- ਮੁੱਖ ਪੰਨਾ
- ਰਾਜਨੀਤੀ
- ਪ੍ਰਾਂਤਿਕ ਰਾਜਨੀਤੀ
ਕਿੰਗ ਚਾਰਲਜ਼ ਪ੍ਰਤੀ ਵਫ਼ਾਦਾਰੀ ਦੀ ਸਹੁੰ ਤੋਂ ਇਨਕਾਰੀ ਐਮਐਨਏਜ਼ ਨੂੰ ਅਸੈਂਬਲੀ ’ਚ ਦਾਖ਼ਲ ਹੋਣ ਤੋਂ ਰੋਕਿਆ
ਐਮਐਨਏਜ਼ ਨੇ ਸਿਰਫ਼ ਕਿਊਬੈਕ ਦੇ ਲੋਕਾਂ ਪ੍ਰਤੀ ਚੱਕੀ ਹੈ ਸਹੁੰ

ਐਮਐਨਏਜ਼ ਨੇ ਸਿਰਫ਼ ਕਿਊਬੈਕ ਦੇ ਲੋਕਾਂ ਪ੍ਰਤੀ ਸਹੁੰ ਚੱਕੀ ਹੈ
ਤਸਵੀਰ: Sylvain Roy Roussel/CBC
ਕਿੰਗ ਚਾਰਲਜ਼ ਪ੍ਰਤੀ ਵੀ ਵਫ਼ਾਦਾਰੀ ਦੀ ਸਹੁੰ ਨਾ ਚੱਕਣ ਵਾਲੇ ਪਾਰਟੀ ਕਿਊਬੈਕਵਾ ਦੇ ਤਿੰਨ ਐਮਐਨਏਜ਼ ਨੂੰ ਕਿਊਬੈਕ ਅਸੈਂਬਲੀ ਵਿੱਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ I
ਪਾਰਟੀ ਕਿਊਬੈਕਵਾ ਲੀਡਰ ਸੇਂਟ-ਪੀਅਰ ਪਲੈਮੰਡਨ ਨੇ ਕਿਹਾ ਕਿ ਉਹਨਾਂ ਨੇ ਕਿਊਬੈਕ ਦੇ ਲੋਕਾਂ ਪ੍ਰਤੀ ਸਹੁੰ ਚੱਕੀ ਸੀ ਪਰ ਉਹਨਾਂ ਨੂੰ ਦਾਖ਼ਲ ਨਹੀਂ ਹੋਣ ਦਿੱਤਾ ਗਿਆ I
8 ਸਤੰਬਰ ਨੂੰ ਮਹਾਰਾਣੀ ਐਲੀਜ਼ਾਬੈਥ ਦੇ ਦੇਹਾਂਤ ਤੋਂ ਬਾਅਦ, ਉਹਨਾਂ ਦੇ ਬੇਟੇ ਕਿੰਗ ਚਾਰਲਜ਼ ਯੂਕੇ ਦੇ ਰਾਜਾ ਅਤੇ 14 ਹੋਰ ਦੇਸ਼ਾਂ ਦੇ ਰਾਜਮੁਖੀ ਬਣ ਗਏ ਹਨ, ਜਿਹਨਾਂ ਵਿਚ ਕੈਨੇਡਾ ਵੀ ਸ਼ਾਮਲ ਹੈ।
ਕਿਊਬੈਕ ਦੀ ਨੈਸ਼ਨਲ ਅਸੈਂਬਲੀ ਦੇ ਸਪੀਕਰ ਨੇ ਫ਼ੈਸਲਾ ਸੁਣਾਇਆ ਸੀ ਕਿ ਸਾਰੇ ਚੁਣੇ ਹੋਏ ਨੁਮਾਇੰਦਿਆਂ ਨੂੰ ਨਾ ਸਿਰਫ਼ ਕਿਊਬੈਕ ਦੇ ਲੋਕਾਂ ਸਗੋਂ ਕਿੰਗ ਚਾਰਲਜ਼ ਪ੍ਰਤੀ ਵੀ ਵਫ਼ਾਦਾਰੀ ਦੀ ਸਹੁੰ ਚੁਕਣ ਦੀ ਜ਼ਰੂਰਤ ਹੋਵੇਗੀ।
ਪਾਰਟੀ ਕਿਊਬੈਕਵਾ ਦੇ ਐਮਐਨਏਜ਼ ਨੇ ਕਿਊਬੈਕ ਦੇ ਲੋਕਾਂ ਪ੍ਰਤੀ ਵਫ਼ਾਦਾਰੀ ਦੀ ਸਹੁੰ ਤਾ ਚੁੱਕੀ ਪਰ ਕਿੰਗ ਚਾਰਲਜ਼ ਪ੍ਰਤੀ ਵਫ਼ਾਦਾਰੀ ਦੀ ਸਹੁੰ ਨਹੀਂ ਚੱਕੀ I
ਸਪੀਕਰ ਫ਼੍ਰੈਸੁਆ ਪਰਾਡਿਸ ਨੇ ਆਪਣੇ ਫ਼ੈਸਲੇ ਵਿਚ ਲਿਖਿਆ ਸੀ ਕਿ ਮੌਜੂਦਾ ਕਾਨੂੰਨ ਤਹਿਤ ਇਹ ਸਹੁੰ ਚੁੱਕਣਾ ਓਪਸ਼ਨਲ ਭਾਵ ਵਿਕਲਪੀ ਨਹੀਂ ਹੈ। ਉਹਨਾਂ ਕਿਹਾ ਸੀ ਕਿ ਜਿਹੜਾ ਚੁਣਿਆ ਹੋਇਆ ਮੈਂਬਰ ਸਹੁੰ ਨਹੀਂ ਚੁੱਕਦਾ ਉਸਨੂੰ ਅਸੈਂਬਲੀ ਤੋਂ ਬਾਹਰ ਕੱਢ ਦਿੱਤਾ ਜਾਵੇਗਾ।
3 ਅਕਤੂਬਰ ਨੂੰ ਕਿਊਬੈਕ ਵਿਚ ਸੂਬਾਈ ਚੋਣਾਂ ਤੋਂ ਬਾਅਦ, ਪਾਰਟੀ ਕਿਊਬੈਕਵਾ ਲੀਡਰ ਸੇਂਟ-ਪੀਅਰ ਪਲੈਮੰਡਨ ਨੇ ਕਿਹਾ ਕਿ ਉਹ ਅਤੇ ਉਹਨਾਂ ਦੇ ਦੋ ਹੋਰ ਐਮਐਨਏਜ਼ ਕਿੰਗ ਚਾਰਲਜ਼ ਪ੍ਰਤੀ ਵਫ਼ਾਦਾਰੀ ਦੀ ਸਹੁੰ ਨਹੀਂ ਚੁੱਕਣਗੇ। ਇਸਤੋਂ ਬਾਅਦ ਕਿਊਬੈਕ ਸੌਲੀਡੇਅਰ ਦੇ 11 ਚੁਣੇ ਹੋਏ ਨੁਮਾਇੰਦਿਆਂ ਨੇ ਵੀ ਰਾਜੇ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁੱਕਣ ਤੋਂ ਇਨਕਾਰ ਕਰ ਦਿੱਤਾ ਸੀ।
ਵੀਰਵਾਰ ਨੂੰ ਜਦੋਂ ਐਮਐਨਏਜ਼ ਪਹੁੰਚੇ ਤਾਂ ਇਕ ਕਾਂਸਟੇਬਲ ਨੇ ਰੋਕ ਲਿਆ ਅਤੇ ਦੱਸਿਆ ਕਿ ਉਹ ਅੰਦਰ ਨਹੀਂ ਜਾ ਸਕਦੇ I
ਸਪੀਕਰ ਆਪਣੇ ਫ਼ੈਸਲੇ 'ਤੇ ਕਾਇਮ
ਇਸ ਸਭ ਦੌਰਾਨ ਸਪੀਕਰ ਨਥਾਲੀ ਰਾਏ ਆਪਣੇ ਫ਼ੈਸਲੇ 'ਤੇ ਕਾਇਮ ਰਹੇ I ਜਦੋਂ ਸੇਂਟ-ਪੀਅਰ ਪਲੈਮੰਡਨ ਅੰਦਰ ਆਉਣ ਲਈ ਉਡੀਕ ਰਹੇ ਸਨ ਤਾਂ ਸਪੀਕਰ ਨਥਾਲੀ ਰਾਏ ਦਰਵਾਜ਼ੇ ਦੇ ਦੂਜੇ ਪਾਸੇ ਖੜੇ ਰਹਿ ਕੇ ਆਪਣੇ ਫ਼ੈਸਲੇ ਬਾਰੇ ਬਿਆਨ ਪੜ੍ਹ ਰਹੇ ਸਨ I
ਸਪੀਕਰ ਨੇ ਨੈਸ਼ਨਲ ਅਸੈਂਬਲੀ ਸੰਬੰਧੀ ਐਕਟ ਦਾ ਹਵਾਲਾ ਦਿੰਦੇ ਹੋਏ ਆਪਣੇ ਪੁਰਾਣੇ ਫ਼ੈਸਲੇ ਨੂੰ ਦੁਹਰਾਇਆ ਕਿ ਕਾਨੂੰਨ ਇਹ ਨਿਰਧਾਰਤ ਕਰਦਾ ਹੈ ਕਿ ਸੰਸਦੀ ਕਾਰਵਾਈ ਵਿੱਚ ਹਿੱਸਾ ਲੈਣ ਲਈ ਕੈਨੇਡਾ ਦੇ ਰਾਜ ਦੇ ਮੁਖੀ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁੱਕਣੀ ਲਾਜ਼ਮੀ ਹੈ।
ਸਪੀਕਰ ਨੇ ਕਿਹਾ ਇਹ ਰਾਇ ਦਾ ਸਵਾਲ ਨਹੀਂ ਹੈ, ਸਗੋਂ ਕਾਨੂੰਨ ਦੀ ਸਥਿਤੀ ਹੈ।
ਉਹਨਾਂ ਕਿਹਾ ਨਿਯਮ ਨੂੰ ਬਦਲਣਾ ਸਪੀਕਰ 'ਤੇ ਨਿਰਭਰ ਨਹੀਂ ਹੈ। ਇਹ ਕਿਊਬੈਕ ਦੇ ਲੋਕਾਂ ਦੁਆਰਾ ਚੁਣੇ ਗਏ ਐਮਐਨਏਜ਼ 'ਤੇ ਨਿਰਭਰ ਹੈ I
ਇਸ ਘਟਨਾ ਬਾਰੇ ਬੋਲਦਿਆਂ ਕਿਊਬੈਕ ਪ੍ਰੀਮੀਅਰ ਫ਼੍ਰੈਂਸੁਆ ਲਿਗੋਅ ਨੇ ਕਿਹਾ ਕਿ ਹਰੇਕ ਚੁਣੇ ਹੋਏ ਨੁਮਾਇੰਦੇ ਨੂੰ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ।
ਲਿਗੋਅ ਨੇ ਕਿਹਾ ਮੈਨੂੰ ਰਾਜੇ ਦੀ ਸਹੁੰ ਚੁੱਕਣਾ ਪਸੰਦ ਨਹੀਂ ਹੈ। ਮੈਨੂੰ ਲਗਦਾ ਹੈ ਕਿ ਅਸੀਂ ਸਾਰੇ ਸਹਿਮਤ ਹਾਂ ਕਿ ਇਸ ਲੋੜ ਨੂੰ ਖ਼ਤਮ ਕਰ ਦਿੱਤਾ ਜਾਣਾ ਚਾਹੀਦਾ ਹੈ I
ਪ੍ਰੀਮੀਅਰ ਫ਼੍ਰੈਂਸੁਆ ਲਿਗੋਅ ਨੇ ਕਿਹਾ ਫ਼ਿਲਹਾਲ ਸਾਨੂੰ ਮਹਿੰਗਾਈ ਨਾਲ ਜੂਝ ਰਹੇ ਸੂਬਾ ਨਿਵਾਸੀਆਂ ਲਈ ਕੰਮ ਕਰਨ ਦੀ ਲੋੜ ਹੈ ਪਰ ਜੇਕਰ ਪਾਰਟੀ ਕਿਊਬੈਕਵਾ ਦੀ ਤਰਜੀਹ ਕੋਈ ਹੋਰ ਹੈ ਤਾਂ ਇਹ ਉਹਨਾਂ ਦੀ ਪਸੰਦ ਹੈ I
ਕਾਨੂੰਨ ਵਿੱਚ ਬਦਲਾਅ ਦੀ ਸੰਭਾਵਨਾ
ਪਾਰਟੀ ਕਿਊਬੈਕਵਾ ਕੋਈ ਇਕਲੌਤੀ ਪਾਰਟੀ ਨਹੀਂ ਹੈ ਜਿਸ ਦੇ ਮੈਂਬਰ ਸਹੁੰ ਚੁੱਕਣਾ ਨਹੀਂ ਚਾਹੁੰਦੇ ਸਨ। ਕਿਊਬੈਕ ਸੌਲੀਡੇਅਰ ਦੇ ਮੈਂਬਰਾਂ ਨੇ ਵੀ ਓਦੋਂ ਤੱਕ ਸਹੁੰ ਨਹੀਂ ਚੁੱਕੀ ਜਦੋਂ ਤੱਕ ਉਹਨਾਂ ਨੂੰ ਇਹ ਸਪਸ਼ਟ ਨਹੀਂ ਹੋਇਆ ਕਿ ਮੈਂਬਰਾਂ ਨੂੰ ਦਾਖ਼ਲੇ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਕਿਊਬੈਕ ਸੌਲੀਡੇਅਰ ਪਾਰਟੀ ਨੇ ਬਦਲਾਅ ਕਰਨ ਲਈ ਇੱਕ ਬਿੱਲ ਪੇਸ਼ ਕੀਤਾ I ਪ੍ਰੀਮੀਅਰ ਫ਼੍ਰੈਂਸੁਆ ਲਿਗੋਅ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਅਗਲੇ ਹਫਤੇ ਕਾਨੂੰਨ ਨੂੰ ਬਦਲਣ ਲਈ ਇੱਕ ਬਿੱਲ ਪੇਸ਼ ਕਰੇਗੀ।
ਲੌਰਾ ਮਾਰਚੈਂਡ ਸੀਬੀਸੀ ਨਿਊਜ਼
ਪੰਜਾਬੀ ਅਨੁਵਾਦ ਸਰਬਮੀਤ ਸਿੰਘ