1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਜਿਨਸੀ ਸ਼ੋਸ਼ਣ ਦੇ ਮਾਮਲਿਆਂ ‘ਤੇ ਹਾਕੀ ਕੈਨੇਡਾ ਦਾ ਰਿਸਪਾਂਸ ‘ਦਿਮਾਗ਼ ਨੂੰ ਪ੍ਰੇਸ਼ਾਨ’ ਕਰਨ ਵਾਲਾ: ਟ੍ਰੂਡੋ

ਸੰਗਠਨ ਦਾ ਕਹਿਣਾ ਹੈ ਕਿ ਉਹ ਕੋਈ ਪ੍ਰਬੰਧਕੀ ਬਦਲਾਅ ਨਹੀਂ ਕਰੇਗਾ

ਹੈਰੀਟੇਜ ਕਮੇਟੀ ਅੱਗੇ ਪੇਸ਼ ਹਾਕੀ ਕੈਨੇਡਾ ਦੇ ਇੱਕ ਦਸਤਾਵੇਜ਼ ਦੀ ਤਸਵੀਰ।

ਹੈਰੀਟੇਜ ਕਮੇਟੀ ਅੱਗੇ ਪੇਸ਼ ਹਾਕੀ ਕੈਨੇਡਾ ਦੇ ਇੱਕ ਦਸਤਾਵੇਜ਼ ਦੀ ਤਸਵੀਰ।

ਤਸਵੀਰ: La Presse canadienne / Sean Kilpatrick

RCI

ਸਮੂਹਿਕ ਬਲਾਤਕਾਰਾਂ ਦੇ ਮਾਮਲਿਆਂ ਨਾਲ ਠੀਕ ਤਰੀਕੇ ਨਾਲ ਨਾ ਨਜਿੱਠਣ ਦੇ ਇਲਜ਼ਾਮਾਂ ਨਾਲ ਘਿਰੇ ਅਦਾਰੇ ਹਾਕੀ ਕੈਨੇਡਾ ਦੀ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਅਤੇ ਐਮਪੀਜ਼ ਨੇ ਨਿੰਦਾ ਕੀਤੀ ਹੈ। ਟ੍ਰੂਡੋ ਨੇ ਕਿਹਾ ਕਿ ਹਾਕੀ ਕੈਨੇਡਾ ਦਾ ਰਿਸਪਾਂਸ ਦਿਮਾਗ਼ ਨੂੰ ਪ੍ਰੇਸ਼ਾਨ ਕਰਨ ਵਾਲਾ ਹੈ ਅਤੇ ਫ਼ੈਡਰਲ ਸਪੋਰਟਸ ਮਿਨਿਸਟਰ ਨੇ ਕਿਹਾ ਕਿ ਹੁਣ ਸੰਗਠਨ ਨੂੰ ਸਾਫ ਕਰਨ ਦਾ ਸਮਾਂ ਆ ਗਿਆ ਹੈ।

ਮੰਗਲਵਾਰ ਨੂੰ ਹਾਊਸ ਆਫ ਕੌਮਨਜ਼ ਦੀ ਹੈਰੀਟੇਜ ਕਮੇਟੀ ਦੇ ਸਾਹਮਣੇ ਹੋਈ ਇੱਕ ਹਾਈ-ਪ੍ਰੋਫਾਈਲ ਪੇਸ਼ੀ ਦੌਰਾਨ, ਹਾਕੀ ਕੈਨੇਡਾ ਦੀ ਅੰਤਰਿਮ ਬੋਰਡ ਚੇਅਰ ਐਂਡਰੀਆ ਸਕਿਨਰ ਨੇ ਸੰਗਠਨ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਸਦੀ ਸ਼ਾਨਦਾਰ ਸਾਖ ਹੈ। ਨਾਲ ਹੀ ਉਹਨਾਂ ਨੇ ‘ਜ਼ਹਿਰੀਲੇ ਸੱਭਿਆਚਾਰ ਦੇ ਕੇਂਦਰ ਵਜੋਂ ਹਾਕੀ’ ਨੂੰ ਬਲੀ ਦਾ ਬੱਕਰਾ ਬਣਾਉਣ ਵਿਰੁੱਧ ਵੀ ਦਲੀਲ ਦਿੱਤੀ।

ਉਹਨਾਂ ਕਿਹਾ ਕਿ ਹਾਕੀ ਕੈਨੇਡਾ ਫ਼ੈਡਰਲ ਸਪੋਰਟਸ ਮਿਨਿਸਟਰ ਪਾਸਕਲ ਸੇਂਟ-ਓਂਜ ਦੀ ਬੇਨਤੀ ਨੂੰ ਨਕਾਰਦਿਆਂ, ਕੋਈ ਪ੍ਰਬੰਧਕੀ ਬਦਲਾਅ ਨਹੀਂ ਕਰੇਗਾ।

ਮਿਨਿਸਟਰ ਨੇ ਸੋਮਵਾਰ ਨੂੰ ਕਿਹਾ ਸੀ ਕਿ, ਜਿਨਸੀ ਸ਼ੋਸ਼ਣ ਪੀੜਤਾਂ ਨੂੰ ਗੁਪਤ ਭੁਗਤਾਨ ਕਰਨ ਵਾਲੇ ਅਦਾਰੇ ਵਿੱਚ ਜਨਤਾ ਦਾ ਵਿਸ਼ਵਾਸ ਬਹਾਲ ਕਰਨ ਲਈ ਇਸਦੀ ਗਵਰਨਿੰਗ ਬਾਡੀ ਤੋਂ ਸਮੂਹਿਕ ਅਸਤੀਫ਼ਿਆਂ ਦੀ ਲੋੜ ਹੈ।

ਐਂਡਰੀਆ ਸਕਿਨਰ

ਹਾਕੀ ਕੈਨੇਡਾ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਅੰਤਰਿਮ ਚੇਅਰ ਐਂਡਰੀਆ ਸਕਿਨਰ ਮੰਗਲਵਾਰ ਨੂੰ ਔਟਵਾ ਵਿੱਚ ਹੈਰੀਟੇਜ ਕਮੇਟੀ ਦੇ ਸਾਹਮਣੇ ਇੱਕ ਗਵਾਹ ਵਜੋਂ ਪੇਸ਼ ਹੋਈ। ਉਹਨਾਂ ਕਿਹਾ ਕਿ ਸੰਗਠਨ ਕੋਈ ਪ੍ਰਬੰਧਕੀ ਬਦਲਾਅ ਨਹੀਂ ਕਰੇਗਾ।

ਤਸਵੀਰ: (Sean Kilpatrick/The Canadian Press)

ਮੰਗਲਵਾਰ ਨੂੰ ਸਕਿਨਰ ਨੇ ਕਿਹਾ, ਮੈਨੂੰ ਲੱਗਦਾ ਹੈ ਕਿ ਇਹ ਹਾਕੀ ਖੇਡਣ ਵਾਲੇ ਸਾਡੇ ਮੁੰਡਿਆਂ ਅਤੇ ਕੁੜੀਆਂ ‘ਤੇ ਨਕਾਰਾਤਮਕ ਪ੍ਰਭਾਵ ਪਾਏਗਾ

ਕੀ ਰਿੰਕ [ਹਾਕੀ ਦਾ ਮੈਦਾਨ] ਵਿਚ ਲਾਈਟਾਂ ਜਗਦੀਆਂ ਰਹਿਣਗੀਆਂ? ਮੈਨੂੰ ਨਹੀਂ ਪਤਾ। ਅਸੀਂ ਇਸਦੀ ਭਵਿੱਖਬਾਣੀ ਨ੍ਹੀਂ ਕਰ ਸਕਦੇ। ਪਰ ਮੇਰੇ ਹਿਸਾਬ ਨਾਲ ਇਹ ਜੋਖਮ ਨਹੀਂ ਲਿਆ ਜਾ ਸਕਦਾ

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਹਾਕੀ ਕੈਨੇਡਾ ਦੇ ਇਸ ਜਵਾਬ ਤੋਂ ਕਾਫ਼ੀ ਨਾਖ਼ੁਸ ਜਾਪਦੇ ਹਨ।

ਮੇਰੇ ਹਿਸਾਬ ਨਾਲ - ਇਹ ਦਿਮਾਗ਼ ਨੂੰ ਪ੍ਰੇਸ਼ਾਨ ਕਰਨ ਵਾਲੀ ਗੱਲ ਹੈ ਕਿ ਹਾਕੀ ਕੈਨੇਡਾ ਜ਼ਿੱਦ ਨਾਲ [ਤਬਦੀਲੀ ਦਾ] ਵਿਰੋਧ ਕਰ ਰਿਹਾ ਹੈ

ਮੁਲਕ ਭਰ ਵਿਚ ਮਾਂ-ਬਾਪ ਹਾਕੀ ਕੈਨੇਡਾ ਵਿਚ ਵਿਸ਼ਵਾਸ ਗੁਆ ਰਹੇ ਹਨ ਜਾਂ ਗੁਆ ਚੁੱਕੇ ਹਨ। ਬਿਨਾ ਸ਼ੱਕ, ਇੱਥੇ ਔਟਵਾ ਬੈਠੇ ਸਿਆਸਤਦਾਨ ਹਾਕੀ ਕੈਨੇਡਾ ਵਿਚ ਵਿਸ਼ਵਾਸ ਗੁਆ ਚੁੱਕੇ ਹਨ

ਇਹ ਵੀ ਪੜ੍ਹੋ:

ਹਾਕੀ ਕਿਊਬੈਕ ਨੇ ਹਾਕੀ ਕੈਨੇਡਾ ਨਾਲ ਤੋੜਿਆ ਨਾਤਾ

ਘੱਟੋ ਘੱਟ ਇੱਕ ਰੀਜਨਲ ਫ਼ੈਡਰੇਸ਼ਨ ਨੇ ਸੇਂਟ-ਓਂਜ ਦੀ ਗੱਲ ਸੁਣੀ ਹੈ।

ਹਾਕੀ ਕਿਊਬੇਕ ਨੇ ਮੰਗਲਵਾਰ ਰਾਤ ਨੂੰ ਖੇਡ ਸੰਸਥਾ ਦੇ ਖਿਲਾਫ਼ ਉੱਭਰੇ ਨਵੇਂ ਦੋਸ਼ਾਂ ਦੇ ਮੱਦੇਨਜ਼ਰ ਹਾਕੀ ਕੈਨੇਡਾ ਨਾਲ ਸਬੰਧਾਂ ਨੂੰ ਤੋੜਨ ਲਈ ਵੋਟ ਪਾ ਦਿੱਤੀ।

ਲਾ ਪ੍ਰੈਸ  (ਨਵੀਂ ਵਿੰਡੋ)ਦੁਆਰਾ ਸਭ ਪਹਿਲਾਂ ਪ੍ਰਾਪਤ ਕੀਤੇ ਗਏ ਇੱਕ ਮਤੇ ਵਿੱਚ, ਕਿਊਬਿਕ ਦੀ ਸੂਬਾਈ ਹਾਕੀ ਫੈਡਰੇਸ਼ਨ ਨੇ ਕਿਹਾ ਕਿ ਉਸਨੂੰ ਹੁਣ ਹਾਕੀ ਕੈਨੇਡਾ ਦੀ ਹਾਕੀ ਦੇ ਸੱਭਿਆਚਾਰ ਦੇ ਢਾਂਚੇ ਵਿੱਚ ਤਬਦੀਲੀ ਲਈ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਦੀ ਸਮਰੱਥਾ ਵਿੱਚ ਭਰੋਸਾ ਨਹੀਂ ਹੈ।

ਮਿਨਿਸਟਰ ਸੇਂਟ-ਓਂਜ ਨੇ ਕਿਹਾ, ਮੈਨੂੰ ਲੱਗਦਾ ਹੈ ਕਿ ਹਾਕੀ ਕਿਊਬਿਕ ਨੇ ਜੋ ਫੈਸਲਾ ਲਿਆ ਹੈ, ਉਹ ਦਰਸਾਉਂਦਾ ਹੈ ਕਿ ਸੁਧਾਰ ਕੀਤਾ ਜਾ ਰਿਹਾ ਹੈ। ਇਹ ਸੰਗਠਨ ਦੇ ਉਨ੍ਹਾਂ ਲੀਡਰਾਂ ਨੂੰ ਵੀ ਸੰਦੇਸ਼ ਦਿੰਦਾ ਹੈ ਜੋ ਆਪਣੀਆਂ ਨੌਕਰੀਆਂ 'ਤੇ ਕਾਬਜ਼ ਹਨ ਕਿ ਹਾਕੀ ਕੈਨੇਡਾ ਉਨ੍ਹਾਂ ਦਾ ਨਹੀਂ ਹੈ, ਇਹ ਉਨ੍ਹਾਂ ਦੇ ਮੈਂਬਰਾਂ ਦਾ ਵੀ ਹੈ ਅਤੇ ਉਹ ਬਦਲਾਅ ਚਾਹੁੰਦੇ ਹਨ

ਮਿਨਿਸਟਰ ਓਂਜ ਨੇ ਕਿਹਾ, ਕਿਉਂਕਿ ਹਾਕੀ ਕੈਨੇਡਾ ਦੇ ਲੀਡਰ ਆਪਣੀਆਂ ਨੌਕਰੀਆਂ 'ਤੇ ਡਟੇ ਹੋਏ ਹਨ, ਇਸ ਲਈ ਵੋਟਿੰਗ ਮੈਂਬਰਾਂ ਨੂੰ ‘ਘਰ ਦੀ ਸਫਾਈ’ ਕਰਨ ਦੀ ਲੋੜ ਹੈ

ਜਿਨਸੀ ਸ਼ੋਸ਼ਣ ਦੇ ਸ਼ਿਕਾਇਤਕਰਤਾਵਾਂ ਨੂੰ ਮੁਆਵਜ਼ਾ ਦੇਣ ਲਈ ਖਿਡਾਰੀ ਰਜਿਸਟ੍ਰੇਸ਼ਨ ਫੀਸ ਅਤੇ ਹੋਰ ਨਿਵੇਸ਼ਾਂ ਦੀ ਗੁਪਤ ਵਰਤੋਂ ਨੂੰ ਲੈਕੇ ਗਵਰਨਿੰਗ ਬਾਡੀ ਦੀ ਖ਼ਾਸੀ ਆਲੋਚਨਾ ਹੋਈ ਹੈ।

ਪਿਛਲੇ ਦਿਨੀਂ, ਇਹਨਾਂ ਫੰਡਾਂ ਦੀ ਮੌਜੂਦਗੀ ਬਾਰੇ ਕਈ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ, ਹਾਕੀ ਕੈਨੇਡਾ ਨੇ ਖ਼ੁਲਾਸਾ ਕੀਤਾ ਸੀ ਕਿ 1989 ਤੋਂ ਹੁਣ ਤੱਕ ਉਸਨੇ ਜਿਨਸੀ ਦੁਰਵਿਹਾਰ ਦੇ ਦਾਅਵਿਆਂ ਵਾਲੇ 21 ਸ਼ਿਕਾਇਤਕਰਤਾਵਾਂ ਨੂੰ ਸੈਟਲਮੈਂਟ ਵਿੱਚ 8.9 ਮਿਲੀਅਨ ਡਾਲਰ ਦਾ ਭੁਗਤਾਨ ਕੀਤਾ ਹੈ।

ਫ਼ੈਡਰਲ ਸਪੋਰਟਸ ਮਿਨਿਸਟਰ ਪਾਸਕਲ ਸੇਂਟ-ਓਂਜ

ਫ਼ੈਡਰਲ ਸਪੋਰਟਸ ਮਿਨਿਸਟਰ ਪਾਸਕਲ ਸੇਂਟ-ਓਂਜ, ਮੰਗਲਵਾਰ ਨੂੰ ਹਾਊਸ ਆਫ ਕਾਮਨਜ਼ ਦੇ ਬਾਹਰ ਪ੍ਰਸ਼ਨ ਕਾਲ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ।

ਤਸਵੀਰ: (Adrian Wyld/The Canadian Press)

ਐਮਪੀਜ਼ ਨੇ ਸਕਿਨਰ ਦੀਆਂ ਟਿੱਪਣੀਆਂ ਨੂੰ ‘ਟ੍ਰੰਪ ਵਰਗੀਆਂ’ ਆਖਿਆ

ਮੰਗਲਵਾਰ ਨੂੰ ਹੈਰੀਟੇਜ ਕਮੇਟੀ ਅੱਗੇ ਸਕਿਨਰ ਦੇ ਰਿਸਪਾਂਸ ਨੇ ਐਮਪੀਜ਼ ਵਿਚ ਨਿਰਾਸ਼ਾ ਪੈਦਾ ਕੀਤੀ ਅਤੇ ਆਪਣੇ ਪਾਰਟੀ ਮਤਭੇਦਾਂ ਦੇ ਬਾਵਜੂਦ, ਐਮਪੀਜ਼ ਨੇ ਮੀਟਿੰਗ ਦੌਰਾਨ ਹਾਕੀ ਕੈਨੇਡਾ ਦੀ ਵਿਆਪਕ ਤੌਰ ‘ਤੇ ਆਲੋਚਨਾ ਕੀਤੀ।

ਬਲੌਕ ਕਿਊਬੈਕਵਾ ਦੇ ਐਮਪੀ ਸਬੈਸਟੀਅਨ ਲੈਮੀਰ ਨੇ ਕਿਹਾ ਕਿ ਹਾਕੀ ਕੈਨੇਡਾ ‘ਬਬਲ ਵਿਚ ਰਹਿ ਰਿਹਾ ਹੈ’ ਭਾਵ ਅਵੇਸਲਾ ਹੋਇਆ ਪਿਆ ਹੈ ਅਤੇ ਜਨਤਕ ਰਾਏ ਤੋਂ ਟੁੱਟਿਆ ਹੋਇਆ ਹੈ।

ਕੰਜ਼ਰਵੇਟਿਵ ਐਮਪੀ ਜੌਨ ਨੇਟਰ ਨੇ ਹਾਕੀ ਕੈਨੇਡਾ ਦੀਆਂ ਮੀਟਿੰਗਾਂ ਵਿਚ ਵਿਚਾਰੇ ਗਏ ਪੱਖ ਦਾ ਜ਼ਿਕਰ ਕੀਤਾ ਜਿਸ ਵਿਚ ਕਿਹਾ ਗਿਆ ਸੀ ਕਿ ਸੈਟਲਮੈਂਟ ਭੁਗਤਾਨ ਨੂੰ ਨਕਾਰਾਤਮਕ ਨਹੀਂ ਸਗੋਂ ਸਕਾਰਾਤਮਕ ਢੰਗ ਨਾਲ ਦੇਖਣਾ ਚਾਹੀਦਾ ਹੈ।

ਉਹਨਾਂ ਕਿਹਾ, ਇਹ ਡੂੰਘੀ ਪਰੇਸ਼ਾਨੀ ਵਾਲੀ ਗੱਲ ਹੈ ਕਿ ਸੰਗਠਨ ਆਪਣੇ ਅੰਦਰ ਅਸਲ ਵਿੱਚ ਅਰਥਪੂਰਨ ਤਬਦੀਲੀ ਨੂੰ ਲਾਗੂ ਕਰਨ ਨਾਲੋਂ ‘ਬਿਰਤਾਂਤ ਨੂੰ ਬਦਲਣ’ ਬਾਰੇ ਵਧੇਰੇ ਚਿੰਤਤ ਹੈ

ਸਕਿਨਰ, ਜੋਕਿ ਇੱਕ ਵਕੀਲ ਵੀ ਹਨ, ਨੇ ਕਿਹਾ ਕਿ ਮੀਡੀਆ ਵੀ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਨਾਲ ਨਜਿੱਠਣ ਬਾਬਤ ਹਾਕੀ ਕੈਨੇਡਾ ਅਤੇ ਇਸਦੀ ਲੀਡਰਸ਼ਿਪ ਦੀ ਆਲੋਚਨਾ ਕਰਕੇ ਲੋਕਾਂ ਨੂੰ ਅਦਾਰੇ ਦੇ ਖ਼ਿਲਾਫ਼ ਕਰ ਰਿਹਾ ਹੈ।

ਲਿਬਰਲ ਐਮਪੀ ਐਂਥਨੀ ਹਾਊਸਫ਼ਾਦਰ ਨੇ ਸਕਿੱਨਰ ਦੀ ਮੀਡੀਆ ‘ਤੇ ਇਲਜ਼ਾਮ ਲਾਉਣ ਵਾਲੀ ਟਿੱਪਣੀ ਨੂੰ ‘ਟ੍ਰੰਪ ਵਰਗੀ’ ਟਿੱਪਣੀ ਆਖਿਆ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ