1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਸੰਗਠਿਤ ਅਪਰਾਧ

ਥਾਈਲੈਂਡ ਦੇ ਇੱਕ ਚਾਈਲਡ ਕੇਅਰ ਸੈਂਟਰ ‘ਚ ਅੰਨ੍ਹੇਵਾਹ ਗੋਲੀਬਾਰੀ, 24 ਬੱਚਿਆਂ ਸਣੇ 37 ਮੌਤਾਂ

ਸਾਬਕਾ ਪੁਲਿਸ ਅਫਸਰ ਨੇ ਦਿੱਤਾ ਘਟਨਾ ਨੂੰ ਅੰਜਾਮ

ਥਾਈਲੈਂਡ ਵਿਚ ਵੀਰਵਾਰ ਨੂੰ ਇੱਕ ਚਾਈਲਡ ਕੇਅਰ ਸੈਂਟਰ ਵਿਚ ਦਾਖ਼ਲ ਹੋਕੇ ਇੱਕ ਸ਼ਖ਼ਸ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਵਿਚ ਬੱਚਿਆਂ ਸਣੇ ਘੱਟੋ ਘੱਟ 37 ਜਣਿਆਂ ਦੀ ਮੌਤ ਹੋ ਗਈ।

ਥਾਈਲੈਂਡ ਵਿਚ ਵੀਰਵਾਰ ਨੂੰ ਇੱਕ ਚਾਈਲਡ ਕੇਅਰ ਸੈਂਟਰ ਵਿਚ ਦਾਖ਼ਲ ਹੋਕੇ ਇੱਕ ਸ਼ਖ਼ਸ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਵਿਚ ਬੱਚਿਆਂ ਸਣੇ ਘੱਟੋ ਘੱਟ 37 ਜਣਿਆਂ ਦੀ ਮੌਤ ਹੋ ਗਈ।

ਤਸਵੀਰ: (Mungkorn Sriboonreung Rescue Group/AP)

RCI

ਥਾਈਲੈਂਡ ਵਿਚ ਇੱਕ ਸਾਬਕਾ ਪੁਲਿਸ ਮੁਲਾਜ਼ਮ ਨੇ ਵੀਰਵਾਰ ਨੂੰ ਇੱਕ ਚਾਈਲਡ ਕੇਅਰ ਸੈਂਟਰ ਵਿਚ ਦਾਖ਼ਲ ਹੋਕੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਵਿਚ ਬੱਚਿਆਂ ਅਤੇ ਅਧਿਆਪਕਾਂ ਸਣੇ ਘੱਟੋ ਘੱਟ 37 ਜਣਿਆਂ ਦੀ ਮੌਤ ਹੋ ਗਈ। ਥਾਈਲੈਂਡ ਦੇ ਇਤਿਹਾਸ ਵਿਚ ਇਹ ਇਸ ਕਿਸਮ ਦਾ ਸਭ ਤੋਂ ਘਾਤਕ ਹਮਲਾ ਮੰਨਿਆ ਜਾ ਰਿਹਾ ਹੈ।

ਅਧਿਕਾਰੀਆਂ ਅਨੁਸਾਰ ਹਮਲਾ ਕਰਨ ਤੋਂ ਬਾਅਦ ਹਮਲਾਵਰ ਨੇ ਆਪਣੀ ਪਤਨੀ ਅਤੇ ਬੱਚੇ ਨੂੰ ਵੀ ਮਾਰ ਦਿੱਤਾ ਅਤੇ ਉਸਤੋਂ ਬਾਅਦ ਖ਼ੁਦਕਸ਼ੀ ਕਰ ਲਈ।

ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾਵਰ ਨੂੰ ਇੱਕ ਸਾਲ ਪਹਿਲਾਂ ਡਰੱਗਜ਼ ਨਾਲ ਸਬੰਧਤ ਅਪਰਾਧ ਵਿਚ ਪੁਲਿਸ ਫ਼ੋਰਸ ਚੋਂ ਕੱਢ ਦਿੱਤਾ ਗਿਆ ਸੀ।

ਇੱਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਡੇ-ਕੇਅਰ ਦੇ ਸਟਾਫ਼ ਨੇ ਜਦੋਂ ਹਮਲਾਵਰ ਨੂੰ ਬੰਦੂਕ ਲੈ ਕੇ ਡੇ-ਕੇਅਰ ਦੇ ਅੰਦਰ ਵੱਲ ਨੂੰ ਆਉਂਦਿਆਂ ਦੇਖਿਆ ਤਾਂ ਉਹਨਾਂ ਨੇ ਦਰਵਾਜ਼ਾ ਬੰਦ ਕਰ ਲਿਆ। ਪਰ ਹਮਲਾਵਰ ਨੇ ਜਬਰਨ ਆਪਣਾ ਰਸਤਾ ਬਣਾ ਲਿਆ ਅਤੇ ਗੋਲੀਆਂ ਚਲਾ ਦਿੱਤੀਆਂ। ਹਮਲੇ ਤੋਂ ਬਾਅਦ ਔਨਲਾਈਨ ਪੋਸਟ ਕੀਤੀ ਗਈ ਫ਼ੂਟੇਜ ਵਿਚ ਬੱਚਿਆਂ ਦੇ ਪਰਿਵਾਰਾਂ ਦਾ ਡੇ-ਕੇਅਰ ਦੇ ਬਾਹਰ ਬਿਲਕਦਿਆਂ ਦਾ ਦਰਦਨਾਕ ਮੰਜ਼ਰ ਨਜ਼ਰੀਂ ਪੈ ਰਿਹਾ ਹੈ।

ਪੁਲਿਸ ਅਨੁਸਾਰ ਇਸ ਘਟਨਾ ਵਿਚ ਘੱਟੋ ਘੱਟ 37 ਜਣਿਆਂ ਦੀ ਮੌਤ ਹੋਈ ਹੈ, ਅਤੇ ਮ੍ਰਿਤਕਾਂ ਵਿਚੋਂ ਘੱਟ ਘੱਟ 24 ਜਣੇ ਬੱਚੇ ਹਨ। ਇਸ ਤੋਂ ਇਲਾਵਾ ਘੱਟੋ ਘੱਟ 12 ਲੋਕ ਜ਼ਖ਼ਮੀ ਹੋਏ ਹਨ।

ਸ਼ੱਕੀ ਦੀ ਪਛਾਣ

ਪੁਲਿਸ ਨੇ ਸ਼ੱਕੀ ਦੀ ਪਛਾਣ 34 ਸਾਲ ਦੇ ਸਾਬਕਾ ਪੁਲਿਸ ਅਫਸਰ ਪਾਨਿਆ ਕਾਮਰਾਪ ਵੱਜੋਂ ਕੀਤੀ ਹੈ। ਪੁਲਿਸ ਮੇਜਰ ਜਨਰਲ ਪੈਸਲ ਲੂਜ਼ਮਬੂਨ ਨੇ ਪੀਪੀਟੀਵੀ ਨੂੰ ਇੱਕ ਇੰਟਰਵਿਊ ਵਿਚ ਦੱਸਿਆ ਕਿ ਪਾਨਿਆ ਨੂੰ ਡਰੱਗਜ਼ ਨਾਲ ਸਬੰਧਤ ਅਪਰਾਧ ਕਾਰਨ ਇਸ ਸਾਲ ਨੌਕਰੀ ਤੋਂ ਕੱਢਿਆ ਗਿਆ ਸੀ।

ਥਾਈਲੈਂਡ ਦੀ ਪੁਲਿਸ ਵੱਲੋਂ ਜਾਰੀ ਸ਼ੱਕੀ ਹਮਲਾਵਰ ਦੇ ਵੇਰਵੇ

ਥਾਈਲੈਂਡ ਦੀ ਪੁਲਿਸ ਵੱਲੋਂ ਜਾਰੀ ਸ਼ੱਕੀ ਹਮਲਾਵਰ ਦੇ ਵੇਰਵੇ

ਤਸਵੀਰ:  (Thailand CIB/The Associated Press)

ਪੈਸਲ ਨੇ ਦੱਸਿਆ ਕਿ ਹਮਲਾਵਰ ਨੇ ਇਸ ਹਮਲੇ ਦੌਰਾਨ ਕਈ ਹਥਿਆਰਾਂ ਦਾ ਇਸਤੇਮਾਲ ਕੀਤਾ ਸੀ, ਜਿਸ ਵਿਚ ਹੈਂਡਗਨ, ਸ਼ੌਟਗਨ ਅਤੇ ਚਾਕੂ ਵੀ ਸ਼ਾਮਲ ਹਨ।

ਉਕਤ ਹਮਲਾ ਸਥਾਨਕ ਸਮੇਂ ਅਨੁਸਾਰ ਦੁਪਹਿਰ ਦੇ 12:30 ਵਜੇ ਥਾਈਲੈਂਡ ਦੇ ਉੱਤਰੀ-ਪੂਰਬੀ ਸੂਬੇ ਨੌਂਗੂਆ ਲੈਮਫੂ ਦੇ ਇੱਕ ਕਸਬੇ ਵਿਚ ਹੋਇਆ। ਇਹ ਕਸਬਾ ਬੈਂਕੌਕ ਤੋਂ ਕਰੀਬ 500 ਕਿਲੋਮੀਟਰ ਦੂਰ ਹੈ ਅਤੇ ਗੁਆਂਢੀ ਮੁਲਕ ਲਿਓਸ ਦੀ ਸਰਹੱਦ ਤੋਂ ਕਰੀਬ 300 ਕਿਲੋਮੀਟਰ ਦੇ ਫ਼ਾਸਲੇ ‘ਤੇ ਹੈ।

ਹਮਲੇ ਤੋਂ ਬਾਅਦ ਹੋਰ ਕਤਲ

ਪੁਲਿਸ ਨੇ ਦੱਸਿਆ ਕਿ ਇਮਾਰਤ ਦੇ ਅੰਦਰ 19 ਲੜਕਿਆਂ, 3 ਲੜਕੀਆਂ ਅਤੇ 2 ਬਾਲਗ਼ਾਂ ਨੂੰ ਮਾਰਨ ਤੋਂ ਬਾਅਦ, ਹਮਲਾਵਰ ਨੇ ਡੇ−ਕੇਅਰ ਦੇ ਬਾਹਰ ਦੋ ਹੋਰ ਬੱਚਿਆਂ ਅਤੇ 9 ਬਾਲਗ਼ਾਂ ਨੂੰ ਮਾਰਿਆ, ਜਿਸ ਵਿਚ ਉਸਦੀ ਪਤਨੀ ਅਤੇ ਬੱਚਾ ਵੀ ਸ਼ਾਮਲ ਹਨ।

ਪੁਲਿਸ ਵੱਲੋਂ ਇਸ ਪੂਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

ਥਾਈਲੈਂਡ ਵਿੱਚ ਹਥਿਆਰਾਂ ਨਾਲ ਸਬੰਧਤ ਮੌਤਾਂ ਅਮਰੀਕਾ ਅਤੇ ਬ੍ਰਾਜ਼ੀਲ ਵਰਗੇ ਦੇਸ਼ਾਂ ਨਾਲੋਂ ਬਹੁਤ ਘੱਟ ਹਨ, ਪਰ ਜਾਪਾਨ ਅਤੇ ਸਿੰਗਾਪੁਰ ਵਰਗੇ ਹੋਰ ਏਸ਼ੀਆਈ ਦੇਸ਼ਾਂ, ਜਿੱਥੇ ਬੰਦੂਕ-ਨਿਯੰਤਰਣ ਦੇ ਸਖਤ ਕਾਨੂੰਨ ਹਨ, ਨਾਲੋਂ ਵੱਧ ਹਨ।

ਲਾਈਨ ਚ ਲੱਗੇ ਲੋਕ

ਹਮਲੇ ਤੋਂ ਬਾਅਦ ਥਾਈਲੈਂਡ ਦੇ ਨੋਂਗਬੂਆ ਲੈਮਫੂ ਸ਼ਹਿਰ ਦੇ ਸਥਾਨਕ ਹਸਪਤਾਲ ਵਿੱਚ ਖੂਨ ਦਾਨ ਕਰਨ ਲਈ ਲਾਈਨ ਵਿੱਚ ਖੜ੍ਹੇ ਸਥਾਨਕ ਲੋਕ।

ਤਸਵੀਰ: (Warnwarn Ch/The Associated Press

ਦਸ ਦਈਏ ਕਿ ਸਾਲ 2020 ਵਿਚ ਥਾਈਲੈਂਡ ਦੇ ਇੱਕ ਮਾਲ ਦੇ ਨਜ਼ਦੀਕ ਵੀ ਇੱਕ ਸ਼ੂਟਿੰਗ ਦੀ ਘਟਨਾ (ਨਵੀਂ ਵਿੰਡੋ) ਵਾਪਰੀ ਸੀ ਜਿੱਥੇ ਇੱਕ ਗ਼ੁੱਸਾਏ ਫ਼ੌਜੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਸਨ ਜਿਸ ਵਿਚ 29 ਲੋਕ ਮਾਰੇ ਗਏ ਸਨ।

ਦ ਅਸੋਸੀਏਟੇਡ ਪ੍ਰੇੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ