ਾਮਿਲ ਸਨ I
ਅਗਸਤ ਮਹੀਨੇ ਦੌਰਾਨ ਮਨਿਸਟਰ ਫ਼੍ਰੇਜ਼ਰ ਨੇ ਬੈਕਲੌਗ ਦੀ ਸਮੱਸਿਆ ਨਾਲ ਨਜਿੱਠਣ ਲਈ 1250 ਨਵੇਂ ਕਰਮਚਾਰੀ ਭਰਤੀ ਕੀਤੇ ਜਾਣ ਦਾ ਐਲਾਨ ਵੀ ਕੀਤਾ ਸੀ I