1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਫ਼ੈਡਰਲ ਸਰਕਾਰ ਨੇ 34 ਈਰਾਨੀ ਅਧਿਕਾਰੀਆਂ ਅਤੇ ਅਦਾਰਿਆਂ ਉੱਪਰ ਪਾਬੰਦੀ ਲਗਾਈ

ਨੈਤਿਕਤਾ ਪੁਲਿਸ ਅਤੇ ਈਰਾਨ ਰੈਵੋਲਿਊਸ਼ਨਰੀ ਗਾਰਡ ਕੋਰਪਸ ‘ਤੇ ਵੀ ਲੱਗੀ ਪਾਬੰਦੀ

ਕੈਨੇਡਾ ਦੀ ਵਿਦੇਸ਼ ਮੰਤਰੀ ਮੇਲੈਨੀ ਜੋਲੀ ਨੇ ਈਰਾਨੀ ਅਧਿਕਾਰੀਆਂ ਅਤੇ ਅਦਾਰਿਆਂ ਖ਼ਿਲਾਫ਼ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ।

ਕੈਨੇਡਾ ਦੀ ਵਿਦੇਸ਼ ਮੰਤਰੀ ਮੇਲੈਨੀ ਜੋਲੀ ਨੇ ਈਰਾਨੀ ਅਧਿਕਾਰੀਆਂ ਅਤੇ ਅਦਾਰਿਆਂ ਖ਼ਿਲਾਫ਼ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ।

ਤਸਵੀਰ: (Adrian Wyld/The Canadian Press)

RCI

ਫ਼ੈਡਰਲ ਸਰਕਾਰ ਵੱਲੋਂ 34 ਈਰਾਨੀ ਅਧਿਕਾਰੀਆਂ ਅਤੇ ਅਦਾਰਿਆਂ ‘ਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਅਤੇ ਇਹਨਾਂ ਵਿਚ ਨੈਤਿਕਤਾ ਪੁਲਿਸ ਅਤੇ ਈਰਾਨ ਰੈਵੋਲਿਊਸ਼ਨਰੀ ਗਾਰਡ ਕੋਰਪਸ ਵੀ ਸ਼ਾਮਲ ਹਨ।

ਰੇਡੀਓ-ਕੈਨੇਡਾ (ਨਵੀਂ ਵਿੰਡੋ) ਨੇ ਇਸ ਬਾਬਤ ਸੂਚੀ ਪ੍ਰਾਪਤ ਕੀਤੀ ਹੈ। ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਈਰਾਨ ਸਰਕਾਰ ਖ਼ਿਲਾਫ਼ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਸੀ। ਵਿਦੇਸ਼ ਮੰਤਰੀ ਮੈਲੇਨੀ ਜੋਲੀ ਰਸਮੀ ਤੌਰ ‘ਤੇ ਸੋਮਵਾਰ ਨੂੰ ਇਹਨਾਂ ਪਾਬੰਦੀਆਂ ਦਾ ਐਲਾਨ ਕਰਨਗੇ, ਜਿਸ ਵਿਚ 25 ਵਿਅਕਤੀ ਅਤੇ 9 ਅਦਾਰੇ ਸ਼ਾਮਲ ਹਨ।

ਈਰਾਨ ਵਿਚ 22 ਸਾਲ ਦੀ ਇੱਕ ਲੜਕੀ ਮਾਹਸਾ ਅਮੀਨੀ ਦੀ ਮੌਤ ਤੋਂ ਬਾਅਦ ਮੁਲਕ ਭਰ ਵਿਚ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਚਲ ਰਹੇ ਹਨ। ਮਾਹਸਾ ਅਮੀਨੀ ਨੂੰ ਸਹੀ ਢੰਗ ਨਾਲ ਹਿਜਾਬ ਨਾ ਪਹਿਨਣ ਕਰਕੇ ਨੈਤਿਕਤਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ ਪਰ ਪੁਲਿਸ ਹਿਰਾਸਤ ਵਿਚ ਉਸਦੀ ਮੌਤ ਹੋ ਗਈ ਸੀ।

ਸਰਕਾਰੀ ਰਿਲੀਜ਼ ਅਨੁਸਾਰ, ਇਹ ਪਾਬੰਦੀਆਂ ਈਰਾਨ ਵਿੱਚ ਹੋਏ ਘੋਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਜਵਾਬ ਵਿੱਚ ਹਨ, ਜਿਸ ਵਿੱਚ ਔਰਤਾਂ 'ਤੇ ਵਿਵਸਥਿਤ ਜ਼ੁਲਮ ਅਤੇ ਖ਼ਾਸ ਤੌਰ 'ਤੇ ਈਰਾਨ ਦੀ ਅਖੌਤੀ ਨੈਤਿਕਤਾ ਪੁਲਿਸ ਦੁਆਰਾ ਕੀਤੀਆਂ ਗਈਆਂ ਘਿਨਾਉਣੀਆਂ ਕਾਰਵਾਈਆਂ ਸ਼ਾਮਲ ਹਨ, ਜਿਸ ਨਾਲ ਮਾਹਸਾ ਅਮੀਨੀ ਦੀ ਪੁਲਿਸ ਹਿਰਾਸਤ ਵਿਚ ਮੌਤ ਹੋਈ ਸੀ

ਪਾਬੰਦੀਆਂ ਦੀ ਸੂਚੀ ਵਿਚ ਸ਼ਾਮਲ ਨਾਮਾਂ ਵਿਚ ਆਈਆਰਜੀਸੀ ਦੇ ਕਮਾਂਡਰ-ਇਨ-ਚਿਫ਼, ਹੁਸੈਨ ਸਲਮੀ, ਨੈਤਿਕਤਾ ਪੁਲਿਸ ਦੇ ਮੁਖੀ ਮੁਹੰਮਦ ਰੁਸਤਮੀ ਅਤੇ ਈਰਾਨ ਫ਼ੌਜ ਪ੍ਰਮੁਖ, ਮੁਹੰਮਦ ਹੁਸੈਨ ਬਾਗ਼ੈਰੀ ਸ਼ਾਮਲ ਹਨ।

ਸਰਕਾਰ ਨੇ ਕਿਹਾ ਕਿ ਪਾਬੰਦੀਆਂ ਲਗਾਏ ਗਏ ਅਧਿਕਾਰੀ ਅਤੇ ਅਦਾਰੇ ਸਿੱਧੇ ਤੌਰ 'ਤੇ ਦਮਨਕਾਰੀ ਉਪਾਵਾਂ ਨੂੰ ਲਾਗੂ ਕਰਦੇ ਹਨ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦੇ ਹਨ ਅਤੇ ਈਰਾਨੀ ਸ਼ਾਸਨ ਦੇ ਪ੍ਰਚਾਰ ਅਤੇ ਗਲਤ ਜਾਣਕਾਰੀ ਨੂੰ ਫੈਲਾਉਂਦੇ ਹਨ

ਕੈਨੇਡਾ ਦੇ ਈਰਾਨ ਨਾਲ ਕੂਟਨੀਤਕ ਸਬੰਧ ਨਹੀਂ ਹਨ।

ਪਾਬੰਦੀਆਂ ਲੱਗਣ ਦਾ ਅਰਥ ਹੈ ਕਿ ਉਕਤ ਅਦਾਰਿਆਂ ਅਤੇ ਵਿਅਕਤੀਆਂ ਦੀ ਕੈਨੇਡਾ ਵਿਚ ਮੌਜੂਦ ਕੋਈ ਵੀ ਸੰਪਤੀ ਫ਼੍ਰੀਜ਼ ਹੋ ਜਾਵੇਗੀ ਅਤੇ ਇਹਨਾਂ ਨਾਲ ਕਿਸੇ ਵੀ ਤਰ੍ਹਾਂ ਦੇ ਲੈਣ-ਦੇਣ ‘ਤੇ ਵੀ ਪਾਬੰਦੀ ਹੋਵੇਗੀ। ਪਾਬੰਦੀਆਂ ਅਧੀਨ ਆਉਣ ਵਾਲਿਆਂ ਨੂੰ ਕੈਨੇਡਾ ਦਾਖ਼ਲ ਹੋਣ ਦੀ ਵੀ ਮਨਾਹੀ ਹੋਵੇਗੀ।

ਔਟਵਾ ਦੀ ਕਾਰਲਟਨ ਯੂਨੀਵਰਸਿਟੀ ਦੇ ਪ੍ਰੌਫ਼ੈਸਰ, ਥੌਮਸ ਜੂਨੋ ਨੇ ਪਾਬੰਦੀਆਂ ਨੂੰ ਇੱਕ ਚੰਗਾ ਫ਼ੈਸਲਾ ਦੱਸਿਆ ਹੈ। ਉਹਨਾਂ ਕਿਹਾ ਕਿ ਅਜਿਹੇ ਬਹੁਤ ਸਾਰੇ ਈਰਾਨੀ ਲੀਡਰ ਹਨ, ਜਿਹਨਾਂ ਦੀਆਂ ਕੈਨੇਡਾ ਵਿਚ ਸੰਪਤੀਆਂ ਹਨ।

ਪਰ ਨਾਲ ਹੀ ਉਹਨਾਂ ਕਿਹਾ ਕਿ ਪਾਬੰਦੀਆਂ ਦਾ ਐਲਾਨ ਕਰਨਾ ਅਤੇ ਇਹਨਾਂ ਨੂੰ ਲਾਗੂ ਕਰਨਾ, ਦੋ ਵੱਖਰੀਆਂ ਗੱਲਾਂ ਹਨ।

ਕੈਨੇਡਾ ਨੂੰ ਪਰੰਪਰਾਗਤ ਤੌਰ ‘ਤੇ, ਐਲਾਨ ਕੀਤੀਆਂ ਜਾਣ ਵਾਲੀਆਂ ਪਾਬੰਦੀਆਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਵਿਚ ਮੁਸ਼ਕਲ ਪੇਸ਼ ਆਉਂਦੀ ਰਹੀ ਹੈ

ਰਿਚਰਡ ਰੇਅਕਰਾਫ਼ਟ, ਲੁਈਸ ਬਲੁਇਨ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ