1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਓਨਟੇਰਿਓ ਸਰਕਾਰ ਅਤੇ ਯੂਨੀਅਨ ਦਰਮਿਆਨ ਗੱਲਬਾਤ ਬੇਨਤੀਜਾ, ਹੜਤਾਲ ਨਿਰਧਾਰਿਤ

CUPE ਦੇ ਵਰਕਰਾਂ ਦੇ ਸਮਰਥਨ ਵਿਚ OPSEU ਦੇ 8,000 ਐਜੁਕੇਸ਼ਨ ਵਰਕਰ ਵੀ ਸ਼ੁੱਕਰਵਾਰ ਨੂੰ ਕਰਨਗੇ ਹੜਤਾਲ

ਓਨਟੇਰਿਓ ਦੇ ਐਜੁਕੇਸ਼ਨ ਮਿਨਿਸਟਰ ਨੇ ਪੁਸ਼ਟੀ ਕੀਤੀ ਹੈ ਕਿ ਯੂਨੀਅਨ ਅਤੇ ਸਰਕਾਰ ਦਰਮਿਆਨ ਸਮਝੌਤੇ 'ਤੇ ਗੱਲਬਾਤ ਬੇਨਤੀਜਾ ਰਹੀ ਹੈ।

ਓਨਟੇਰਿਓ ਦੇ ਐਜੁਕੇਸ਼ਨ ਮਿਨਿਸਟਰ ਨੇ ਪੁਸ਼ਟੀ ਕੀਤੀ ਹੈ ਕਿ ਯੂਨੀਅਨ ਅਤੇ ਸਰਕਾਰ ਦਰਮਿਆਨ ਸਮਝੌਤੇ 'ਤੇ ਗੱਲਬਾਤ ਬੇਨਤੀਜਾ ਰਹੀ ਹੈ।

ਤਸਵੀਰ: (Carlos Osorio/CBC)

RCI

ਓਨਟੇਰਿਓ ਸਰਕਾਰ ਅਤੇ 55,000 ਐਜੁਕੇਸ਼ਨ ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ, ਕੈਨੇਡੀਅਨ ਯੂਨੀਅਨ ਔਫ਼ ਪਬਲਿਕ ਇੰਪੋਲਿਇਜ਼ (CUPE) ਦਰਮਿਆਨ ਵਿਚੋਲਗੀ ਸਮਾਪਤ ਹੋ ਗਈ ਹੈ ਅਤੇ ਇਸ ਦੌਰਾਨ ਕੋਈ ਸਮਝੌਤਾ ਨਹੀਂ ਹੋ ਸਕਿਆ। ਯਾਨੀ ਹੁਣ ਸ਼ੁੱਕਰਵਾਰ ਨੂੰ ਓਨਟੇਰਿਓ ਦੇ ਐਜੁਕੇਸ਼ਨਾਂ ਵਰਕਰਾਂ ਦੀ ਹੜਤਾਲ ਨਿਰਧਾਰਿਤ ਹੈ।

ਇੱਕ ਨਿਊਜ਼ ਕਾਨਫ਼੍ਰੰਸ ਦੌਰਾਨ ਓਨਟੇਰਿਓ ਦੇ ਐਜੁਕੇਸ਼ਨ ਮਿਨਿਸਟਰ ਸਟੀਫ਼ਨ ਲੈਚੇ ਨੇ ਕਿਹਾ ਕਿ ਜੇ ਯੂਨੀਅਨ ਸ਼ੁੱਕਰਵਾਰ ਨੂੰ ਹੜਤਾਲ ਕਰਦੀ ਹੈ ਤਾਂ ਇਸ ਨੂੰ ਗ਼ੈਰ-ਕਾਨੂੰਨੀ ਮੰਨਿਆ ਜਾਵੇਗਾ, ਕਿਉਂਕਿ ਸਰਕਾਰ ਆਪਣੇ ਹੜਤਾਲ-ਵਿਰੋਧੀ ਕਾਨੂੰਨ ਨੂੰ ਅੱਗੇ ਵਧਾਉਣ ਦਾ ਇਰਾਦਾ ਰੱਖਦੀ ਹੈ।

ਲੈਚੇ ਨੇ ਕਿਹਾ, ਮੇਰੀ ਉਮੀਦ ਹੈ ਕਿ ਉਹ ਸਾਡੇ ਬੱਚਿਆਂ ਲਈ ਕਲ ਕੰਮ ‘ਤੇ ਪਹੁੰਚਣਗੇ। ਉਹਨਾਂ ਕਿਹਾ ਕਿ ਜਦੋਂ ਦੋਵਾਂ ਧਿਰਾਂ ਦਰਮਿਆਨ ਗੱਲਬਾਤ ਹੋਈ ਸੀ ਉਦੋਂ ਯੂਨੀਅਨ ਦਾ ਹੜਤਾਲ ਟਾਲ਼ਣ ਦਾ ਕੋਈ ਇਰਾਦਾ ਨਹੀਂ ਸੀ।

ਮਿਨਿਸਟਰ ਲੈਚੇ ਨੇ ਕਿਹਾ, ਅਸੀਂ ਬੱਚਿਆਂ ਨੂੰ ਸਕੂਲ ਵਿਚ ਯਕੀਨੀ ਬਣਾਉਣ ਲਈ ਅਤੇ ਓਨਟੇਰਿਓ ਦੇ ਲੱਖਾਂ ਵਿਦਿਆਰਥੀਆਂ ਲਈ ਰੁਕਾਵਟ ਨੂੰ ਘੱਟ ਕਰਨ ਲਈ ਸਾਡੇ ਕਾਨੂੰਨ ਵਿਚ ਉਪਲਬਧ ਹਰ ਸਾਧਨ ਦੀ ਵਰਤੋਂ ਕਰਾਂਗੇ

ਵੀਰਵਾਰ ਨੂੰ ਜਾਰੀ ਇੱਕ ਬਿਆਨ ਵਿਚ ਯੂਨੀਅਨ ਨੇ ਕਿਹਾ ਕਿ ਉਹਨਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਕਿ ਵਿਚੋਲਗੀ ਸਮਾਪਤ ਹੋ ਗਈ ਹੈ।

ਬਿਆਨ ਵਿਚ ਕਿਹਾ ਗਿਆ ਹੈ, ਇਹ ਸਪਸ਼ਟ ਹੋ ਗਿਆ ਹੈ ਕਿ ਇਹ ਸਰਕਾਰ ਕਦੇ ਗੱਲਬਾਤ ਕਰਨਾ ਹੀ ਨਹੀਂ ਸੀ ਚਾਹੁੰਦੀ

ਯੂਨੀਅਨ ਦਾ ਕਹਿਣਾ ਹੈ ਕਿ ਸਰਕਾਰ ਨੇ ਜਿੰਨਾਂ ਸਮਾਂ ਅਤੇ ਜਿੰਨੀਆਂ ਕੋਸ਼ਿਸ਼ਾਂ ਵਰਕਰਾਂ ਦੇ ਅਧਿਕਾਰ ਖੋਹਣ ਵਾਲੇ ਬਿਲ-28 ਬਣਾਉਣ ‘ਤੇ ਲਾਈਆਂ ਹਨ, ਉੰਨੀਆਂ ਕੋਸ਼ਿਸ਼ਾਂ ਸਮਝੌਤੇ ਲਈ ਕਰਨੀਆਂ ਚਾਹੀਦੀਆਂ ਸਨ।

ਲੈਚੇ ਨੇ ਕਿਹਾ ਕਿ ਉਹਨਾਂ ਨੇ ਸਕੂਲਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜਿੰਨਾਂ ਸੰਭਵ ਹੋ ਸਕੇ ਉੰਨਾ ਵੱਧ ਤੋਂ ਵੱਧ ਸਕੂਲਾਂ ਨੂੰ ਖੁੱਲਾ ਰੱਖਿਆ ਜਾਵੇ, ਅਤੇ ਉਹਨਾਂ ਨੇ ਸਟਾਫ਼ ਨੂੰ ਕੰਮ ‘ਤੇ ਜ਼ਰੂਰ ਜਾਣ ਲਈ ਆਖਿਆ ਹੈ ਤਾਂ ਕਿ ਲਾਈਵ ਲਰਨਿੰਗ ਸੰਭਵ ਕੀਤੀ ਜਾ ਸਕੇ।

ਓਨਟੇਰਿਓ ਸਰਕਾਰ ਵੱਲੋਂ ਵੀਰਵਾਰ ਨੂੰ ਇੱਕ ਕਾਨੂੰਨ ਪਾਸ ਕਰਨ ਦੀ ਉਮੀਦ ਹੈ, ਜਿਸ ਅਧੀਨ 55,000 ਐਜੁਕੇਸ਼ਨ ਵਰਕਰਾਂ ‘ਤੇ ਸਮਝੌਤਾ ਥੋਪ ਦਿੱਤਾ ਜਾਵੇਗਾ। ਕੈਨੇਡੀਅਨ ਸਿਵਿਲ ਲਿਬਰਟੀਜ਼ ਅਸੋਸੀਏਸ਼ਨ ਨੇ ਇਸ ਬਿਲ ਨੂੰ ਅਧਿਕਾਰਾਂ ਅਤੇ ਆਜ਼ਾਦੀ ਦਾ ਘਾਣ ਦੱਸਿਆ ਹੈ।

ਵੀਰਵਾਰ ਨੂੰ ਸੂਬਾਈ ਲਜਿਸਲੇਚਰ ਵਿਚ ਓਨਟੇਰਿਓ ਪ੍ਰੀਮੀਅਰ ਡਗ ਫ਼ੋਰਡ ਦੀ ਤਸਵੀਰ।

ਵੀਰਵਾਰ ਨੂੰ ਸੂਬਾਈ ਲਜਿਸਲੇਚਰ ਵਿਚ ਓਨਟੇਰਿਓ ਪ੍ਰੀਮੀਅਰ ਡਗ ਫ਼ੋਰਡ ਦੀ ਤਸਵੀਰ। ਫ਼ੋਰਡ ਦਾ ਕਹਿਣਾ ਹੈ ਕਿ ਯੂਨੀਅਨ ਨੇ ਸਰਕਾਰ ਕੋਲ ਬਿਲ-28 ਲਿਆਉਣ ਤੋਂ ਸਿਵਾ ਕੋਈ ਹੋਰ ਵਿਕਲਪ ਨਹੀਂ ਛੱਡਿਆ।

ਤਸਵੀਰ: (Carlos Osorio/CBC)

ਬਿਲ ਪੇਸ਼ ਹੋਣ ਦੇ ਬਾਵਜੂਦ ਸੂਬੇ ਦੇ ਐਜੁਕੇਸ਼ਨ ਵਰਕਰ, ਜਿਹਨਾਂ ਵਿਚ ਅਰਲੀ ਚਾਈਲਡਹੁੱਡ ਐਜੁਕੇਟਰ, ਕਸਟੋਡੀਅਨ, ਲਾਈਬ੍ਰੇਰੀਅਨ ਸ਼ਾਮਲ ਹਨ, ਸ਼ੁੱਕਰਵਾਰ ਨੂੰ ਹੜਤਾਲ ਕਰਨਗੇ।

ਨਵੇਂ ਬਿਲ ਵਿਚ ਹੜਤਾਲ ਕਰਨ ਵਾਲੇ ਹਰੇਕ ਮੁਲਾਜ਼ਮ ਨੂੰ 4,000 ਡਾਲਰ ਪ੍ਰਤੀ ਦਿਨ ਜੁਰਮਾਨਾ ਅਤੇ ਯੂਨੀਅਨ ਨੂੰ 500,000 ਡਾਲਰ ਦਾ ਜੁਰਮਾਨਾ ਲਾਉਣ ਦਾ ਪ੍ਰਸਤਾਵ ਹੈ। ਯੂਨੀਅਨ ਨੇ ਸਾਰੇ ਜੁਰਮਾਨੇ ਆਪਣੇ ਜ਼ਿੰਮੇ ਲੈਣ ਦਾ ਵਾਅਦਾ ਕੀਤਾ ਹੈ।

ਓਨਟੇਰਿਓ ਪਬਲਿਕ ਸਰਵਿਸ ਇੰਪਲੋਇਜ਼ ਯੂਨੀਅਨ (OPSEU) ਨੇ ਅੱਜ ਕਿਹਾ ਕਿ CUPE ਦੇ ਵਰਕਰਾਂ ਦੇ ਸਮਰਥਨ ਵਿਚ OPSEU ਦੇ ਐਜੁਕੇਸ਼ਨ ਵਰਕਰ ਵੀ ਸ਼ੁੱਕਰਵਾਰ ਨੂੰ ਨੌਕਰੀ ਤੋਂ ਵਾਕਆਊਟ ਕਰਨਗੇ। ਯੂਨੀਅਨ ਦੇ ਸਭ ਤੋਂ ਵੱਧ ਮੈਂਬਰ ਪੀਲ ਅਤੇ ਯੌਰਕ ਡਿਸਟ੍ਰਿਕਟ ਸਕੂਲ ਬੋਰਡਾਂ ਵਿਚ ਹਨ। ਦੋਵੇਂ ਬੋਰਡ ਪਹਿਲਾਂ ਹੀ ਦੱਸ ਚੁੱਕੇ ਹਨ ਕਿ ਹੜਤਾਲ ਕਾਰਨ ਉਹਨਾਂ ਦੇ ਸਕੂਲ ਬੰਦ ਰਹਿਣਗੇ।

ਨਵੇਂ ਵਰਕਰ ਕਾਨੂੰਨ ਵਿਚ ਨੌਟਵਿਦਸਟੈਂਡਿੰਗ ਕਲੌਜ਼ ਵੀ ਸ਼ਾਮਲ ਹੈ, ਜਿਸ ਅਧੀਨ ਲਜਿਸਲੇਚਰ ਕੋਲ ਪੰਜ ਸਾਲ ਲਈ ਕੈਨੇਡੀਅਨ ਚਾਰਟਰ ਔਫ਼ ਰਾਈਟਸ ਅਤੇ ਫ਼ਰੀਡਮ ਦੇ ਕੁਝ ਹਿੱਸੇ ਨੂੰ ਦਰਕਿਨਾਰ ਕਰਨ ਦੀ ਛੋਟ ਹੁੰਦੀ ਹੈ। 

ਅਸਾਨ ਭਾਸ਼ਾ ਵਿਚ ਨੌਟਵਿਦਸਟੈਂਡਿੰਗ ਕਲੌਜ਼ ਕੈਨੇਡਾ ਦੇ ਬੁੁਨਿਆਦੀ ਅਧਿਕਾਰਾਂ ਦੇ ਚਾਰਟਰ ਦੇ ਸੈਕਸ਼ਨ 33 ਵਿਚ ਦਰਜ ਇੱਕ ਵਿਸ਼ੇਸ਼ ਵਿਵਸਥਾ ਹੈ, ਜਿਸ ਅਧੀਨ ਸਰਕਾਰਾਂ ਕੁਝ ਅਧਿਕਾਰਾਂ ਨੂੰ ਬਾਈਪਾਸ ਕਰਕੇ ਕਾਨੂੰਨ ਬਣਾ ਸਕਦੀਆਂ ਹਨ, ਪਰ ਅਜਿਹੇ ਕਾਨੂੰਨ ਪੰਜ ਸਾਲ ਬਾਅਦ ਰੀਨਿਊ ਹੋਣੇ ਜ਼ਰੂਰੀ ਹੁੰਦੇ ਹਨ। 

ਸਿਵਿਲ ਲਿਬਰਟੀਜ਼ ਅਸੋਸੀਏਸ਼ਨ ਦਾ ਕਹਿਣਾ ਹੈ ਕਿ ਨੌਟਵਿਦਸਟੈਂਡਿੰਗ ਕਲੌਜ਼ ਇੱਕ ਪ੍ਰਮਾਣੂ ਹਥਿਆਰ ਵਰਗਾ ਹੁੰਦਾ ਹੈ, ਜੋਕਿ ਬੇਹੱਦ ਅਸਧਾਰਨ ਹਾਲਾਤ ਲਈ ਵਰਤਿਆ ਜਾਣ ਵਾਲਾ ਇਖ਼ਤਿਆਰ ਹੈ। 

ਓਨਟੇਰਿਓ ਪ੍ਰੀਮੀਅਰ ਡਗ ਫ਼ੋਰਡ ਨੇ ਅੱਜ ਕਿਹਾ ਕਿ ਯੂਨੀਅਨ ਨੇ ਉਹਨਾਂ ਦੀ ਸਰਕਾਰ ਕੋਲ ਕਾਨੂੰਨ ਲਿਆਉਣ ਤੋਂ ਬਿਨਾ ਕੋਈ ਹੋਰ ਚਾਰਾ ਨਹੀਂ ਛੱਡਿਆ ਹੈ। ਉਹਨਾਂ ਕਿਹਾ ਕਿ ਮਹਾਂਮਾਰੀ ਕਾਰਨ ਬੱਚਿਆਂ ਦੀਆਂ ਕਲਾਸਾਂ ਦਾ ਪਹਿਲਾਂ ਹੀ ਕਾਫ਼ੀ ਨੁਕਸਾਨ ਹੋਇਆ ਹੈ, ਪਰ ਹੁਣ ਸਰਕਾਰ ਬੱਚਿਆਂ ਦੀਆਂ ਕਲਾਸਾਂ ਨਿਰਵਿਘਨ ਜਾਰੀ ਰੱਖਣ ਲਈ ਹਰੇਕ ਸਾਧਨ ਇਸਤੇਮਾਲ ਕਰੇਗੀ।

ਸ਼ੁਰੂਆਤ ਵਿਚ ਸਰਕਾਰ ਨੇ 40,000 ਡਾਲਰ ਸਲਾਨਾ ਤੋਂ ਘੱਟ ਕਮਾਉਣ ਵਾਲੇ ਵਰਕਰ ਨੂੰ ਸਲਾਨਾ 2 ਫ਼ੀਸਦੀ ਵਾਧਾ ਅਤੇ ਬਾਕੀਆਂ ਲਈ ਸਲਾਨਾ 1.25 ਫ਼ੀਸਦੀ ਵਾਧੇ ਦੀ ਪੇਸ਼ਕਸ਼ ਕੀਤੀ ਸੀ। ਪਰ 4 ਸਾਲ ਲਈ ਨਵੇਂ ਥੋਪੇ ਜਾਣ ਵਾਲੇ ਸਮਝੌਤੇ ਤਹਿਤ 43,000 ਡਾਲਰ ਤੋਂ ਘੱਟ ਕਮਾਉਣ ਵਾਲੇ ਵਰਕਰ ਨੂੰ 2.5 ਫ਼ੀਸਦੀ ਦਾ ਸਲਾਨਾ ਵਾਧਾ ਅਤੇ ਬਾਕੀਆਂ ਲਈ ਸਲਾਨਾ 1.5 ਫ਼ੀਸਦੀ ਵਾਧੇ ਦੀ ਪੇਸ਼ਕਸ਼ ਹੈ।

ਯੂਨੀਅਨ ਦਾ ਕਹਿਣਾ ਹੈ ਕਿ ਸਰਕਾਰ ਦੀ ਵਿਧੀ ਠੀਕ ਨਹੀਂ ਹੈ ਕਿਉਂਕਿ ਇਹ ਤਨਖ਼ਾਹ ਵਾਧੇ ਪ੍ਰਤੀ ਘੰਟਾ ਵੇਜ ਅਤੇ ਪੇਅ ਸਕੇਲ ‘ਤੇ ਨਿਰਭਰ ਕਰਦੇ ਹਨ, ਇਸ ਕਰਕੇ ਜ਼ਿਆਦਾਤਰ ਵਰਕਰ, ਜੋ 43,000 ਡਾਲਰ ਸਲਾਨਾ ਤੋਂ ਘੱਟ ਕਮਾਉਂਦੇ ਹਨ, ਨੂੰ 2.5 ਫ਼ੀਸਦੀ ਵਾਧਾ ਨਹੀਂ ਮਿਲੇਗਾ।

ਯੂਨੀਅਨ ਦਾ ਕਹਿਣਾ ਹੈ ਕਿ ਉਹਨਾਂ ਦੇ ਵਰਕਰਾਂ ਦੀ ਔਸਤ ਸਲਾਨਾ ਆਮਦਨ 39,000 ਡਾਲਰ ਹੈ, ਜੋ ਕਿ ਆਮ ਤੌਰ 'ਤੇ ਸਕੂਲਾਂ ਵਿਚ ਦਿੱਤੀ ਜਾਣ ਵਾਲੀ ਸਭ ਤੋਂ ਘੱਟ ਤਨਖ਼ਾਹ ਹੈ, ਅਤੇ ਉਹ 11.7 ਫ਼ੀਸਦੀ ਵਾਧੇ ਦੀ ਮੰਗ ਕਰ ਰਹੇ ਹਨ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ