1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਐਲਬਰਟਾ ਦੇ ਸਾਬਕਾ ਪ੍ਰੀਮੀਅਰ ਜੇਸਨ ਕੇਨੀ ਵੱਲੋਂ ਐਮਐਲਏ ਦੀ ਸੀਟ ਤੋਂ ਅਸਤੀਫ਼ਾ

ਫ਼ੈਡਰਲ ਇਮੀਗ੍ਰੇਸ਼ਨ ਮਨਿਸਟਰ ਵੀ ਰਹਿ ਚੁੱਕੇ ਹਨ ਜੇਸਨ ਕੇਨੀ

ਐਲਬਰਟਾ ਦੇ ਸਾਬਕਾ ਪ੍ਰੀਮੀਅਰ ਜੇਸਨ ਕੇਨੀ

ਐਲਬਰਟਾ ਦੇ ਸਾਬਕਾ ਪ੍ਰੀਮੀਅਰ ਜੇਸਨ ਕੇਨੀ

ਤਸਵੀਰ: Radio-Canada / Emilio Avalos

RCI

ਐਲਬਰਟਾ ਦੇ ਸਾਬਕਾ ਪ੍ਰੀਮੀਅਰ ਜੇਸਨ ਕੇਨੀ ਵੱਲੋਂ ਆਪਣੀ ਕੈਲਗਰੀ-ਲੌਹੀਡ ਸੀਟ ਤੋਂ ਅਸਤੀਫ਼ਾ ਦੇ ਦਿੱਤਾ ਹੈ I

ਕੇਨੀ ਨੇ ਟਵਿੱਟਰ 'ਤੇ ਪੋਸਟ ਕੀਤੇ ਇੱਕ ਬਿਆਨ ਵਿੱਚ ਲਿਖਿਆ ਇੱਕ ਵੱਖਰੀ ਸਰਕਾਰ ਸਥਾਪਤ ਹੋ ਚੁੱਕੀ ਹੈ ਅਤੇ ਅਗਲੀ ਚੋਣ ਕੁਝ ਮਹੀਨਿਆਂ ਵਿੱਚ ਹੋਵੇਗੀ।

ਕੇਨੀ ਨੇ ਕਿਹਾ ਇਸ ਲਈ ਕਾਫ਼ੀ ਸੋਚ-ਵਿਚਾਰ ਅਤੇ ਵਿਚਾਰ-ਵਟਾਂਦਰੇ ਤੋਂ ਬਾਅਦ, ਮੈਂ ਇਸ ਸਿੱਟੇ 'ਤੇ ਪਹੁੰਚਿਆ ਹਾਂ ਕਿ ਮੇਰੇ ਲਈ ਐਮਐਲਏ ਵਜੋਂ ਅਹੁਦਾ ਛੱਡਣ ਦਾ ਸਭ ਤੋਂ ਵਧੀਆ ਸਮਾਂ ਹੈ I

ਕੇਨੀ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਅਜਿਹੀ ਸਰਕਾਰ ਦੀ ਅਗਵਾਈ ਕਰਨ 'ਤੇ ਮਾਣ ਹੈ ਜਿਸਨੇ ਆਪਣੇ ਜ਼ਿਆਦਾਤਰ ਚੋਣ ਵਾਅਦੇ ਪੂਰੇ ਕੀਤੇ ਹਨ I ਸਾਬਕਾ ਪ੍ਰੀਮੀਅਰ ਨੇ ਕਿਹਾ ਕਿ 25 ਸਾਲ ਦੇ ਰਾਜਸੀ ਸਫ਼ਰ ਤੋਂ ਬਾਅਦ ਅਹੁਦੇ ਤੋਂ ਹਟਣ ਦਾ ਸਹੀ ਸਮਾਂ ਹੈ।

ਕੇਨੀ ਇਸ ਬਾਬਤ ਸਪੀਕਰ ਨੂੰ ਵੀ ਪੱਤਰ ਲਿਖ ਚੁੱਕੇ ਹਨ I ਕੇਨੀ 2019 ਤੋਂ 2022 ਤੱਕ ਐਲਬਰਟਾ ਦੇ ਪ੍ਰੀਮੀਅਰ ਰਹੇ I ਮਈ ਮਹੀਨੇ ਦੌਰਾਨ ਹੋਈ ਲੀਡਰਸ਼ਿਪ ਸਮੀਖਿਆ ਦੌਰਾਨ 51.4 ਪ੍ਰਤੀਸ਼ਤ ਵੋਟ ਨਾਲ ਜਿੱਤਣ ਤੋਂ ਬਾਅਦ ਉਹਨਾਂ ਨੇ ਪ੍ਰੀਮੀਅਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ I

ਅਕਤੂਬਰ ਮਹੀਨੇ ਦੌਰਾਨ ਪਾਰਟੀ ਨੇ ਡੇਨੀਅਲ ਸਮਿਥ ਨੂੰ ਪ੍ਰੀਮੀਅਰ ਚੁਣ ਲਿਆ ਸੀ I

ਕੇਨੀ ਐਲਬਰਟਾ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਆਖ਼ਰੀ ਨੇਤਾ ਸਨ I ਐਲਬਰਟਾ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਵਾਈਲਡਰੋਜ਼ ਪਾਰਟੀ ਨਾਲ ਰਲੇਵਾਂ ਕਰ ਯੂਨਾਇਟਡ ਕੰਜ਼ਰਵੇਟਿਵ ਪਾਰਟੀ ਆਫ਼ ਐਲਬਰਟਾ ( ਯੂਸੀਪੀ ) ਦਾ ਗਠਨ ਕੀਤਾ ਸੀ I ਕੇਨੀ ਨੇ ਯੂਸੀਪੀ ਦੀ ਅਗਵਾਈ ਵੀ ਕੀਤੀ I

ਐਲਬਰਟਾ ਦੀ ਪ੍ਰੋਵਿੰਸ਼ੀਅਲ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਕੇਨੀ ਇਕ ਐਮ ਪੀ ਰਹਿ ਚੁੱਕੇ ਹਨ ਅਤੇ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਦੀ ਸਰਕਾਰ ਵਿੱਚ ਫ਼ੈਡਰਲ ਇਮੀਗ੍ਰੇਸ਼ਨ ਮਨਿਸਟਰ ਅਤੇ ਹੋਰ ਅਹੁਦਿਆਂ 'ਤੇ ਰਹਿ ਚੁੱਕੇ ਹਨ I

ਉਹ 1997 ਦੌਰਾਨ ਪਹਿਲੀ ਵਾਰ ਐਮ ਪੀ ਚੁਣੇ ਗਏ ਸਨ I

ਅਸਤੀਫ਼ੇ ਦਾ ਸਮਾਂ

ਕੇਨੀ ਨੇ ਅਸਤੀਫ਼ਾ ਉਸ ਦਿਨ ਦਿੱਤਾ ਹੈ ਜਿਸ ਦਿਨ ਪ੍ਰੀਮੀਅਰ ਡੈਨੀਅਲ ਸਮਿਥ ਦੀ ਸਰਕਾਰ ਨੇ ਐਲਬਰਟਾ ਦੀ ਪ੍ਰਭੂਸੱਤਾ ਬਾਬਤ ਐਕਟ ਲਿਆਂਦਾ ਹੈ I

ਸਿਆਸੀ ਮਾਹਰਾਂ ਮੁਤਾਬਿਕ ਕੇਨੀ ਦਾ ਇਹ ਫ਼ੈਸਲਾ ਨਵੇਂ ਪ੍ਰੀਮੀਅਰ ਦੇ ਸਿਆਸੀ ਫ਼ੈਸਲਿਆਂ 'ਤੇ ਨਰਾਜ਼ਗੀ ਜ਼ਾਹਰ ਕਰਦਾ ਪ੍ਰਤੀਤ ਹੁੰਦਾ ਹੈ I

ਮਾਊਂਟ ਰਾਇਲ ਯੂਨੀਵਰਸਿਟੀ ਦੇ ਪੋਲੀਟੀਕਲ ਸਾਇੰਟਿਸਟ ਲੋਰੀ ਵਿਲੀਅਮਜ਼ ਨੇ ਕਿਹਾ ਕੇਨੀ ਕਿਸੇ ਵੀ ਸਮੇਂ ਅਸਤੀਫ਼ਾ ਦੇ ਸਕਦੇ ਸਨ ਪਰ ਉਹਨਾਂ ਨੇ ਇਸ ਐਕਟ ਦੇ ਤੁਰੰਤ ਬਾਅਦ ਅਸਤੀਫ਼ਾ ਦਿੱਤਾ I ਮੈਨੂੰ ਨਹੀਂ ਲੱਗਦਾ ਕਿ ਇਹ ਇਤਫ਼ਾਕ ਹੈ I

ਸੀਬੀਸੀ ਨਿਊਜ਼
ਜੋਨਾਥਨ ਸ਼ਾਰਪ ਤੋਂ ਪ੍ਰਾਪਤ ਫ਼ਾਇਲਜ਼ ਅਨੁਸਾਰ
ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ