1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਅੰਤਰਰਾਸ਼ਟਰੀ ਰਾਜਨੀਤੀ

ਸਾਂਸਦ ਸ਼ਸ਼ੀ ਥਰੂਰ ਲੜਨਗੇ ਕਾਂਗਰਸ ਪ੍ਰਧਾਨਗੀ ਦੀ ਚੋਣ

ਥਰੂਰ ਗਾਂਧੀ ਪਰਿਵਾਰ ਦੇ ਕਰੀਬੀ ਹਨ ਅਤੇ ਸਾਬਕਾ ਯੂ ਐਨ ਡਿਪਲੋਮੈਟ ਵੀ ਰਹਿ ਚੁੱਕੇ ਹਨ

ਭਾਰਤ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਪਾਰਟੀ ਦੇ ਸਾਂਸਦ,ਸ਼ਸ਼ੀ ਥਰੂਰ

ਭਾਰਤ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਪਾਰਟੀ ਦੇ ਸਾਂਸਦ,ਸ਼ਸ਼ੀ ਥਰੂਰ 25 ਜਨਵਰੀ, 2016 ਨੂੰ ਨਵੀਂ ਦਿੱਲੀ ਵਿੱਚ ਆਪਣੇ ਦਫ਼ਤਰ ਵਿੱਚ ਥੌਮਸਨ ਰੋਏਟਰਜ਼ ਫਾਊਂਡੇਸ਼ਨ ਨਾਲ ਇੱਕ ਇੰਟਰਵਿਊ ਦੌਰਾਨ ਬੋਲਦੇ ਹੋਏ।

ਤਸਵੀਰ: Reuters / Anindito Mukherjee

RCI

ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਭਰਿਆ ਹੈ। ਪਿਛਲੇ 25 ਸਾਲਾਂ ਵਿਚ ਪਹਿਲੀ ਵਾਰੀ ਹੈ ਜਦੋਂ ਭਾਰਤ ਵਿਚ ਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ ਗਾਂਧੀ-ਨਹਿਰੂ ਪਰਿਵਾਰ ਦੇ ਬਾਹਰੋਂ ਕਿਸੇ ਨੂੰ ਨਵਾਂ ਪ੍ਰਧਾਨ ਚੁਣੇਗੀ।

ਸ਼ਸ਼ੀ ਥਰੂਰ ਕੇਰਲ ਸੂਬੇ ਦੇ ਤਿਰੁਵਨੰਤਪੁਰਮ ਤੋਂ 2009 ਤੋਂ ਸਾਂਸਦ ਹਨ। ਇਸ ਤੋਂ ਪਹਿਲਾਂ ਉਹ ਸੰਯੁਕਤ ਰਾਸ਼ਟਰ ਵਿਚ ਅੰਡਰ ਸੈਕਟਰੀ ਵਿਚ ਰਹਿ ਚੁੱਕੇ ਹਨ।

1947 ਵਿਚ ਭਾਰਤ ਨੂੰ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦੀ ਦਿਵਾਉਣ ਵਿਚ ਸੰਘਰਸ਼ ਦੀ ਅਗਵਾਈ ਕਰਨ ਵਾਲੀ ਕਾਂਗਰਸ, ਜਿਸਦਾ ਕਈ ਦਹਾਕਿਆ ਤੱਕ ਭਾਰਤੀ ਰਾਜਨੀਤੀ ਵਿਚ ਦਬਦਬਾ ਰਿਹਾ, ਦੀ ਵਾਗਡੋਰ ਜ਼ਿਆਦਾਤਰ ਗਾਂਧੀ ਪਰਿਵਾਰ ਦੇ ਹੱਥ ਵਿਚ ਹੀ ਰਹੀ ਹੈ।

ਜੁਲਾਈ 2019 ਵਿਚ ਰਾਹੁਲ ਗਾਂਧੀ ਵੱਲੋਂ ਪਾਰਟੀ ਪ੍ਰਦਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ, ਸੋਨੀਆ ਗਾਂਧੀ ਕਾਂਗਰਸ ਦੀ ਅੰਤਰਿਮ ਪ੍ਰਧਾਨ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੇ ਹੱਥੋਂ 2014 ਤੋਂ ਬਾਅਦ ਕਾਂਗਰਸ ਦੋ ਆਮ ਚੋਣਾਂ ਹਾਰ ਚੁੱਕੀ ਹੈ। ਇਸਤੋਂ ਬਾਅਦ ਸੂਬਾਈ ਪੱਧਰ ‘ਤੇ ਵੀ ਕਾਂਗਰਸ ਕੰਟਰੋਲ ਵਾਲੇ ਕੁਝ ਰਾਜ ਭਾਜਪਾ ਵੱਲ ਨੂੰ ਖਿਸਕੇ ਹਨ।

ਭਾਜਪਾ ਲੰਬੇ ਸਮੇਂ ਤੋਂ ਕੱਟੜ ਸੱਜੇ-ਪੱਖੀ ਰਾਸ਼ਟਰਵਾਦ ਦੀ ਹਿਮਾਇਤ ਕਰਦੀ ਰਹੀ ਹੈ ਅਤੇ ਇਸ ਦਾ ਪੱਖ ਹੈ ਕਿ ਮੁੱਖ ਤੌਰ ‘ਤੇ ਇੱਕ ਹਿੰਦੂ ਦੇਸ਼ ਭਾਰਤ ਵਿਚ ਘੱਟ-ਗਿਣਤੀਆਂ ਦੀ ਜੀ-ਹਜ਼ੂਰੀ ਖ਼ਤਮ ਕੀਤੀ ਜਾਵੇ। ਕਾਂਗਰਸ ਮੁੱਖ ਤੌਰ ‘ਤੇ ਇੱਕ ਧਰਮ-ਨਿਰਪੱਖ ਰਾਜਨੀਤੀ ਦੀ ਹਾਮੀ ਰਹੀ ਹੈ।

ਪ੍ਰਧਾਨਗੀ ਮੁਕਾਬਲੇ ਵਿਚ ਥਰੂਰ ਦੇ ਵਿਰੋਧੀ ਉਮੀਦਵਾਰ ਅਨੁਭਵੀ ਕਾਂਗਰਸ ਨੇਤਾ ਮਲਿਕਾਰਜੁਨ ਖੜਗੇ ਹੋਣਗੇ। ਉਹ ਸੰਸਦ ਦੇ ਉਤਲੇ ਸਦਨ, ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਨ। ਮਲਿਕਾਰਜੁਨ ਵੀ ਗਾਂਧੀ ਪਰਿਵਾਰ ਦੇ ਕਰੀਬੀ ਮੰਨੇ ਜਾਂਦੇ ਹਨ।

ਝਾਰਖੰਡ ਤੋਂ ਵੀ ਇੱਕ ਐਮਐਲਏ ਨੇ ਕਾਂਗਰਸ ਪ੍ਰਧਾਨਗੀ ਲਈ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕੀਤੇ ਹਨ।

ਕਾਂਗਰਸ ਪ੍ਰਧਾਨਗੀ ਚੋਣਾਂ ਲਈ ਇੰਚਾਰਜ, ਮਧੂਸੂਦਨ ਮਿਸਤਰੀ ਨੇ ਦੱਸਿਆ ਕਿ ਗਾਂਧੀ ਪਰਿਵਾਰ ਨਿਰਪੱਖ ਰਹੇਗਾ ਅਤੇ ਪਰਿਵਾਰ ਨੇ ਕਿਸੇ ਵੀ ਉਮੀਦਵਾਰ ਦਾ ਸਮਰਥਨ ਨਹੀਂ ਕੀਤਾ ਹੈ।

17 ਅਕਤੂਬਰ ਨੂੰ ਦੇਸ਼ ਭਰ ਤੋਂ ਕਰੀਬ 9,000 ਪਾਰਟੀ ਡੈਲੀਗੇਟ ਕਾਂਗਰਸ ਦੇ ਨਵੇਂ ਪ੍ਰਧਾਨ ਲਈ ਵੋਟ ਪਾਉਣਗੇ ਅਤੇ ਉਸਦੇ ਦੋ ਦਿਨਾਂ ਬਾਅਦ ਨਤੀਜਿਆਂ ਦਾ ਐਲਾਨ ਹੋਣ ਦੀ ਸੰਭਾਵਨਾ ਹੈ।

ਰੋਏਟਰਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ