1. ਮੁੱਖ ਪੰਨਾ
  2. ਸਿਹਤ

ਵਿਦੇਸ਼ਾਂ ਤੋਂ ਸਿੱਖਿਆ ਪ੍ਰਾਪਤ ਡਾਕਟਰਾਂ ਨੂੰ ਲਾਇਸੈਂਸ ਪ੍ਰਕਿਰਿਆ ’ਚ ਛੋਟ ਦੇਣ ਦਾ ਐਲਾਨ

ਸੂਬੇ ਵਿੱਚ ਡਾਕਟਰਾਂ ਦੀ ਘਾਟ ਦੇ ਚਲਦਿਆਂ ਲਿਆ ਗਿਆ ਹੈ ਕਦਮ

ਬੀਸੀ ਪ੍ਰੀਮੀਅਰ ਡੇਵਿਡ ਈਬੀ

ਬੀਸੀ ਪ੍ਰੀਮੀਅਰ ਡੇਵਿਡ ਈਬੀ

ਤਸਵੀਰ: Radio-Canada / Catherine Dib

RCI

ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਵਿੱਚ ਡਾਕਟਰਾਂ ਦੀ ਘਾਟ ਅਤੇ ਐਮਰਜੈਂਸੀ ਵਿਭਾਗ ਵਿੱਚ ਵੱਧ ਰਹੇ ਦਬਾਅ ਦੇ ਚਲਦਿਆਂ , ਪ੍ਰੋਵਿੰਸ ਵੱਲੋਂ ਨਿਯਮਾਂ 'ਚ ਬਦਲਾਅ ਕਰਨ ਦਾ ਐਲਾਨ ਕੀਤਾ ਗਿਆ ਹੈ I

ਸੂਬੇ ਦੇ ਪ੍ਰੀਮੀਅਰ ਡੇਵਿਡ ਈਬੀ ਦਾ ਕਹਿਣਾ ਹੈ ਕਿ ਪ੍ਰੈਕਟਿਸ ਰੈਡੀ ਅਸੈੱਸਮੈਂਟ ਪ੍ਰੋਗਰਾਮ ਵਿੱਚ ਸੀਟਾਂ ਦੀ ਗਿਣਤੀ ਨੂੰ ਤਿੰਨ ਗੁਣਾ ਕੀਤਾ ਜਾ ਰਿਹਾ ਹੈ I ਪ੍ਰੋਵਿੰਸ ਦਾ ਮੌਜੂਦਾ 32 ਸੀਟਾਂ ਨੂੰ ਵਧਾ ਕੇ 2024 ਤੱਕ 96 ਕਰਨ ਦਾ ਟੀਚਾ ਹੈ I

ਇਹ ਪ੍ਰੋਗਰਾਮ ਹੋਰਨਾਂ ਦੇਸ਼ਾਂ ਤੋਂ ਪੜ੍ਹੇ ਫ਼ੈਮਿਲੀ ਡਾਕਟਰਾਂ ਨੂੰ ਬੀਸੀ ਵਿੱਚ ਲਾਇਸੈਂਸ ਲੈਣ ਦੀ ਇਜਾਜ਼ਤ ਦਿੰਦਾ ਹੈI ਇਸ ਪ੍ਰੋਗਰਾਮ ਤਹਿਤ ਉਹਨਾਂ ਦੀ ਪਲੇਸਮੈਂਟ ਘੱਟੋ-ਘੱਟ ਤਿੰਨ ਸਾਲਾਂ ਲਈ ਬੀਸੀ ਦੇ ਪੇਂਡੂ ਇਲਾਕਿਆਂ ਵਿੱਚ ਹੁੰਦੀ ਹੈ I

ਡੇਵਿਡ ਈਬੀ ਨੇ ਕਿਹਾ ਕਿ ਸਿਹਤ ਪ੍ਰਣਾਲੀ 'ਤੇ ਦਬਾਅ ਵਧਿਆ ਹੈ ਅਤੇ ਬਹੁਤ ਸਾਰੇ ਸੂਬਾ ਨਿਵਾਸੀ ਫ਼ੈਮਿਲੀ ਡਾਕਟਰ ਲੱਭਣ ਵਿੱਚ ਦਿੱਕਤ ਮਹਿਸੂਸ ਕਰ ਰਹੇ ਹਨ I

ਪ੍ਰੀਮੀਅਰ ਈਬੀ ਨੇ ਕਿਹਾ ਕਿ ਬਹੁਤ ਸਾਰੇ ਲੋਕ ਯੂਨੀਵਰਸਲ ਪਬਲਿਕ ਹੈਲਥ ਕੇਅਰ ਦੀ ਬਜਾਏ ਅਜਿਹਾ ਸਿਸਟਮ ਬਣਾਉਣ ਦੀ ਵਕਾਲਤ ਕਰ ਰਹੇ ਹਨ , ਜਿਸ ਵਿੱਚ ਪੈਸੇ ਵਾਲੇ ਵਿਅਕਤੀਆਂ ਦੀ ਸਿਹਤ ਸਹੂਲਤਾਂ ਤੱਕ ਵਧੇਰੇ ਪਹੁੰਚ ਹੋਵੇ ਪਰ ਪ੍ਰੀਮੀਅਰ ਨੇ ਜਨਤਕ ਸਿਹਤ ਪ੍ਰਣਾਲੀ ਨੂੰ ਕੈਨੇਡਾ ਦੀਆਂ ਸਭ ਤੋਂ ਵੱਡੀਆਂ ਪ੍ਰਾਪਤੀਆਂ ਵਿੱਚੋਂ ਇੱਕ ਕਰਾਰ ਦਿੱਤਾ।

ਈਬੀ ਨੇ ਕਿਹਾ ਅਸੀਂ ਇੱਕ ਬਿਹਤਰ ਸਿਹਤ-ਸੰਭਾਲ ਪ੍ਰਣਾਲੀ ਲਈ ਆਪਣੇ ਤਰੀਕੇ ਦਾ ਨਿੱਜੀਕਰਨ ਨਹੀਂ ਕਰ ਸਕਦੇ ਹਾਂ I

ਨਵੇਂ ਨਿਯਮਾਂ ਬਾਰੇ ਜਾਣਕਾਰੀ ਦਿੰਦਿਆਂ , ਈਬੀ ਨੇ ਕਿਹਾ ਕਿ ਅੰਤਰਾਸ਼ਟਰੀ ਸਿੱਖਿਆ ਪ੍ਰਾਪਤ ਡਾਕਟਰ ਜੋ ਕਿ ਫ਼ਿਲਹਾਲ ਲਾਇਸੈਂਸ ਲੈਣ ਲਈ ਯੋਗ ਨਹੀਂ ਹਨ , ਹੁਣ ਐਸੋਸੀਏਟ ਫਿਜ਼ੀਸ਼ੀਅਨ ਕਲਾਸ ਲਈ ਯੋਗ ਹੋ ਸਕਣਗੇ I

ਐਸੋਸੀਏਟ ਡਾਕਟਰ ਇੱਕ ਹੈਲਥ ਅਥਾਰਟੀ ਦੇ ਅੰਦਰ ਹਾਜ਼ਰ ਡਾਕਟਰ ਦੇ ਨਿਰਦੇਸ਼ਨ ਅਤੇ ਨਿਗਰਾਨੀ ਹੇਠ ਮਰੀਜ਼ਾਂ ਦੀ ਦੇਖਭਾਲ ਕਰ ਸਕਦੇ ਹਨ।

ਈਬੀ ਨੇ ਕਿਹਾ ਕਿ ਹੁਣ ਯੂ ਐਸ ਵਿੱਚੋਂ ਸਿੱਖਿਆ ਪ੍ਰਾਪਤ ਡਾਕਟਰਾਂ ਨੂੰ ਬੀਸੀ ਦੇ ਕਮਿਊਨਿਟੀ ਸੈਂਟਰਾਂ ਸਮੇਤ ਪ੍ਰਾਇਮਰੀ ਕੇਅਰ ਸੈਂਟਰ ਆਦਿ ਥਾਵਾਂ 'ਤੇ ਪ੍ਰੈਕਟਿਸ ਕਰਨ ਲਈ ਨਿਯਮਾਂ ਵਿੱਚ ਬਦਲਾਅ ਕੀਤੇ ਜਾ ਰਹੇ ਹਨ I

ਨਿਯਮਾਂ ਵਿੱਚ ਤਬਦੀਲੀਆਂ ਆਉਣ ਵਾਲੇ ਹਫ਼ਤਿਆਂ ਵਿੱਚ ਲਾਗੂ ਹੋਣ ਦੀ ਉਮੀਦ ਹੈ ਜਿਸਦਾ ਭਾਵ ਹੈ ਕਿ ਡਾਕਟਰ ਜਨਵਰੀ ਮਹੀਨੇ ਤੱਕ ਉਕਤ ਇਲਾਕਿਆਂ ਵਿੱਚ ਆਪਣੀ ਪ੍ਰੈਕਟਿਸ ਸ਼ੁਰੂ ਕਰ ਸਕਣਗੇ I

ਬੀਸੀ ਦੇ ਹੈਲਥ ਮਨਿਸਟਰ ਏਡਰੀਅਨ ਡਿਕਸ ਦਾ ਕਹਿਣਾ ਹੈ ਕਿ 2003 ਵਿੱਚ ਫ਼ੈਮਿਲੀ ਡਾਕਟਰ ਤੋਂ ਬਿਨਾਂ ਲਗਭਗ 300,000 ਲੋਕ ਸਨ, ਜਿੰਨ੍ਹਾਂ ਦੀ ਗਿਣਤੀ 2017 ਵਿੱਚ ਵਧ ਕੇ 900,000 ਤੋਂ ਵੱਧ ਹੋ ਗਈ। ਹੁਣ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਸਮੇਂ ਬੀਸੀ ਵਿੱਚ ਕਰੀਬ 1 ਮਿਲੀਅਨ ਬ੍ਰਿਟਿਸ਼ ਕੋਲੰਬੀਅਨ ਅਜਿਹੇ ਹਨ I

ਕੈਨੇਡੀਅਨ ਪ੍ਰੈਸ ਸੀਬੀਸੀ ਨਿਊਜ਼
ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ