1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਖੇਡ ਮੁਕਾਬਲੇ

ਇੰਡੋਨੇਸ਼ੀਆ ਵਿਚ ਫ਼ੁੱਟਬਾਲ ਮੈਚ ਦੌਰਾਨ ਮਚੀ ਭਗਦੜ, 125 ਮੌਤਾਂ

ਮ੍ਰਿਤਕਾਂ ਵਿਚ 17 ਬੱਚੇ ਵੀ ਸ਼ਾਮਲ

ਸ਼ਨੀਵਾਰ ਨੂੰ ਇੰਡੋਨੇਸ਼ੀਆ ਦੇ ਮਲਾਂਗ ਵਿੱਖੇ ਇੱਕ ਸਟੇਡੀਅਮ ਵਿਚ ਫ਼ੁੱਟਬਾਲ ਮੈਚ ਦੌਰਾਨ ਭੜਕੇ ਦੰਗਿਆਂ ਵਿਚ ਭਗਦੜ ਮਚ ਗਈ ਜਿਸ ਵਿਚ 125 ਲੋਕਾਂ ਦੀ ਮੌਤ ਹੋ ਗਈ।

ਸ਼ਨੀਵਾਰ ਨੂੰ ਇੰਡੋਨੇਸ਼ੀਆ ਦੇ ਮਲਾਂਗ ਵਿੱਖੇ ਇੱਕ ਸਟੇਡੀਅਮ ਵਿਚ ਫ਼ੁੱਟਬਾਲ ਮੈਚ ਦੌਰਾਨ ਭੜਕੇ ਦੰਗਿਆਂ ਵਿਚ ਭਗਦੜ ਮਚ ਗਈ ਜਿਸ ਵਿਚ 125 ਲੋਕਾਂ ਦੀ ਮੌਤ ਹੋ ਗਈ।

ਤਸਵੀਰ: AP / Yudha Prabowo

RCI

ਇੰਡੋਨੇਸ਼ੀਆ ਵਿਚ ਸ਼ਨੀਵਾਰ ਨੂੰ ਇੱਕ ਫ਼ੁੱਟਬਾਲ ਮੈਚ ਦੌਰਾਨ ਮਚੀ ਭਗਦੜ ਵਿਚ ਕਰੀਬ 125 ਲੋਕ ਹਲਾਕ ਹੋ ਗਏ ਅਤੇ ਵੱਡੀ ਗਿਣਤੀ ਵਿਚ ਲੋਕ ਜ਼ਖ਼ਮੀ ਹੋਏ ਹਨ। ਇਹ ਭਿਆਨਕ ਹਾਦਸਾ ਕਿਵੇਂ ਵਾਪਰਿਆ ਇਸ ਦੀ ਵਿਆਖਿਆ ਕਰਨ ਲਈ ਇੰਡੋਨੇਸ਼ੀਆ ਦੀ ਸਰਕਾਰ ‘ਤੇ ਦਬਾਅ ਵਧ ਰਿਹਾ ਹੈ।

ਇੰਡੋਨੇਸ਼ੀਆ ਅਤੇ ਖ਼ਾਸ ਤੌਰ ‘ਤੇ ਰਾਜਧਾਨੀ ਜਕਾਰਤਾ ਵਰਗੀਆਂ ਥਾਂਵਾਂ ‘ਤੇ  ਫ਼ੁੱਟਬਾਲ ਦੌਰਾਨ ਹੁੱਲੜਬਾਜ਼ੀ ਅਤੇ ਹਿੰਸਾ ਅਕਸਰ ਨਜ਼ਰੀਂ ਪੈਂਦੀ ਰਹੀ ਹੈ, ਪਰ ਸ਼ਨੀਵਾਰ ਨੂੰ ਮਲਾਂਗ ਦੇ ਸਟੇਡੀਅਮ ਵਿਚ ਵਾਪਰੀ ਘਟਨਾ ਨੇ ਇਸ ਸਮੱਸਿਆ ਦੀ ਵਿਸ਼ਾਲਤਾ ਨੂੰ ਉਜਾਗਰ ਕੀਤਾ ਹੈ।

ਭਗਦੜ ਵਿਚ ਮਾਰੇ ਗਏ ਦੋ ਬੱਚਿਆਂ, 15 ਸਾਲ ਦੇ ਅਹਿਮਦ ਕਾਹਯੋ ਅਤੇ 14 ਸਾਲ ਦੇ ਮੁਹੰਮਦ ਫ਼ਾਰੇਲ ਦੀ ਵੱਡੀ ਭੈਣ, ਏਂਦਾਹ ਵਾਯੂਨੀ ਨੇ ਕਿਹਾ, ਮੇਰੇ ਪਰਿਵਾਰ ਜਾਂ ਮੈਂ ਕਦੇ ਵੀ ਨਹੀਂ ਸੀ ਸੋਚਿਆ ਕਿ ਇੱਥੇ ਇਸ ਤਰ੍ਹਾਂ ਵਾਪਰ ਜਾਵੇਗਾ

ਉਹਨਾਂ ਨੂੰ ਫ਼ੁੱਟਬਾਲ ਪਸੰਦ ਸੀ, ਪਰ ਉਹਨਾਂ ਨੇ ਅਰੇਮਾ ਨੂੰ ਕੰਜੂਰੂਹਨ ਸਟੇਡੀਅਮ ਵਿਚ ਲਾਈਵ ਖੇਡਦਿਆਂ ਨਹੀਂ ਵੇਖਿਆ ਸੀ। ਉਹ ਪਹਿਲੀ ਵਾਰੀ ਗਏ ਸਨ

ਇੰਡੋਨੇਸ਼ੀਆ ਦੇ ਮੁੱਖ ਸੁਰੱਖਿਆ ਮੰਤਰੀ, ਮਹਿਫ਼ੂਦ ਐਮਡੀ ਨੇ ਸੋਮਵਾਰ ਨੂੰ ਕਿਹਾ ਕਿ ਇਸ ਘਟਨਾ ਦੇ ਕਾਰਨਾਂ ਦੀ ਤਫਤੀਸ਼ ਲਈ ਸਰਕਾਰ ਇੱਕ ਸੁਤੰਤਰ ਜਾਂਚ ਟੀਮ ਬਣਾਏਗੀ, ਜਿਸ ਵਿੱਚ ਅਕਾਦਮਿਕ ਅਤੇ ਫ਼ੁੱਟਬਾਲ ਮਾਹਿਰਾਂ ਦੇ ਨਾਲ-ਨਾਲ ਸਰਕਾਰੀ ਅਧਿਕਾਰੀ ਵੀ ਸ਼ਾਮਲ ਹੋਣਗੇ।

ਉਨ੍ਹਾਂ ਕਿਹਾ ਕਿ ਟੀਮ ਅਗਲੇ ਕੁਝ ਹਫ਼ਤਿਆਂ ਤੱਕ ਇਹ ਪਤਾ ਲਗਾਉਣ ਲਈ ਜਾਂਚ ਕਰੇਗੀ ਕਿ ਇਸ ਹਾਦਸੇ ਲਈ ਕੌਣ ਜ਼ਿੰਮੇਵਾਰ ਹੈ।

ਇਸ ਘਟਨਾ ਵਿਚ 17 ਬੱਚਿਆਂ ਦੀ ਵੀ ਮੌਤ ਹੋਈ ਹੈ ਅਤੇ 7 ਬੱਚੇ ਹਸਪਤਾਲ ਵਿਚ ਜ਼ੇਰੇ ਇਲਾਜ ਹਨ।

ਪੁਲਿਸ ਵੱਲੋਂ ਅੱਥਰੂ ਗੈਸ ਦੀ ਵਰਤੋਂ

ਸ਼ਨੀਵਾਰ ਨੂੰ ਜਾਵਾ ਨਜ਼ਦੀਕ ਪੈਂਦੇ ਸ਼ਹਿਰ ਮਲਾਂਗ ਦੇ ਸਥਿਤ ਸਟੇਡੀਅਮ ਵਿਚ ਅਰੇਮਾ ਐਫ਼ਸੀ ਅਤੇ ਪਰਸੇਬਾਯਾ ਸੁਰਾਬਾਯਾ ਦੀਆਂ ਟੀਮਾਂ ਦਰਮਿਅਨ ਮੈਚ ਚਲ ਰਿਹਾ ਸੀ। ਅਰੇਮਾ ਨੂੰ 2-3 ਦੇ ਅੰਕਾਂ ਨਾਲ ਹਾਰਦਿਆਂ ਦੇਖ ਉਸ ਦੇ ਸਮਰਥਕ ਗ੍ਰਾਊਂਡ ਵਿਚ ਦਾਖ਼ਲ ਹੋਣ ਲੱਗ ਪਏ।

ਸਥਿਤੀ ‘ਤੇ ਕਾਬੂ ਪਾਉਣ ਲਈ ਪੁਲਿਸ ਨੇ ਅੱਥਰੂ ਗੈਸ ਦੇ ਗੋਲ਼ੇ ਦਾਗੇ ਅਤੇ ਇਸ ਦੌਰਾਨ ਸਟੇਡੀਅਮ ਵਿਚ ਭਗਦੜ ਮਚ ਗਈ।

ਮਹਿਫ਼ੂਦ ਨੇ ਐਤਵਾਰ ਨੂੰ ਕਿਹਾ ਕਿ ਸਟੇਡੀਅਮ ਆਪਣੀ ਸਮਰੱਥਾ ਤੋਂ ਵੱਧ ਭਰਿਆ ਹੋਇਆ ਸੀ। 38,000 ਦਰਸ਼ਕਾਂ ਦੀ ਸਮਰੱਥਾ ਵਾਲੇ ਸਟੇਡੀਅਮ ਵਿਚ 42,000 ਦੇ ਕਰੀਬ ਟਿਕਟਾਂ ਜਾਰੀ ਕੀਤੀਆਂ ਗਈਆਂ ਸਨ।

ਫ਼ੁੱਟਬਾਲ ਦੇ ਅੰਤਰਰਾਸ਼ਟਰੀ ਰੈਗੂਲੇਟਰੀ ਅਦਾਰੇ, ਫ਼ੀਫ਼ਾ ਨੇ ਇਸ ਘਟਨਾ ਨੂੰ ਇੱਕ ‘ਸਿਆਹ ਦਿਨ’ ਆਖਦਿਆਂ ਇੰਡੋਨੇਸ਼ੀਆ ਦੀਆਂ ਫ਼ੁੱਟਬਾਲ ਅਥਾਰਟੀਆਂ ਕੋਲੋਂ ਰਿਪੋਰਟ ਤਲਬ ਕੀਤੀ ਹੈ।

ਫ਼ੀਫ਼ਾ ਦੇ ਸੁਰੱਖਿਆ ਨਿਯਮ ਕਹਿੰਦੇ ਹਨ ਕਿ ਮੈਚਾਂ ਵਿੱਚ ਹਥਿਆਰ ਜਾਂ ਭੀੜ ਨਿਯੰਤਰਣ ਗੈਸ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ।

ਭਾਵੁਕ ਹੋਏ ਅਰੇਮਾ ਐਫ਼ਸੀ ਦੇ ਪ੍ਰੈਜ਼ੀਡੈਂਟ, ਜਿਲਾਂਗ ਵਿਦਯਾ ਪ੍ਰਮਾਨਾ ਨੇ ਪੀੜਤਾਂ ਤੋਂ ਮੁਆਫ਼ੀ ਮੰਗਦਿਆਂ ਕਿਹਾ ਕਿ ਉਹ ਇਸ ਹਾਦਸੇ ਦੀ ਪੂਰੀ ਜ਼ਿੰਮੇਵਾਰੀ ਲੈਂਦੇ ਹਨ।

ਉਹਨਾਂ ਕਿਹਾ, ਜ਼ਿੰਦਗੀਆਂ ਫ਼ੁੱਟਬਾਲ ਨਾਲੋਂ ਵਧੇਰੇ ਕੀਮਤੀ ਹਨ

ਐਤਵਾਰ ਨੂੰ ਜਕਾਰਤਾ ਵਿਚ ਫ਼ੁੱਟਬਾਲ ਸਮਰਥਕ ਭਗਦੜ ਦੇ ਪੀੜਤਾਂ ਲਈ ਇੱਕ ਕੈਂਡਲ ਲਾਈਟ ਵਿਜਿਲ ਦੌਰਾਨ ਪ੍ਰਾਰਥਨਾ ਕਰਦੇ ਹੋਏ।

ਐਤਵਾਰ ਨੂੰ ਜਕਾਰਤਾ ਵਿਚ ਫ਼ੁੱਟਬਾਲ ਸਮਰਥਕ ਭਗਦੜ ਦੇ ਪੀੜਤਾਂ ਲਈ ਇੱਕ ਕੈਂਡਲ ਲਾਈਟ ਵਿਜਿਲ ਦੌਰਾਨ ਪ੍ਰਾਰਥਨਾ ਕਰਦੇ ਹੋਏ।

ਤਸਵੀਰ: (Adek Berry/AFP/Getty Images)

ਐਤਵਾਰ ਨੂੰ ਇੱਕ ਸੰਬੋਧਨ ਵਿਚ ਪੋਪ ਫ਼੍ਰਾਂਸਿਸ ਨੇ ਕਿਹਾ ਕਿ ਉਹਨਾਂ ਨੇ ਮ੍ਰਿਤਕਾਂ ਅਤੇ ਇਸ ਆਫ਼ਤ ਵਿਚ ਜ਼ਖ਼ਮੀ ਹੋਏ ਲੋਕਾਂ ਲਈ ਪ੍ਰਾਰਥਨਾ ਕੀਤੀ ਹੈ।

ਇਸ ਘਟਨਾ ਨੂੰ ਦੁਨੀਆ ਵਿਚ ਹੋਏ ਹੁਣ ਤੱਕ ਦੇ ਸਭ ਤੋਂ ਵੱਡੇ ਸਟੇਡੀਅਮ ਹਾਦਸਿਆਂ ਵਿਚੋਂ ਇੱਕ ਮੰਨਿਆ ਜਾ ਰਿਹਾ ਹੈ।

ਪੁਲਿਸ ਅਤੇ ਖੇਡ ਅਧਿਕਾਰੀਆਂ ਨੂੰ ਘਟਨਾ ਦੀ ਜਾਂਚ ਲਈ ਮਲਾਂਗ ਭੇਜਿਆ ਗਿਆ ਹੈ।

ਸੰਸਥਾ ਹਿਊਮਨ ਰਾਈਟਸ ਵਾਚ ਦੇ ਡਿਪਟੀ ਏਸ਼ੀਆ ਡਾਇਰੈਕਟਰ, ਫ਼ਿਲ ਰੌਬਰਟਸਨ ਨੇ ਕਿਹਾ, ਇਸ ਤਬਾਹੀ ਲਈ ਜ਼ਿੰਮੇਵਾਰ ਲੋਕਾਂ ਨੂੰ ਉਨ੍ਹਾਂ ਦਾ ਰੁਤਬਾ ਅਤੇ ਸਥਿਤੀ ਦੀ ਪਰਵਾਹ ਕੀਤੇ ਬਿਨਾ, ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ

ਥੌਮਸਨ ਰੋਏਟਰਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ