- ਮੁੱਖ ਪੰਨਾ
- ਵਾਤਾਵਰਨ
ਵੈਨਕੂਵਰ ’ਚ ਪਹਿਲੀ ਬਰਫ਼ਬਾਰੀ : ਸੈਂਕੜੇ ਲੋਕ ਸੜਕਾਂ ’ਤੇ ਫ਼ਸੇ, ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ
ਯਾਤਰੀਆਂ ਨੂੰ ਗੈਰ-ਜ਼ਰੂਰੀ ਯਾਤਰਾ ਨਾ ਕਰਨ ਦੀ ਸਿਫ਼ਾਰਸ਼

ਬੀਸੀ ਦੇ ਲੋਅਰ ਮੇਨਲੈਂਡ ਵਿੱਚ ਹਜ਼ਾਰਾਂ ਯਾਤਰੀ ਆਪਣੀਆਂ ਕਾਰਾਂ ਵਿੱਚ ਘੰਟਿਆਂ ਤੱਕ ਟ੍ਰੇਫਿਕ ਵਿੱਚ ਫ਼ਸੇ ਰਹੇ।
ਤਸਵੀਰ: Supplied by Jane Tymos
ਸੀਜ਼ਨ ਦੀ ਪਹਿਲੀ ਵੱਡੀ ਬਰਫ਼ਬਾਰੀ ਨਾਲ ਵੈਨਕੂਵਰ ਅਤੇ ਆਸ ਪਾਸ ਦੇ ਇਲਾਕੇ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ I
ਬੀਸੀ ਦੇ ਲੋਅਰ ਮੇਨਲੈਂਡ ਵਿੱਚ ਹਜ਼ਾਰਾਂ ਯਾਤਰੀ ਆਪਣੀਆਂ ਕਾਰਾਂ ਵਿੱਚ ਘੰਟਿਆਂ ਤੱਕ ਟ੍ਰੈਫ਼ਿਕ ਵਿੱਚ ਫ਼ਸੇ ਰਹੇ।
ਇਕ ਯਾਤਰੀ ਜੇਨ ਟਾਈਮੋਸ ਨੇ ਆਪਣੀ ਕਾਰ ਤੋਂ ਇੱਕ ਇੰਟਰਵਿਊ ਵਿੱਚ ਬੋਲਦਿਆਂ ਕਿਹਾ ਟ੍ਰੈਫ਼ਿਕ ਵਿੱਚ ਫ਼ਸਣ ਕਾਰਨ ਮੈਂ ਭੁੱਖਾ ਹਾਂ ਅਤੇ ਨਿਰਾਸ਼ ਹਾਂ I
ਬੀਸੀ ਦੇ ਦੱਖਣੀ ਤੱਟ 'ਤੇ ਮੰਗਲਵਾਰ ਦੁਪਹਿਰ ਨੂੰ ਬਰਫ਼ ਡਿੱਗਣੀ ਸ਼ੁਰੂ ਹੋ ਗਈ ਅਤੇ ਸ਼ਾਮ ਤੱਕ ਪ੍ਰੋਵਿੰਸ ਵਿੱਚ ਡਰਾਈਵਿੰਗ ਕਰਨੀ ਮੁਸ਼ਕਿਲ ਹੋ ਗਈ I
ਮੈਟਰੋ ਵੈਨਕੂਵਰ ਵਿੱਚ ਐਲੇਕਸ ਫਰੇਜ਼ਰ ਬ੍ਰਿਜ ਨੂੰ ਵੀ ਕਈ ਹਾਦਸਿਆਂ ਤੋਂ ਬਾਅਦ ਮੰਗਲਵਾਰ ਰਾਤ ਨੂੰ ਦੋਵਾਂ ਦਿਸ਼ਾਵਾਂ ਵਿੱਚ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਬਹੁਤ ਸਾਰੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ I
ਬਿਜਲੀ ਸਪਲਾਈ ਪ੍ਰਭਾਵਿਤ
ਬ੍ਰਿਟਿਸ਼ ਕੋਲੰਬੀਆ ਵਿੱਚ ਮੰਗਲਵਾਰ ਨੂੰ ਹੋਈ ਬਰਫ਼ਬਾਰੀ ਦੇ ਚਲਦਿਆਂ ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ ਹੋਣ ਦਾ ਸਮਾਚਾਰ ਹੈ I
ਬੀਸੀ ਹਾਈਡਰੋ ਮੁਤਾਬਿਕ ਪ੍ਰੋਵਿੰਸ ਵਿੱਚ 20 ਹਜ਼ਾਰ ਤੋਂ ਵਧੇਰੇ ਵਿਅਕਤੀ ਬਿਜਲੀ ਸਪਲਾਈ ਤੋਂ ਪ੍ਰਭਾਵਿਤ ਹਨI
ਬੀਸੀ ਹਾਈਡਰੋ ਨੇ ਇੱਕ ਨੋਟਿਸ ਜਾਰੀ ਕਰਕੇ ਪ੍ਰੋਵਿੰਸ ਦੇ ਦੱਖਣੀ ਇਲਾਕਿਆਂ ਵਿੱਚ ਸਥਿਤ ਇਹਨਾਂ ਵਿਅਕਤੀਆਂ ਨੂੰ ਉਡੀਕ ਕਰਨ ਦੀ ਸਲਾਹ ਦਿੱਤੀ ਕਿਉਂਕਿ ਮੁਰੰਮਤ ਕਰਨ ਲਈ ਕਾਮਿਆਂ ਨੇ ਵੈਨਕੂਵਰ ਤੋਂ ਜਾਣਾ ਹੈ ਅਤੇ ਬਰਫ਼ਬਾਰੀ ਦੇ ਕਾਰਨ ਬਹੁਤ ਕਾਮਿਆਂ ਨੂੰ ਵੀ ਪਹੁੰਚਣ ਵਿੱਚ ਮੁਸ਼ਕਿਲ ਹੋ ਰਹੀ ਹੈ I

ਐਲੇਕਸ ਫਰੇਜ਼ਰ ਬ੍ਰਿਜ ਨੂੰ ਵੀ ਕਈ ਹਾਦਸਿਆਂ ਤੋਂ ਬਾਅਦ ਮੰਗਲਵਾਰ ਰਾਤ ਨੂੰ ਦੋਵਾਂ ਦਿਸ਼ਾਵਾਂ ਵਿੱਚ ਬੰਦ ਕਰ ਦਿੱਤਾ ਗਿਆ
ਤਸਵੀਰ: (Shane MacKichan
ਸੀਬੀਸੀ ਦੇ ਨਾਲ ਇੱਕ ਇੰਟਰਵਿਊ ਵਿੱਚ ਬੀਸੀ ਹਾਈਡਰੋ ਦੇ ਬੁਲਾਰੇ ਮੌਰਾ ਸਕਾਟ ਨੇ ਕਿਹਾ ਕਿ ਬਰਫ਼ ਦੇ ਭਾਰ ਕਾਰਨ ਦਰਖ਼ਤ ਬਿਜਲੀ ਦੀਆਂ ਤਾਰਾਂ 'ਤੇ ਡਿੱਗ ਪਏ ਜਿਸ ਨਾਲ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ I
ਬੀਸੀ ਦੀ ਟਰਾਂਸਪੋਰਟੇਸ਼ਨ ਮਿਨਿਸਟਰੀ ਵੱਲੋਂ ਬਰਫ਼ ਹਟਾਉਣ ਲਈ ਰੱਖੀ ਗਈ ਕੰਪਨੀ ਮੇਨਰੋਡ ਦਾ ਕਹਿਣਾ ਹਾਈ ਕਿ ਉਹਨਾਂ ਦੇ ਸਟਾਫ਼ ਵੱਲੋਂ ਗਸ਼ਤ ਕੀਤੀ ਜਾ ਰਹੀ ਹੈ ਅਤੇ ਸਫ਼ਾਈ ਲਈ ਵੀ ਕਾਮੇ ਤਿਆਰ ਹਨ I
ਇਨਵਾਇਰਮੈਂਟ ਕੈਨੇਡਾ (ਮੌਸਮ ਵਿਭਾਗ) ਵੱਲੋਂ ਵੈਨਕੂਵਰ ਆਈਲੈਂਡ ਵਿੱਚ 25 ਸੈਂਟੀਮੀਟਰ ਤੱਕ ਅਤੇ ਦੱਖਣੀ ਇਲਾਕਿਆਂ ਵਿੱਚ ਲਗਭਗ 5 ਤੋਂ 10 ਸੈਂਟੀਮੀਟਰ ਤੱਕ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਗਈ ਸੀ I ਵੈਨਕੂਵਰ , ਸਰੀ ਅਤੇ ਨਾਲ ਲਗਦੇ ਇਲਾਕਿਆਂ ਵਿੱਚ 10 ਤੋਂ 15 ਸੈਂਟੀਮੀਟਰ ਬਰਫ਼ ਪੈਣ ਦੀ ਉਮੀਦ ਜਤਾਈ ਜਾ ਰਹੀ ਸੀ I
ਤੇਜ਼ ਰਫ਼ਤਾਰ ਹਵਾਵਾਂ
ਫ਼ੈਡਰਲ ਮੌਸਮ ਏਜੰਸੀ ਦੇ ਇੱਕ ਮੌਸਮ ਵਿਗਿਆਨੀ, ਯੀਮੇਈ ਲੀ ਦਾ ਕਹਿਣਾ ਹੈ ਕਿ ਬੁੱਧਵਾਰ ਸਵੇਰੇ 40 ਤੋਂ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਦੇ ਨਾਲ ਬਰਫ਼ਬਾਰੀ ਹੋਵੇਗੀ I ਵਿਭਾਗ ਵੱਲੋਂ ਗੈਰ-ਜ਼ਰੂਰੀ ਯਾਤਰਾਵਾਂ ਨਾ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ।

ਦਰੱਖਤਾਂ ਦੇ ਡਿੱਗਣ ਨਾਲ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ I
ਤਸਵੀਰ: Allison Rutherford
ਹਵਾਈ ਉਡਾਣਾਂ ਰੱਦ
ਮੰਗਲਵਾਰ ਅਤੇ ਬੁੱਧਵਾਰ ਨੂੰ ਵੈਨਕੂਵਰ ਅਤੇ ਐਬਟਸਫੋਰਡ ਹਵਾਈ ਅੱਡਿਆਂ ਤੋਂ ਰਵਾਨਾ ਹੋਣ ਵਾਲੀਆਂ ਕਈ ਉਡਾਣਾਂ ਖਰਾਬ ਮੌਸਮ ਦੀ ਉਮੀਦ ਵਿੱਚ ਪਹਿਲਾਂ ਹੀ ਰੱਦ ਕਰ ਦਿੱਤੀਆਂ ਗਈਆਂ ਹਨ।
ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਵੱਲੋਂ ਯਾਤਰੀਆਂ ਨੂੰ ਹਵਾਈ ਅੱਡੇ 'ਤੇ ਸਮੇਂ ਸਿਰ ਪਹੁੰਚਣ ਲਈ ਘਰੋਂ ਪਹਿਲਾਂ ਚੱਲਣ ਅਤੇ ਉਡਾਣ ਦੀ ਅੱਪਡੇਟ ਕੀਤੀ ਜਾਣਕਾਰੀ ਲਈ ਏਅਰਲਾਈਨਾਂ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।
ਸੀਬੀਸੀ ਨਿਊਜ਼
ਪੰਜਾਬੀ ਅਨੁਵਾਦ ਸਰਬਮੀਤ ਸਿੰਘ