1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਐਮਰਜੈਂਸੀ ਐਕਟ ਜਾਂਚ : ਪ੍ਰਧਾਨ ਮੰਤਰੀ ਟ੍ਰੂਡੋ ਸਮੇਤ ਹੋਰ ਫ਼ੈਡਰਲ ਮਨਿਸਟਰ ਕਮੀਸ਼ਨ ਅੱਗੇ ਇਸ ਹਫ਼ਤੇ ਹੋਣਗੇ ਪੇਸ਼

ਐਮਰਜੈਂਸੀ ਐਕਟ ਐਲਾਨਣ ਬਾਰੇ ਹੋ ਰਹੀ ਹੈ ਪੁੱਛ ਗਿੱਛ

ਐਮਰਜੈਂਸੀ ਐਕਟ ਦੇ ਲਾਗੂ ਹੋਣ ਨਾਲ ਵਿਰੋਧ ਪ੍ਰਦਰਸ਼ਨਾਂ ਨਾਲ ਨਜਿੱਠਣ ਲਈ ਫ਼ੈਡਰਲ ਸਰਕਾਰ ਨੂੰ ਆਰਜ਼ੀ ਤੌਰ ‘ਤੇ ਵਾਧੂ ਸ਼ਕਤੀਆਂ ਪ੍ਰਾਪਤ ਹੋਈਆਂ ਸਨ।

ਐਮਰਜੈਂਸੀ ਐਕਟ ਦੇ ਲਾਗੂ ਹੋਣ ਨਾਲ ਵਿਰੋਧ ਪ੍ਰਦਰਸ਼ਨਾਂ ਨਾਲ ਨਜਿੱਠਣ ਲਈ ਫ਼ੈਡਰਲ ਸਰਕਾਰ ਨੂੰ ਆਰਜ਼ੀ ਤੌਰ ‘ਤੇ ਵਾਧੂ ਸ਼ਕਤੀਆਂ ਪ੍ਰਾਪਤ ਹੋਈਆਂ ਸਨ।

ਤਸਵੀਰ: Adrian Wyld/The Canadian Press

RCI

ਐਮਰਜੈਂਸੀ ਐਕਟ ਜਾਂਚ ਕਮੀਸ਼ਨ ਆਪਣੇ ਪਹਿਲੇ ਪੜਾਅ ਦੇ ਆਖ਼ਰੀ ਹਫ਼ਤੇ ਵਿੱਚ ਹੈ ਅਤੇ ਇਸ ਹਫ਼ਤੇ , ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਸਮੇਤ ਹੋਰ ਫ਼ੈਡਰਲ ਮਨਿਸਟਰ ਕਮੀਸ਼ਨ ਅੱਗੇ ਪੇਸ਼ ਹੋਣਗੇ I

ਜ਼ਿਕਰਯੋਗ ਹੈ ਕਿ ਔਟਵਾ ਵਿਚ ਵੈਕਸੀਨ ਖ਼ਿਲਾਫ਼ ਹੋਏ ਮੁਜ਼ਾਹਰਿਆਂ ਵੇਲੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਐਮਰਜੈਂਸੀ ਐਕਟ ਦਾ ਐਲਾਨ ਕਰ ਦਿੱਤਾ ਸੀ। ਕੈਨੇਡਾ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰੀ ਕੀਤਾ ਗਿਆ ਸੀ।

ਐਮਰਜੈਂਸੀ ਐਕਟ ਦੇ ਲਾਗੂ ਹੋਣ ਨਾਲ ਵਿਰੋਧ ਪ੍ਰਦਰਸ਼ਨਾਂ ਨਾਲ ਨਜਿੱਠਣ ਲਈ ਫ਼ੈਡਰਲ ਸਰਕਾਰ ਨੂੰ ਆਰਜ਼ੀ ਤੌਰ ‘ਤੇ ਵਾਧੂ ਸ਼ਕਤੀਆਂ ਪ੍ਰਾਪਤ ਹੋਈਆਂ ਸਨ। 

ਟ੍ਰੂਡੋ ਦੇ ਸ਼ੁੱਕਰਵਾਰ ਨੂੰ ਜਾਂਚ ਕਮੀਸ਼ਨ ਦੇ ਸਾਹਮਣੇ ਪੇਸ਼ ਹੋਣ ਦੀ ਉਮੀਦ ਹੈ। ਕੈਨੇਡੀਅਨ ਸਕਿਉਰਿਟੀ ਇੰਟੈਲੀਜੈਂਸੀ ਸਰਵਿਸ ਦੇ ਡਾਇਰੈਕਟਰ ਡੇਵਿਡ ਵਿਗਨੋਟ ਅੱਜ ਸੋਮਵਾਰ ਨੂੰ ਪਬਲਿਕ ਆਰਡਰ ਐਮਰਜੈਂਸੀ ਕਮੀਸ਼ਨ ਅੱਗੇ ਪੇਸ਼ ਹੋਣਗੇ I 

ਇਸ ਹਫ਼ਤੇ ਹੇਠ ਲਿਖੇ ਮਨਿਸਟਰ ਕਮੀਸ਼ਨ ਅੱਗੇ ਪੇਸ਼ ਹੋਣਗੇ : 

ਪਬਲਿਕ ਸੇਫ਼ਟੀ ਮਿਨਿਸਟਰ ਮਾਰਕੋ ਮੈਂਡੀਚੀਨੋ

ਜਸਟਿਸ ਮਨਿਸਟਰ ਡੇਵਿਡ ਲੈਮੇਟੀ 

ਡਿਫੈਂਸ ਮਨਿਸਟਰ ਅਨੀਤਾ ਆਨੰਦ 

ਟ੍ਰਾਂਸਪੋਰਟ ਮਨਿਸਟਰ ਅਲਗ਼ਬਰਾ 

ਫਾਇਨਾਂਸ ਮਨਿਸਟਰ ਕ੍ਰਿਸਟੀਆ ਫ੍ਰੀਲੈਂਡ

ਕਮੀਸ਼ਨ ਦੇ ਪਹਿਲੇ ਦੋ ਹਫ਼ਤਿਆਂ ਵਿੱਚ ਪ੍ਰਦਰਸ਼ਨ ਪ੍ਰਤੀ ਪੁਲਿਸ ਪ੍ਰਤੀਕਿਰਿਆ 'ਤੇ ਧਿਆਨ ਕੇਂਦਰਿਤ ਕੀਤਾ ਗਿਆ। 

ਔਟਵਾ ਪੁਲਿਸ ਸਰਵਿਸ ਅਤੇ ਓਨਟੇਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਕਈ ਅਫ਼ਸਰਾਂ ਨੇ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨਾਲ ਨਜਿੱਠਣ ਬਾਰੇ ਜਾਣਕਾਰੀ ਦਿੱਤੀ I

ਐਮਰਜੈਂਸੀ ਜਾਂਚ ਕਮੀਸ਼ਨ ਦੀ ਸੁਣਵਾਈ ਦੌਰਾਨ ਦਾਖ਼ਲ ਇਕ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਆਰਸੀਐਮਪੀ ਨੇ ਵੈਕਸੀਨ ਵਿਰੋਧੀ ਮੁਜ਼ਾਹਰਿਆਂ ਤੋਂ ਇਕ ਹਫ਼ਤਾ ਪਹਿਲਾਂ ਫ਼ੈਡਰਲ ਮਿਨਿਸਟਰਜ਼ ਦੀ ਸੁਰੱਖਿਆ ਵਿੱਚ ਤਬਦੀਲੀ ਕੀਤੀ ਸੀ I 

ਪੁੱਛ ਗਿੱਛ ਦੌਰਾਨ ਇਹ ਤੱਥ ਸਾਹਮਣੇ ਆਇਆ ਸੀ ਕਿ ਓਨਟੇਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਇੰਟੈਲੀਜੈਂਸ ਵਿੰਗ ਨੂੰ ਪ੍ਰਦਰਸ਼ਨਕਾਰੀਆਂ ਦੇ ਜਲਦੀ ਔਟਵਾ ਨਾ ਛੱਡਣ ਦੀ ਸੂਹ ਹੋਣ ਦੇ ਬਾਵਜੂਦ ਪੁਲਿਸ ਦੀ ਤਿਆਰੀ ਸਿਰਫ਼ ਵੀਕਐਂਡ ਲਈ ਹੀ ਸੀ I 

ਓਨਟੇਰੀਓ ਪ੍ਰੋਵਿੰਸ਼ੀਅਲ ਸਰਵਿਸ ਦੀ ਡਿਪਟੀ ਚੀਫ਼ ਪੈਟ੍ਰੀਸ਼ੀਆ ਫ਼ਰਗੂਸਨ ਨੇ ਕਿਹਾ ਮੈਨੂੰ ਲਗਦਾ ਹੈ ਕਿ ਇਸ ਪ੍ਰਦਰਸ਼ਨ ਨੂੰ ਰੋਕਣ ਅਤੇ ਸਥਿਤੀ ਦਾ ਜਾਇਜ਼ਾ ਲੈਣ ਵਿੱਚ ਅਸੀਂ ਥੋੜਾ ਭਟਕ ਗਏ ਸੀ I

ਓਨਟੇਰੀਓ ਪ੍ਰੋਵਿੰਸ਼ੀਅਲ ਪੁਲਿਸ ਅਤੇ ਆਰਸੀਐਮਪੀ ਨੇ ਕਮੀਸ਼ਨ ਨੂੰ ਗਵਾਹੀ ਦਿੱਤੀ ਸੀ ਕਿ ਉਹਨਾਂ ਨੂੰ ਓਨਟੇਰੀਓ ਪੁਲਿਸ ਸਰਵਿਸ ਦੁਆਰਾ ਪ੍ਰਦਰਸ਼ਨ ਨੂੰ ਖ਼ਤਮ ਕੀਤੇ ਜਾਣ ਦੀ ਯੋਜਨਾ ਦੀ ਜਾਣਕਾਰੀ ਨਹੀਂ ਸੀ I 

ਆਰਸੀਐਮਪੀ ਕਮਿਸ਼ਨਰ ਬ੍ਰੈਂਡਾ ਲਕੀ ਵੀ ਲੰਘੇ ਹਫ਼ਤੇ ਕਮੀਸ਼ਨ ਅੱਗੇ ਪੇਸ਼ ਹੋਏ I ਆਪਣੀ ਗਵਾਹੀ ਵਿੱਚ ਲਕੀ ਨੇ ਕਿਹਾ ਕਿ ਸਰਕਾਰ ਵੱਲੋਂ ਐਮਰਜੈਂਸੀ ਐਕਟ ਲਾਗੂ ਕੀਤੇ ਜਾਣ ਤੋਂ ਪਹਿਲਾਂ ਉਸਨੇ ਪਬਲਿਕ ਸੇਫ਼ਟੀ ਮਨਿਸਟਰ ਮਾਰਕੋ ਮੈਂਡੀਚੀਨੋ ਦੇ ਸਟਾਫ਼ ਨੂੰ ਦੱਸਿਆ ਕਿ  ਉਸਨੂੰ ਲੱਗਦਾ ਹੈ ਕਿ ਪੁਲਿਸ ਕੋਲ ਪ੍ਰਦਰਸ਼ਨ ਨੂੰ ਖ਼ਤਮ ਕਰਨ ਸਾਰੇ ਉਪਾਅ ਖ਼ਤਮ ਨਹੀਂ ਹੋਏ ਹਨ I

ਉਧਰ ਪ੍ਰਧਾਨ ਮੰਤਰੀ ਦੀ ਨੈਸ਼ਨਲ ਸਕਿਉਰਿਟੀ ਅਡਵਾਈਜ਼ਰ ਜੋਡੀ ਥਾਮਸ ਦਾ ਕਹਿਣਾ ਹੈ ਕਿ ਆਰਸੀਐਮਪੀ ਕਮਿਸ਼ਨਰ ਬ੍ਰੈਂਡਾ ਲਕੀ 13 ਫ਼ਰਵਰੀ ਨੂੰ ਸੀਨੀਅਰ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੌਰਾਨ ਇਹ ਜਾਣਕਾਰੀ ਦੇਣ ਵਿੱਚ ਅਸਫਲ ਰਹੇ। 

ਥਾਮਸ ਨੇ ਕਿਹਾ ਮੈਨੂੰ ਯਾਦ ਨਹੀਂ ਹੈ ਕਿ ਕੈਬਨਿਟ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਸੀ I

ਓਨਟੇਰੀਓ ਅਤੇ ਫ਼ੈਡਰਲ ਸਰਕਾਰ ਵਿਚਕਾਰ ਵਿਵਾਦ

ਕਮੀਸ਼ਨ ਵੱਲੋਂ ਓਨਟੇਰੀਓ ਅਤੇ ਫ਼ੈਡਰਲ ਸਰਕਾਰ ਦਰਮਿਆਨ ਅੰਬੈਸਡਰ ਬ੍ਰਿਜ 'ਤੇ ਨਾਕਾਬੰਦੀ ਨੂੰ ਹੱਲ ਕਰਨ ਨੂੰ ਲੈ ਕੇ ਹੋਏ ਵਿਵਾਦ ਬਾਰੇ ਵੀ ਸੁਣਵਾਈ ਕੀਤੀ ਗਈ I 

ਸੁਣਵਾਈ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪ੍ਰਧਾਨ ਮੰਤਰੀ ਟ੍ਰੂਡੋ ਨੇ ਔਟਵਾ ਦੇ ਤਤਕਾਲੀ ਮੇਅਰ ਨਾਲ ਇਕ ਫ਼ੋਨ ਵਾਰਤਾ ਦੌਰਾਨ ਓਨਟੇਰੀਓ ਪ੍ਰੀਮੀਅਰ ਡਗ ਫ਼ੋਰਡ ਉੱਪਰ ਆਪਣੀ ਜ਼ਿੰਮੇਵਾਰੀ ਪੂਰੀ ਨਾ ਕਰਨ ਦੇ ਦੋਸ਼ ਲਗਾਏ ਗਏ ਸਨ I 

ਕਮੀਸ਼ਨ ਦਾ ਪਹਿਲਾ ਪੜਾਅ 25 ਨਵੰਬਰ ਨੂੰ ਸਮਾਪਤ ਹੋਵੇਗਾ। ਉਸਤੋਂ ਬਾਅਦ ਅਗਲੇ ਪੜਾਅ ਵਿਚ ਨੀਤੀ ਮਾਹਰਾਂ ਨਾਲ ਗੋਲਮੇਜ਼ ਗੱਲਬਾਤ ਹੋਵੇਗੀ।

6 ਫ਼ਰਵਰੀ ਨੂੰ ਕਮੀਸ਼ਨ ਆਪਣੀ ਰਿਪੋਰਟ ਪੇਸ਼ ਕਰੇਗਾ।

ਕੈਥਰੀਨ ਟੂਨੀ , ਸੀਬੀਸੀ ਨਿਊਜ਼
ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ