1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਕਿਊਬੈਕ ਚੋਣਾਂ: ਫ਼੍ਰੈਂਸੁਆ ਲਿਗੋਅ ਦੀ ਸੀਏਕਿਊ ਪਾਰਟੀ ਭਾਰੀ ਬਹੁਮਤ ਨਾਲ ਜੇਤੂ

ਲਿਬਰਲ ਪਾਰਟੀ ਹੋਵੇਗੀ ਮੁੱਖ ਵਿਰੋਧੀ ਧਿਰ

ਕਿਊਬੈਕ ਸਿਟੀ ਵਿਚ ਚੋਣ ਤੀਜਿਆਂ ਦੀ ਰਾਤ ਸੀਏਕਿਊ ਲੀਡਰ ਫ਼੍ਰੈਂਸੁਆ ਲੀਡਰ ਦੀ ਤਸਵੀਰ। ਸੀਏਕਿਊ ਨੇ ਭਾਰਤੀ ਬਹੁਮਤ ਨਾਲ ਸੱਤਾ ਵਿਚ ਵਾਪਸੀ ਕੀਤੀ ਹੈ।

ਕਿਊਬੈਕ ਸਿਟੀ ਵਿਚ ਚੋਣ ਤੀਜਿਆਂ ਦੀ ਰਾਤ ਸੀਏਕਿਊ ਲੀਡਰ ਫ਼੍ਰੈਂਸੁਆ ਲੀਡਰ ਦੀ ਤਸਵੀਰ। ਸੀਏਕਿਊ ਨੇ ਭਾਰਤੀ ਬਹੁਮਤ ਨਾਲ ਸੱਤਾ ਵਿਚ ਵਾਪਸੀ ਕੀਤੀ ਹੈ।

ਤਸਵੀਰ:  (Jacques Boissinot/The Canadian Press)

RCI

ਫ਼੍ਰੈਂਸੁਆ ਲਿਗੋਅ ਦੀ ਕੋਲੀਸ਼ਨ ਐਵੇਨਿਰ ਕਿਊਬੈਕ (ਸੀਏਕਿਊ) ਨੇ ਕਿਊਬੈਕ ਸੂਬਾਈ ਚੋਣਾਂ ਵਿਚ ਜ਼ਬਰਦਸਤ ਬਹੁਮਤ ਨਾਲ ਦੁਬਾਰਾ ਜਿੱਤ ਦਰਜ ਕੀਤੀ ਹੈ। 

ਸੀਏਕਿਊ 88 ਰਾਈਡਿੰਗਜ਼ ‘ਤੇ ਜਿੱਤ ਦਰਜ ਕਰ ਚੁੱਕੀ ਹੈ ਅਤੇ 2 ਰਾਈਡਿੰਗਜ਼ ‘ਤੇ ਅੱਗੇ ਚਲ ਰਹੀ ਹੈ। 1989 ਤੋਂ ਬਾਅਦ ਅਜਿਹਾ ਪਹਿਲੀ ਵਾਰੀ ਹੈ ਜਦੋਂ ਕਿਸੇ ਪਾਰਟੀ ਦੀ ਝੋਲੀ ਇੰਨੀਆਂ ਸੀਟਾਂ ਆਈਆਂ ਹੋਣ।

ਕਿਊਬੈਕ ਦੀ ਨੈਸ਼ਨਲ ਅਸੈਂਬਲੀ ਵਿਚ ਬਹੁਮਤ ਵਾਸਤੇ 63 ਸੀਟਾਂ ਦੀ ਲੋੜ ਸੀ। ਸੀਏਕਿਊ 76 ਸੀਟਾਂ ਦਾ ਲਕਸ਼ ਰੱਖਕੇ ਚੋਣ ਮੁਹਿੰਮ ਵਿਚ ਦਾਖ਼ਲ ਹੋਈ ਸੀ।

ਕਿਊਬੈਕ ਲਿਬਰਲਜ਼ ਅਤੇ ਪਾਰਟੀ ਕਿਊਬੈਕਵਾ ਤੋਂ ਬਾਅਦ ਸੀਏਕਿਊ ਪਹਿਲੀ ਪਾਰਟੀ ਹੈ ਜੋ 1956 ਤੋਂ ਬਾਅਦ ਲਗਾਤਾਰ ਦੂਸਰੀ ਵਾਰੀ ਸੱਤਾ ਵਿੱਚ ਆਈ ਹੋਵੇ।

ਕਿਊਬੈਕ ਸਿਟੀ ਵਿਚ ਪਾਰਟੀ ਹੈੱਡਕੁਆਰਟਰ ਤੋਂ ਬੋਲਦਿਆਂ ਜੇਤੂ ਫ਼੍ਰੈਂਸੁਆ ਲਿਗੋਅ ਨੇ ਕਿਹਾ, ਸਾਨੂੰ ਅੱਜ ਰਾਤ ਸਪਸ਼ਟ ਸੰਦੇਸ਼ ਪ੍ਰਾਪਤ ਹੋਇਆ ਹੈ। ਕਿਊਬੈਕ ਵਾਸੀਆਂ ਨੇ ਮਜ਼ਬੂਤ ਸੰਦੇਸ਼ ਦਿੱਤਾ ਹੈ। ਕਿਊਬੈਕ ਵਾਸੀਆਂ ਨੇ ਸਾਨੂੰ ‘ਜਾਰੀ ਰੱਖਣ’ ਲਈ ਕਿਹਾ ਹੈ

ਲਿਬਰਲ ਪਾਰਟੀ ਨੇ 21 ਸੀਟਾਂ ‘ਤੇ ਜਿੱਤ ਦਰਜ ਕੀਤੀ। 2018 ਵਿਚ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਲਿਬਰਲਜ਼ ਦੀ ਹੁਣ ਵਿਰੋਧੀ ਧਿਰ ਬਣ ਸਕਣ ਦੀ ਸੰਭਾਵਨਾ ਹੈ। ਕਿਊਬੈਕ ਸੌਲੀਡੇਅਰ ਨੂੰ 11 ਸੀਟਾਂ ਮਿਲੀਆਂ।

ਪਾਰਟੀ ਕਿਊਬੈਕਵਾ ਦੀ ਗਿਣਤੀ ਘਟੀ ਅਤੇ ਇਸ ਦੀ ਝੋਲੀ ਕੁਲ 3 ਸੀਟਾਂ ਹੀ ਰਹਿ ਗਈਆਂ। ਕਿਊਬੈਕ ਕੰਜ਼ਰਵੇਟਿਵਜ਼ ਨੂੰ ਇੱਕ ਸੀਟ ਵੀ ਪ੍ਰਾਪਤ ਨਹੀਂ ਹੋਈ, ਹਾਲਾਂਕਿ ਉਹਨਾਂ ਨੂੰ ਪਈਆਂ ਵੋਟਾਂ ਦੀ ਗਿਣਤੀ ਵਿਚ ਕਾਫ਼ੀ ਵਾਧਾ ਹੋਇਆ ਹੈ।

ਲਿਗੋਅ ਦਾ ਜੇਤੂ ਹੋਣਾ ਬਹੁਤਾ ਹੈਰਾਨੀਜਨਕ ਨਹੀਂ ਹੈ ਕਿਉਂਕਿ ਬਹੁਤੇ ਚੋਣ ਸਰਵੇਖਣਾਂ ਨੇ ਉਹਨਾਂ ਦੀ ਹੀ ਜਿੱਤ ਦੀ ਪੇਸ਼ੀਨਗੋਈ ਕੀਤੀ ਸੀ, ਅਤੇ ਬਾਕੀ ਪਾਰਟੀਆਂ ਵੀ ਇੱਕ ਤਰ੍ਹਾਂ ਨਾਲ ਦੂਸਰੇ ਸਥਾਨ ਲਈ ਹੀ ਮੁਕਾਬਲੇ ਵਿਚ ਸਨ।

ਮਹਿੰਗਾਈ, ਹੈਲਥ ਕੇਅਰ ਅਤੇ ਇਮੀਗ੍ਰੇਸ਼ਨ ਕਿਊਬੈਕ ਚੋਣਾਂ ਵਿਚ ਮੁੱਖ ਮੁੱਦੇ ਰਹੇ ਸਨ। 

 ਲਿਬਰਲ ਲੀਡਰ ਡੌਮਿਨਿਕ ਐਂਗਲਾਡ, ਸੇਂਟ-ਹੈਨਰੀ-ਸੇਂਠ-ਐਨੀ ਰਾਈਡਿੰਗ ਤੋਂ ਜੇਤੂ ਰਹੀ।

ਲਿਬਰਲ ਲੀਡਰ ਡੌਮਿਨਿਕ ਐਂਗਲਾਡ, ਸੇਂਟ-ਹੈਨਰੀ-ਸੇਂਠ-ਐਨੀ ਰਾਈਡਿੰਗ ਤੋਂ ਜੇਤੂ ਰਹੀ।

ਤਸਵੀਰ: La Presse canadienne / Ryan Remiorz

ਫ਼੍ਰੈਂਸੁਆ ਲਿਗੋਅ ਜਿੱਥੇ ਇੱਕ ਪਾਸੇ ਸੂਬੇ ਦੀ ਇਕੌਨਮੀ ਅਤੇ ਹੈਲਥ ਕੇਅਰ ਨੂੰ ਬਿਹਤਰ ਕਰਨ ਦੀ ਗੱਲ ਕਰਦੇ ਰਹੇ ਹਨ ਉੱਥੇ ਦੂਸਰੇ ਪਾਸੇ ਉਹ ਖ਼ੁਦ ਨੂੰ ਫ਼੍ਰੈਂਚ ਭਾਸ਼ਾ ਅਤੇ ਸੱਭਿਆਚਾਰ ਦੇ ਰਾਖੇ ਵੱਜੋੋਂ ਵੀ ਪੇਸ਼ ਕਰਦੇ ਰਹੇ ਹਨ।

ਮਾਹਰਾਂ ਦਾ ਕਹਿਣਾ ਹੈ ਕਿ ਆਰਥਿਕਤਾ ਅਤੇ ਵਿੱਤ ਦੇ ਮਾਮਲੇ ਵਿਚ ਉਹਨਾਂ ਦਾ ਸੱਜੇ ਪੱਖ ਵੱਲ ਝੁਕਾਅ ਅਤੇ ਸਿੱਖਿਆ ਤੇ ਹੈਲਥ ਕੇਅਰ ਦੇ ਵਿਸ਼ੇ ‘ਤੇ ਉਹਨਾਂ ਦੇ ਖੱਬੇ-ਪੱਖੀ ਕਿਸਮ ਦੇ ਨਜ਼ਰੀਏ ਨੇ ਉਹਨਾਂ ਦੀ ਸਫ਼ਲਤਾ ਵਿਚ ਮਦਦ ਕੀਤੀ ਹੈ।

ਕਿਊਬੈਕ ਸੌਲੀਡੇਅਰ ਦੇ ਸਹਿ-ਬੁਲਾਰੇ ਗੈਬਰੀਅਲ ਨੈਡੋ-ਡੁਬੋਏ

ਕਿਊਬੈਕ ਸੌਲੀਡੇਅਰ ਦੇ ਸਹਿ-ਬੁਲਾਰੇ ਗੈਬਰੀਅਲ ਨੈਡੋ-ਡੁਬੋਏ। ਪਿਛਲੀਆਂ ਪੰਜ ਚੋਣਾਂ ਵਿਚ ਪਹਿਲੀ ਵਾਰੀ ਹੋਇਆ ਹੈ ਜਦੋਂ ਇਹ ਪਾਰਟੀ ਕੁਲ ਸੀਟਾਂ ਦੀ ਗਿਣਤੀ ਨਹੀਂ ਵਧਾ ਸਕੀ।

ਤਸਵੀਰ: The Canadian Press / Graham Hughes

ਸੀਏਕਿਊ ਦਾ ਪਹਿਲਾ ਕਾਰਜਕਾਲ ਮੁੱਖ ਤੌਰ ‘ਤੇ ਕੋਵਿਡ-19 ਨਾਲ ਨਜਿੱਠਦਿਆਂ ਬੀਤਿਆ। ਸੂਬੇ ਵਿਚ 16,700 ਤੋਂ ਵੱਧ ਮੌਤਾਂ ਹੋਈਆਂ। ਹਾਲਾਂਕਿ ਕੋਵਿਡ ਸਬੰਧੀ ਨੀਤੀਆਂ ਜਿਵੇਂ ਵੈਕਸੀਨ ਪਾਸਪੋਰਟ, ਕਰਫ਼ਿਊ ਆਦਿ ਨੂੰ ਲੈਕੇ ਵੀ ਸਰਕਾਰ ਦੀ ਸਮੀਖਿਆ ਕੀਤੀ ਜਾ ਰਹੀ ਸੀ, ਉੱਥੇ ਹੀ ਸੂਬੇ ਵਿਚ ਪਬਲਿਕ ਹੈਲਥ ਐਮਰਜੈਂਸੀ ਨੇ ਲਿਗੋਅ ਅਤੇ ਸੀਏਕਿਊ ‘ਤੇ ਵਧੇਰੇ ਰੌਸ਼ਨੀ ਪਾਈ।

ਪ੍ਰੀਮੀਅਰ ਦੀਆਂ ਰੋਜ਼ਾਨਾ ਦੀਆਂ ਮੀਡੀਆ ਅਪਡੇਟਸ ਕਾਰਨ ਵਿਰੋਧੀ ਧਿਰ ਨੂੰ ਪਬਲਿਕ-ਹੈਲਥ ਉਪਾਵਾਂ ਬਾਬਤ ਜਨਤਾ ਨਾਲ ਸਿੱਧਾ ਰਾਬਤਾ ਕਰਨ ਦਾ ਬਹੁਤਾ ਮੌਕਾ ਨਹੀਂ ਮਿਲੀਆ। ਲਿਗੋਅ ਦੀਆਂ ਐਮਰਜੈਂਸੀ ਸ਼ਕਤੀਆਂ ਕਾਰਨ ਨੈਸ਼ਨਲ ਅਸੈਂਬਲੀ ਵਿਚ ਵੀ ਇਹਨਾਂ ਉਪਾਵਾਂ ਬਾਰੇ ਬਹੁਤੀ ਬਹਿਸ ਨਹੀਂ ਹੋਈ।

ਪਾਰਟੀ ਕਿਊਬੈਕਵਾ ਲੀਡਰ ਪੌਲ ਸੇਂਟ-ਪੀਅਰ ਪਲੈਮੰਡਨ ਨੇ ਸੀਏਕਿਊ ਦੇ ਐਮਐਨਏ (MNA) ਰਿਚਰਡ ਕੈਂਪੂ ਨੂੰ ਹਰਾ ਕੇ ਕੈਮਿਲ-ਲੌਰਿਨ ਰਾਈਡਿੰਗ ਤੋਂ ਜਿੱਤ ਦਰਜ ਕੀਤੀ।

ਪਾਰਟੀ ਕਿਊਬੈਕਵਾ ਲੀਡਰ ਪੌਲ ਸੇਂਟ-ਪੀਅਰ ਪਲੈਮੰਡਨ ਨੇ ਸੀਏਕਿਊ ਦੇ ਐਮਐਨਏ (MNA) ਰਿਚਰਡ ਕੈਂਪੂ ਨੂੰ ਹਰਾ ਕੇ ਕੈਮਿਲ-ਲੌਰਿਨ ਰਾਈਡਿੰਗ ਤੋਂ ਜਿੱਤ ਦਰਜ ਕੀਤੀ।

ਤਸਵੀਰ: La Presse canadienne / Evan Buhler

ਮਹਾਂਮਾਰੀ ਦਾ ਦੌਰ

ਲਿਗੋਅ ਸਰਕਾਰ ਦੇ ਪਹਿਲੇ ਕਾਰਜਕਾਲ ਦੌਰਾਨ, ਧਾਰਮਿਕ ਚਿੰਨ੍ਹਾ ਬਾਰੇ ਵਿਵਾਦਿਤ ਕਾਨੂੰਨ ਬਿਲ-21 ਅਤੇ ਫ਼੍ਰੈਂਚ ਭਾਸ਼ਾ ਨਾਲ ਸਬੰਧਤ ਬਿਲ-96 ਪਾਸ ਕੀਤੇ ਗਏ। ਸੀਏਕਿਊ ਸਰਕਾਰ ਨੇ ਨੌਟਵਿਦਸਟੈਂਡਿੰਗ ਕਲੌਜ਼ ਦਾ ਇਸਤੇਮਾਲ ਕਰਕੇ ਇਹਨਾਂ ਨੂੰ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਵੱਜੋਂ ਅਦਾਲਤ ਵਿਚ ਵਿਚਾਰੇ ਜਾਣ ਤੋਂ ਸੁਰੱਖਿਅਤ ਰੱਖਿਆ ਸੀ, ਪਰ ਫ਼ਿਲਹਾਲ ਅਦਾਲਤਾਂ ਵਿਚ ਉਕਤ ਕਾਨੂੰਨ ਬਹਿਸ ਅਧੀਨ ਹਨ।

ਅਸੈਂਬਲੀ ਭੰਗ ਹੋਣ ਵੇਲੇ ਲਿਬਰਲ ਪਾਰਟੀ ਕੋਲ 27, ਕਿਊਬੈਕ ਸੌਲੀਡੇਅਰ ਕੋਲ 10, ਪਾਰਟੀ ਕਿਊਬੈਕਵਾ ਕੋਲ 7 ਅਤੇ ਕੰਜ਼ਰਵੇਟਿਵ ਪਾਰਟੀ ਕੋਈ 1 ਸੀਟ ਸੀ। ਕਿਊਬੈਕ ਦੀ ਨੈਸ਼ਨਲ ਅਸੈਂਬਲੀ ਵਿਚ 125 ਸੀਟਾਂ ਹਨ।

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਲਿਗੋਅ ਨੂੰ ਜਿੱਤ ਦੀ ਵਧਾਈ ਦਿੱਤੀ।

ਡੁਹੇਮ ਤੋਂ ਇਲਾਵਾ ਸਾਰੇ ਲੀਡਰ ਜੇਤੂ

ਪ੍ਰੀਮੀਅਰ ਲਾਜ਼ੌਂਪਸ਼ਨ ਦੀ ਆਪਣੀ ਸੀਟ ਤੋਂ ਜੇਤੂ ਹੋਏ।

ਕਿਊਬੈਕ ਸੌਲੀਡੇਅਰ ਦੇ ਸਹਿ-ਬੁਲਾਰੇ ਗੈਬਰੀਅਲ ਨੈਡੋ-ਡੁਬੋਏ, ਮੌਂਟਰੀਅਲ ਦੀ ਆਪਣੀ ਗੁਈਨ ਰਾਈਡਿੰਗ ਤੋਂ ਜੇਤੂ ਰਹੇ।

ਲਿਬਰਲ ਲੀਡਰ ਡੌਮਿਨਿਕ ਐਂਗਲਾਡ, ਸੇਂਟ-ਹੈਨਰੀ-ਸੇਂਠ-ਐਨੀ ਰਾਈਡਿੰਗ ਤੋਂ ਜੇਤੂ ਰਹੀ।

ਪਾਰਟੀ ਕਿਊਬੈਕਵਾ ਲੀਡਰ ਪੌਲ ਸੇਂਟ-ਪੀਅਰ ਪਲੈਮੰਡਨ ਨੇ ਸੀਏਕਿਊ ਦੇ ਐਮਐਨਏ (MNA) ਰਿਚਰਡ ਕੈਂਪੂ ਨੂੰ ਹਰਾ ਕੇ ਕੈਮਿਲ-ਲੌਰਿਨ ਰਾਈਡਿੰਗ ਤੋਂ ਜਿੱਤ ਦਰਜ ਕੀਤੀ।

ਪਰ ਕਿਊਬੈਕ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਰਿਕ ਡੁਹੇਮ ਸ਼ੌਵੋ ਰਾਈਡਿੰਗ ਨਹੀਂ ਜਿੱਤ ਸਕੇ।

ਫ਼ਿਲਹਾਲ ਕੁਲ ਵੋਟਾਂ ਦੀ ਗਿਣਤੀ ਅਜੇ ਉਪਲਬਧ ਨਹੀਂ ਹੈ ਪਰ ਇਸ ਵਾਰੀ ਵੀ ਪਿਛਲੀ ਚੋਣਾਂ ਜਿੰਨੀਆਂ ਵੋਟਾਂ ਪਈਆਂ ਹੀ ਪ੍ਰਤੀਤ ਹੋ ਰਹੀਆਂ ਹਨ। ਪਿਛਲੀਆਂ ਚੋਣਾਂ ਦੌਰਾਨ ਕਿਊਬੈਕ ਦੇ 66.45 ਫ਼ੀਸਦੀ ਯੋਗ ਵੋਟਰਾਂ ਨੇ ਵੋਟ ਪਾਈ ਸੀ।

ਐਂਟੋਨੀ ਨੈਰੇਸਟੈਂਟ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ