1. ਮੁੱਖ ਪੰਨਾ
  2. ਸਮਾਜ
  3. ਨਫ਼ਰਤ ਅਧਾਰਤ ਅਪਰਾਧ

[ ਰਿਪੋਰਟ ] ਬ੍ਰੈਂਪਟਨ ਵਿੱਚ ਸ਼੍ਰੀ ਭਗਵਦ ਗੀਤਾ ਪਾਰਕ ਨਾਲ ਨਹੀਂ ਹੋਈ ਛੇੜਛਾੜ : ਪੀਲ ਪੁਲਿਸ

ਲਗਾ ਦਿੱਤਾ ਗਿਆ ਹੈ ਨਵਾਂ ਸਾਈਨਬੋਰਡ

ਪਾਰਕ ਵਿੱਚ ਲਗਾਏ ਗਏ ਨਵੇਂ ਸਾਈਨ ਬੋਰਡ ਦਾ ਦ੍ਰਿਸ਼

ਪਾਰਕ ਵਿੱਚ ਲਗਾਏ ਗਏ ਨਵੇਂ ਸਾਈਨ ਬੋਰਡ ਦਾ ਦ੍ਰਿਸ਼

ਤਸਵੀਰ: ਧੰਨਵਾਦ ਸਹਿਤ ਮੇਅਰ ਪੈਟਰਿਕ ਬ੍ਰਾਊਨ ਟਵਿੱਟਰ

Sarbmeet Singh

ਪੀਲ ਰੀਜਨਲ ਪੁਲਿਸ ਨੇ ਬ੍ਰੈਂਪਟਨ ਵਿੱਚ ਸਥਿਤ ਸ਼੍ਰੀ ਭਗਵਦ ਗੀਤਾ ਪਾਰਕ ਵਿਚਲੇ ਸਾਈਨਬੋਰਡ ਨਾਲ ਛੇੜਛਾੜ ਹੋਣ ਦੀਆਂ ਖ਼ਬਰਾਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਹੈ I

ਪ੍ਰਾਪਤ ਜਾਣਕਾਰੀ ਅਨੁਸਾਰ ਪਾਰਕ ਵਿੱਚ ਨਵਾਂ ਸਾਈਨਬੋਰਡ ਲਗਾ ਦਿੱਤਾ ਗਿਆ ਹੈ I 

ਜ਼ਿਕਰਯੋਗ ਹੈ ਕਿ ਕੈਨੇਡਾ ਵਿਚਲੇ ਭਾਰਤੀ ਹਾਈ ਕਮਿਸ਼ਨ ਵੱਲੋਂ ਇਕ ਟਵੀਟ ਕਰ ਸ਼੍ਰੀ ਭਗਵਦ ਗੀਤਾ ਪਾਰਕ ਨਾਲ ਛੇੜਛਾੜ ਅਤੇ ਨਫ਼ਰਤ ਅਧਾਰਿਤ ਅਪਰਾਧ ਹੋਣ ਦੀ ਗੱਲ ਆਖੀ ਗਈ ਸੀ I

ਦੱਸਣਯੋਗ ਹੈ ਕਿ ਹਾਲ ਵਿੱਚ ਹੀ ਬ੍ਰੈਂਪਟਨ ਦੇ ਟਰੋਇਰ ਪਾਰਕ ਦਾ ਨਾਮ ਬਦਲ ਕੇ ਸ਼੍ਰੀ ਭਗਵਦ ਗੀਤਾ ਪਾਰਕ ਰੱਖਿਆ ਗਿਆ ਹੈ I ਉਸ ਮੌਕੇ 'ਤੇ ਭਾਰਤੀ ਭਾਈਚਾਰੇ ਸਮੇਤ ਬ੍ਰੈਂਪਟਨ ਦੇ ਨੁਮਾਇੰਦੇ ਹਾਜ਼ਰ ਸਨ I 

ਪੀਲ ਰੀਜਨਲ ਪੁਲਿਸ ਨੇ ਇਕ ਟਵੀਟ ਦੌਰਾਨ ਕਿਹਾ ਕਿਸੇ ਵੀ ਸਾਈਨ ਨੂੰ ਨੁਕਸਾਨ ਪੁੱਜੇ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ I ਉਕਤ ਸਾਈਨਬੋਰਡ ਨੂੰ ਉਦਘਾਟਨ ਸਮਾਰੋਹ ਮੌਕੇ ਵਕਤੀ ਤੌਰ ਲਈ ਵਰਤਿਆ ਗਿਆ ਸੀI

ਮੇਅਰ ਪੈਟਰਿਕ ਬ੍ਰਾਊਨ ਨੇ ਟਵੀਟ ਦੌਰਾਨ ਜਾਣਕਾਰੀ ਦਿੱਤੀ ਕਿ ਲਗਾਉਣ ਸਮੇਂ ਪੁਰਾਣੇ ਸਾਈਨਬੋਰਡ ਨੂੰ ਨੁਕਸਾਨ ਪਹੁੰਚਿਆ ਸੀ ਜਿਸਤੋਂ ਬਾਅਦ ਸਿਟੀ ਅਧਿਕਾਰੀਆਂ ਵੱਲੋਂ ਇਸਨੂੰ ਵਾਪਿਸ ਲਿਆ ਕੇ ਇਸਦੀ ਮੁਰਮੰਤ ਕੀਤੀ ਗਈ ਅਤੇ ਮੁੜ ਤੋਂ ਪ੍ਰਿੰਟ ਕੀਤਾ ਗਿਆ I 

ਮੇਅਰ ਬ੍ਰਾਊਨ ਨੇ ਇਕ ਹੋਰ ਟਵੀਟ ਕਰ ਦੱਸਿਆ ਕਿ ਨਵਾਂ ਸਾਈਨਬੋਰਡ ਲਗਾਇਆ ਜਾ ਚੁੱਕਾ ਹੈ I

ਸਾਈਨਬੋਰਡ ਬਾਬਤ ਜਾਣਕਾਰੀ ਮਿਲਣ ਜਾਂ ਗ਼ਲਤਫ਼ਹਿਮੀ ਹੋਣ ਬਾਰੇ ਭਾਰਤੀ ਹਾਈ ਕਮਿਸ਼ਨ ਨੂੰ ਪੁੱਛੇ ਗਏ ਸਵਾਲ ਦਾ ਖ਼ਬਰ ਦੇ ਲਿਖੇ ਜਾਣ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ I

ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਭਾਰਤੀ ਭਾਈਚਾਰੇ ਨਾਲ ਸੰਬੰਧਿਤ ਸਥਾਨਾਂ ਉੱਪਰ ਛੇੜਛਾੜ ਅਤੇ ਭੰਨਤੋੜ ਦੀਆਂ ਕਈ ਘਟਨਾਵਾਂ ਹਾਲ ਵਿੱਚ ਹੀ ਸਾਹਮਣੇ ਆਈਆਂ ਹਨ I

ਕੁਝ ਦਿਨ ਪਹਿਲਾਂ ਟੋਰੌਂਟੋ ਦੇ ਬੀਏਪੀਐਸ ਸ਼੍ਰੀ ਸਵਾਮੀਨਰਾਇਣ ਮੰਦਿਰ ਦੀ ਕੰਧ 'ਤੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖਣ ਦਾ ਮਾਮਲਾ ਸਾਹਮਣੇ ਆਇਆ ਸੀ I 

ਮੰਦਿਰ ਦੇ ਮਹੰਤ ਸਵਾਮੀ ਮਹਾਰਾਜ ਨੇ ਸ਼ਰਧਾਲੂਆਂ ਨੂੰ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ ਸੀ ਅਤੇ ਮੰਦਿਰ ਦੇ ਪ੍ਰਬੰਧਕਾਂ ਵੱਲੋਂ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਸੀ I

ਮਹਾਤਮਾ ਗਾਂਧੀ ਦੇ ਬੁੱਤ 'ਤੇ ਰੇਪਿਸਟ ਅਤੇ ਖ਼ਾਲਿਸਤਾਨ ਸ਼ਬਦ ਲਿਖਕੇ ਨੁਕਸਾਨ ਪਹੁੰਚਾਇਆ ਗਿਆ ਹੈ।ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਮਹਾਤਮਾ ਗਾਂਧੀ ਦੇ ਬੁੱਤ 'ਤੇ ਰੇਪਿਸਟ ਅਤੇ ਖ਼ਾਲਿਸਤਾਨ ਸ਼ਬਦ ਲਿਖਕੇ ਨੁਕਸਾਨ ਪਹੁੰਚਾਇਆ ਗਿਆ ਹੈ।

ਤਸਵੀਰ: (Supplied by Vishnu Mandir Hindu Temple)

ਇਸੇ ਤਰ੍ਹਾਂ ਜੁਲਾਈ ਮਹੀਨੇ ਦੌਰਾਨ ਟੋਰੌਂਟੋ ਦੇ ਨਜ਼ਦੀਕ ਪੈਂਦੇ ਸ਼ਹਿਰ ਰਿਚਮੰਡ ਹਿੱਲ ਵਿਚ ਸਥਿਤ ਵਿਸ਼ਨੂ ਮੰਦਿਰ ਵਿੱਚ ਬਣੇ ਮਹਾਤਮਾ ਗਾਂਧੀ ਦੇ ਬੁੱਤ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ I

ਬੁੱਤ ਨਾਲ ਛੇੜਛਾੜ ਕੀਤੀ ਅਤੇ ਉਸ ਉੱਪਰ ਰੇਪਿਸਟ (ਬਲਾਤਕਾਰੀ) ਅਤੇ ਖ਼ਾਲਿਸਤਾਨ ਵਰਗੇ ਸ਼ਬਦ ਲਿਖੇ ਗਏ ਸਨ I ਯੌਰਕ ਰੀਜਨਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਨਫ਼ਰਤੀ ਅਪਰਾਧ ਦੇ ਤੌਰ 'ਤੇ ਕੀਤੀ ਗਈ ਸੀ I

ਗੌਰਤਲਬ ਹੈ ਕਿ ਕੈਨੇਡਾ ਵਿਚ ਨਫ਼ਰਤੀ ਅਪਰਾਧਾਂ, ਫ਼ਿਰਕੂ ਹਿੰਸਾਵਾਂ ਅਤੇ ਭਾਰਤ-ਵਿਰੋਧੀ ਗਤੀਵਿਧੀਆਂ ਦਾ ਹਵਾਲਾ ਦੇ ਕੇ ਭਾਰਤ ਸਰਕਾਰ ਨੇ ਹਾਲ ਵਿੱਚ ਹੀ ਕੈਨੇਡਾ ਜਾਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਹੋਰ ਭਾਰਤੀਆਂ ਨੂੰ ਸਾਵਧਾਨ ਰਹਿਣ ਲਈ ਇੱਕ ਟ੍ਰੈਵਲ ਐਡਵਾਈਜ਼ਰੀ ਜਾਰੀ ਕੀਤੀ ਸੀ I

Sarbmeet Singh

ਸੁਰਖੀਆਂ