1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਟ੍ਰੂਡੋ ਵੱਲੋਂ ਚੱਕਰਵਾਤ ਪ੍ਰਭਾਵਿਤ ਅਟਲਾਂਟਿਕ ਕੈਨੇਡੀਅਨਜ਼ ਲਈ 300 ਮਿਲੀਅਨ ਦੇ ਰਾਹਤ ਪੈਕੇਜ ਦਾ ਐਲਾਨ

ਨੋਵਾ ਸਕੋਸ਼ੀਆ ਵਿਚ ਅਜੇ ਵੀ 20,000 ਘਰਾਂ ਦੀ ਬਿਜਲੀ ਠੱਪ

ਫ਼ਿਓਨਾ ਚੱਕਰਵਾਤ ਤੋਂ ਬਾਅਦ ਨੋਵਾ ਸਕੋਸ਼ੀਆ ਦੇ ਬਾਰਨੀਜ਼ ਰਿਵਰ ਸਟੇਸ਼ਨ ਇਲਾਕੇ ਵਿਚ ਤਬਾਹ ਹੋਏ ਇੱਕ ਘਰ ਦੀ ਤਸਵੀਰ।

ਫ਼ਿਓਨਾ ਚੱਕਰਵਾਤ ਤੋਂ ਬਾਅਦ ਨੋਵਾ ਸਕੋਸ਼ੀਆ ਦੇ ਬਾਰਨੀਜ਼ ਰਿਵਰ ਸਟੇਸ਼ਨ ਇਲਾਕੇ ਵਿਚ ਤਬਾਹ ਹੋਏ ਇੱਕ ਘਰ ਦੀ ਤਸਵੀਰ।

ਤਸਵੀਰ: (Patrick Morrell/CBC)

RCI

ਫ਼ਿਓਨਾ ਚੱਕਰਵਾਤ ਤੋਂ ਹੋਏ ਨੁਕਸਾਨ ਤੋਂ ਜੂਝ ਰਹੇ ਅਟਲਾਂਟਿਕ ਖ਼ਿੱਤੇ ਦੇ ਕੈਨੇਡੀਅਨਜ਼ ਦੀ ਮਦਦ ਲਈ ਪ੍ਰਧਾਨ ਮੰਤਰੀ ਜਸਟਿਨ ਟ੍ਰੁਡੋ ਨੇ 300 ਮਿਲੀਅਨ ਡਾਲਰ ਦੇ ਰਿਕਵਰੀ ਫ਼ੰਡ ਦਾ ਐਲਾਨ ਕੀਤਾ ਹੈ।

ਹੈਲੀਫ਼ੈਕਸ ਤੋਂ ਐਲਾਨ ਕਰਦਿਆਂ ਟ੍ਰੁਡੋ ਨੇ ਦੱਸਿਆ ਕਿ ਉਕਤ ਰਾਸ਼ੀ ਨੂੰ ਤੂਫਾਨ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਅਗਲੇ ਦੋ ਸਾਲਾਂ ਵਿੱਚ ਵੰਡਿਆ ਜਾਵੇਗਾ ਅਤੇ ਨਾਲ ਹੀ ਲੰਬੇ ਸਮੇਂ ਦੇ ਰਿਕਵਰੀ ਯਤਨਾਂ ਵਿਚ ਵੀ ਮਦਦ ਕੀਤੀ ਜਾਵੇਗੀ।

ਟ੍ਰੂਡੋ ਨੇ ਕਿਹਾ, ਇਹ ਫ਼ੰਡ ਹਰ ਉਸ ਸ਼ਖ਼ਸ ਲਈ ਹੈ ਜੋ ਕਿਸੇ ਵੀ ਹੋਰ ਪ੍ਰੋਗਰਾਮ ਤਹਿਤ ਕਵਰ ਨਹੀਂ ਹੈ

ਅਸੀਂ ਫ਼ਿਓਨਾ ਤੋਂ ਬਾਅਦ ਲੋਕਾਂ ਨੂੰ ਪੁਨਰ-ਨਿਰਮਾਣ ਵਿਚ ਮਦਦ ਕਰਾਂਗੇ, ਭਾਵੇਂ ਉਹ ਫ਼ੈਡਰਲ ਬੁਨਿਆਦੇ ਢਾਂਚੇ ਹੋਣ, ਜਾਂ ਕਮਿਊਨਿਟੀ ਬੁਨਿਆਦੀ ਢਾਂਚੇ ਹੋਣ, ਜਾਂ ਫ਼ਿਰ ਲੋਕ ਇੰਸ਼ੋਰੈਂਸ ਤੋਂ ਬਗ਼ੈਰ ਆਪਣੇ ਰਿਹਾਈਸ਼ੀ ਢਾਂਚਿਆਂ ਬਾਬਤ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹੋਣ। ਅਸੀਂ ਤੁਹਾਡੀ ਮਦਦ ਕਰਾਂਗੇ

ਅਟਲਾਂਟਿਕ ਕੈਨੇਡਾ ਓਪਰਚੂਨਿਟੀਜ਼ ਏਜੰਸੀ ਲਈ ਜ਼ਿੰਮੇਵਾਰ ਮੰਤਰੀ, ਜਿਨੈਟ ਪੈਟੀਪਾ ਟੇਲਰ ਨੇ ਕਿਹਾ ਕਿ ਫ਼ੈਡਰਲ ਸਰਕਾਰ ਜਲਦੀ ਤੋਂ ਜਲਦੀ ਇਸ ਰਾਸ਼ੀ ਨੂੰ ਉਪਲਬਧ ਕਰੇਗੀ ਤਾਂ ਕਿ ਸੰਕਟ ਨਾਲ ਜੂਝਦੇ ਕੈਨੇਡੀਅਨਜ਼ ਦੀ ਮਦਦ ਕੀਤੀ ਜਾ ਸਕੇ।

ਫ਼ਿਓਨਾ ਚੱਕਰਵਾਤ ਦੇ ਦਸ ਦਿਨ ਬੀਤਣ ਤੋਂ ਬਾਅਦ ਵੀ, ਨੋਵਾ ਸਕੋਸ਼ੀਆ ਵਿਚ ਹਜ਼ਾਰਾਂ ਘਰਾਂ ਵਿਚ ਅਜੇ ਵੀ ਬਿਜਲੀ ਸੇਵਾਵਾਂ ਬਹਾਲ ਨਹੀਂ ਹੋਇਆਂ ਹਨ ਅਤੇ ਬਿਜਲੀ ਕਦੋਂ ਮੁੜੇਗੀ ਇਸ ਬਾਰੇ ਵੀ ਕੋਈ ਪੱਕੀ ਸੰਭਾਵਨਾ ਨ੍ਹੀਂ ਹੈ।

ਤਬਾਹ ਹੋਏ ਘਰਾਂ ਦੀ ਤਸਵੀਰ

ਚੱਕਰਵਾਤ ਫ਼ਿਓਨਾ ਨੇ ਅਟਲਾਂਟਿਕ ਸੂਬਿਆਂ ਵਿਚ ਭਾਰੀ ਤਬਾਹੀ ਮਚਾਈ ਹੈ।

ਤਸਵੀਰ: (Pauline Billard via The Associated Press)

ਨੋਵਾ ਸਕੋਸ਼ੀਆ ਦੇ ਪ੍ਰੀਮੀਅਰ ਟਿਮ ਹਿਊਸਟਨ ਨੇ ਦੱਸਿਆ ਕਿ ਸੂਬੇ ਵਿਚ ਅਜੇ ਵੀ 20,000 ਤੋਂ ਵੱਧ ਘਰਾਂ ਵਿਚ ਬਿਜਲੀ ਠੱਪ ਹੈ ਅਤੇ ਬਹੁਤਿਆਂ ਦੀ ਤਾਂ ਲੰਘੇ ਵੀਕੈਂਡ ਹੀ ਬਿਜਲੀ ਬਹਾਲ ਹੋਈ ਹੈ। ਉਹਨਾਂ ਕਿਹਾ ਕਿ ਟ੍ਰੈਫ਼ਿਕ ਕੰਟਰੋਲ ਵਰਗੇ ਕਾਰਜਾਂ ਲਈ ਵਧੇਰੇ ਫ਼ੌਜੀ ਮਦਦ ਦੇਣ ਨਾਲ ਬਿਜਲੀ ਕਰਮਚਾਰੀਆਂ ਦੀ ਉਪਲਬਧਤਾ ਵਧ ਸਕੇਗੀ ਅਤੇ ਬਿਜਲੀ ਸੇਵਾਵਾਂ ਦੀ ਬਹਾਲੀ ਤੇਜ਼ ਹੋ ਸਕਦੀ ਹੈ।

ਰੱਖਿਆ ਮੰਤਰੀ ਅਨੀਤਾ ਅਨੰਦ ਦੇ ਬੁਲਾਰੇ ਅਨੁਸਾਰ, ਨੋਵਾ ਸਕੋਸ਼ੀਆ, ਪੀ.ਈ.ਆਈ.ਅਤੇ ਨਿਊਫ਼ੰਡਲੈਂਡ ਐਂਡ ਲੈਬਰਾਡੌਰ ਵਿਚ 850 ਫ਼ੌਜੀ ਤੈਨਾਤ ਕੀਤੇ ਗਏ ਹਨ।

ਬੁਲਾਰੇ ਨੇ ਦੱਸਿਆ ਕਿ ਲੋੜ ਅਨੁਸਾਰ ਫ਼ੌਜ ਦੇ ਮੈਂਬਰਾਂ ਦੀ ਤੈਨਾਤੀ ਕੀਤੀ ਜਾਂਦੀ ਰਹੇਗੀ ਅਤੇ ਜਦੋਂ ਤੱਕ ਅਹਿਮ ਸੇਵਾਵਾਂ ਬਹਾਲ ਨਹੀਂ ਹੁੰਦੀਆਂ ਉਦੋਂ ਤੱਕ ਫ਼ੌਜੀ ਮਦਦ ਜਾਰੀ ਰਹੇਗੀ।

ਪੀਟਰ ਜ਼ੀਮੌਨਜਿਕ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ