1. ਮੁੱਖ ਪੰਨਾ
  2. ਰਾਜਨੀਤੀ
  3. ਮੂਲਨਿਵਾਸੀ

ਕੈਨੇਡਾ ਵਿਚ ਅੱਜ ਦੂਸਰਾ ਸਾਲਾਨਾਨੈਸ਼ਨਲ ਡੇ ਫ਼ੌਰ ਟ੍ਰੁੱਥ ਐਂਡ ਰੀਕਨਸੀਲੀਏਸ਼ਨ

30 ਸਤੰਬਰ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਪੀੜਤਾਂ ਅਤੇ ਉਹਨਾਂ ਦੇ ਪਰਿਵਰਾਂ ਨੂੰ ਯਾਦ ਕਰਨ ਦਾ ਦਿਨ

ਰੈਜ਼ੀਡੈਂਸ਼ੀਅਲ ਸਕੂਲ ਦੇ ਪੀੜਤਾਂ ਦੀ ਯਾਦ ਵਿਚ ਤਿਆਰ ਵਿਸ਼ੇਸ਼ ਝੰਡਾ

30 ਸਤੰਬਰ 2021 ਨੂੰ ਔਟਵਾ ਵਿਚ ਲਹਿਰਾਉਂਦਾ 'ਸਰਵਾਈਵਰਜ਼ ਫ਼ਲੈਗ'। ਨੈਸ਼ਨਲ ਸੈਂਟਰ ਫ਼ੌਰ ਟ੍ਰੁੱਥ ਐਂਡ ਰੀਕਨਸੀਲੀਏਸ਼ਨ ਨੇ ਰੈਜ਼ੀਡੈਂਸ਼ੀਅਲ ਸਕੂਲ ਦੇ ਪੀੜਤਾਂ ਦੇ ਸਨਮਾਨ ਵੱਜੋਂ ਇਹ ਵਿਸ਼ੇਸ਼ ਝੰਡਾ ਤਿਆਰ ਕੀਤਾ ਸੀ।

ਤਸਵੀਰ: La Presse canadienne / Sean Kilpatrick

RCI

ਅੱਜ ਕੈਨੇਡਾ ਵਿਚ ਦੂਸਰਾ ਸਾਲਾਨਾ ਨੈਸ਼ਨਲ ਡੇ ਫ਼ੌਰ ਟ੍ਰੁੱਥ ਐਂਡ ਰੀਕਨਸੀਲੀਏਸ਼ਨ ਮਨਾਇਆ ਜਾ ਰਿਹਾ ਹੈ। ਇਹ ਸਲਾਨਾ ਯਾਦਗਾਰੀ ਦਿਨ ਕੈਨੇਡਾ ਵਿਚ ਚਰਚ ਵੱਲੋਂ ਚਲਾਏ ਗਏ ਅਤੇ ਸਰਕਾਰੀ ਫ਼ੰਡਿੰਗ ਪ੍ਰਾਪਤ ਰੈਜ਼ੀਡੈਂਸ਼ੀਅਲ ਸਕੂਲਾਂ ਵਿਚ ਮਾਰੇ ਗਏ ਬੱਚਿਆਂ, ਪੀੜਤਾਂ, ਉਹਨਾਂ ਦੇ ਪਰਿਵਾਰਾਂ ਅਤੇ ਭਾਈਚਾਰਿਆਂ ਨੂੰ ਯਾਦ ਕਰਨ ਅਤੇ ਸਨਮਾਨ ਦੇਣ ਦਾ ਦਿਨ ਹੈ।

ਪਿਛਲੇ ਸਾਲ ਫ਼ੈਡਰਲ ਸਰਕਾਰ ਨੇ ਇਸ ਦਿਨ ਨੂੰ ਸਰਕਾਰੀ ਫ਼ੈਡਰਲ ਛੁੱਟੀ ਦਾ ਐਲਾਨ ਕੀਤਾ ਸੀ।

ਮੂਲਨਿਵਾਸੀ ਲੋਕਾਂ ਨਾਲ ਹੋਏ ਵਿਵਹਾਰ ਅਤੇ ਮੁਲਕ ਦੇ ਇਤਿਹਾਸ ਦੀ ਤਰਜਮਾਨੀ ਕਰਦੇ, ਦੇਸ਼ ਭਰ ਵਿਚ ਬਹੁਤ ਸਾਰੇ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ। ਮੁਲਕ ਵਿਚ ਸਾਰੀਆਂ ਫ਼ੈਡਰਲ ਇਮਾਰਤਾਂ ਉੱਪਰ ਲੱਗੇ ਕੈਨੇਡਾ ਦੇ ਝੰਡਿਆਂ ਨੂੰ ਸੂਰਜ ਚੜ੍ਹਨ ਤੋਂ ਸੂਰਜ ਛਿਪਣ ਤੱਕ, ਅੱਧ ਤੱਕ ਝੁਕਾਇਆ ਗਿਆ ਹੈ।

30 ਸਤੰਬਰ ਨੂੰ ਉਰੇਂਜ ਸ਼ਰਟ ਡੇ ਦੇ ਤੌਰ ਤੇ ਵੀ ਮਨਾਇਆ ਜਾਂਦਾ ਹੈ। ਇਹ ਦਿਨ ਰੈਜ਼ੀਡੈਂਸ਼ੀਅਲ ਸਕੂਲ ਦੀ ਪੀੜਤ ਫ਼ਿਲਿਸ ਵੈਬਸਟੈਡ ਨੂੰ ਸਤਿਕਾਰ ਅਤੇ ਵਕਾਰ ਦੇਣ ਦੇ ਮਕਸਦ ਨਾਲ ਸ਼ੁਰੂ ਹੋਇਆ ਸੀ। ਰੈਜ਼ੀਡੈਂਸ਼ੀਅਲ ਸਕੂਲ ਦੇ ਪਹਿਲੇ ਦਿਨ ਹੀ ਫ਼ਿਲਿਸ ਕੋਲੋਂ ਉਸਦੀ ਮਨਪਸੰਦ ਉਰੇਂਜ (ਸੰਤਰੀ ਰੰਗ) ਦੀ ਕਮੀਜ਼ ਖੋਹ ਲਈ ਗਈ ਸੀ। ਇਸੇ ਘਟਨਾ ਦੀ ਯਾਦ ਵਿਚ ਉਰੇਂਜ ਸ਼ਰਟ ਡੇ ਮੂਵਮੈਂਟ ਵੀ ਸ਼ੁਰੂ ਹੋਈ ਸੀ ਜੋ ਕੈਨੇਡਾ ਵਿਚ ਮੂਲਨਿਵਾਸੀ ਲੋਕਾਂ ਕੋਲੋਂ ਉਹਨਾਂ ਦੀ ਸ਼ਨਾਖ਼ਤ ਖੋਹ ਲਏ ਜਾਣ ਦੀ ਤਰਜਮਾਨੀ ਕਰਦੀ ਹੈ। 

ਅੱਜ ਸਵੇਰੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਓਨਟੇਰਿਓ ਦੇ ਨਾਇਗਰਾ ਫ਼ੌਲਜ਼ ਵਿੱਖੇ ਸੂਰਜ ਚੜ੍ਹਨ ਵੇਲੇ ਦੇ ਇੱਕ ਸਮਾਗਮ ਵਿਚ ਸ਼ਾਮਲ ਹੋਏ।

ਜਸਟਿਨ ਟ੍ਰੂਡੋ

ਦੂਸਰੇ ਨੈਸ਼ਨਲ ਡੇ ਫ਼ੌਰ ਟ੍ਰੁੱਥ ਐਂਡ ਰੀਕਨਸੀਲੀਏਸ਼ਨ ਮੌਕੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਓਨਟੇਰਿਓ ਦੇ ਨਾਇਗਰਾ ਫ਼ੌਲਜ਼ ਵਿੱਖੇ ਸੂਰਜ ਚੜ੍ਹਨ ਵੇਲੇ ਦੇ ਇੱਕ ਸਮਾਗਮ ਵਿਚ ਸ਼ਾਮਲ ਹੋਏ।

ਤਸਵੀਰ:  CBC News / Robert Krbavac

ਇੱਕ ਨਿਊਜ਼ ਰਿਲੀਜ਼ ਵਿਚ ਟ੍ਰੂਡੋ ਨੇ ਕਿਹਾ, ਰੈਜ਼ੀਡੈਂਸ਼ੀਅਲ ਸਕੂਲਾਂ ਦੇ ਇਤਿਹਾਸ ਅਤੇ ਮੂਲਨਿਵਾਸੀ ਲੋਕਾਂ ‘ਤੇ ਉਸਦੇ ਨਿਰੰਤਰ ਪ੍ਰਭਾਵਾਂ ਦਾ ਸਾਹਮਣਾ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ, ਤਾਂ ਜੋ ਅਸੀਂ ਸਚਮੁੱਚ ਇਕੱਠੇ ਅੱਗੇ ਵਧ ਸਕੀਏ

ਗਵਰਨਰ ਜਨਰਲ ਮੈਰੀ ਸਾਈਮਨ ਨੇ ਇੱਕ ਲਿਖਤ ਬਿਆਨ ਵਿਚ ਸਾਰੇ ਦੇਸ਼ ਵਾਸੀਆਂ ਨੂੰ ਨਾ ਸਿਰਫ਼ ਅੱਜ ਦੇ ਦਿਨ ਸਗੋਂ ਸਾਰਾ ਸਾਲ [ਮੂਲਨਿਵਾਸੀਆਂ ਨਾਲ] ਸੁਲ੍ਹਾ ਪ੍ਰਤੀ ਵਚਨਬੱਧਤਾ ਪ੍ਰਗਟਾਉਣ ਲਈ ਆਖਿਆ।

ਗ਼ੌਰਤਲਬ ਹੈ ਕਿ ਪਿਛਲੇ ਸਾਲ ਜੂਨ ਮਹੀਨੇ ਵਿਚ, ਬੀਸੀ ਦੇ ਕੈਮਲੂਪਸ ਸ਼ਹਿਰ ਵਿਚ ਸਥਿਤ ਇੱਕ ਸਾਬਕਾ ਰੈਜ਼ੀਡੈਂਸ਼ੀਅਲ ਸਕੂਲ ਚੋਂ 200 ਤੋਂ ਵੱਧ ਕਬਰਾਂ, ਜੋ ਸੰਭਾਵਿਤ ਤੌਰ ‘ਤੇ ਮੂਲਨਿਵਾਸੀ ਬੱਚਿਆਂ ਦੀਆਂ ਸਨ, ਮਿਲਣ ਤੋਂ ਕੁਝ ਦਿਨਾਂ ਬਾਅਦ, ਫ਼ੈਡਰਲ ਸਰਕਾਰ ਨੇ ਕਾਨੂੰਨ ਪਾਸ ਕਰਕੇ 30 ਸਤੰਬਰ ਨੂੰ ਫ਼ੈਡਰਲ ਸਰਕਾਰੀ ਛੁੱਟੀ ਐਲਾਨਿਆ ਸੀ।

ਕੁਝ ਹਫ਼ਤੇ ਬਾਅਦ ਹੀ, ਸਸਕੈਚਵਨ ਦੇ ਕਾਉਐਸੇਸ ਫ਼ਸਟ ਨੇਸ਼ਨ ਨੂੰ ਇੱਕ ਸਾਬਕਾ ਮੈਰਿਵਲ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਦੀ ਜਗ੍ਹਾ ਤੋਂ 751 ਕਬਰਾਂ ਦਾ ਪਤਾ ਚੱਲਿਆ ਸੀ। ਇਹ ਕਬਰਾਂ ਨਿਸ਼ਾਨ-ਰਹਿਤ ਸਨ ਭਾਵ ਇਹਨਾਂ ਉੱਤੇ ਕਿਸੇ ਦੇ ਦਫ਼ਨਾਏ ਜਾਣ ਬਾਰੇ ਕੋਈ ਨਾਮ-ਨਿਸ਼ਾਨ ਮੌਜੂਦ ਨਹੀਂ ਸੀ। 

ਮੂਲਨਿਵਾਸੀ ਭਾਈਚਾਇਆਂ ਨੇ ਕਿਹਾ ਸੀ ਕਿ ਉਹਨਾਂ ਨੂੰ ਇਸ ਚੀਜ਼ ਦਾ ਲੰਮੇ ਸਮੇਂ ਤੋਂ ਪਤਾ ਸੀ ਅਤੇ ਇਸ ਬਾਰੇ ਗੱਲ ਵੀ ਹੁੰਦੀ ਰਹੀ ਹੈ ਕਿ ਜਿਨ੍ਹਾਂ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੋਂ ਦੂਰ ਕਰਕੇ ਰੈਜ਼ੀਡੈਂਸ਼ੀਅਲ ਸਕੂਲਾਂ ਵਿੱਚ ਦਾਖ਼ਲ ਹੋਣ ਲਈ ਮਜਬੂਰ ਕੀਤਾ ਗਿਆ ਸੀ ਉਹਨਾਂ ਵਿਚੋਂ ਕਿੰਨੇ ਹੀ ਬੱਚੇ ਕਦੇ ਘਰ ਵਾਪਸ ਨਹੀਂ ਆਏ।

ਰਿਜਾਇਨਾ, ਸਸਕੈਚਵਨ ਵਿਚ ਸਥਿਤ ਮੈਰਿਵਲ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਦੀ ਪੁਰਾਣੀ ਤਸਵੀਰ

ਰਿਜਾਇਨਾ, ਸਸਕੈਚਵਨ ਵਿਚ ਸਥਿਤ ਮੈਰਿਵਲ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਦੀ ਪੁਰਾਣੀ ਤਸਵੀਰ

ਤਸਵੀਰ: (Collection générale de la Société historique de Saint-Boniface)

ਕੀ ਹਨ ਰੈਜ਼ੀਡੈਂਸ਼ੀਅਲ ਸਕੂਲ?

1870 ਅਤੇ 1997 ਦੇ ਵਿਚਕਾਰ 150,000 ਤੋਂ ਵੱਧ ਫਸਟ ਨੇਸ਼ਨਜ਼, ਮੈਟਿਸ ਅਤੇ ਇਨੁਇਟ ਮੂਲਨਿਵਾਸੀ ਭਾਈਚਾਰੇ ਦੇ ਬੱਚਿਆਂ ਨੂੰ ਸਰਕਾਰੀ ਫ਼ੰਡਾਂ ਰਾਹੀਂ ਚਰਚ ਵੱਲੋਂ ਚਲਾਏ ਜਾਣ ਵਾਲੇ ਰੈਜ਼ੀਡੈਂਸ਼ੀਅਲ ਸਕੂਲਾਂ ਵਿਚ ਜਬਰਨ ਦਾਖ਼ਲ ਕੀਤਾ ਗਿਆ ਸੀ। 

1894 ਵਿਚ ਇੰਡੀਅਨ ਐਕਟ ਵਿਚ ਸੋਧ ਕੀਤੀ ਗਈ ਸੀ ਜਿਸ ਅਧੀਨ ਜੇ ਸਰਕਾਰ ਨੂੰ ਲੱਗਦਾ ਸੀ ਕਿ ਬੱਚੇ ਦੀ ਸਹੀ ਦੇਖ-ਭਾਲ ਅਤੇ ਸਿੱਖਿਆ ਨਹੀਂ ਹੋ ਰਹੀ ਹੈ ਤਾਂ ਉਹ ਕਿਸੇ ਵੀ ਮੂਲਨਿਵਾਸੀ ਬੱਚੇ ਨੂੰ ਉਸਦੇ ਪਰਿਵਾਰ ਕੋਲੋਂ ਵੱਖ ਕਰਕੇ ਇਹਨਾਂ ਸਕੂਲਾਂ ਵਿਚ ਦਾਖ਼ਲ ਕਰ ਸਕਦੀ ਸੀ। 1920 ਵਿਚ ਦੁਬਾਰਾ ਇਸ ਕਾਨੂੰਨ ਵਿਚ ਸੋਧ ਕਰਕੇ ਰੈਜ਼ੀਡੈਂਸ਼ੀਅਲ ਸਕੂਲਾਂ ਵਿਚ ਦਾਖ਼ਲਾ ਲਾਜ਼ਮੀ ਕਰ ਦਿੱਤਾ ਗਿਆ ਸੀ। 

ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਅਤੇ ਸੱਭਿਆਚਾਰ ਤੋਂ ਵੱਖ ਕਰਕੇ ਉਹਨਾਂ ਨੂੰ ਜਬਰਨ ਅੰਗ੍ਰੇਜ਼ੀ ਸਿਖਾਈ ਜਾਂਦੀ ਸੀ, ਉਹਨਾਂ ਕੋਲੋਂ ਇਸਾਈ ਧਰਮ ਕਬੂਲ ਕਰਵਾਇਆ ਜਾਂਦਾ ਸੀ ਅਤੇ ਕੈਨੇਡਾ ਦੀ ਗੋਰੀ ਨਸਲ ਵਾਲੀ ਬਹੁਗਿਣਤੀ ਦੇ ਰੀਤੀ ਰਿਵਾਜ ਸਿੱਖਣ ਲਈ ਮਜਬੂਰ ਕੀਤਾ ਜਾਂਦਾ ਸੀ। 

1939 ਦੀ ਕਿਉਬੈਕ ਦੇ ਇੱਕ ਕੈਥਲਿਕ ਰੈਜ਼ੀਡੈਂਸ਼ੀਅਲ ਸਕੂਲ ਦੀ ਤਸਵੀਰ।

1939 ਦੀ ਕਿਉਬੈਕ ਦੇ ਇੱਕ ਕੈਥਲਿਕ ਰੈਜ਼ੀਡੈਂਸ਼ੀਅਲ ਸਕੂਲ ਦੀ ਤਸਵੀਰ।

ਤਸਵੀਰ: (Deschâtelets Archives)

ਟ੍ਰੁੱਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ ਨੇ 2015 ਚ ਰਿਪੋਰਟ ਜਾਰੀ ਕੀਤੀ ਸੀ ਜਿਸ ਵਿਚ ਇਹਨਾਂ ਬੱਚਿਆਂ ਦੇ ਸਰੀਰਕ, ਮਾਨਸਿਕ ਅਤੇ ਜਿਨਸੀ ਸ਼ੋਸ਼ਣ ਦੀ ਦਰਦਨਾਕ ਘਟਨਾਵਾਂ ਵੀ ਉਜਾਗਰ ਹੋਈਆਂ ਸਨ।ਕਮੀਸ਼ਨ ਨੇ ਇਸ ਸਿਸਟਮ ਨੂੰ ਇੱਕ ਸੱਭਿਆਚਾਰਕ ਨਸਲਕੁਸ਼ੀ ਆਖਿਆ ਸੀ ਜਿਸ ਦਾ ਮਕਸਦ ਮੂਲਨਿਵਾਸੀ ਭਾਸ਼ਾ ਅਤੇ ਕਲਚਰ ਦਾ ਖ਼ਾਤਮਾ ਕਰਨਾ ਸੀ। 

ਨੈਸ਼ਨਲ ਸੈਂਟਰ ਫ਼ੌਰ ਟ੍ਰੁੱਥ ਐਂਡ ਰੀਕਨਸੀਲੀਏਸ਼ਨ, ਜਿੱਥੇ ਕਮੀਸ਼ਨ ਵੱਲੋਂ ਇਹਨਾਂ ਸਕੂਲਾਂ ਬਾਰੇ ਇਕੱਠੀ ਕੀਤੀ ਸਮੱਗਰੀ ਜਮ੍ਹਾਂ ਹੈ, ਦੇ ਅਨੁਸਾਰ ਇਸ ਰੈਜ਼ੀਡੈਨਸ਼ੀਅਲ ਸਕੂਲ ਸਿਸਟਮ ਦੌਰਾਨ 4100 ਤੋਂ ਵੱਧ ਬੱਚਿਆਂ ਦੀ ਮੌਤ ਹੋ ਗਈ ਸੀ, ਜਿਹਨਾਂ ਵਿਚੋਂ ਜ਼ਿਆਦਾਤਰ ਮੌਤਾਂ ਕੁਪੋਸ਼ਣ ਜਾਂ ਬਿਮਾਰੀ ਕਰਕੇ ਹੋਈਆਂ ਸਨ। 

ਪਰ ਸਾਬਕਾ ਸੈਨੇਟਰ ਮਰੇ ਸਿਨਕਲੇਅਰ ਦਾ ਮੰਨਣਾ ਹੈ ਕਿ ਅਸਲ ਮੌਤਾਂ ਦੀ ਗਿਣਤੀ ਕਿਤੇ ਵੱਧ ਹੋ ਸਕਦੀ ਹੈ ਕਿਉਂਕਿ ਸਕੂਲਾਂ ਨੇ ਦਫ਼ਨਾਏ ਗਏ ਬੱਚਿਆਂ ਦੀ ਸਹੀ ਜਾਣਕਾਰੀ ਰਿਕਾਰਡ ਨਹੀਂ ਕੀਤੀ ਹੋਣੀ। 

ਕਿਵੇਂ ਹੋਈ ਰਾਸ਼ਟਰੀ ਦਿਵਸ ਮਨਾਉਣ ਦੀ ਸ਼ੁਰੂਆਤ?

2017 ਵਿਚ, ਸਸਕੈਚਵਨ ਤੋਂ ਮੈਂਬਰ ਪਾਰਲੀਮੈਂਟ ਜੌਰਜੀਨਾ ਜੋਲੀਬੋਇਸ ਨੇ, ਨੈਸ਼ਨਲ ਡੇ ਫ਼ੌਰ ਟ੍ਰੁੱਥ ਐਂਡ ਰੀਕਨਸੀਲੀਏਸ਼ਨ ਨੂੰ ਸਰਕਾਰੀ ਛੁੱਟੀ ਐਲਾਨਣ ਲਈ ਇੱਕ ਪ੍ਰਾਇਵੇਟ ਮੈਂਬਰ ਬਿਲ ਪੇਸ਼ ਕੀਤਾ ਸੀ। 

2017 ਵਿਚ, ਸਸਕੈਚਵਨ ਤੋਂ ਮੈਂਬਰ ਪਾਰਲੀਮੈਂਟ ਜੌਰਜੀਨਾ ਜੋਲੀਬੋਇਸ ਨੇ, ਨੈਸ਼ਨਲ ਡੇ ਫ਼ੌਰ ਟ੍ਰੁੱਥ ਐਂਡ ਰੀਕਨਸੀਲੀਏਸ਼ਨ ਨੂੰ ਸਰਕਾਰੀ ਛੁੱਟੀ ਐਲਾਨਣ ਲਈ ਇੱਕ ਪ੍ਰਾਇਵੇਟ ਮੈਂਬਰ ਬਿਲ ਪੇਸ਼ ਕੀਤਾ ਸੀ।

2017 ਵਿਚ, ਸਸਕੈਚਵਨ ਤੋਂ ਮੈਂਬਰ ਪਾਰਲੀਮੈਂਟ ਜੌਰਜੀਨਾ ਜੋਲੀਬੋਇਸ ਨੇ, ਨੈਸ਼ਨਲ ਡੇ ਫ਼ੌਰ ਟ੍ਰੁੱਥ ਐਂਡ ਰੀਕਨਸੀਲੀਏਸ਼ਨ ਨੂੰ ਸਰਕਾਰੀ ਛੁੱਟੀ ਐਲਾਨਣ ਲਈ ਇੱਕ ਪ੍ਰਾਇਵੇਟ ਮੈਂਬਰ ਬਿਲ ਪੇਸ਼ ਕੀਤਾ ਸੀ।

ਤਸਵੀਰ: (Submitted by Georgina Jolibois)

ਇਸ ਤੋਂ ਦੋ ਸਾਲ ਪਹਿਲਾਂ, ਟ੍ਰੁਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ ਨੇ 2015 ਚ ਰਿਪੋਰਟ ਜਾਰੀ ਕੀਤੀ ਸੀ ਜਿਸ ਵਿਚ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਵਿਚ ਬੱਚਿਆਂ ਦੇ ਸਰੀਰਕ ਸ਼ੋਸ਼ਣ ਅਤੇੇ ਜ਼ੁਲਮ ਦੀ ਦਾਸਤਾਨ ਨੂੰ ਉਜਾਗਰ ਕਰਦਿਆਂ ਕੁਝ ਅਹਿਮ ਸਿਫ਼ਾਰਸ਼ਾਂ ਕੀਤੀਆਂ ਗਈਆਂ ਸਨ। ਇਸ ਕਮੀਸ਼ਨ ਨੇ 94 ਸਿਫ਼ਾਰਸ਼ਾਂ ਕੀਤੀਆਂ ਸਨ ਜਿਹਨਾਂ ਵਿਚੋਂ ਇੱਕ ਸਿਫ਼ਾਰਿਸ਼, ਫ਼ੈਡਰਲ ਪੱਧਰ ਤੇ ਇੱਕ ਦਿਨ ਨੂੰ ਖ਼ਾਸ ਤੌਰ ਤੇ ਮੂਲਨਿਵਾਸੀ ਲੋਕਾਂ ਅਤੇ ਰੈਜ਼ਿਡੈਂਸ਼ੀਅਲ ਸਕੂਲਾਂ ਦੇ ਉਹਨਾਂ ‘ਤੇ ਪ੍ਰਭਾਵ ਬਾਰੇ ਮਨਾਏ ਜਾਣ ਨਾਲ ਸਬੰਧਤ ਸੀ।

5 ਜੂਨ 2021 ਨੂੰ, ਰੈਜ਼ੀਡੈਂਸ਼ੀਅਲ ਸਕੂਲ ਦੇ ਪੀੜਤਾਂ ਦੀ ਯਾਦ ਵਿਚ ਇੱਕ ਸਰਕਾਰੀ ਛੁੱਟੀ ਸ਼ੁਰੂ ਕਰਨ ਨਾਲ ਸਬੰਧਤ, ਬਿਲ ਸੀ-5 ਨੂੰ, ਸੈਨੇਟ ਵਿਚ ਸਰਬਸੰਮਤੀ ਨਾਲ ਪਾਸ ਕੀਤੇ ਜਾਣ ਤੋਂ ਬਾਅਦ, ਰੌਯਲ ਮੰਜ਼ੂਰੀ ਮਿਲ ਗਈ ਸੀ। ਕੈਮਲੂਪਸ ਵਿਚ ਕਬਰਾਂ ਮਿਲਣ ਤੋਂ ਬਾਅਦ ਇਹ ਫ਼ੈਸਲਾ ਤੇਜ਼ੀ ਨਾਲ ਲਿਆ ਗਿਆ ਸੀ।

ਕੈਨੇਡਾ ਵਿਚ ਕਿੱਥੇ ਸਨ ਰੈਜ਼ੀਡੈਂਸ਼ੀਅਲ ਸਕੂਲ?

ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਸੈਟਲਮੈਂਟ ਅਗਰੀਮੈਂਟ (ਆਈ ਆਰ ਐਸ ਐਸ ਏ) ਨੇ ਕੈਨੇਡਾ ਭਰ ਵਿਚ 139 ਰੈਜ਼ੀਡੈਂਸ਼ੀਅਲ ਸਕੂਲਾਂ ਦੀ ਪਛਾਣ ਕੀਤੀ ਹੈ। ਹਾਲਾਂਕਿ ਇਸ ਗਿਣਤੀ ਵਿਚ ਫ਼ੈਡਰਲ ਮਦਦ ਤੋਂ ਬਿਨਾ ਚਲਾਏ ਜਾਣ ਵਾਲੇ ਸਕੂਲ ਸ਼ਾਮਲ ਨਹੀਂ ਹਨ। ਕੁਝ ਸਕੂਲ ਮੁਕੰਮਲ ਤੌਰ ਤੇ ਧਾਰਮਿਕ ਨਿਰਦੇਸ਼ਾਂ ਜਾਂ ਸੂਬਾ ਸਰਕਾਰਾਂ ਵੱਲੋਂ ਚਲਾਏ ਜਾਂਦੇ ਸਨ। 

ਪ੍ਰਿੰਸ ਐਡਵਰਡ ਆਇਲੈਂਡ, ਨਿਊ ਬ੍ਰੰਜ਼ਵਿਕ, ਨਿਊਫ਼ੰਡਲੈਂਡ ਐਂਡ ਲੈਬਰਾਡੌਰ ਨੂੰ ਛੱਡ ਕੇ ਸਾਰੇ ਕੈਨੇਡੀਅਨ ਸੂਬਿਆਂ ਵਿਚ ਹੀ ਇਹ 139 ਸਕੂਲ ਮੌਜੂਦ ਸਨ। ਨਿਊਫ਼ੰਡਲੈਂਡ ਐਂਡ ਲੈਬਰਾਡੌਰ ਵਿਚ ਰੈਜ਼ੀਡੈਂਸ਼ੀਅਲ ਸਕੂਲ ਸਨ ਪਰ ਉਹ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਸੈਟਲਮੈਂਟ ਅਗਰੀਮੈਂਟ ਵਿਚ ਸ਼ਾਮਲ ਨਹੀਂ ਸਨ। 

ਕਿਵਾਲਿਕ ਹਾਲ,1997 ਵਿਚ ਬੰਦ ਕੀਤਾ ਗਿਆ ਆਖ਼ਰੀ ਰੈਜ਼ੀਡੈਂਸ਼ੀਅਲ ਸਕੂਲ ਸੀ।

ਕਿਵਾਲਿਕ ਹਾਲ,1997 ਵਿਚ ਬੰਦ ਕੀਤਾ ਗਿਆ ਆਖ਼ਰੀ ਰੈਜ਼ੀਡੈਂਸ਼ੀਅਲ ਸਕੂਲ ਸੀ।

ਤਸਵੀਰ: (NWT Archives/Northwest Territories. Department of Public Works and Services fonds/G-1995-001: 5917)

1931 ਵਿਚ, ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਦੇ ਸਿੱਖਰ ਦੌਰਾਨ, ਮੁਲਕ ਵਿਚ ਤਕਰੀਬਨ 80 ਸਕੂਲ ਚਲਾਏ ਜਾ ਰਹੇ ਸਨ। 

ਆਖ਼ਰੀ ਸਕੂਲ, ਕਿਵਾਲਿਕ ਹਾਲ,1997 ਵਿਚ ਬੰਦ ਕੀਤਾ ਗਿਆ ਸੀ। ਇਹ ਸਕੂਲ ਰੈਂਕਿਨ ਇਨਲੈਟ, ਨੂਨਾਵੁਟ ਵਿਚ ਸੀ। 

2008 ਵਿਚ ਤਤਕਾਲੀਨ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਨੇ ਰੈਜ਼ੀਡੈਂਸ਼ੀਅਲ ਸਕੂਲਾਂ ਲਈ ਮੂਲਨਿਵਾਸੀ ਲੋਕਾਂ ਕੋਲੋਂ ਕੈਨੇਡਾ ਸਰਕਾਰ ਵੱਲੋਂ ਰਸਮੀ ਤੌਰ ਤੇ ਮੁਆਫ਼ੀ ਮੰਗੀ ਸੀ। 

1863 ਤੋਂ 2000 ਦੇ ਦਰਮਿਅਨ,  ਨਿਊਫ਼ੰਡਲੈਂਡ ਐਂਡ ਲੈਬਰਾਡੌਰ ਨੂੰ ਛੱਡ ਕੇ, ਕੈਨੇਡਾ ਦੇ ਹਰੇਕ ਸੂਬੇ ਅਤੇ ਟੈਰੀਟ੍ਰੀ ਵਿਚ 600 ਤੋਂ ਵੱਧ ਅਖੌਤੇ ਇੰਡੀਅਨ ਡੇ ਸਕੂਲ ਚਲਾਏ ਜਾ ਰਹੇ ਸਨ। ਫਸਟ ਨੇਸ਼ਨਜ਼, ਮੈਟਿਸ ਅਤੇ ਇਨੁਇਟ ਮੂਲਨਿਵਾਸੀ ਭਾਈਚਾਰੇ ਦੇ ਬੱਚਿਆਂ ਨੂੰ ਦਿਨ ਵੇਲੇ ਇਹਨਾਂ ਸਕੂਲਾਂ ਵਿਚ ਭੇਜਿਆ ਜਾਂਦਾ ਸੀ ਅਤੇ ਬਾਅਦ ਵਿਚ ਉਹ ਆਪਣੇ ਘਰਾਂ ਨੂੰ ਵਾਪਸ ਆ ਜਾਂਦੇ ਸਨ। ਇਹਨਾਂ ਡੇ ਸਕੂਲਾਂ ਵਿਚ ਜਾਣ ਵਾਲੇ ਕੁਝ ਬੱਚਿਆਂ ਨੇ ਵੀ ਰੈਜ਼ੀਡੈਂਸ਼ੀਅਲ ਸਕੂਲਾਂ ਵਿਚ ਹੁੰਦੇ ਸ਼ੋਸ਼ਣ ਵਰਗੇ ਦੁਰਵਿਵਹਾਰ ਦਾ ਜ਼ਿਕਰ ਕੀਤਾ ਸੀ।

ਇਹ ਵੀ ਪੜ੍ਹੋ:

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ