- ਮੁੱਖ ਪੰਨਾ
- ਰਾਜਨੀਤੀ
- ਪ੍ਰਾਂਤਿਕ ਰਾਜਨੀਤੀ
ਪ੍ਰੀਮੀਅਰ ਫ਼ੋਰਡ ਵੱਲੋਂ ਐਜੁਕੇਸ਼ਨ ਵਰਕਰਾਂ ਨੂੰ ਨਵਾਂ ਪ੍ਰਸਤਾਵ ਦੇਣ ਦਾ ਐਲਾਨ
ਤਨਖ਼ਾਹਾਂ ਵਿੱਚ ਵਾਧੇ ਨੂੰ ਲੈ ਕੇ ਸਰਕਾਰ ਅਤੇ ਯੂਨੀਅਨ ਦਰਮਿਆਨ ਚੱਲ ਰਹੀ ਹੈ ਖਿੱਚੋਤਾਣ

ਪ੍ਰੀਮੀਅਰ ਫ਼ੋਰਡ ਨੇ ਕਿਹਾ ਕਿ ਇਹ ਪੇਸ਼ਕਸ਼ ਖਾਸ ਤੌਰ 'ਤੇ ਘੱਟ ਆਮਦਨੀ ਵਾਲੇ ਕਰਮਚਾਰੀਆਂ ਲਈ ਵਧੀਆ ਹੋਵੇਗੀ।
ਤਸਵੀਰ: Radio-Canada
ਓਨਟੇਰੀਓ ਵਿੱਚ ਐਜੁਕੇਸ਼ਨ ਵਰਕਰਾਂ ਅਤੇ ਸਰਕਾਰ ਦਰਮਿਆਨ ਤਨਖ਼ਾਹ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਦਰਮਿਆਨ ਓਨਟੇਰੀਓ ਦੇ ਪ੍ਰੀਮੀਅਰ ਡਗ ਫ਼ੋਰਡ ਵੱਲੋਂ ਮੁਲਾਜ਼ਮਾਂ ਨੂੰ ਨਵੀਂ ਪੇਸ਼ਕਸ਼ ਕਰਨ ਦਾ ਐਲਾਨ ਕੀਤਾ ਗਿਆ ਹੈ I
ਮੰਗਲਵਾਰ ਨੂੰ ਇੱਕ ਪ੍ਰੈਸ ਵਾਰਤਾ ਦੌਰਾਨ ਬੋਲਦਿਆਂ ਫ਼ੋਰਡ ਨੇ ਪ੍ਰਸਤਾਵ ਬਾਰੇ ਕੋਈ ਖਾਸ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ I ਪ੍ਰੀਮੀਅਰ ਫ਼ੋਰਡ ਨੇ ਕਿਹਾ ਕਿ ਇਹ ਪੇਸ਼ਕਸ਼ ਖਾਸ ਤੌਰ 'ਤੇ ਘੱਟ ਆਮਦਨੀ ਵਾਲੇ ਕਰਮਚਾਰੀਆਂ ਲਈ ਵਧੀਆ ਹੋਵੇਗੀ।
ਉਹਨਾਂ ਕਿਹਾ ਅਸੀਂ ਅਜਿਹਾ ਸੌਦਾ ਚਾਹੁੰਦੇ ਹਾਂ ਜੋ ਵਿਦਿਆਰਥੀਆਂ , ਮਾਪਿਆਂ , ਟੈਕਸਦਾਤਾਵਾਂ ਅਤੇ ਕਰਮਚਾਰੀਆਂ, ਖਾਸ ਤੌਰ 'ਤੇ ਘੱਟ ਆਮਦਨੀ ਵਾਲੇ ਕਰਮਚਾਰੀਆਂ ਲਈ ਵਧੀਆ ਹੋਵੇ I
ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਹੜਤਾਲ-ਵਿਰੋਧੀ ਕਾਨੂੰਨ ਵਾਪਿਸ ਲੈਣ ਦੇ ਐਲਾਨ ਤੋਂ ਬਾਅਦ ਵਰਕਰਾਂ ਵੱਲੋਂ ਵੱਲੋਂ ਆਪਣੀ ਹੜਤਾਲ ਵਾਪਿਸ ਲੈਣ ਦਾ ਐਲਾਨ ਕਰ ਦਿੱਤਾ ਗਿਆ ਸੀ I
ਓਨਟੇਰਿਓ ਦੇ 55,000 ਐਜੁਕੇਸ਼ਨ ਵਰਕਰਾਂ ਦੀ ਨੁਮਾਇੰਦਗੀ , ਨੇਡੀਅਨ ਯੂਨੀਅਨ ਔਫ਼ ਪਬਲਿਕ ਇੰਪੋਲਿਇਜ਼ (CUPE) ਵੱਲੋਂ ਕੀਤੀ ਜਾ ਰਹੀ ਹੈ I CUPE ਯੂਨੀਅਨ ਕਸਟੋਡੀਅਨ, ਅਰਲੀ ਚਾਈਲਡਹੁੱਡ ਐਜੁਕੇਟਰ ਅਤੇ ਪ੍ਰਸ਼ਾਸਨੀ ਸਟਾਫ਼ ਦੀ ਨੁਮਾਇੰਦਗੀ ਕਰਦੀ ਹੈ। ਟੀਚਰ ਇਸ ਦਾ ਹਿੱਸਾ ਨਹੀਂ ਹਨ।
ਯੂਨੀਅਨ ਵੱਲੋਂ ਤਨਖ਼ਾਹਾਂ ਵਿਚ ਸਾਲਾਨਾ 11.7 ਫ਼ੀਸਦੀ ਵਾਧੇ ਦੀ ਮੰਗ ਰੱਖੀ ਗਈ ਹੈ, ਜਿਸ ਦੇ ਜਵਾਬ ਵਿਚ ਸਰਕਾਰ ਨੇ 40,000 ਡਾਲਰ ਸਲਾਨਾ ਤੋਂ ਘੱਟ ਕਮਾਉਣ ਵਾਲੇ ਵਰਕਰ ਨੂੰ ਸਲਾਨਾ 2 ਫ਼ੀਸਦੀ ਵਾਧਾ ਅਤੇ ਬਾਕੀਆਂ ਲਈ ਸਲਾਨਾ 1.25 ਫ਼ੀਸਦੀ ਵਾਧੇ ਦੀ ਪੇਸ਼ਕਸ਼ ਕੀਤੀ ਸੀ I
ਸਰਕਾਰ ਵੱਲੋਂ ਮੰਗਾਂ ਨਾ ਮੰਨੇ ਜਾਣ 'ਤੇ ਸ਼ੁੱਕਰਵਾਰ ਨੂੰ ਓਨਟੇਰਿਓ ਦੇ 55,000 ਐਜੁਕੇਸ਼ਨ ਵਰਕਰ ਅਨਿਸ਼ਚਿਤ ਸਮੇਂ ਲਈ ਹੜਤਾਲ ‘ਤੇ ਚਲੇ ਗਏ ਸਨ I
ਇਹ ਵੀ ਪੜ੍ਹੋ :
- ਓਨਟੇਰਿਓ ਸਰਕਾਰ ਅਤੇ ਯੂਨੀਅਨ ਦਰਮਿਆਨ ਗੱਲਬਾਤ ਬੇਨਤੀਜਾ, ਹੜਤਾਲ ਨਿਰਧਾਰਿਤ
- ਐਜੁਕੇਸ਼ਨ ਵਰਕਰਾਂ ਦੀ ਹੜਤਾਲ ਰੋਕਣ ਲਈ ਓਨਟੇਰਿਓ ਸਰਕਾਰ ਬਿਲ ਪੇਸ਼ ਕਰੇਗੀ
ਯੂਨੀਅਨ ਦਾ ਕਹਿਣਾ ਹੈ ਕਿ ਸਰਕਾਰ ਦੀ ਵਿਧੀ ਠੀਕ ਨਹੀਂ ਹੈ ਕਿਉਂਕਿ ਇਹ ਤਨਖ਼ਾਹ ਵਾਧੇ ਪ੍ਰਤੀ ਘੰਟਾ ਵੇਜ ਅਤੇ ਪੇਅ ਸਕੇਲ ‘ਤੇ ਨਿਰਭਰ ਕਰਦੇ ਹਨ, ਇਸ ਕਰਕੇ ਜ਼ਿਆਦਾਤਰ ਵਰਕਰ, ਜੋ 43,000 ਡਾਲਰ ਸਲਾਨਾ ਤੋਂ ਘੱਟ ਕਮਾਉਂਦੇ ਹਨ, ਨੂੰ 2.5 ਫ਼ੀਸਦੀ ਵਾਧਾ ਨਹੀਂ ਮਿਲੇਗਾ।
ਯੂਨੀਅਨ ਦਾ ਕਹਿਣਾ ਹੈ ਕਿ ਉਹਨਾਂ ਦੇ ਵਰਕਰਾਂ ਦੀ ਔਸਤ ਸਲਾਨਾ ਆਮਦਨ 39,000 ਡਾਲਰ ਹੈ, ਜੋ ਕਿ ਆਮ ਤੌਰ 'ਤੇ ਸਕੂਲਾਂ ਵਿਚ ਦਿੱਤੀ ਜਾਣ ਵਾਲੀ ਸਭ ਤੋਂ ਘੱਟ ਤਨਖ਼ਾਹ ਹੈ, ਅਤੇ ਉਹ 11.7 ਫ਼ੀਸਦੀ ਵਾਧੇ ਦੀ ਮੰਗ ਕਰ ਰਹੇ ਹਨ।
ਇਸ ਮੌਕੇ ਬੋਲਦਿਆਂ ਪ੍ਰੀਮੀਅਰ ਫ਼ੋਰਡ ਨੇ ਕਿਹਾ ਕਿ ਸਰਕਾਰ ਬਿੱਲ 28 ਨੂੰ ਅਗਲੇ ਹਫ਼ਤੇ ਰੱਦ ਕਰ ਦੇਵੇਗੀ ਅਤੇ ਸਰਕਾਰ ਮੁੜ ਤੋਂ ਗੱਲਬਾਤ ਸ਼ੁਰੂ ਕਰਨਾ ਚਾਹੁੰਦੀ ਹੈ I

ਕੈਨੇਡੀਅਨ ਯੂਨੀਅਨ ਔਫ਼ ਪਬਲਿਕ ਇੰਪੋਲਿਇਜ਼ (CUPE) ਦੇ ਮੈਂਬਰ ਅਤੇ ਸਮਰਥਕ ਰੋਸ ਮੁਜ਼ਾਹਰੇ ਦੌਰਾਨ
ਤਸਵੀਰ: Radio-Canada / Mehrdad Nazarahari
ਗੌਰਤਲਬ ਹੈ ਕਿ ਸਰਕਾਰ ਨੇ ਹੜਤਾਲ ਨੂੰ ਰੋਕਣ ਲਈ ਸਰਕਾਰ ਨੇ ਇਕ ਨਵਾਂ ਬਿੱਲ ਲਿਆਂਦਾ ਸੀ ਜਿਸ ਵਿੱਚ ਹੜਤਾਲ ਕਰਨ ਵਾਲੇ ਹਰੇਕ ਮੁਲਾਜ਼ਮ ਨੂੰ 4,000 ਡਾਲਰ ਪ੍ਰਤੀ ਦਿਨ ਜੁਰਮਾਨਾ ਅਤੇ ਯੂਨੀਅਨ ਨੂੰ 500,000 ਡਾਲਰ ਦਾ ਜੁਰਮਾਨਾ ਲਾਉਣ ਦਾ ਪ੍ਰਸਤਾਵ ਸੀ I
ਫ਼ੋਰਡ ਨੇ ਕਿਹਾ ਮੈਂ ਲੜਨਾ ਨਹੀਂ ਚਾਹੁੰਦਾ। ਮੈਂ ਸਿਰਫ਼ ਸਕੂਲਾਂ ਵਿੱਚ ਮੁੜ ਤੋਂ ਪੜ੍ਹਾਈ ਸ਼ੁਰੂ ਕਰਨੀ ਚਾਹੁੰਦਾ ਹਾਂI
ਉਧਰ ਹੜਤਾਲ ਖ਼ਤਮ ਹੋਣ 'ਤੇ ਮਾਪਿਆਂ ਨੇ ਵੀ ਸੁਖ ਦਾ ਸਾਹ ਲਿਆ ਹੈ I ਗ੍ਰੇਡ 1 ਦੇ ਇੱਕ ਵਿਦਿਆਰਥੀ ਦੀ ਮਾਂ ਸੋਨਾ ਪੋਪਲ ਨੇ ਕਿਹਾ ਕਿ ਉਸਨੂੰ ਆਪਣੇ ਬੱਚੇ ਨੂੰ ਇੱਕ ਪਰਿਵਾਰਕ ਦੋਸਤ ਦੇ ਘਰ ਛੱਡਣਾ ਪਿਆ ਕਿਉਂਕਿ ਸਕੂਲ ਬੰਦ ਸਨ ਅਤੇ ਉਸਨੇ ਅਤੇ ਉਸਦੇ ਪਤੀ ਨੇ ਕੰਮ 'ਤੇ ਜਾਣਾ ਸੀ।
ਪੋਪਲ ਨੇ ਕਿਹਾ ਮੈਨੂੰ ਖੁਸ਼ੀ ਹੈ ਕਿ ਹੜਤਾਲ ਖ਼ਤਮ ਹੋ ਰਹੀ ਹੈ ਨਹੀਂ ਤਾਂ ਸਾਡੇ ਲਈ ਇਹ ਇੱਕ ਡਰਾਉਣੇ ਸੁਪਨੇ ਵਰਗਾ ਸੀ I
ਸੀਬੀਸੀ ਨਿਊਜ਼ , ਕੈਨੇਡੀਅਨ ਪ੍ਰੈਸ ਤੋਂ ਪ੍ਰਾਪਤ ਫ਼ਾਇਲਜ਼ ਅਨੁਸਾਰ
ਪੰਜਾਬੀ ਅਨੁਵਾਦ ਸਰਬਮੀਤ ਸਿੰਘ