1. ਮੁੱਖ ਪੰਨਾ
  2. ਸਮਾਜ

ਗਲੂਸੈਸਟਰ ਹਾਈ ਸਕੂਲ ਹਮਲਾ: 6 ਨੌਜਵਾਨਾਂ ‘ਤੇ ਲੱਗੇ ‘ਨਫ਼ਰਤ ਤੋਂ ਪ੍ਰੇਰਿਤ ਅਪਰਾਧ’ ਦੇ ਦੋਸ਼

ਲੋਕਲ ਮੁਸਲਿਮ ਗਰੁੱਪ ਅਨੁਸਾਰ ਇਹ ਇਸਲਾਮੋਫ਼ੋਬੀਆ ਨਾਲ ਸਬੰਧਤ ਹਮਲਾ ਸੀ

ਗਲੂਸੈਸਟਰ ਹਾਈ ਸਕੂਲ, ਔਟਵਾ

ਔਟਵਾ ਪੁਲਿਸ ਨੇ 8 ਸਤੰਬਰ ਨੂੰ ਗਲੂਸੈਸਟਰ ਹਾਈ ਸਕੂਲ ਦੇ ਨਜ਼ਦੀਕ ਹੋਏ ਹਮਲੇ ਦੇ ਸਬੰਧ ਵਿਚ 6 ਨੌਜਵਾਨਾਂ ਨੂੰ ਚਾਰਜ ਕੀਤਾ ਹੈ।

ਤਸਵੀਰ: Radio-Canada / Frédéric Pepin

RCI

ਔਟਵਾ ਪੁਲਿਸ ਨੇ ਪਿਛਲੇ ਮਹੀਨੇ ਇੱਕ ਸੀਰੀਅਨ ਅਨਾਥ ਬੱਚੇ ਉੱਪਰ ਸਕੂਲ ਦੇ ਬਾਹਰ ਹੋਏ ਹਮਲੇ ਦੇ ਮਾਮਲੇ ਵਿਚ 6 ਨੌਜਵਾਨਾਂ ‘ਤੇ ਲੁੱਟਣ ,ਧਮਕਾਉਣ ਅਤੇ ਨਫ਼ਰਤ ਤੋਂ ਪ੍ਰੇਰਿਤ ਅਪਰਾਧਾਂ ਨਾਲ ਸਬੰਧਤ ਕਈ ਦੋਸ਼ ਆਇਦ ਕੀਤੇ ਹਨ। ਇੱਕ ਸਥਾਨਕ ਮੁਸਲਿਮ ਗਰੁੱਪ ਨੇ ਕਿਹਾ ਸੀ ਕਿ ਇਹ ਹਮਲਾ ਇਸਲਾਮੋਫ਼ੋਬੀਆ ਭਾਵ ਮੁਸਲਮਾਨਾਂ ਪ੍ਰਤੀ ਨਫ਼ਰਤ ਅਤੇ ਡਰ ਦਾ ਨਤੀਜਾ ਸੀ।

ਪੁਲਿਸ ਨੇ ਇੱਕ ਨਿਊਜ਼ ਰਿਲੀਜ਼ ਵਿਚ ਦੋਸ਼ਾਂ ਦਾ ਐਲਾਨ ਕਰਦਿਆਂ ਕਿਹਾ ਕਿ ਨਫ਼ਰਤ ਤੋਂ ਪ੍ਰੇਰਿਤ ਅਪਰਾਧਾਂ ਵਿਚ ਸੰਗੀਨ ਅਪਰਾਧ ਨੂੰ ਅੰਜਾਮ ਦੇਣ ਦੀ ਸਾਜ਼ਸ਼ ਵੀ ਸ਼ਾਮਲ ਹੈ।

ਪੁਲਿਸ ਅਨੁਸਾਰ 8 ਸਤੰਬਰ ਨੂੰ ਔਟਵਾ ਦੇ ਗਲੂਸੈਸਟਰ ਹਾਈ ਸਕੂਲ ਦੇ ਨਜ਼ਦੀਕ ਇਹ ਹਮਲਾ ਹੋਇਆ ਸੀ। ਇਸ ਹਮਲੇ ਦੀ ਵੀਡਿਓ (ਨਵੀਂ ਵਿੰਡੋ) ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਵਾਇਰਲ ਹੋਈ ਸੀ, ਜਿਸ ਵਿਚ ਇੱਕ ਹਾਈ ਸਕੂਲ ਦੇ ਵਿਦਿਆਰਥੀ ਨਾਲ ਕਈ ਟੀਨੇਜਰ ਧੱਕਾ-ਮੁੱਕੀ ਕਰਦੇ, ਅਤੇ ਫ਼ਿਰ ਉਸਨੂੰ ਨੀਚੇ ਸੁੱਟ ਕੇ ਉਸਨੂੰ ਠੁੱਡੇ ਮਾਰਦੇ ਦੇਖੇ ਜਾ ਸਕਦੇ ਹਨ।

ਇਸ ਘਟਨਾ ਤੋਂ ਬਾਅਦ ਇੱਕ ਪਟੀਸ਼ਨ ਵੀ ਸ਼ੁਰੂ ਹੋਈ ਸੀ। ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਇਹ ਹਮਲਾ ਨਫ਼ਰਤੀ ਹਮਲਾ ਹੈ ਅਤੇ ਨਸਲੀ ਕਾਰਨਾਂ ਕਰਕੇ ਵਾਪਰਿਆ ਹੈ।

ਇਸ ਘਟਨਾ ਦੀ ਜਾਂਚ ਵਿਚ ਪੁਲਿਸ ਦੀ ਰੌਬਰੀ ਇਕਾਈ, ਨੌਜਵਾਨਾਂ ‘ਤੇ ਕੇਂਦਰਤ ਅਧਿਕਾਰੀ ਅਤੇ ਸਕੂਲ ਬੋਰਡ ਸ਼ਾਮਲ ਰਹੇ।

ਪੀੜਤ ਨੇ ਸ਼ਹਿਰ ਛੱਡਿਆ

ਨੈਸ਼ਨਲ ਕੌਂਸਲ ਔਫ਼ ਕੈਨੇਡੀਅਨ ਮੁਸਲਿਮਜ਼, ਔਟਵਾ ਯੂਥ ਮੁਸਲਿਮ ਅਸੋਸੀਏਸ਼ਨ ਅਤੇ ਯੂਨਾਈਟੇਡ ਮੁਸਲਿਮ ਔਰਗੇਨਾਈਜ਼ੇਸ਼ਨਜ਼ ਔਫ਼ ਔਟਵਾ-ਗੈਟੀਨੌ ਨੇ ਸੋਮਵਾਰ ਰਾਤ ਨੂੰ ਇੱਕ ਬਿਆਨ ਵਿਚ ਕਿਹਾ ਕਿ ਉਹ ਇਸ ਘਟਨਾ ਤੋਂ ਬਾਅਦ 15 ਸਾਲ ਦੇ ਸੀਰੀਅਨ-ਕੈਨੇਡੀਅਨ ਬੱਚੇ ਦੀ ਮਦਦ ਕਰ ਰਹੇ ਹਨ।

ਉਹਨਾਂ ਦਾ ਇਲਜ਼ਾਮ ਹੈ ਕਿ ਬੱਚੇ ‘ਤੇ ਹਮਲਾ ਕਰਨ ਤੋਂ ਪਹਿਲਾਂ ਉਸਨੂੰ ਉਸਦੇ ਪਿਛੋਕੜ ਬਾਰੇ ਪੁੱਛਿਆ ਗਿਆ ਸੀ। ਉਸਨੂੰ ਪੁੱਛਿਆ ਗਿਆ ਸੀ ਕਿ ਕੀ ਉਹ ਅਰਬ ਤੋਂ ਹੈ ਜਾਂ ਉਹ ਮੁਸਲਮਾਨ ਹੈ।

ਗਰੁੱਪਸ ਨੇ ਕਿਹਾ, ਇਹ ਇੱਕ ਇਸਲਾਮੋਫ਼ੋਬੀਆ ਨਾਲ ਸਬੰਧਤ ਹਮਲਾ ਹੈ

ਗਰੁੱਪਸ ਦਾ ਕਹਿਣਾ ਹੈ ਕਿ ਪੀੜਤ ਲੜਕਾ ਕੁਝ ਸਮੇਂ ਪਹਿਲਾਂ ਹੀ ਔਟਵਾ ਆਇਆ ਸੀ ਅਤੇ ਇਸ ਘਟਨਾ ਤੋਂ ਬਾਅਦ ਉਹ ਸ਼ਹਿਰ ਛੱਡ ਚੁੱਕਾ ਹੈ।

ਸਕੂਲ ਬੋਰਡ ਵੱਲੋਂ ਅੰਦਰੂਨੀ ਜਾਂਚ ਜਾਰੀ

ਔਟਵਾ-ਕਾਰਲਟਨ ਡਿਸਟ੍ਰਿਕਟ ਸਕੂਲ ਬੋਰਡ ਅਨੁਸਾਰ ਉਹਨਾਂ ਵੱਲੋਂ ਅੰਦਰੂਨੀ ਜਾਂਚ ਕੀਤੀ ਜਾ ਰਹੀ ਹੈ।

ਇੱਕ ਲਿਖਤ ਬਿਆਨ ਵਿਚ ਸਕੂਲ ਨੇ ਕਿਹਾ, ਅਸੀਂ ਸਤੰਬਰ ਵਿੱਚ ਗਲੂਸੈਸਟਰ ਹਾਈ ਸਕੂਲ ਦੇ ਨੇੜੇ ਸਕੂਲ ਦੇ ਅਹਾਤੇ ਤੋਂ ਬਾਹਰ ਇੱਕ ਵਿਦਿਆਰਥੀ ‘ਤੇ ਹੋਏ ਹਮਲੇ ਦੀ ਜਾਂਚ ਲਈ ਔਟਾਵਾ ਪੁਲਿਸ ਦਾ ਧੰਨਵਾਦ ਕਰਦੇ ਹਾਂ

ਬੋਰਡ ਨੇ ਕਿਹਾ ਕਿ ਉਸ ਨੇ ਵਿਦਿਆਰਥੀਆਂ ਨਾਲ ਹਮਲੇ ਬਾਰੇ ਚਰਚਾ ਕੀਤੀ ਹੈ, ਪਰ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਗੋਪਨੀਯਤਾ ਦੀ ਮੰਗ ਵੀ ਕਰ ਰਿਹਾ ਹੈ।

ਯੂਥ ਕ੍ਰਿਮਿਨਲ ਜਸਟਿਸ ਕਾਨੂੰਨਾਂ ਭਾਵ ਨਾਬਾਲਗ਼ਾਂ ਦੇ ਅਪਰਾਧਕ ਨਿਆਂ ਦੇ ਕਾਨੂੰਨਾਂ ਤਹਿਤ, ਬੋਰਡ ਵੱਲੋਂ ਬਹੁਤੇ ਵੇਰਵੇ ਨਹੀਂ ਦਿੱਤੇ ਗਏ, ਪਰ ਬੋਰਡ ਨੇ ਕਿਹਾ ਕਿ ਉਹਨਾਂ ਦੀ ਆਪਣੀ ਅੰਦਰੂਨੀ ਨੀਤੀ ਇੱਕ ਪ੍ਰਗਤੀਸ਼ੀਲ ਅਨੁਸ਼ਾਸਨੀ ਕਾਰਵਾਈਆਂ ਸਥਾਪਤ ਕਰਦੀ ਹੈ, ਜਿਸ ਵਿਚ ਬਰਖ਼ਾਸਤਗੀ ਵੀ ਸ਼ਾਮਲ ਹੈ।

ਸੀਬੀਸੀ ਨੇ ਜਾਂਚਕਰਤਾਵਾਂ ਤੋਂ ਇਸ ਬਾਰੇ ਹੋਰ ਜਾਣਕਾਰੀ ਮੰਗੀ ਹੈ ਕਿ ਕੀ ਦੋਸ਼ ਵੀਡੀਓ ਨਾਲ ਸਬੰਧਤ ਹਨ, ਅਤੇ ਉਹਨਾਂ ਦੋਸ਼ਾਂ ਬਾਰੇ ਵੇਰਵੇ ਮੰਗੇ ਹਨ ਜਿਨ੍ਹਾਂ ਨੂੰ ਨਫ਼ਰਤ ਤੋਂ ਪ੍ਰੇਰਿਤ ਮੰਨਿਆ ਗਿਆ ਹੈ।

ਸੈਰਾ ਕੈਸਟਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ