1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਓਨਟੇਰੀਓ ਸਰਕਾਰ ਵੱਲੋਂ ਕਾਨੂੰਨ ਵਾਪਿਸ ਲੈਣ ਦੇ ਵਾਅਦੇ ਤੋਂ ਬਾਅਦ ਯੂਨੀਅਨ ਵੱਲੋਂ ਹੜਤਾਲ ਖ਼ਤਮ ਕਰਨ ਦਾ ਐਲਾਨ

ਤਨਖ਼ਾਹਾਂ ਵਿਚ ਸਾਲਾਨਾ 11.7 ਫ਼ੀਸਦੀ ਵਾਧੇ ਦੀ ਮੰਗ ਕਰ ਰਹੀ ਹੈ ਯੂਨੀਅਨ

ਕੈਨੇਡੀਅਨ ਯੂਨੀਅਨ ਔਫ਼ ਪਬਲਿਕ ਇੰਪੋਲਿਇਜ਼ (CUPE) ਦੇ ਮੈਂਬਰ ਅਤੇ ਸਮਰਥਕ ਰੋਸ ਮੁਜ਼ਾਹਰੇ ਦੌਰਾਨ

ਕੈਨੇਡੀਅਨ ਯੂਨੀਅਨ ਔਫ਼ ਪਬਲਿਕ ਇੰਪੋਲਿਇਜ਼ (CUPE) ਦੇ ਮੈਂਬਰ ਅਤੇ ਸਮਰਥਕ ਰੋਸ ਮੁਜ਼ਾਹਰੇ ਦੌਰਾਨ

ਤਸਵੀਰ: Radio-Canada / Paul Palmeter/CBC

RCI

ਓਨਟੇਰਿਓ ਪ੍ਰੀਮੀਅਰ ਡਗ ਫ਼ੋਰਡ ਵੱਲੋਂ ਹੜਤਾਲ-ਵਿਰੋਧੀ ਕਾਨੂੰਨ ਵਾਪਿਸ ਲੈਣ ਦੇ ਐਲਾਨ ਤੋਂ ਬਾਅਦ 55,000 ਐਜੁਕੇਸ਼ਨ ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ, ਕੈਨੇਡੀਅਨ ਯੂਨੀਅਨ ਔਫ਼ ਪਬਲਿਕ ਇੰਪੋਲਿਇਜ਼ (CUPE) ਵੱਲੋਂ ਆਪਣੀ ਹੜਤਾਲ ਵਾਪਿਸ ਲੈਣ ਦਾ ਐਲਾਨ ਕਰ ਦਿੱਤਾ ਗਿਆ ਹੈ I

ਇਸ ਨਾਲ ਸਕੂਲਾਂ ਦੇ ਮੁੜ ਤੋਂ ਆਮ ਵਾਂਗ ਸ਼ੁਰੂ ਹੋਣ ਦੀ ਉਮੀਦ ਬੱਝ ਗਈ ਹੈ I ਯੂਨੀਅਨ ਦੇ ਪ੍ਰਤੀਨਿਧਾਂ ਨੇ ਇਕ ਪ੍ਰੈਸ ਵਾਰਤਾ ਵਿੱਚ ਕਿਹਾ ਕਿ ਫ਼ੋਰਡ ਨੇ ਲਿਖਤੀ ਰੂਪ ਵਿੱਚ ਆਪਣੀ ਵਚਨਬੱਧਤਾ ਰੱਖੀ ਹੈ ਅਤੇ ਦੋਵੇਂ ਧਿਰਾਂ ਇਕਰਾਰਨਾਮੇ ਦੀ ਗੱਲਬਾਤ ਮੁੜ ਸ਼ੁਰੂ ਕਰਨਗੀਆਂ I 

ਓਨਟੇਰਿਓ ਦੇ ਐਜੁਕੇਸ਼ਨ ਮਿਨਿਸਟਰ ਸਟੀਫ਼ਨ ਲੈਚੇ ਨੇ ਕਿਹਾ ਕਿ ਸਰਕਾਰ ਬਿੱਲ 28 ਨੂੰ ਪੂਰੀ ਤਰ੍ਹਾਂ ਰੱਦ ਕਰ ਦੇਵੇਗੀ।

ਇਸ ਕਾਨੂੰਨ ਨੂੰ ਰੱਦ ਕਰਨ ਲਈ ਸਰਕਾਰ ਐਮਪੀਪੀਜ਼ ਨੂੰ ਮੁੜ ਤੋਂ ਲਜਿਸਲੇਚਰ ਦੀ ਕਾਰਵਾਈ ਲਈ ਬੁਲਾਵੇਗੀ I 

ਦਰਅਸਲ ਓਨਟੇਰਿਓ ਦੇ 55,000 ਐਜੁਕੇਸ਼ਨ ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ, ਕੈਨੇਡੀਅਨ ਯੂਨੀਅਨ ਔਫ਼ ਪਬਲਿਕ ਇੰਪੋਲਿਇਜ਼ (CUPE) ਨੇ ਐਤਵਾਰ ਨੂੰ ਪੰਜ ਦਿਨਾਂ ਦਾ ਨੋਟਿਸ ਦਿੱਤਾ ਸੀ। ਗੱਲਬਾਤ ਸਿਰੇ ਨਾ ਚੜਨ ਦੀ ਸੂਰਤ ਵਿੱਚ ਯੂਨੀਅਨ ਨੇ ਹੜਤਾਲ ਕਰਨ ਦੀ ਗੱਲ ਆਖੀ ਸੀ I 

ਯੂਨੀਅਨ ਦੇ ਇਸ ਕਦਮ ਨੂੰ ਰੋਕਣ ਲਈ ਸਰਕਾਰ ਨੇ ਇਕ ਨਵਾਂ ਬਿੱਲ ਲਿਆਂਦਾ ਸੀ ਜਿਸ ਵਿੱਚ ਹੜਤਾਲ ਕਰਨ ਵਾਲੇ ਹਰੇਕ ਮੁਲਾਜ਼ਮ ਨੂੰ 4,000 ਡਾਲਰ ਪ੍ਰਤੀ ਦਿਨ ਜੁਰਮਾਨਾ ਅਤੇ ਯੂਨੀਅਨ ਨੂੰ 500,000 ਡਾਲਰ ਦਾ ਜੁਰਮਾਨਾ ਲਾਉਣ ਦਾ ਪ੍ਰਸਤਾਵ ਸੀ I

ਨਵੇਂ ਵਰਕਰ ਕਾਨੂੰਨ ਵਿਚ ਨੌਟਵਿਦਸਟੈਂਡਿੰਗ ਕਲੌਜ਼ ਵੀ ਸ਼ਾਮਲ ਹੈ, ਜਿਸ ਅਧੀਨ ਲਜਿਸਲੇਚਰ ਕੋਲ ਪੰਜ ਸਾਲ ਲਈ ਕੈਨੇਡੀਅਨ ਚਾਰਟਰ ਔਫ਼ ਰਾਈਟਸ ਅਤੇ ਫ਼ਰੀਡਮ ਦੇ ਕੁਝ ਹਿੱਸੇ ਨੂੰ ਦਰਕਿਨਾਰ ਕਰਨ ਦੀ ਛੋਟ ਹੁੰਦੀ ਹੈ। 

ਅਸਾਨ ਭਾਸ਼ਾ ਵਿਚ ਨੌਟਵਿਦਸਟੈਂਡਿੰਗ ਕਲੌਜ਼ ਕੈਨੇਡਾ ਦੇ ਬੁੁਨਿਆਦੀ ਅਧਿਕਾਰਾਂ ਦੇ ਚਾਰਟਰ ਦੇ ਸੈਕਸ਼ਨ 33 ਵਿਚ ਦਰਜ ਇੱਕ ਵਿਸ਼ੇਸ਼ ਵਿਵਸਥਾ ਹੈ, ਜਿਸ ਅਧੀਨ ਸਰਕਾਰਾਂ ਕੁਝ ਅਧਿਕਾਰਾਂ ਨੂੰ ਬਾਈਪਾਸ ਕਰਕੇ ਕਾਨੂੰਨ ਬਣਾ ਸਕਦੀਆਂ ਹਨ, ਪਰ ਅਜਿਹੇ ਕਾਨੂੰਨ ਪੰਜ ਸਾਲ ਬਾਅਦ ਰੀਨਿਊ ਹੋਣੇ ਜ਼ਰੂਰੀ ਹੁੰਦੇ ਹਨ।

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਓਨਟੇਰਿਓ ਸਰਕਾਰ ਦੁਆਰਾ ਪੇਸ਼ ਕੀਤੇ ਵਿਵਾਦਿਤ ਵਰਕਰ ਕਾਨੂੰਨ ਵਿਚ ਨੌਟਵਿਦਸਟੈਂਡਿੰਗ ਕਲੌਜ਼ ਵਰਤਣ ਦੇ ਇਰਾਦੇ ਦੀ ਨਿੰਦਾ ਕੀਤੀ ਸੀ I

ਸਲਾਨਾ 11.7 ਫ਼ੀਸਦੀ ਵਾਧੇ ਦੀ ਮੰਗ

ਯੂਨੀਅਨ ਵੱਲੋਂ ਤਨਖ਼ਾਹਾਂ ਵਿਚ ਸਾਲਾਨਾ 11.7 ਫ਼ੀਸਦੀ ਵਾਧੇ ਦੀ ਮੰਗ ਰੱਖੀ ਗਈ ਹੈ, ਜਿਸ ਦੇ ਜਵਾਬ ਵਿਚ ਸਰਕਾਰ ਨੇ 40,000 ਡਾਲਰ ਸਲਾਨਾ ਤੋਂ ਘੱਟ ਕਮਾਉਣ ਵਾਲੇ ਵਰਕਰ ਨੂੰ ਸਲਾਨਾ 2 ਫ਼ੀਸਦੀ ਵਾਧਾ ਅਤੇ ਬਾਕੀਆਂ ਲਈ ਸਲਾਨਾ 1.25 ਫ਼ੀਸਦੀ ਵਾਧੇ ਦੀ ਪੇਸ਼ਕਸ਼ ਕੀਤੀ ਹੈ।

ਇਸ ਤੋਂ ਇਲਾਵਾ ਯੂਨੀਅਨ ਨੇ ਕੁਝ ਹੋਰ ਪ੍ਰਸਤਾਵ ਵੀ ਰੱਖੇ ਹਨ, ਜਿਸ ਵਿਚ ਓਵਰਟਾਈਮ ਵੇਲੇ ਮੌਜੂਦਾ ਰੇਟ ਨਾਲੋਂ ਦੁਗਣਾ ਭੁਗਤਾਨ, ਐਜੁਕੇਸ਼ਨ ਅਸਿਸਟੈਂਟਸ ਅਤੇ ਅਰਲੀ ਚਾਈਲਡਹੁਡ ਐਜੁਕੇਟਰਾਂ ਨੂੰ ਤਿਆਰੀ ਲਈ 30 ਮਿੰਟ ਦਾ ਪੇਡ ਸਮਾਂ ਅਤੇ ਬੈਨਿਫ਼ਿਟਸ ਵਿਚ ਵਾਧਾ ਸ਼ਾਮਲ ਹੈ। 

ਸ਼ੁੱਕਰਵਾਰ ਨੂੰ ਓਨਟੇਰਿਓ ਦੇ 55,000 ਐਜੁਕੇਸ਼ਨ ਵਰਕਰ ਅਨਿਸ਼ਚਿਤ ਸਮੇਂ ਲਈ ਹੜਤਾਲ ‘ਤੇ ਚਲੇ ਗਏ ਸਨ  I CUPE ਯੂਨੀਅਨ ਕਸਟੋਡੀਅਨ, ਅਰਲੀ ਚਾਈਲਡਹੁੱਡ ਐਜੁਕੇਟਰ ਅਤੇ ਪ੍ਰਸ਼ਾਸਨੀ ਸਟਾਫ਼ ਦੀ ਨੁਮਾਇੰਦਗੀ ਕਰਦੀ ਹੈ। ਟੀਚਰ ਇਸ ਦਾ ਹਿੱਸਾ ਨਹੀਂ ਹਨ।

ਯੂਨੀਅਨ ਦਾ ਕਹਿਣਾ ਹੈ ਕਿ ਸਰਕਾਰ ਦੀ ਵਿਧੀ ਠੀਕ ਨਹੀਂ ਹੈ ਕਿਉਂਕਿ ਇਹ ਤਨਖ਼ਾਹ ਵਾਧੇ ਪ੍ਰਤੀ ਘੰਟਾ ਵੇਜ ਅਤੇ ਪੇਅ ਸਕੇਲ ‘ਤੇ ਨਿਰਭਰ ਕਰਦੇ ਹਨ, ਇਸ ਕਰਕੇ ਜ਼ਿਆਦਾਤਰ ਵਰਕਰ, ਜੋ 43,000 ਡਾਲਰ ਸਲਾਨਾ ਤੋਂ ਘੱਟ ਕਮਾਉਂਦੇ ਹਨ, ਨੂੰ 2.5 ਫ਼ੀਸਦੀ ਵਾਧਾ ਨਹੀਂ ਮਿਲੇਗਾ।

ਯੂਨੀਅਨ ਦਾ ਕਹਿਣਾ ਹੈ ਕਿ ਉਹਨਾਂ ਦੇ ਵਰਕਰਾਂ ਦੀ ਔਸਤ ਸਲਾਨਾ ਆਮਦਨ 39,000 ਡਾਲਰ ਹੈ, ਜੋ ਕਿ ਆਮ ਤੌਰ 'ਤੇ ਸਕੂਲਾਂ ਵਿਚ ਦਿੱਤੀ ਜਾਣ ਵਾਲੀ ਸਭ ਤੋਂ ਘੱਟ ਤਨਖ਼ਾਹ ਹੈ, ਅਤੇ ਉਹ 11.7 ਫ਼ੀਸਦੀ ਵਾਧੇ ਦੀ ਮੰਗ ਕਰ ਰਹੇ ਹਨ। 

ਸੀਬੀਸੀ ਨਿਊਜ਼ , ਕੈਨੇਡੀਅਨ ਪ੍ਰੈਸ ਤੋਂ ਪ੍ਰਾਪਤ ਫ਼ਾਇਲਜ਼ ਅਨੁਸਾਰ 

ਪੰਜਾਬੀ ਅਨੁਵਾਦ ਸਰਬਮੀਤ ਸਿੰਘ 

ਸੁਰਖੀਆਂ