1. ਮੁੱਖ ਪੰਨਾ
  2. ਸਮਾਜ
  3. ਪਾਰਟੀਆਂ ਅਤੇ ਰਿਸੈਪਸ਼ਨ

[ ਰਿਪੋਰਟ ] ਸਿਟੀ ਆਫ਼ ਬ੍ਰੈਂਪਟਨ ਵਿੱਚ ਚੱਲੀ ਪਟਾਕਿਆਂ ਬਾਬਤ ਨਿਯਮਾਂ ’ਚ ਸਖ਼ਤੀ ਕਰਨ ਦੀ ਗੱਲ

ਸਿਟੀ ਕੌਂਸਲ ਵਿੱਚ ਸਰਬਸੰਮਤੀ ਨਾਲ ਮਤਾ ਪਾਸ 

Des adolescents qui courent dans un parc

Une capture d'écran d'une vidéo d'une bataille de feux d'artifice lors du weekend de la Fête de la reine

ਤਸਵੀਰ: Twitter

ਸਰਬਮੀਤ ਸਿੰਘ

ਦੀਵਾਲੀ ਮੌਕੇ ਪਟਾਕਿਆਂ ਕਾਰਨ ਸ਼ਹਿਰ ਨਿਵਾਸੀਆਂ ਨੂੰ ਹੋਈ ਪ੍ਰੇਸ਼ਾਨੀ ਤੋਂ ਬਾਅਦ ਹੁਣ ਸਿਟੀ ਆਫ਼ ਬ੍ਰੈਂਪਟਨ ਵਿੱਚ ਪਟਾਕਿਆਂ ਬਾਬਤ ਨਿਯਮ ਹੋਰ ਸਖ਼ਤ ਕਰਨ ਦੀ ਮੰਗ ਚੱਲੀ ਹੈ I

ਸ਼ਹਿਰ ਦੇ ਵਾਰਡ ਨੰਬਰ 3 ਅਤੇ 4 ਤੋਂ ਕੌਂਸਲਰ ਚੁਣੇ ਗਏ ਡੈਨਿਸ ਕੀਨਨ ਨੇ ਸਿਟੀ ਦੀ ਮੀਟਿੰਗ ਵਿੱਚ ਇਕ ਮਤਾ ਲਿਆਂਦਾ ਜਿਸਦੀ ਪੰਜਾਬੀ ਮੂਲ ਦੇ ਕੌਂਸਲਰ ਗੁਰਪ੍ਰੀਤ ਸਿੰਘ ਤੂਰ ਵੱਲੋ ਪ੍ਰੋੜਤਾ ਕੀਤੀ ਗਈ I  ਇਹ ਮਤਾ ਮੀਟਿੰਗ ਵਿੱਚ ਸਰਬਸੰਮਤੀ ਨਾਲ ਪਾਸ ਹੋ ਗਿਆ I

ਕੀਨਨ ਨੇ ਮਤੇ ਰਾਹੀਂ ਸਿਟੀ ਨੂੰ ਪਟਾਕੇ ਖ਼ਰੀਦਣ , ਵੇਚਣ , ਚਲਾਉਣ ਅਤੇ ਜੁਰਮਾਨੇ ਵਿੱਚ ਬਦਲਾਅ ਲਿਆਉਣ ਦੀ ਮੰਗ ਕੀਤੀ ਹੈ I

ਕੌਂਸਲਰ ਕੀਨਨ ਦਾ ਕਹਿਣਾ ਹੈ ਕਿ ਉਹਨਾਂ ਨੇ ਚੋਣਾਂ ਦੌਰਾਨ ਇਸ ਬਾਰੇ ਵਾਅਦਾ ਕੀਤਾ ਸੀ ਅਤੇ ਹੁਣ ਉਹ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ I ਉਹਨਾਂ ਕਿਹਾ ਇਹ ਮਤਾ ਮੀਟਿੰਗ ਵਿੱਚ ਸਰਬਸੰਮਤੀ ਨਾਲ ਪਾਸ ਹੋ ਗਿਆ , ਜਿਸਤੋਂ ਪਤਾ ਲਗਦਾ ਹੈ ਕਿ ਮੌਜੂਦਾ ਨਿਯਮਾਂ ਵਿੱਚ ਤਬਦੀਲੀ ਦੀ ਲੋੜ ਹੈ I

ਕੀ ਹਨ ਮੌਜੂਦਾ ਨਿਯਮ

ਕੈਨੇਡਾ ਵਿੱਚ ਦੁਕਾਨਦਾਰਾਂ ਲਈ ਪਟਾਕੇ ਵੇਚ ਪਾਉਣਾ ਐਨਾ ਸੌਖਾ ਨਹੀਂ ਹੈ ਅਤੇ ਵਿਕਰੇਤਾ ਪਰਮਿਟ ਤੋਂ ਬਗ਼ੈਰ ਪਟਾਕੇ ਨਹੀਂ ਵੇਚ ਸਕਦੇ I ਪਰਮਿਟ ਲੈਣ ਲਈ ਹਰੇਕ ਸ਼ਹਿਰ ਵਿੱਚ ਅਲੱਗ ਅਲੱਗ ਫ਼ੀਸ ਹੁੰਦੀ ਹੈ I

ਪਰਮਿਟ ਪ੍ਰਾਪਤ ਪਟਾਕੇ ਵਿਕਰੇਤਾ 18 ਸਾਲ ਤੋਂ ਵੱਡੀ ਉਮਰ ਦੇ ਵਿਅਕਤੀਆਂ ਨੂੰ ਹੀ ਪਟਾਕੇ ਵੇਚ ਸਕਦੇ ਹਨI ਲੋੜ ਪੈਣ 'ਤੇ ਵਿਕਰੇਤਾ ਗ਼ਾਹਕ ਤੋਂ ਉਸਦੀ ਉਮਰ ਜਾਨਣ ਲਈ ਸ਼ਨਾਖਤੀ ਕਾਰਡ ਵੀ ਮੰਗ ਸਕਦਾ ਹੈ I

ਬ੍ਰੈਂਪਟਨ ਸ਼ਹਿਰ ਵਿੱਚ ਸਿਟੀ ਨਿਯਮ ਪਟਾਕੇ ਵੇਚਣ ਵਾਲਿਆਂ ਨੂੰ 50 ਲੱਖ ਡਾਲਰ ਦੀ ਇੰਸ਼ੋਰੈਂਸ ਲੈਣ ਲਈ ਆਖਦੇ ਹਨ I ਸ਼ਹਿਰ ਵਿੱਚ ਫ਼ਾਇਰ ਵਿਭਾਗ ਤੋਂ ਮੰਜ਼ੂਰੀ ਤੋਂ ਇਲਾਵਾ ਜ਼ੋਨਿੰਗ ਬਾਬਤ ਵੀ ਮੰਜ਼ੂਰੀ ਲੈਣੀ ਪੈਂਦੀ ਹੈI

ਸਿਟੀ ਆਫ਼ ਬ੍ਰੈਂਪਟਨ ਮੁਤਾਬਿਕ ਤਿੰਨ ਮੀਟਰ ਦੀ ਉਚਾਈ ਤੱਕ ਜਾਣ ਵਾਲੇ ਪਟਾਕੇ ਹੀ ਚਲਾਏ ਜਾ ਸਕਦੇ ਹਨ I ਨਿਯਮਾਂ ਮੁਤਾਬਿਕ ਪਟਾਕੇ ਹੋਰਨਾਂ ਥਾਵਾਂ ਤੋਂ ਲਿਆ ਕੇ ਬ੍ਰੈਂਪਟਨ ਵਿੱਚ ਚਲਾਏ ਜਾ ਸਕਦੇ ਹਨ ਪਰ ਇਹ ਤਿੰਨ ਮੀਟਰ ਦੀ ਉਚਾਈ ਤੱਕ ਜਾਣ ਵਾਲੇ ਹੀ ਹੋਣੇ ਚਾਹੀਦੇ ਹਨ I

ਨਿਯਮਾਂ ਅਨੁਸਾਰ ਫੁੱਟਪਾਥ, ਗਲੀਆਂ, ਸ਼ਹਿਰ ਦੇ ਪਾਰਕਾਂ, ਸਕੂਲ ਜਾਂ ਕਿਸੇ ਹੋਰ ਜਨਤਕ ਖੇਤਰ ਦੇ ਅੰਦਰ ਪਟਾਕੇ ਚਲਾਉਣ ਦੀ ਮਨਾਹੀ ਹੈ।

ਇਹਨਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਜੁਰਮਾਨਾ ਹੋ ਸਕਦਾ ਹੈ I ਸਿਟੀ ਆਫ਼ ਬ੍ਰੈਂਪਟਨ ਮੁਤਾਬਿਕ ਇਹ ਜੁਰਮਾਨਾ 250 ਡਾਲਰ ਤੋਂ ਸ਼ੁਰੂ ਹੋ ਕੇ 5 ਹਜ਼ਾਰ ਡਾਲਰ ਤੱਕ ਹੋ ਸਕਦਾ ਹੈ I

ਵਿਵਾਦ ਕਿਉਂ ?

ਪਟਾਕਿਆਂ ਦਾ ਮਸਲਾ ਬ੍ਰੈਂਪਟਨ ਵਿੱਚ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ I

ਪ੍ਰਾਪਤ ਜਾਣਕਾਰੀ ਅਨੁਸਾਰ , ਇਸ ਵਾਰ ਅਧਿਕਾਰੀਆਂ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ 38,000 ਡਾਲਰ ਦੇ ਜੁਰਮਾਨੇ ਕੀਤੇ ਸਨ I 2018 ਵਿੱਚ ਨਿਯਮਾਂ ਦੀ ਉਲੰਘਣਾ ਦੀਆਂ 492 ਸ਼ਿਕਾਇਤਾਂ ਸਨ , ਜਿੰਨ੍ਹਾਂ ਦੀ ਗਿਣਤੀ ਵੱਧ ਕੇ ਇਸ ਵਾਰ 1,491 ਹੋ ਗਈ I

ਜ਼ਿਕਰਯੋਗ ਹੈ ਲੰਘੇ ਸਾਲ ਵੀ ਸਿਟੀ ਆਫ਼ ਬ੍ਰੈਂਪਟਨ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ 20,350 ਡਾਲਰ ਦੇ ਜੁਰਮਾਨੇ ਕੀਤੇ ਗਏ ਸਨ I ਸਿਟੀ ਨੂੰ 288 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ I  ਸਿਟੀ ਨੇ ਇਸ ਸੰਬੰਧੀ 26 ਚੇਤਾਵਨੀਆਂ ਜਾਰੀ ਕੀਤੀਆਂ ਅਤੇ 61 ਵਿਅਕਤੀਆਂ ਨੂੰ ਜੁਰਮਾਨੇ ਕੀਤੇ ਸਨ I

ਇਸ ਦੀਵਾਲੀ ਮੌਕੇ ਮਿਸੀਸਾਗਾ ਵਿੱਚ ਪਟਾਕੇ ਚਲਾਉਂਦੇ ਨੌਜਵਾਨਾਂ ਦੀ ਇਕ ਵੀਡੀਓ ਵੀ ਵਾਇਰਲ ਹੋਈ ਸੀ ਜਿਸ ਵਿੱਚ ਨੌਜਵਾਨ ਖ਼ਾਲਿਸਤਾਨੀ ਅਤੇ ਭਾਰਤੀ ਝੰਡਿਆਂ ਨਾਲ ਦੇਖੇ ਜਾ ਸਕਦੇ ਸਨ I ਇਸਤੋਂ ਬਾਅਦ ਉਕਤ ਪਾਰਕਿੰਗ ਲਾਟ ਵਿੱਚ ਵੱਡੀ ਪੱਧਰ 'ਤੇ ਪਟਾਕਿਆਂ ਦਾ ਖਿਲਾਰਾ ਪਿਆ ਹੋਇਆ ਦੇਖਿਆ ਗਿਆ ਜਿਸਦੀ ਸਫ਼ਾਈ ਅਗਲੇ ਦਿਨ ਕੁਝ ਨੌਜਵਾਨਾਂ ਵੱਲੋਂ ਕੀਤੀ ਗਈ ਸੀ I

ਰੀਜਨਲ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ ਦਾ ਕਹਿਣਾ ਹੈ ਕਿ ਉਹ ਕੈਨੇਡਾ ਡੇਅ ਅਤੇ ਨਵੇਂ ਸਾਲ ਦੇ ਮੌਕਿਆਂ 'ਤੇ ਸਿਟੀ ਵੱਲੋਂ ਕਰਵਾਏ ਜਾਂਦੇ ਪਟਾਕਿਆਂ ਦੇ ਸਮਾਗਮ ਵਾਂਗ ਦੀਵਾਲੀ ਮੌਕੇ ਵੀ ਸਿਟੀ ਵੱਲੋਂ ਅਜਿਹਾ ਪ੍ਰਬੰਧ ਕਰਨ ਦੀ ਚਾਰਾਜੋਈ ਕਰਨਗੇ I

ਸਰਬਮੀਤ ਸਿੰਘ

ਸੁਰਖੀਆਂ