1. ਮੁੱਖ ਪੰਨਾ
  2. ਸਿਹਤ

ਕੈਨੇਡਾ ’ਚ ਬੱਚਿਆਂ ਨੂੰ ਮਿਲੇਗੀ ਡੈਂਟਲ ਕੇਅਰ

ਐਨਡੀਪੀ ਅਤੇ ਲਿਬਰਲ ਪਾਰਟੀ ਦਰਮਿਆਨ ਹੋਏ ਸਮਝੌਤੇ 'ਚ ਸ਼ਾਮਿਲ ਸੀ ਡੈਂਟਲ ਕੇਅਰ ਦੀ ਮੰਗ

ਬਿੱਲ ਸੀ-31 ਨੂੰ ਗਵਰਨਰ ਜਨਰਲ ਮੈਰੀ ਸਾਈਮਨ ਤੋਂ ਮੰਜ਼ੂਰੀ ਮਿਲ ਗਈ ਹੈ I

ਬਿੱਲ ਸੀ-31 ਨੂੰ ਗਵਰਨਰ ਜਨਰਲ ਮੈਰੀ ਸਾਈਮਨ ਤੋਂ ਮੰਜ਼ੂਰੀ ਮਿਲ ਗਈ ਹੈ I

ਤਸਵੀਰ: (Shutterstock / chanchai plongern)

RCI

ਕੈਨੇਡਾ ਵਿੱਚ ਬੱਚਿਆਂ ਨੂੰ ਡੈਂਟਲ ਕੇਅਰ ਦੇਣ ਲਈ ਲਿਆਂਦੇ ਬਿੱਲ ਸੀ-31 ਨੂੰ ਸੈਨੇਟ ਤੋਂ ਬਾਅਦ ਗਵਰਨਰ ਜਨਰਲ ਮੈਰੀ ਸਾਈਮਨ ਤੋਂ ਮੰਜ਼ੂਰੀ ਮਿਲ ਗਈ ਹੈ I

2 ਤੋਂ 12 ਸਾਲ ਦੀ ਉਮਰ ਦੇ 500,000 ਬੱਚਿਆਂ ਨੂੰ ਇਸਦਾ ਲਾਭ ਮਿਲੇਗਾ ਅਤੇ ਇਸ ਪ੍ਰੋਗਰਾਮ ਉੱਪਰ ਲਗਭਗ 1 ਬਿਲੀਅਨ ਡਾਲਰ ਦੀ ਲਾਗਤ ਆਵੇਗੀ I 

ਨਵਾਂ ਡੈਂਟਲ ਪ੍ਰੋਗਰਾਮ ਸ਼ੁਰੂ ਕਰਨ ਦੀ ਸਹਿਮਤੀ ਅਤੇ ਐਨਡੀਪੀ ਦੀਆਂ ਕੁਝ ਹੋਰ ਤਰਜੀਹਾਂ ਨੂੰ ਪੂਰਾ ਕਰਨ ਦੇ ਵਾਅਦੇ ਦੇ ਬਦਲੇ ਲਿਬਰਲ ਸਰਕਾਰ ਨੇ 2025 ਤੱਕ ਐਨਡੀਪੀ ਦਾ ਸਮਰਥਨ ਹਾਸਲ ਕੀਤਾ ਸੀ I 

ਇਸ ਸਮਝੌਤੇ ਤਹਿਤ ਸਰਕਾਰ ਨੇ ਅਗਲੇ ਸਾਲ ਤੱਕ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਅਤੇ 2025 ਦੇ ਅੰਤ ਤੱਕ ਯੋਗਤਾ ਪੂਰੀ ਕਰਨ ਵਾਲੇ ਸਾਰੇ ਕੈਨੇਡੀਅਨਜ਼ ਲਈ ਡੈਂਟਲ ਕੇਅਰ ਦਾ ਵਿਸਥਾਰ ਕਰਨ ਦਾ ਐਲਾਨ ਕੀਤਾ ਸੀ I 

ਹੈਲਥ ਮਿਨਿਸਟਰ ਯੌਂ-ਈਵ ਡਿਉਕਲੋ ਨੇ ਇੱਕ ਬਿਆਨ ਵਿੱਚ ਕਿਹਾ ਇਸ ਨਾਲ ਬੱਚੇ ਦੰਦਾਂ ਦੀ ਲੋੜੀਂਦੀ ਮੁੱਢਲੀ ਦੇਖਭਾਲ ਦਾ ਲਾਭ ਲੈ ਸਕਣਗੇ ਅਤੇ ਸਰਕਾਰ ਇਸੇ ਦਰਮਿਆਨ ਕੈਨੇਡਾ ਭਰ ਵਿੱਚ ਡੈਂਟਲ ਕੇਅਰ ਦਾ ਪ੍ਰੋਗਰਾਮ ਵਿਕਸਿਤ ਕਰਨ 'ਤੇ ਕੰਮ ਕਰੇਗੀ I

ਪਹਿਲਾ ਕਦਮ : ਜਗਮੀਤ ਸਿੰਘ

ਐਨਡੀਪੀ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਉਹ ਇਹ ਯਕੀਨੀ ਬਣਾਉਣਗੇ ਕਿ ਲਿਬਰਲ ਸਮਝੌਤੇ ਦੀ ਪਾਲਣਾ ਕਰਨ।

ਇਸ ਸਾਲ ਦੇ ਅੰਤ ਵਿੱਚ, 12 ਸਾਲ ਤੋਂ ਘੱਟ ਉਮਰ ਦੇ ਬੱਚੇ , ਜਿਨ੍ਹਾਂ ਦੀ ਪਰਿਵਾਰਕ ਆਮਦਨ $70,000 ਪ੍ਰਤੀ ਸਾਲ ਤੋਂ ਘੱਟ ਹੈ, ਅਗਲੇ ਦੋ ਸਾਲਾਂ ਲਈ ਦੰਦਾਂ ਦੀ ਕਵਰੇਜ ਵਿੱਚ ਪ੍ਰਤੀ ਸਾਲ $650 ਲਈ ਯੋਗ ਹੋ ਜਾਣਗੇ।

$70,000 ਅਤੇ $79,000 ਦੇ ਵਿਚਕਾਰ ਆਮਦਨ ਵਾਲੇ ਪਰਿਵਾਰਾਂ ਦੇ ਬੱਚੇ ਅਗਲੇ ਦੋ ਸਾਲਾਂ ਲਈ ਪ੍ਰਤੀ ਸਾਲ $390 ਪ੍ਰਤੀ ਬੱਚਾ ਲਈ ਯੋਗ ਹੋਣਗੇ।

$80,000 ਅਤੇ $89,000 ਦੇ ਵਿਚਕਾਰ ਆਮਦਨ ਵਾਲੇ ਪਰਿਵਾਰਾਂ ਨੂੰ ਅਗਲੇ ਦੋ ਸਾਲਾਂ ਲਈ ਪ੍ਰਤੀ ਸਾਲ $260 ਪ੍ਰਤੀ ਬੱਚਾ ਮਿਲ ਸਕਦਾ ਹੈ। 

ਫ਼ੈਡਰਲ ਸਰਕਾਰ ਦਾ ਕਹਿਣਾ ਹੈ ਕਿ ਇਸ ਪ੍ਰੋਗਰਾਮ ਲਈ ਅਰਜ਼ੀ ਕਦੋਂ ਅਤੇ ਕਿਵੇਂ ਦੇਣੀ ਹੈ , ਇਸ ਬਾਰੇ ਵੇਰਵੇ ਜਲਦ ਹੀ ਜਾਰੀ ਕੀਤੇ ਜਾਣਗੇ ਅਤੇ ਮਾਪੇ ਲਾਭ ਲਈ ਸਿੱਧੇ ਕੈਨੇਡਾ ਰੈਵੇਨਿਊ ਏਜੰਸੀ (ਸੀਆਰਏ) ਨੂੰ ਅਰਜ਼ੀ ਦੇ ਸਕਣਗੇ I

ਲਾਭ ਪ੍ਰਾਪਤ ਕਰਨ ਲਈ ਮਾਪਿਆਂ ਨੂੰ ਇਹ ਤਸਦੀਕ ਕਰਨਾ ਪਵੇਗਾ ਕਿ ਉਨ੍ਹਾਂ ਦੇ ਬੱਚੇ ਦੀ ਦੰਦਾਂ ਦੀ ਨਿੱਜੀ ਦੇਖਭਾਲ ਕਵਰੇਜ ਤੱਕ ਪਹੁੰਚ ਨਹੀਂ ਹੈ I

ਬਿਨੈਕਾਰਾਂ ਨੂੰ ਇਹ ਸਾਬਿਤ ਕਰਨਾ ਹੋਵੇਗਾ ਕਿ ਉਨ੍ਹਾਂ ਦਾ ਇੱਕ ਬੱਚਾ ਉਕਤ ਉਮਰ ਸੀਮਾ ਵਿੱਚ ਹੈ ਅਤੇ ਪਰਿਵਾਰ ਦੀ ਆਮਦਨ ਵੀ ਉਕਤ ਸੀਮਾ ਵਿੱਚ ਆਉਂਦੀ ਹੈ I 

ਗ਼ਲਤ ਜਾਣਕਾਰੀ ਦੇ ਕੇ ਲਾਭ ਲੈਣ ਵਾਲੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਹੋ ਸਕਦੀ ਹੈ ਅਤੇ ਉਹਨਾਂ ਨੂੰ $5,000 ਤੱਕ ਦਾ ਜੁਰਮਾਨਾ ਹੋ ਸਕਦਾ ਹੈ।

ਸੀਬੀਸੀ ਨਿਊਜ਼

ਪੰਜਾਬੀ ਅਨੁਵਾਦ ਸਰਬਮੀਤ ਸਿੰਘ 

ਸੁਰਖੀਆਂ