1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਡੇਨੀਅਲ ਸਮਿੱਥ ਬਣੀ ਯੂਨਾਈਟੇਡ ਕੰਜ਼ਰਵੇਟਿਵ ਪਾਰਟੀ ਦੀ ਨਵੀਂ ਲੀਡਰ, ਬਣੇਗੀ ਐਲਬਰਟਾ ਦੀ ਅਗਲੀ ਪ੍ਰੀਮੀਅਰ

ਕਰੀਬ ਚਾਰ ਮਹੀਨਿਆਂ ਤੋਂ ਚਲ ਰਹੇ ਲੀਡਰਸ਼ਿਪ ਮੁਕਾਬਲੇ ਵਿਚ ਸਮਿੱਥ ਨੇ ਬਾਜ਼ੀ ਮਾਰੀ

ਵੀਰਵਾਰ ਨੂੰ ਡੇਨੀਅਲ ਸਮਿੱਥ ਐਲਬਰਟਾ ਦੀ ਯੂਨਾਈਟੇਡ ਕੰਜ਼ਰਵੇਟਿਵ ਪਾਰਟੀ ਦੀ ਨਵੀਂ ਲੀਡਰ ਚੁਣ ਲਈ ਗਈ ਹੈ।

ਵੀਰਵਾਰ ਨੂੰ ਡੇਨੀਅਲ ਸਮਿੱਥ ਐਲਬਰਟਾ ਦੀ ਯੂਨਾਈਟੇਡ ਕੰਜ਼ਰਵੇਟਿਵ ਪਾਰਟੀ ਦੀ ਨਵੀਂ ਲੀਡਰ ਚੁਣ ਲਈ ਗਈ ਹੈ।

ਤਸਵੀਰ: (The Canadian Press)

RCI

ਵੀਰਵਾਰ ਨੂੰ ਯੂਨਾਈਟੇਡ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਜਿੱਤਣ ਤੋਂ ਬਾਅਦ ਡੇਨੀਅਲ ਸਮਿੱਥ ਹੁਣ ਐਲਬਰਟਾ ਦੀ ਨਵੀਂ ਪ੍ਰੀਮੀਅਰ ਬਣਨਗੇ।

ਸਮਿੱਥ ਵਾਈਲਡਰੋਜ਼ ਪਾਰਟੀ ਦੇ ਸਾਬਕਾ ਲੀਡਰ ਵੀ ਰਹੇ ਹਨ ਅਤੇ 2014 ਵਿਚ ਉਹ ਆਪਣੀ ਪਾਰਟੀ ਦੇ ਕਈ ਮੈਂਬਰਾਂ ਸਮੇਤ ਜਿਮ ਪਰੈਂਟਿਸ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਵਿਚ ਸ਼ਾਮਲ ਹੋ ਗਏ ਸਨ।

ਸਮਿੱਥ ਐਲਬਰਟਾ ਦੇ 19ਵੀਂ ਪ੍ਰੀਮੀਅਰ ਬਣਨਗੇ। ਯੂਸੀਪੀ ਦੇ ਸੱਤਾ ਵਿਚ ਆਉਣ ਤੋਂ ਬਾਅਦ 3 ਸਾਲ ਤੱਕ ਜੇਸਨ ਕੈਨੇਡਾ ਐਲਬਰਟਾ ਦੇ ਪ੍ਰੀਮੀਅਰ ਰਹੇ ਸਨ।

ਡੇਨੀਅਲ ਸਮਿੱਥ ਨੂੰ 53.8 ਵੋਟਾਂ ਹਾਲਸ ਹੋਈਆਂ ਅਤੇ ਯੂਸੀਪੀ ਦੀ ਸਰਕਾਰ ਦੌਰਾਨ ਵਿੱਤ ਮੰਤਰੀ ਰਹੇ ਟ੍ਰੈਵਿਸ ਟੋਅਜ਼ 46.2 ਫ਼ੀਸਦੀ ਵੋਟਾਂ ਪ੍ਰਾਪਤ ਕਰਕੇ ਦੂਸਰੇ ਸਥਾਨ ‘ਤੇ ਰਹੇ।

ਪਾਰਟੀ ਅਨੁਸਾਰ 124,000 ਮੈਂਬਰ ਵੋਟ ਪਾਉਣ ਲਈ ਯੋਗ ਸਨ ਅਤੇ ਇਸ ਲੀਡਰਸ਼ਿਪ ਮੁਕਾਬਲੇ ਵਿਚ ਡਾਕ ਰਾਹੀਂ ਅਤੇ ਇਨ-ਪਰਸਨ ਵੋਟਾਂ ਮਿਲਾਕੇ ਕੁਲ 82,000 ਵੋਟਾਂ ਪਈਆਂ।

ਆਪਣੀ ਸਪੀਚ ਵਿਚ ਡੇਨੀਅਲ ਸਮਿੱਥ ਨੇ ਕਿਹਾ ਕਿ ਉਹਨਾਂ ਦੀ ਜਿੱਤ ਮਹਾਨ ਐਲਬਰਟਾ ਦੀ ਦਾਸਤਾਨ ਵਿਚ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਹੈ।

ਉਹਨਾਂ ਕਿਹਾ, ਸਮਾਂ ਆ ਗਿਆ ਹੈ ਕਿ ਹੁਣ ਐਲਬਰਟਾ ਇੱਕ ਮਜ਼ਬੂਤ ਅਤੇ ਇਕਜੁੱਟ ਕੈਨੇਡਾ ਦੇ ਨਿਰਮਾਣ ਵਿਚ ਇੱਕ ਸੀਨੀਅਰ ਭਾਈਵਾਲ ਵੱਜੋਂ ਆਪਣੀ ਥਾਂ ਲਵੇ

ਐਲਬਰਟਾ ਹੁਣ ਔਟਵਾ (ਫ਼ੈਡਰਲ ਸਰਕਾਰ) ਤੋਂ ਖ਼ੁਸ਼ਹਾਲ ਅਤੇ ਆਜ਼ਾਦ ਹੋਣ ਦੀ ਇਜਾਜ਼ਤ ਨਹੀਂ ਮੰਗੇਗਾ। ਅਸੀਂ ਆਪਣੀਆਂ ਆਵਾਜ਼ਾਂ ਨੂੰ ਖ਼ਾਮੋਸ਼ ਜਾਂ ਸੈਂਸਰ ਨਹੀਂ ਕਰਾਂਗੇ। ਸਾਨੂੰ ਇਹ ਨਹੀਂ ਦੱਸਿਆ ਜਾਵੇਗਾ ਕਿ ਸਾਨੂੰ ਕੰਮ ਕਰਨ ਜਾਂ ਸਫ਼ਰ ਕਰਨ ਲਈ ਆਪਣੇ ਸਰੀਰ ਵਿਚ ਕੀ ਪਾਉਣਾ ਚਾਹੀਦਾ ਹੈ

ਸੂਬੇ ਦੇ ਕੁਦਰਤੀ ਸਰੋਤਾਂ ਦੇ ਇਸਤੇਮਾਲ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਹੁਣ ਐਲਬਰਟਾ ਆਪਣੀਆਂ ਸ਼ਰਤਾਂ ‘ਤੇ ਆਪਣੀ ਕਿਸਮਤ ਦਾ ਫ਼ੈਸਲਾ ਕਰੇਗਾ।

ਲੀਡਰਸ਼ਿਪ ਮੁਕਾਬਲੇ ਦੇ ਆਪਣੇ ਵਿਰੋਧੀਆਂ ਦਾ ਧੰਨਵਾਦ ਕਰਨ ਤੋਂ ਬਾਅਦ, ਸਮਿਥ ਨੇ ਕਿਹਾ ਕਿ ਅਗਲੀਆਂ ਆਮ ਚੋਣਾਂ ਵਿੱਚ ਵਿਰੋਧੀ ਐਨਡੀਪੀ ਨੂੰ ਸਰਕਾਰ ਬਣਾਉਣ ਤੋਂ ਰੋਕਣ ਲਈ ਯੂਸੀਪੀ ਦੇ ਮੈਂਬਰਾਂ ਲਈ ਇੱਕਜੁੱਟ ਹੋਣਾ ਮਹੱਤਵਪੂਰਨ ਹੈ।

ਸਮਿੱਥ ਦੀ ਮੁਹਿੰਮ ਦਾ ਕੇਂਦਰ ਬਿੰਦੂ ਪ੍ਰਸਤਾਵਿਤ ਅਲਬਰਟਾ ਸਾਵਰਨਿਟੀ ਐਕਟ ਸੀ, ਜਿਸ ਨੂੰ ਉਹ ਇਸ ਸੌਜ਼ਨ ਦੌਰਾਨ ਸੂਬਾਈ ਅਸੈਂਬਲੀ ਦੇ ਮੁੜ ਸ਼ੁਰੂ ਹੋਣ 'ਤੇ ਪੇਸ਼ ਕਰਨ ਦੀ ਉਮੀਦ ਕਰਦੇ ਹਨ।

ਉਕਤ ਬਿਲ ਇਸ ਬਾਰੇ ਹੈ ਕਿ ਜੇ ਸੂਬੇ ਦੇ ਐਮਐਲਏ ਕਿਸੇ ਫ਼ੈਡਰਲ ਕਾਨੂੰਨ ਬਾਰੇ ਫ਼ੈਸਲਾ ਕਰਨ ਕਿ ਉਹ ਸੂਬੇ ਦੇ ਹਿੱਤ ਵਿਚ ਨਹੀਂ ਹੈ, ਤਾਂ ਉਸ ਫ਼ੈਡਰਲ ਕਾਨੂੰਨ ਨੂੰ ਐਲਬਰਟਾ ਕਦੋਂ ਅਤੇ ਕਿਵੇਂ ਨਜ਼ਰਅੰਦਾਜ਼ ਕਰ ਸਕਦਾ ਹੈ। ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ ਅਜਿਹਾ ਬਿੱਲ ਸੰਵਿਧਾਨਕ ਚੁਣੌਤੀ ਤੋਂ ਬਚ ਨਹੀਂ ਸਕੇਗਾ ਪਰ ਸਮਿੱਥ ਨੇ ਆਪਣੇ ਭਾਸ਼ਣ ਵਿਚ ਮੈਂਬਰਾਂ ਨੂੰ ਇਸਦੇ ਵਿਰੋਧ ਬਾਰੇ ਆਗਾਹ ਕੀਤਾ।

ਉਹਨਾਂ ਕਿਹਾ ਕਿ ਨੌਟਲੀ-ਜਗਮੀਤ-ਟ੍ਰੂਡੋ ਦੇ ਗਠਜੋੜ ਵਿਚ ਬਹੁਤ ਸਾਰੇ ਲੋਕ ਇਸ ਸਾਵਰਨਿਟੀ ਬਿਲ ਨੂੰ ਇਸ ਤਰ੍ਹਾਂ ਪੇਸ਼ ਕਰਨਗੇ ਕਿ ਜਿਵੇਂ ਐਲਬਰਟਾ ਕੈਨੇਡਾ ਤੋਂ ਵੱਖ ਹੋਣਾ ਚਾਹੁੰਦਾ ਹੈ, ਜੋਕਿ ਸੱਚ ਨਹੀਂ ਹੈ।

ਸਮਿੱਥ ਨੇ ਕਿਹਾ ਕਿ ਫ਼ੈਡਰਲ ਸਰਕਾਰ ਆਪਣਾ ਏਜੰਡਾ ਐਲਬਰਟਨਜ਼ ਅਤੇ ਕੈਨੇਡੀਅਨਜ਼ 'ਤੇ ਥੋਪਣ ਲਈ ਹਰ ਚੀਜ਼ ਨੂੰ ਕੰਟਰੋਲ ਕਰਨਾ ਚਾਹੁੰਦੀ ਹੈ।

ਉਹਨਾਂ ਕਿਹਾ, ਇਹ ਦੇਸ਼ ਨੂੰ ਇਕਜੁੱਟ ਕਰਨ ਜਾਂ ਖੁਸ਼ਹਾਲੀ ਨੂੰ ਸੁਰੱਖਿਅਤ ਕਰਨ ਦਾ ਤਰੀਕਾ ਨਹੀਂ ਹੈ। ਇਹ ਵੰਡ ਅਤੇ ਆਰਥਿਕ ਬਰਬਾਦੀ ਦਾ ਰਾਹ ਹੈ

ਡੇਨੀਅਲ ਸਮਿੱਥ ਅਤੇ ਟ੍ਰੈਵਿਸ ਟੋਅਜ਼ ਤੋਂ ਇਲਾਵਾ ਯੂਸੀਪੀ ਲੀਡਰਸ਼ਿਪ ਦੌੜ ਵਿਚ ਐਮਐਲਏ ਅਤੇ ਸਾਬਕਾ ਕਲਚਰ ਮਿਨਿਸਟਰ ਲੀਲਾ ਅਹੀਰ, ਸਾਬਕਾ ਵਾਈਲਡਰੋਜ਼ ਪਾਰਟੀ ਲੀਡਰ ਅਤੇ ਐਮਐਲਏ ਬ੍ਰਾਇਨ ਸ਼ੌਨ, ਸੁਤੰਤਰ ਐਮਐਲਏ ਅਤੇ ਸਾਬਕਾ ਯੂਸੀਪੀ ਕਾਕਸ ਚੇਅਰ ਟੌਡ ਲੋਵਨ, ਐਲਐਲਏ ਅਤੇ ਸਾਕਬਾ ਟ੍ਰਾਂਸਪੋਰਟ ਮਿਨਿਸਟਰ ਰਾਜਨ ਸਾਹਨੀ ਅਤੇ ਐਲਐਲਏ ਤੇ ਸਾਬਕਾ ਚਿਲਡਰਨਜ਼ ਸਰਵਿਸੇਜ਼ ਮਿਨਿਸਟਰ ਰਿਬੈਕਾ ਸ਼ੂਲਜ਼ ਸ਼ਾਮਲ ਸਨ।

ਸਮਿੱਥ ਨੇ ਸੰਕੇਤ ਦਿੱਤਾ ਹੈ ਕਿ ਉਹ ਜਲਦੀ ਤੋਂ ਜਲਦੀ ਜ਼ਿਮਨੀ ਚੋਣ ਕਰਵਾਉਣਾ ਚਾਹੁੰਦੇ ਹਨ ਤਾਂ ਜੋ ਉਹ ਇਸ ਫ਼ੌਲ ਸੀਜ਼ਨ ਸੂਬਾਈ ਲਜਿਸਲੇਚਰ ਵਿਚ ਪਹੁੰਚ ਸਕਣ। ਉਹਨਾਂ ਕਿਹਾ ਕਿ ਯੂਸੀਪੀ ਦੇ ਕਈ ਵਿਧਾਇਕਾਂ ਨੇ ਆਪਣੀਆਂ ਸੀਟਾਂ ਛੱਡਣ ਦੀ ਵੀ ਪੇਸ਼ਕਸ਼ ਕੀਤੀ ਹੈ। 

ਗ਼ੌਰਤਲਬ ਹੈ ਕਿ ਨਵੀਂ ਲੀਡਰਸ਼ਿਪ ਦੀ ਮੁਹਿੰਮ ਮਈ ਮਹੀਨੇ ਜੇਸਨ ਕੇਨੀ ਦੇ ਯੂਨਾਇਟੇਡ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਦੇ ਅਹੁਦੇ ਤੋਂ ਅਸਤੀਫ਼ੇ ਦੇ ਫ਼ੈਸਲੇ ਤੋਂ ਬਾਅਦ ਸ਼ੁਰੂ ਹੋਈ ਸੀ। ਦਰਅਸਲ ਲੀਡਰਸ਼ਿਪ ਰੀਵਿਊ ਦੌਰਾਨ ਕੇਨੀ ਨੂੰ ਆਪਣੀ ਲੀਡਰਸ਼ਿਪ ਲਈ ਪਾਰਟੀ ਮੈਂਬਰਾਂ ਵੱਲੋਂ 51.4 ਫ਼ੀਸਦੀ ਸਮਰਥਨ ਪ੍ਰਾਪਤ ਹੋਇਆ ਸੀ। ਕੇਨੀ ਨੇ ਇਹ ਕਹਿੰਦਿਆਂ ਅਸਤੀਫ਼ਾ ਦੇ ਦਿੱਤਾ ਸੀ ਕਿ ਭਾਵੇਂ 51 ਫ਼ੀਸਦੀ ਵੋਟ ਬਹੁਮਤ ਦੇ ਸੰਵਿਧਾਨਕ ਮਾਪਦੰਡ ਨੂੰ ਪਾਰ ਕਰਦਾ ਹੈ, ਪਰ ਸਪਸ਼ਟ ਤੌਰ ‘ਤੇ ਇਕ ਲੀਡਰ ਵੱਜੋਂ ਆਪਣੀ ਪਾਰੀ ਜਾਰੀ ਰੱਖਣ ਲਈ ਇਹ ਸਮਰਥਨ ਕਾਫ਼ੀ ਨਹੀਂ ਹੈ।

2017 ਵਿਚ ਪ੍ਰੋਗਰੈਸਿਵ ਕੰਜ਼ਰਵੇਟਿਵਜ਼ ਅਤੇ ਵਾਈਲਡਰੋਜ਼ ਪਾਰਟੀਆਂ ਦੇ ਰਲੇਵੇਂ ਤੋਂ ਬਾਅਦ ਯੂਨਾਈਟੇਡ ਕੰਜ਼ਰਵੇਟਿਵ ਪਾਰਟੀ ਹੋਂਦ ਵਿਚ ਆਈ ਸੀ।

ਮਿਸ਼ੈਲ ਬੈਲਫ਼ੌਨਟੇਨ, ਜੈਨੇਟ ਫ਼੍ਰੈਂਚ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ