1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਓਨਟੇਰਿਓ ਦੇ 55,000 ਐਜੁਕੇਸ਼ਨ ਵਰਕਰਾਂ ਵੱਲੋਂ ਅਨਿਸ਼ਚਿਤ ਸਮੇਂ ਲਈ ਹੜਤਾਲ ਸ਼ੁਰੂ

ਸਰਕਾਰ ਨੇ ਹੜਤਾਲ ਗ਼ੈਰ-ਕਾਨੂੰਨੀ ਕਰਾਰ ਦਿੰਦਿਆਂ ਲੇਬਰ ਬੋਰਡ ‘ਚ ਪਹੁੰਚ ਕੀਤੀ

ਹੜਤਾਲ ਕਰਦੇ ਯੂਨੀਅਨ ਮੈਂਬਰ

4 ਨਵੰਬਰ 2022 ਨੂੰ ਕੈਨੇਡੀਅਨ ਯੂਨੀਅਨ ਔਫ਼ ਪਬਲਿਕ ਇੰਪੋਲਿਇਜ਼ (CUPE) ਦੇ ਮੈਂਬਰ ਅਤੇ ਸਮਰਥਕ ਮਿਲਟਨ, ਜੋਕਿ ਐਮਪੀਪੀ ਪਰਮ ਗਿੱਲ ਦੀ ਰਾਈਡਿੰਗ ਹੈ, ਵਿੱਖੇ ਰੋਸ ਮੁਜ਼ਾਹਰਾ ਕਰਦੇ ਹੋਏ।

ਤਸਵੀਰ: La Presse canadienne / Nick Iwanyshyn

RCI

ਸ਼ੁੱਕਰਵਾਰ ਨੂੰ ਓਨਟੇਰਿਓ ਦੇ 55,000 ਐਜੁਕੇਸ਼ਨ ਵਰਕਰ ਅਨਿਸ਼ਚਿਤ ਸਮੇਂ ਲਈ ਹੜਤਾਲ ‘ਤੇ ਚਲੇ ਗਏ ਹਨ। ਇਸ ਕਾਰਵਾਈ ਨੂੰ ਗ਼ੈਰ-ਕਾਨੂੰਨੀ ਕਰਾਰ ਦਿੰਦਿਆਂ ਐਜੁਕੇਸ਼ਨ ਮਿਨਿਸਟਰ ਨੇ ਓਨਟੇਰਿਓ ਲੇਬਰ ਰਿਲੇਸ਼ਨਜ਼ ਬੋਰਡ ਨੂੰ ਸ਼ਿਕਾਇਤ ਕਰ ਦਿੱਤੀ ਹੈ।

ਕੈਨੇਡੀਅਨ ਯੂਨੀਅਨ ਔਫ਼ ਪਬਲਿਕ ਇੰਪੋਲਿਇਜ਼ (CUPE) ਅਧੀਨ ਆਉਂਦੇ ਐਜੁਕੇਸ਼ਨ ਵਰਕਰਾਂ ਨੇ ਸ਼ੁੱਕਰਵਾਰ ਨੂੰ ਓਨਟੇਰਿਓ ਦੇ ਵੌਨ, ਜੋਕਿ ਐਜੁਕੇਸ਼ਨ ਮਿਨਿਸਟਰ ਸਟੀਫ਼ਨ ਲੈਚੇ ਦੀ ਰਾਈਡਿੰਗ ਹੈ, ਵਿੱਖੇ ਵੀ ਮੁਜ਼ਾਹਰਾ ਕੀਤਾ।

ਯੂਨੀਅਨ ਮੈਂਬਰਾਂ ਵੱਲੋਂ ਓਨਟੇਰਿਓ ਦੇ ਲਜਿਸਲੇਚਰ ਦੇ ਬਾਹਰ ਵੱਡੇ ਪ੍ਰਦਰਸ਼ਨਾਂ ਦੀ ਯੋਜਨਾ ਬਣਾਈ ਗਈ ਹੈ ਅਤੇ ਸੈਂਕੜੇ ਦੀ ਗਿਣਤੀ ਵਿਚ ਲੋਕ ਲਜਿਸਲੇਚਰ ਦੇ ਬਾਹਰ ਇਕੱਠੇ ਹੋਣਾ ਸ਼ੁਰੂ ਹੋ ਗਏ ਹਨ।

ਇੱਕ ਦਿਨ ਪਹਿਲਾਂ ਓਨਟੇਰਿਓ ਸਰਕਾਰ ਨੇ ਇੱਕ ਕਾਨੂੰਨ ਪਾਸ ਕਰਕੇ ਐਜੁਕੇਸ਼ਨ ਵਰਕਰਾਂ ‘ਤੇ ਨਵਾਂ ਕਾਨਟ੍ਰੈਕਟ ਥੋਪ ਦਿੱਤਾ ਹੈ ਅਤੇ ਹੜਤਾਲ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ।

ਕਾਨੂੰਨ ਵਿਚ ਨੌਟਵਿਦਸਟੈਂਡਿੰਗ ਕਲਾਜ਼ ਵੀ ਸ਼ਾਮਲ ਹੈ, ਜੋ ਸਰਕਾਰ ਨੂੰ ਸੰਵਿਧਾਨਕ ਚੁਣੌਤੀ ਤੋਂ ਵੀ ਛੋਟ ਦਿੰਦਾ ਹੈ।

ਯੂਨੀਅਨ ਦਾ ਕਹਿਣਾ ਹੈ ਕਿ ਉਕਤ ਕਾਨੂੰਨ ਵਰਕਰਾਂ ਦੇ ਅਧਿਕਾਰਾਂ ‘ਤੇ ਹਮਲਾ ਹੈ ਅਤੇ ਉਹਨਾਂ ਨੇ ਕਾਨੂੰਨ ਦੇ ਬਾਵਜੂਦ ਹੜਤਾਲ ਦਾ ਫ਼ੈਸਲਾ ਲਿਆ ਹੈ। ਯੂਨੀਅਨ ਨੇ ਹੜਤਾਲ ਦੇ ਇੱਕ ਦਿਨ ਤੋਂ ਵੱਧ ਸਮਾਂ ਜਾਰੀ ਰਹਿਣ ਦੀ ਚਿਤਾਵਨੀ ਵੀ ਦਿੱਤੀ ਹੈ।

4 ਨਵੰਬਰ ਨੂੰ ਕੁਈਨਜ਼ ਪਾਰਕ (ਸੂਬਾਈ ਲਜਿਸਲੇਚਰ) ਦੇ ਬਾਹਰ ਇਕੱਠੇ ਹੋਏ ਯੂਨੀਅਨ ਮੈਂਬਰ ਅਤੇ ਸਮਰਥਕ।

4 ਨਵੰਬਰ ਨੂੰ ਕੁਈਨਜ਼ ਪਾਰਕ (ਸੂਬਾਈ ਲਜਿਸਲੇਚਰ) ਦੇ ਬਾਹਰ ਇਕੱਠੇ ਹੋਏ ਯੂਨੀਅਨ ਮੈਂਬਰ ਅਤੇ ਸਮਰਥਕ।

ਤਸਵੀਰ: (Linda Ward/CBC)

ਯੌਰਕ ਡਿਸਟ੍ਰਿਕਟ ਸਕੂਲ ਬੋਰਡ ਨਾਲ ਸਬੰਧਤ, ਆਰਨ ਗੱਪੀ, ਜੋਕਿ ਲੈਚੇ ਦੇ ਦਫ਼ਤਰ ਦੇ ਬਾਹਰ ਹੜਤਾਲ ਕਰ ਰਹੇ ਹਨ, ਨੇ ਕਿਹਾ, ਜੇ ਉਹ ਇੱਕ ਯੂਨੀਅਨ ਵੱਜੋਂ ਸਾਡੇ ਅਧਿਕਾਰ ਖੋਹ ਰਹੇ ਹਨ, ਤਾਂ ਅਗਲੀ ਵਾਰੀ ਕਿਸੇ ਹੋਰ ਯੂਨੀਅਨ ਦੀ ਹੈ

ਅਸੀਂ ਇੱਥੇ ਸਿਰਫ਼ ਇਹ ਦੱਸਣ ਆਏ ਹਾਂ ਕਿ ਅਸੀਂ ਪਿੱਛੇ ਨਹੀਂ ਹਟਾਂਗੇ, ਅਸੀਂ ਇਸ ਭਿਆਨਕ ਸਮਝੌਤੇ ਨਾਲ ਸਹਿਮਤ ਨਹੀਂ ਹਾਂ। ਲੋਕ ਸਾਨੂੰ ਸਮਰਥਨ ਦੇ ਰਹੇ ਹਨ

ਨਵੇਂ ਬਿਲ ਵਿਚ ਹੜਤਾਲ ਕਰਨ ਵਾਲੇ ਹਰੇਕ ਮੁਲਾਜ਼ਮ ਨੂੰ 4,000 ਡਾਲਰ ਪ੍ਰਤੀ ਦਿਨ ਜੁਰਮਾਨਾ ਅਤੇ ਯੂਨੀਅਨ ਨੂੰ 500,000 ਡਾਲਰ ਦਾ ਜੁਰਮਾਨਾ ਲਾਉਣ ਦਾ ਪ੍ਰਸਤਾਵ ਹੈ। ਯੂਨੀਅਨ ਨੇ ਸਾਰੇ ਜੁਰਮਾਨੇ ਆਪਣੇ ਜ਼ਿੰਮੇ ਲੈਣ ਦਾ ਵਾਅਦਾ ਕੀਤਾ ਹੈ।

ਲੈਚੇ ਕਹਿ ਚੁੱਕੇ ਹਨ ਕਿ ਸਰਕਾਰ ਜੁਰਮਾਨੇ ਲਾਉਣ ਤੋਂ ਨਹੀਂ ਕਤਰਾਏਗੀ, ਅਤੇ ਜੇ ਅਜਿਹਾ ਹੁੰਦਾ ਹੈ ਤਾਂ ਯੂਨੀਅਨ ਨੂੰ ਹਰ ਰੋਜ਼ ਦਾ 220 ਮਿਲੀਅਨ ਡਾਲਰ ਦਾ ਜੁਰਮਾਨਾ ਹੋਵੇਗਾ। CUPE ਦੇ ਲੀਡਰਾਂ ਨੇ ਸੰਕੇਤ ਦਿੱਤੇ ਸਨ ਕਿ ਉਹ ਹੋਰ ਲੇਬਰ ਗਰੁੱਪਾਂ ਤੋਂ ਵੀ ਵਿੱਤੀ ਮਦਦ ਲੈ ਸਕਦੇ ਹਨ।

ਸੂਬੇ ਦੇ ਬਹੁਤ ਸਾਰੇ ਸਕੂਲ ਬੋਰਡਾਂ ਜਿਹਨਾਂ ਵਿਚ ਟੋਰੌਂਟੋ ਡਿਸਟ੍ਰਿਕਟ ਸਕੂਲ ਬੋਰਡ ਅਤੇ ਪੂਰਬੀ ਓਨਟੇਰਿਓ ਦੇ ਕਈ ਬੋਰਡ ਸ਼ਾਮਲ ਹਨ, ਨੇ ਕਿਹਾ ਸੀ ਕਿ ਹੜਤਾਲ ਕਾਰਨ ਉਹਨਾਂ ਦੇ ਸਕੂਲ ਬੰਦ ਰਹਿਣਹਗੇ। ਹੋਰ ਬਹੁਤ ਸਾਰੇ ਸਕੂਲ ਬੋਰਡਾਂ ਨੇ ਰਿਮੋਟ ਲਰਨਿੰਗ ਦੀ ਗੱਲ ਆਖੀ ਸੀ।

ਸ਼ੁੱਕਰਵਾਰ ਨੂੰ ਜਾਰੀ ਇੱਕ ਬਿਆਨ ਵਿਚ ਸਟੀਫ਼ਨ ਲੈਚੇ ਨੇ ਦੱਸਿਆ ਕਿ ਉਹਨਾਂ ਦੀ ਮਿਨਿਸਟਰੀ ਨੇ ਇਸ ਗ਼ੈਰ-ਕਾਨੂੰਨੀ ਹੜਤਾਲ ਦੀ ਓਨਟੇਰਿਓ ਲੇਬਰ ਰਿਲੇਸ਼ਨਜ਼ ਬੋਰਡ ਕੋਲ ਸ਼ਿਕਾਇਤ ਦਾਇਰ ਕਰ ਦਿੱਤੀ ਹੈ।

ਲੈਚੇ ਨੇ ਦੁਹਰਾਇਆ ਕਿ ਬੱਚਿਆਂ ਨੂੰ ਕਲਾਸਾਂ ਵਿਚ ਵਾਪਸ ਭੇਜਣ ਲਈ ਸਰਕਾਰ ਹਰੇਕ ਉਪਲਬਧ ਸਾਧਨ ਦਾ ਇਸਤੇਮਾਲ ਕਰੇਗੀ। 

ਪ੍ਰੀਮੀਅਰ ਡਗ ਫ਼ੋਰਡ ਨੇ ਕੱਲ ਕਿਹਾ ਸੀ ਕਿ ਯੂਨੀਅਨ ਨੇ ਉਹਨਾਂ ਦੀ ਸਰਕਾਰ ਕੋਲ ਕਾਨੂੰਨ ਲਿਆਉਣ ਤੋਂ ਬਿਨਾ ਕੋਈ ਹੋਰ ਚਾਰਾ ਨਹੀਂ ਛੱਡਿਆ ਹੈ। ਉਹਨਾਂ ਕਿਹਾ ਕਿ ਮਹਾਂਮਾਰੀ ਕਾਰਨ ਬੱਚਿਆਂ ਦੀਆਂ ਕਲਾਸਾਂ ਦਾ ਪਹਿਲਾਂ ਹੀ ਕਾਫ਼ੀ ਨੁਕਸਾਨ ਹੋਇਆ ਹੈ, ਪਰ ਹੁਣ ਸਰਕਾਰ ਬੱਚਿਆਂ ਦੀਆਂ ਕਲਾਸਾਂ ਨਿਰਵਿਘਨ ਜਾਰੀ ਰੱਖਣ ਲਈ ਹਰੇਕ ਸਾਧਨ ਇਸਤੇਮਾਲ ਕਰੇਗੀ।

ਸ਼ੁਰੂਆਤ ਵਿਚ ਸਰਕਾਰ ਨੇ 40,000 ਡਾਲਰ ਸਲਾਨਾ ਤੋਂ ਘੱਟ ਕਮਾਉਣ ਵਾਲੇ ਵਰਕਰ ਨੂੰ ਸਲਾਨਾ 2 ਫ਼ੀਸਦੀ ਵਾਧਾ ਅਤੇ ਬਾਕੀਆਂ ਲਈ ਸਲਾਨਾ 1.25 ਫ਼ੀਸਦੀ ਵਾਧੇ ਦੀ ਪੇਸ਼ਕਸ਼ ਕੀਤੀ ਸੀ। ਪਰ 4 ਸਾਲ ਲਈ ਨਵੇਂ ਥੋਪੇ ਜਾਣ ਵਾਲੇ ਸਮਝੌਤੇ ਤਹਿਤ 43,000 ਡਾਲਰ ਤੋਂ ਘੱਟ ਕਮਾਉਣ ਵਾਲੇ ਵਰਕਰ ਨੂੰ 2.5 ਫ਼ੀਸਦੀ ਦਾ ਸਲਾਨਾ ਵਾਧਾ ਅਤੇ ਬਾਕੀਆਂ ਲਈ ਸਲਾਨਾ 1.5 ਫ਼ੀਸਦੀ ਵਾਧੇ ਦੀ ਪੇਸ਼ਕਸ਼ ਹੈ।

ਯੂਨੀਅਨ ਦਾ ਕਹਿਣਾ ਹੈ ਕਿ ਸਰਕਾਰ ਦੀ ਵਿਧੀ ਠੀਕ ਨਹੀਂ ਹੈ ਕਿਉਂਕਿ ਇਹ ਤਨਖ਼ਾਹ ਵਾਧੇ ਪ੍ਰਤੀ ਘੰਟਾ ਵੇਜ ਅਤੇ ਪੇਅ ਸਕੇਲ ‘ਤੇ ਨਿਰਭਰ ਕਰਦੇ ਹਨ, ਇਸ ਕਰਕੇ ਜ਼ਿਆਦਾਤਰ ਵਰਕਰ, ਜੋ 43,000 ਡਾਲਰ ਸਲਾਨਾ ਤੋਂ ਘੱਟ ਕਮਾਉਂਦੇ ਹਨ, ਨੂੰ 2.5 ਫ਼ੀਸਦੀ ਵਾਧਾ ਨਹੀਂ ਮਿਲੇਗਾ।

ਯੂਨੀਅਨ ਦਾ ਕਹਿਣਾ ਹੈ ਕਿ ਉਹਨਾਂ ਦੇ ਵਰਕਰਾਂ ਦੀ ਔਸਤ ਸਲਾਨਾ ਆਮਦਨ 39,000 ਡਾਲਰ ਹੈ, ਜੋ ਕਿ ਆਮ ਤੌਰ 'ਤੇ ਸਕੂਲਾਂ ਵਿਚ ਦਿੱਤੀ ਜਾਣ ਵਾਲੀ ਸਭ ਤੋਂ ਘੱਟ ਤਨਖ਼ਾਹ ਹੈ, ਅਤੇ ਉਹ 11.7 ਫ਼ੀਸਦੀ ਵਾਧੇ ਦੀ ਮੰਗ ਕਰ ਰਹੇ ਹਨ।

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ