1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਐਮਰਜੈਂਸੀ ਕਮੀਸ਼ਨ ਅੱਗੇ ਹੋਏ ਪੇਸ਼

ਐਮਰਜੈਂਸੀ ਐਕਟ ਲਾਗੂ ਕਰਨ ਬਾਰੇ ਹੋ ਰਹੀ ਹੈ ਪੁੱਛ ਗਿੱਛ

ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ

ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ

ਤਸਵੀਰ: La Presse canadienne / Sean Kilpatrick

RCI

ਐਮਰਜੈਂਸੀ ਐਕਟ ਲਾਗੂ ਕਰਨ ਦੀ ਸਥਿਤੀ ਅਤੇ ਐਮਰਜੈਂਸੀ ਨਾਲ ਨਜਿੱਠਣ ਲਈ ਕੀਤੇ ਗਏ ਉਪਾਵਾਂ ਬਾਰੇ ਹੋ ਰਹੀ ਪੁੱਛ ਗਿੱਛ ਦਰਮਿਆਨ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਵੀਰਵਾਰ ਨੂੰ ਐਮਰਜੈਂਸੀ ਕਮੀਸ਼ਨ ਅੱਗੇ ਹੋਏ ਪੇਸ਼ ਹੋਏ I

ਆਪਣੀ ਗਵਾਹੀ ਦੌਰਾਨ ਫ੍ਰੀਲੈਂਡ ਨੇ ਯੂਐਸ ਦੇ ਰਾਸ਼ਟਰਪਤੀ ਜੋ ਬਾਇਡਨ ਦੇ ਸੀਨੀਅਰ ਆਰਥਿਕ ਸਲਾਹਕਾਰ ਵੱਲੋਂ ਉਹਨਾਂ ਨੂੰ ਪ੍ਰਦਰਸ਼ਨ ਬਾਰੇ 10 ਫ਼ਰਵਰੀ ਨੂੰ ਫ਼ੋਨ ਕੀਤੇ ਜਾਣ ਦੀ ਗੱਲ ਆਖੀ I 

ਟਰਾਂਸਪੋਰਟ ਕੈਨੇਡਾ ਦਾ ਅੰਦਾਜ਼ਾ ਹੈ ਕਿ ਪ੍ਰਦਰਸ਼ਨ ਕਾਰਨ ਅੰਬੈਸਡਰ ਬ੍ਰਿਜ ਉੱਪਰ ਹੋਈ ਨਾਕਾਬੰਦੀ ਕਾਰਨ 2.3 ਬਿਲੀਅਨ ਡਾਲਰ ਦਾ ਵਪਾਰ ਠੱਪ ਹੋਇਆ ਸੀ I 

ਬੈਂਕ ਖਾਤਿਆਂ ਨੂੰ ਫ੍ਰੀਜ਼ ਕਰਨ ਦੇ ਸਵਾਲ

ਆਪਣੀ ਗਵਾਹੀ ਦੌਰਾਨ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੂੰ ਵੈਕਸੀਨ ਵਿਰੋਧੀ ਪ੍ਰਦਰਸ਼ਨ ਨਾਲ ਜੁੜੇ ਲੋਕਾਂ ਦੇ ਖਾਤਿਆਂ ਨੂੰ ਫ੍ਰੀਜ਼ ਕਰਨ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ I 

ਪਿਛਲੇ ਹਫ਼ਤੇ ਪੁੱਛਗਿੱਛ ਲਈ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਿਕ ਉਸ ਦੌਰਾਨ ਲਗਭਗ $8 ਮਿਲੀਅਨ ਦੀ ਜਾਇਦਾਦ ਵਾਲੇ ਲਗਭਗ 280 ਬੈਂਕ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਗਿਆ ਸੀ।

ਫ੍ਰੀਲੈਂਡ ਨੇ ਇਸ ਕਦਮ ਦਾ ਬਚਾਅ ਕਰਦੇ ਹੋਏ ਕਿਹਾ ਕਿ ਸਰਕਾਰ ਚਾਹੁੰਦੀ ਸੀ ਕਿ ਵਿਰੋਧ ਪ੍ਰਦਰਸ਼ਨ ਸ਼ਾਂਤੀਪੂਰਵਕ ਖ਼ਤਮ ਹੋਣ ਅਤੇ ਇਹਨਾਂ ਕਦਮਾਂ ਨੇ ਪ੍ਰਦ੍ਰਸ਼ਕਾਰੀਆ ਉੱਪਰ ਪ੍ਰਦਰਸ਼ਨ ਖ਼ਤਮ ਕਰਨ ਦਾ ਦਬਾਅ ਬਣਾਇਆ I 

ਲੰਘੇ ਹਫ਼ਤੇ , ਪ੍ਰਦਰਸ਼ਨਕਾਰੀਆਂ ਦੇ ਵਕੀਲ , ਬਰੈਂਡਨ ਮਿਲਰ ਨੇ ਕਿਹਾ ਸੀ ਕਿ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰਨਾ ਕੈਨੇਡੀਅਨਜ਼ ਦੇ ਪ੍ਰਦਰਸ਼ਨ ਕਰਨ ਦੀ ਆਜ਼ਾਦੀ ਦੇ ਅਧਿਕਾਰ ਦੀ ਉਲੰਘਣਾ ਸੀ I 

ਐਮਰਜੈਂਸੀ ਐਕਟ ਦੇ ਤਹਿਤ ਪ੍ਰਦਾਨ ਕੀਤੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਦੇਸ਼ ਦੇ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਨੂੰ ਉਹਨਾਂ ਲੋਕਾਂ ਨਾਲ ਵਪਾਰ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਸਨ ਜੋ ਸਿੱਧੇ ਜਾਂ ਅਸਿੱਧੇ ਤੌਰ 'ਤੇ ਵੈਕਸੀਨ ਵਿਰੋਧੀ ਪ੍ਰਦਰਸ਼ਨਾਂ ਨਾਲ ਜੁੜੇ ਹੋਏ ਸਨ I 

ਜ਼ਿਕਰਯੋਗ ਹੈ ਕਿ ਔਟਵਾ ਵਿਚ ਵੈਕਸੀਨ ਖ਼ਿਲਾਫ਼ ਹੋਏ ਮੁਜ਼ਾਹਰਿਆਂ ਵੇਲੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਐਮਰਜੈਂਸੀ ਐਕਟ ਦਾ ਐਲਾਨ ਕਰ ਦਿੱਤਾ ਸੀ। ਕੈਨੇਡਾ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰੀ ਕੀਤਾ ਗਿਆ ਸੀ।

ਐਮਰਜੈਂਸੀ ਐਕਟ ਦੇ ਲਾਗੂ ਹੋਣ ਨਾਲ ਵਿਰੋਧ ਪ੍ਰਦਰਸ਼ਨਾਂ ਨਾਲ ਨਜਿੱਠਣ ਲਈ ਫ਼ੈਡਰਲ ਸਰਕਾਰ ਨੂੰ ਆਰਜ਼ੀ ਤੌਰ ‘ਤੇ ਵਾਧੂ ਸ਼ਕਤੀਆਂ ਪ੍ਰਾਪਤ ਹੋਈਆਂ ਸਨ। 

ਐਮਰਜੈਂਸੀ ਕਮੀਸ਼ਨ ਹੁਣ ਤੱਕ ਫ਼ੈਡਰਲ ਮਿਨਿਸਟਰਜ਼ ਅਤੇ ਉਹਨਾਂ ਦੇ ਸਟਾਫ਼ , ਔਟਵਾ ਪੁਲਿਸ ਸਰਵਿਸ , ਓਨਟੇਰੀਓ ਪ੍ਰੋਵਿੰਸ਼ੀਅਲ ਪੁਲਿਸ , ਪ੍ਰੋਵਿੰਸ਼ੀਅਲ ਅਧਿਕਾਰੀਆਂ ਅਤੇ  ਪ੍ਰਦਰਸ਼ਨ ਦੇ ਪ੍ਰਬੰਧਕਾਂ ਤੋਂ ਪੁੱਛ ਗਿੱਛ ਕਰ ਚੁੱਕਾ ਹੈ I 

ਕਮੀਸ਼ਨ ਦਾ ਪਹਿਲਾ ਪੜਾਅ 25 ਨਵੰਬਰ ਨੂੰ ਸਮਾਪਤ ਹੋਵੇਗਾ। ਉਸਤੋਂ ਬਾਅਦ ਅਗਲੇ ਪੜਾਅ ਵਿਚ ਨੀਤੀ ਮਾਹਰਾਂ ਨਾਲ ਗੋਲਮੇਜ਼ ਗੱਲਬਾਤ ਹੋਵੇਗੀ।

6 ਫ਼ਰਵਰੀ ਨੂੰ ਕਮੀਸ਼ਨ ਆਪਣੀ ਰਿਪੋਰਟ ਪੇਸ਼ ਕਰੇਗਾ।

ਕੈਥਰੀਨ ਟੂਨੀ , ਸੀਬੀਸੀ ਨਿਊਜ਼
ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ