1. ਮੁੱਖ ਪੰਨਾ
  2. ਸਮਾਜ
  3. ਲਿੰਗ ਬਰਾਬਰਤਾ

ਮਾਹਸਾ ਅਮੀਨੀ ਦੀ ਮੌਤ ਤੋਂ ਬਾਅਦ ਕੈਨੇਡੀਅਨ ਸ਼ਹਿਰਾਂ ਵਿਚ ਵੀ ਜ਼ਬਰਦਸਤ ਪ੍ਰਦਰਸ਼ਨ

22 ਸਾਲ ਦੀ ਮਾਹਸਾ ਈਰਾਨ ਦੀ ‘ਨੈਤਿਕਤਾ ਪੁਲਿਸ’ ਦੀ ਹਿਰਾਸਤ ਵਿਚ ਮਾਰੀ ਗਈ ਸੀ

ਸ਼ਨੀਵਾਰ ਨੂੰ ਓਨਟੇਰਿਓ ਦੇ ਰਿਚਮੰਡ ਹਿੱਲ ਇਲਾਕੇ ਵਿਚ ਈਰਾਨੀ ਪ੍ਰਦਨਸ਼ਕਾਰੀਆਂ ਦੇ ਸਮਰਥਨ ਵਿਚ ਰੈਲੀ ਕੱਢਦੇ ਲੋਕਾਂ ਦੀ ਤਸਵੀਰ।

ਸ਼ਨੀਵਾਰ ਨੂੰ ਓਨਟੇਰਿਓ ਦੇ ਰਿਚਮੰਡ ਹਿੱਲ ਇਲਾਕੇ ਵਿਚ ਈਰਾਨੀ ਪ੍ਰਦਨਸ਼ਕਾਰੀਆਂ ਦੇ ਸਮਰਥਨ ਵਿਚ ਰੈਲੀ ਕੱਢਦੇ ਲੋਕਾਂ ਦੀ ਤਸਵੀਰ।

ਤਸਵੀਰ: (CBC)

RCI

ਈਰਾਨ ਵਿਚ ਔਰਤਾਂ ਦੇ ਅਧਿਕਾਰਾਂ ਦੇ ਦਮਨ ਦਾ ਵਿਰੋਧ ਕਰ ਰਹੇ ਪ੍ਰਦਸ਼ਨਕਾਰੀਆਂ ਨਾਲ ਇੱਕਜੁੱਟਤਾ ਦਿਖਾਉਣ ਲਈ ਬੀਤੇ ਸ਼ਨੀਵਾਰ ਕੈਨੇਡਾ ਦੇ ਵੀ ਕਈ ਸ਼ਹਿਰਾਂ ਵਿਚ ਲੋਕਾਂ ਨੇ ਮੁਜ਼ਾਹਰੇ ਕੀਤੇ।

ਗ੍ਰੇਟਰ ਟੋਰੌਂਟੋ ਏਰੀਆ ਵਿਚ ਪੈਂਦੇ ਰਿਚਮੰਡ ਹਿਲ ਦੀ ਲਾਈਬ੍ਰੇਰੀ ਦੇ ਬਾਹਰ ਹਜ਼ਾਰਾਂ ਲੋਕ ਇੱਕਠੇ ਹੋਏ ਅਤੇ ਉਹਨਾਂ ਨੇ ਮਾਹਸਾ ਅਮੀਨੀ ਦੀ ਯਾਦ ਵਿਚ ਅਤੇ ਈਰਾਨ ਵਿਚ ਤਬਦੀਲੀ ਲਈ ਆਵਾਜ਼ ਬੁਲੰਦ ਕੀਤੀ।

13 ਸਤੰਬਰ ਨੂੰ ਮਾਹਸਾ ਅਮੀਨੀ ਨਾਂ ਦੀ 22 ਸਾਲ ਦੀ ਇੱਕ ਲੜਕੀ ਨੂੰ ਸਹੀ ਢੰਗ ਨਾਲ ਹਿਜਾਬ ਨਾ ਪਹਿਨਣ ਕਰਕੇ ਈਰਾਨ ਦੀ ਨੈਤਿਕਤਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਦੀ ਹਿਰਾਸਤ ਵਿਚ ਉਸਦੇ ਸਿਰ ‘ਤੇ ਚੋਟ ਲੱਗੀ ਅਤੇ ਉਹ ਕੋਮਾ ਵਿਚ ਚਲੀ ਗਈ। 16 ਸਤੰਬਰ ਨੂੰ ਹਸਪਤਾਲ ਵਿਚ ਉਸਦੀ ਮੌਤ ਹੋ ਗਈ।

ਇਸ ਪੂਰੀ ਘਟਨਾ ਤੋਂ ਬਾਅਦ ਈਰਾਨ ਸਰਕਾਰ ਅਤੇ ਔਰਤਾਂ ਦੇ ਲਿਬਾਸ ਦੀ ਆਜ਼ਾਦੀ ਨੂੰ ਲੈਕੇ ਮੁਲਕ ਦੇ ਸਾਰੇ 31 ਸੂਬਿਆਂ ਵਿਚ ਰੋਸ ਮੁਜ਼ਾਹਰੇ ਚਲ ਰਹੇ ਹਨ ਅਤੇ ਲੋਕ ਸੜਕਾਂ ‘ਤੇ ਉਤਰ ਆਏ ਹਨ।

ਮਾਹਸਾ ਅਮੀਨੀ ਦੀ ਮੌਤ ਤੋਂ ਬਾਅਦ ਕੈਨੇਡਾ ਸਮੇਤ ਦੁਨੀਆ ਭਰ ਵਿਚ ਰੋਸ ਪ੍ਰਦਰਸ਼ਨ ਕੀਤੀ ਜਾ ਰਹੇ ਹਨ।

ਮਾਹਸਾ ਅਮੀਨੀ ਦੀ ਮੌਤ ਤੋਂ ਬਾਅਦ ਕੈਨੇਡਾ ਸਮੇਤ ਦੁਨੀਆ ਭਰ ਵਿਚ ਰੋਸ ਪ੍ਰਦਰਸ਼ਨ ਕੀਤੀ ਜਾ ਰਹੇ ਹਨ।

ਤਸਵੀਰ: (CBC)

ਈਰਾਨੀਅਨ-ਕੈਨੇਡੀਅਨਜ਼ ਫ਼ੌਰ ਜਸਟਿਸ ਐਂਡ ਹਿਊਮਨ ਰਾਈਟਸ ਨਾਂ ਦੀ ਸੰਸਥਾ ਵੱਲੋਂ ਰਿਚਮੰਡ ਹਿੱਲ ਵਿਚ ਈਰਾਨ ਦੇ ਮੁਜ਼ਾਹਰਿਆਂ ਦੇ ਸਮਰਥਨ ਵਿਚ ਰੈਲੀ ਕੀਤੀ ਗਈ।

ਇਸ ਮੁਜ਼ਾਹਰੇ ਦੇ ਇੱਕ ਆਯੋਜਕ, ਮਿਹਰਦੋਖ਼ਤ ਹਾਦੀ ਨੇ ਕਿਹਾ, ਇਹ ਕੋਈ ਇੱਕ ਮਾਮਲਾ ਨਹੀਂ, ਇਹ ਗ਼ੁੱਸਾ ਪਿਛਲੇ 43 ਸਾਲ ਤੋਂ ਹੋ ਰਹੇ ਦਮਨ ਚੋਂ ਨਿਕਲਿਆ ਹੈ

ਮਾਹਸਾ ਇੱਕ ਪ੍ਰਤੀਕ ਹੈ। ਪਰ ਹੁਣ, ਇਹ ਹਰੇਕ ਬਾਰੇ ਹੈ। ਇਹ ਈਰਾਨ ਲਈ ਹੈ ਅਤੇ ਈਰਾਨ ਦੇ ਲੋਕਾਂ ਲਈ ਹੈ

ਕੈਨੇਡਾ ਦੀ ਰਾਜਧਾਨੀ ਔਟਵਾ ਵਿਚ ਨੈਸ਼ਨਲ ਗੈਲਰੀ ਔਫ਼ ਕੈਨੇਡਾ ਦੇ ਬਾਹਰ ਵੀ ਕਰੀਬ 1,000 ਲੋਕਾਂ ਨੇ ਮੁਜ਼ਾਹਰਾ ਕੀਤਾ। ਇਹ ਲਗਾਤਾਰ ਦੂਸਰਾ ਵੀਕੈਂਡ ਸੀ ਜਦੋਂ ਔਟਵਾ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਸੜਕਾਂ ’ਤੇ ਉਤਰ ਕੇ ਈਰਾਨ ਦੇ ਪ੍ਰਦਰਸ਼ਨਕਾਰੀਆਂ ਪ੍ਰਤੀ ਇਕਜੁੱਟਤਾ ਦਿਖਾਈ।

ਸ਼ਨੀਵਾਰ ਨੂੰ ਔਟਵਾ ਵਿਚ ਨੈਸ਼ਨਲ ਗੈਲਰੀ ਔਫ਼ ਕੈਨੇਡਾ ਦੇ ਬਾਹਰ ਰੈਲੀ ਕਰਦੇ ਪ੍ਰਦਰਸ਼ਨਕਾਰੀ।

ਸ਼ਨੀਵਾਰ ਨੂੰ ਔਟਵਾ ਵਿਚ ਨੈਸ਼ਨਲ ਗੈਲਰੀ ਔਫ਼ ਕੈਨੇਡਾ ਦੇ ਬਾਹਰ ਰੈਲੀ ਕਰਦੇ ਪ੍ਰਦਰਸ਼ਨਕਾਰੀ।

ਤਸਵੀਰ: (Celeste Decaire/CBC)

ਆਯੋਜਕ ਰੋਜ਼ਾ ਖ਼ੈਰਾਨਦਿਸ਼ ਨੇ ਕਿਹਾ ਕਿ ਇਹਨਾਂ ਰੈਲੀਆਂ ਦਾ ਉਦੇਸ਼ ਈਰਾਨ ਵਿਚ ਪ੍ਰਦਰਸ਼ਨਕਾਰੀਆਂ ਨੂੰ ਦੱਸਣਾ ਹੈ ਕਿ ਉਹ ਇਕੱਲੇ ਨਹੀਂ ਹਨ।

ਸੇਂਟ ਜੌਨਜ਼ ਵਿਚ ਵੀ ਕਰੀਬ 300 ਲੋਕਾਂ ਨੇ ਈਰਾਨ ਸਰਕਾਰ ਖ਼ਿਲਾਫ਼ ਮੁਜ਼ਾਹਰੇ ਕੀਤੇ।

ਮੁਜ਼ਾਹਰੇ ਦੇ ਇੱਕ ਆਯੋਜਕ, ਮੁਹੰਮਦ ਅਫ਼ਕਾਨੀ ਨੇ ਕਿਹਾ ਕਿ ਅਮੀਨੀ ਦੀ ਮੌਤ, ਸਰਕਾਰ ਦੀ ਦਹਾਕਿਆਂ ਤੋਂ ਚਲ ਰਹੀ ਬੇਰਹਿਮੀ ਖ਼ਿਲਾਫ਼ ਆਵਾਜ਼ ਉਠਾਉਣ ਦਾ ਇੱਕ ਕਾਰਨ ਬਣ ਗਈ।

ਮਹਾਸਾ ਤੋਂ ਪਹਿਲਾਂ ਵੀ ਇੱਦਾਂ ਹੋਇਆ ਹੈ। ਉਹ ਪਹਿਲੀ ਔਰਤ ਨਹੀਂ ਹੈ, ਨਾ ਹੀ ਉਹ ਆਖ਼ਰੀ ਔਰਤ ਹੋਵੇਗੀ। ਲੋਕ 44 ਸਾਲ ਤੋਂ ਇਸਲਾਮਿਕ ਸ਼ਾਸਨ ਵੱਲੋਂ ਲੋਕਾਂ ਨੂੰ ਮਾਰੇ ਜਾਣ ਤੋਂ ਅੱਕ ਗਏ ਹਨ

ਸ਼ਨੀਵਾਰ ਨੂੰ ਸੇਂਟ ਜੌਨਸ ਵਿਚ ਹੋਏ ਪ੍ਰਦਰਸ਼ਨਾਂ ਦੀ ਤਸਵੀਰ।

ਸ਼ਨੀਵਾਰ ਨੂੰ ਸੇਂਟ ਜੌਨਸ ਵਿਚ ਹੋਏ ਪ੍ਰਦਰਸ਼ਨਾਂ ਦੀ ਤਸਵੀਰ।

ਤਸਵੀਰ: (Henrike Wilhelm/CBC)

ਮੁਜ਼ਾਹਰਾਕਾਰੀਆਂ ਨੇ ਈਰਾਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ 1979 ਦੀ ਇਸਲਾਮਿਕ ਕ੍ਰਾਂਤੀ ਤੋਂ ਬਾਅਦ ਸ਼ੁਰੂ ਹੋਏ ਇਸਲਾਮਿਕ ਸ਼ਾਸਨ ਨੂੰ ਖ਼ਤਮ ਕਰਨ ਦੀ ਵੀ ਮੰਗ ਕੀਤੀ।

ਹਾਦੀ ਨੇ ਕਿਹਾ, ਅਸੀਂ ਇੱਥੇ ਈਰਾਨ ਦੀ ਸਰਕਾਰ ਨੂੰ ਬਦਲਣ ਲਈ ਨਹੀਂ ਆਏ, ਅਸੀਂ ਇੱਥੇ ਈਰਾਨ ਦੇ ਲੋਕਾਂ ਵੱਲੋਂ ਸਰਕਾਰ ਬਦਲਣ ਲਈ ਸਮਰਥਨ ਕਰਨ ਲਈ ਆਏ ਹਾਂ, ਕਿਉਂਕਿ ਉਹ ਲੋਕ ਇਹੀ ਚਾਹੁੰਦੇ ਹਨ

ਇਸੇ ਤਰ੍ਹਾਂ ਮੌਂਟਰੀਅਲ ਦੇ ਡਾਊਨਟਾਊਨ ਦੀ ਸੜਕਾਂ ‘ਤੇ ਵੀ ਹਜ਼ਾਰਾਂ ਲੋਕ ਈਰਾਨੇ ਝੰਡੇ ਲੈ ਕੇ ਅਤੇ ਦੇਸ਼ ਵਿਚ ਔਰਤਾਂ ਦੀ ਆਜ਼ਾਦੀ ਲਈ ਨਾਅਰੇਬਾਜ਼ੀ ਕਰਦੇ ਦਿਖਾਈ ਦਿੱਤੇ। ਉਨ੍ਹਾਂ ਨੇ ਮੈਕਗਿਲ ਯੂਨੀਵਰਸਿਟੀ ਤੋਂ ਲੈਕੇ ਯੌਂ ਮੈਂਸ ਪਾਰਕ ਤੱਕ ਮਾਰਚ ਕੱਢਿਆ।

ਸ਼ਨੀਵਾਰ ਨੂੰ ਮੌਂਟਰੀਅਲ ਡਾਊਨਟਾਊਨ ਵਿਚ ਵੀ ਹਜ਼ਾਰਾਂ ਲੋਕਾਂ ਨੇ ਸੜਕਾਂ 'ਤੇ ਉਤਰ ਕੇ ਈਰਾਨ ਵਿਚ ਔਰਤਾਂ ਦੀ ਆਜ਼ਾਦੀ ਲਈ ਨਾਅਰੇਬਾਜ਼ੀ ਕੀਤੀ।

ਸ਼ਨੀਵਾਰ ਨੂੰ ਮੌਂਟਰੀਅਲ ਡਾਊਨਟਾਊਨ ਵਿਚ ਵੀ ਹਜ਼ਾਰਾਂ ਲੋਕਾਂ ਨੇ ਸੜਕਾਂ 'ਤੇ ਉਤਰ ਕੇ ਈਰਾਨ ਵਿਚ ਔਰਤਾਂ ਦੀ ਆਜ਼ਾਦੀ ਲਈ ਨਾਅਰੇਬਾਜ਼ੀ ਕੀਤੀ।

ਤਸਵੀਰ: (Chloë Ranaldi/CBC)

ਈਰਾਨ ਦੇ ਸਰਕਾਰੀ ਮੀਡੀਆ ਅਨੁਸਾਰ ਦੇਸ਼ ਵਿਚ ਚਲ ਰਹੇ ਮੁਜ਼ਾਹਰਿਆਂ ਵਿਚ ਹੁਣ ਤੱਕ ਘੱਟੋ ਘੱਟ 41 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਰਕਾਰ ਨੇ ਮੁਜ਼ਾਹਰਾਕਾਰੀਆਂ ਨਾਲ ਨਜਿੱਠਣ ਲਈ ਹਥਿਆਰਬੰਦ ਸੁਰੱਖਿਆ ਬਲਾਂ ਨੂੰ ਤੈਨਾਤ ਕੀਤਾ ਹੋਇਆ ਹੈ ਅਸੋਸੀਏਟੇਡ ਪ੍ਰੈਸ ਅਨੁਸਾਰ 1,500 ਤੋਂ ਵੱਧ ਮੁਜ਼ਾਹਰਾਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ