1. ਮੁੱਖ ਪੰਨਾ
  2. ਸਮਾਜ
  3. ਇਮੀਗ੍ਰੇਸ਼ਨ

ਸਸਕੈਚਵਨ ਦੀ ਆਬਾਦੀ ‘ਚ ਹੋਇਆ ਰਿਕਾਰਡ ਵਾਧਾ, ਅੰਤਰਰਾਸ਼ਟਰੀ ਪਰਵਾਸ ਸਭ ਤੋਂ ਵੱਡਾ ਕਾਰਨ

ਤਿੰਨ ਮਹੀਨਿਆਂ ਦੇ ਪੀਰੀਅਡ ਵਿਚ ਹੋਇਆ ਹੁਣ ਤੱਕ ਦਾ ਸਭ ਤੋਂ ਤੇਜ਼ ਵਾਧਾ

ਸਸਕੈਚਵਨ ਦੇ ਇਮੀਗ੍ਰੇਸ਼ਨ ਮਿਨਿਸਟਰ ਜੈਰੇਮੀ ਹੈਰੀਸਨ ਸੂਬੇ ਵਿਚ ਆਬਾਦੀ ਵਾਧੇ ਬਾਰੇ ਪਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।

ਸਸਕੈਚਵਨ ਦੇ ਇਮੀਗ੍ਰੇਸ਼ਨ ਮਿਨਿਸਟਰ ਜੈਰੇਮੀ ਹੈਰੀਸਨ ਸੂਬੇ ਵਿਚ ਆਬਾਦੀ ਵਾਧੇ ਬਾਰੇ ਪਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। ਉਹਨਾਂ ਦੱਸਿਆ ਕਿ ਸੂਬੇ ਨੇ 2030 ਤੱਕ ਆਬਾਦੀ ਨੂੰ 1.4 ਮਿਲੀਅਨ ਕਰਨ ਦਾ ਟੀਚਾ ਮਿੱਥਿਆ ਹੈ।

ਤਸਵੀਰ: (Matt Howard/ CBC)

RCI

ਸਾਲ 2022 ਦੀ ਦੂਜੀ ਤਿਮਾਹੀ ਵਿਚ ਸਸਕੈਚਵਨ ਦੀ ਆਬਾਦੀ ਵਿਚ 6,465 ਲੋਕਾਂ ਦਾ ਵਾਧਾ ਹੋਇਆ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਸਾਲ 1971 ਤੋਂ ਤਿਮਾਹੀ ਅਧਾਰ ‘ਤੇ ਆਬਾਦੀ ਵਿਚ ਵਾਧੇ ਦੇ ਅੰਕੜੇ ਸ਼ੁਰੂ ਕਰਨ ਤੋਂ ਬਾਅਦ, ਇਹ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਹੈ।

ਸਟੈਟਿਸਟਿਕਸ ਕੈਨੇਡਾ (ਨਵੀਂ ਵਿੰਡੋ) ਅਨੁਸਾਰ, 1 ਜੁਲਾਈ ਤੱਕ ਸਸਕੈਚਵਨ ਦੀ ਆਬਾਦੀ 1,194,803 ਦਰਜ ਕੀਤੀ ਗਈ। ਕੈਨੇਡਾ ਦੀ ਕੁਲ ਆਬਾਦੀ (ਨਵੀਂ ਵਿੰਡੋ) 38,929,902 ਦਰਜ ਹੋਈ ਸੀ।

ਜੇ ਪਿਛਲੇ ਸਾਲ ਨਾਲ ਤੁਲਨਾ ਕਰੀਏ ਤਾਂ ਸਸਕੈਚਵਨ ਵਿਚ 13,310 ਲੋਕਾਂ ਦਾ ਵਾਧਾ ਹੋਇਆ ਹੈ, ਜੋਕਿ 1.1 ਫ਼ੀਸਦੀ ਸਾਲਾਨਾ ਵਿਕਾਸ ਦਰ ਹੈ।

ਸਟੈਟਿਸਟਿਕਸ ਕੈਨੇਡਾ ਦੀ ਵਿਸ਼ਲੇਸ਼ਕ, ਸਟੇਸੀ ਜੌਲਮੈਨ ਨੇ ਕਿਹਾ, ਲਗਭਗ ਇਹ ਸਾਰਾ ਵਾਧਾ ਅੰਤਰਰਾਸ਼ਟਰੀ ਪਰਵਾਸ ਤੋਂ ਹੋਇਆ ਹੈ। ਕੁਦਰਤੀ ਵਾਧੇ, ਯਾਨੀ ਮੌਤਾਂ ਨਾਲੋਂ ਵੱਧ ਜਨਮਾਂ ਤੋਂ ਬਹੁਤ ਘੱਟ ਵਾਧਾ ਹੋ ਰਿਹਾ ਹੈ

ਸਟੇਸੀ ਨੇ ਕਿਹਾ ਕਿ ਫ਼ੈਡਰਲ ਸਰਕਾਰ ਨੇ ਇਮੀਗ੍ਰੇਸ਼ਨ ਦੇ ਟੀਚਿਆਂ ਨੂੰ ਵਧਾਇਆ ਹੈ। ਉਸਦੇ ਨਾਲ ਹੀ ਮਹਾਂਮਾਰੀ ਤੋਂ ਬਾਅਦ, ਜਦੋਂ ਸਰਹੱਦਾਂ ਖੁੱਲੀਆਂ ਹਨ, ਤਾਂ ਵਧੇਰੇ ਲੋਕਾਂ ਦੇ ਆਉਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ।

ਦੂਸਰੀ ਤਿਮਾਹੀ ਵਿਚ ਕੈਨੇਡਾ ਦੀ ਆਬਾਦੀ ਵਾਧੇ ਵਿਚ ਅੰਤਰਰਾਸ਼ਟਰੀ ਪਰਵਾਸ ਦਾ ਹਿੱਸਾ 94.5 ਫ਼ੀਸਦੀ ਰਿਹਾ।

ਇਸ ਦੌਰਾਨ ਸਸਕੈਚਵਨ, ਓਨਟੇਰਿਓ ਅਤੇ ਮੈਨੀਟੋਬਾ ਵਿਚ ਅੰਤਰ-ਸੂਬਾਈ ਪਰਵਾਸ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਹੋਈ। 1 ਅਪ੍ਰੈਲ ਤੋਂ 1 ਜੁਲਾਈ ਦੇ ਦਰਮਿਆਨ 6,992 ਲੋਕ ਹੋਰ ਸੂਬਿਆਂ ਤੋਂ ਸਸਕੈਚਵਨ ਸ਼ਿਫ਼ਟ ਹੋਏ, ਜਿਹਨਾਂ ਵਿਚ ਜ਼ਿਆਦਾਤਰ ਲੋਕ ਓਨਟੇਰਿਓ, ਐਲਬਰਟਾ ਅਤੇ ਬੀਸੀ ਤੋਂ ਸਨ - ਪਰ ਇਸਦੇ ਉਲਟ 8,940 ਲੋਕ ਸਸਕੈਚਵਨ ਨੂੰ ਛੱਡ ਕੇ ਵੀ ਗਏ, ਜਿਸ ਦਾ ਅਰਥ ਹੈ ਕਿ ਸੂਬੇ ਨੂੰ ਕਰੀਬ 2,000 ਲੋਕਾਂ ਦਾ ਘਾਟਾ ਵੀ ਹੋਇਆ।

ਸਟੇਸੀ ਅਨੁਸਾਰ ਯੂਕਰੇਨ ਤੋਂ ਹਿਜਰਤ ਕਰਕੇ ਆਏ ਲੋਕਾਂ ਕਰਕੇ ਵੀ ਸਸਕੈਚਵਨ ਦੀ ਆਬਾਦੀ ਵਿਚ ਵਾਧਾ ਹੋਇਆ ਹੈ।

ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਸਕੈਚਵਨ ਦੇ ਇਮੀਗ੍ਰੇਸ਼ਨ ਮਿਨਿਸਟਰ, ਜੈਰੇਮੀ ਹੈਰੀਸਨ ਨੇ ਕਿਹਾ ਕਿ ਇੱਕ ਹਫ਼ਤੇ ਪਹਿਲਾਂ ਤੱਕ ਸੂਬਾ ਸਰਕਾਰ ਯੂਕਰੇਨ ਤੋਂ ਆਏ ਲੋਕਾਂ ਲਈ 1,900 ਹੈਲਥ ਕਾਰਡ ਜਾਰੀ ਕਰ ਚੁੱਕੀ ਹੈ ਜੋ ਇਸ ਗੱਲ ਦਾ ਸੰਕੇਤ ਹੈ ਕਿ ਯੁੱਧ ਤੋਂ ਬਾਅਦ ਕਿੰਨੀ ਤਾਦਾਦ ਵਿਚ ਯੂਕਰੇਨੀ ਸਸਚਕੈਚਵਨ ਪਹੁੰਚ ਚੁਕੇ ਹਨ। ਉਹਨਾਂ ਕਿਹਾ ਕਿ ਸੂਬੇ ਦੀ ਆਬਾਦੀ ਕਰੀਬ 1.2 ਮਿਲੀਅਨ ਹੋ ਗਈ ਹੈ, ਜੋ ਦਰਸਾਉਂਦੀ ਹੈ ਕਿ ਸੂਬੇ ਵਿਚ ਨੌਕਰੀਆਂ ਦੇ ਮੌਕੇ ਉਪਲਬਧ ਹਨ ਜਿਸ ਕਰਕੇ ਦੁਨੀਆ ਭਰ ਤੋਂ ਲੋਕ ਆਕਰਸ਼ਤ ਹੋ ਰਹੇ ਹਨ।

ਜੈਰੇਮੀ ਹੈਰੀਸਨ ਨੇ ਕਿਹਾ ਹੈ ਕਿ ਸੂਬਾ ਸਰਕਾਰ ਇੱਕ ਨਵਾਂ ਕਾਨੂੰਨ ਲਿਆਉਣ 'ਤੇ ਕੰਮ ਕਰ ਰਹੀ ਹੈ, ਜੋ ਨਵੇਂ ਪਰਵਾਸੀਆਂ ਨੂੰ ਆਪਣੇ ਪ੍ਰਮਾਣ ਪੱਤਰਾਂ ਦੀ ਮਾਨਤਾ ਪ੍ਰਾਪਤ ਕਰਨ ਲਈ ਇੱਕ ਸਪਸ਼ਟ ਰਸਤਾ ਪ੍ਰਦਾਨ ਕਰੇਗਾ।

ਜੈਰੇਮੀ ਹੈਰੀਸਨ ਨੇ ਕਿਹਾ ਹੈ ਕਿ ਸੂਬਾ ਸਰਕਾਰ ਇੱਕ ਨਵਾਂ ਕਾਨੂੰਨ ਲਿਆਉਣ 'ਤੇ ਕੰਮ ਕਰ ਰਹੀ ਹੈ, ਜੋ ਨਵੇਂ ਪਰਵਾਸੀਆਂ ਨੂੰ ਆਪਣੇ ਪ੍ਰਮਾਣ ਪੱਤਰਾਂ ਦੀ ਮਾਨਤਾ ਪ੍ਰਾਪਤ ਕਰਨ ਲਈ ਇੱਕ ਸਪਸ਼ਟ ਰਸਤਾ ਪ੍ਰਦਾਨ ਕਰੇਗਾ।

ਤਸਵੀਰ: (Matt Howard/ CBC)

2030 ਤੱਕ 1.4 ਮਿਲੀਅਨ ਦੀ ਆਬਾਦੀ ਦਾ ਟੀਚਾ: ਹੈਰੀਸਨ

ਹੈਰੀਸਨ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਦਾ ਉਦੇਸ਼ ਅੰਤਰਰਾਸ਼ਟਰੀ ਇਮੀਗ੍ਰੇਸ਼ਨ ਵਿਚ ਵਾਧਾ ਕਰਨਾ ਹੈ। ਇਸਦੇ ਨਾਲ ਹੀ ਸੂਬੇ ਵਿਚ ਮੌਜੂਦ ਲੋਕਾਂ ਨੂੰ ਉੱਥੇ ਹੀ ਬਰਕਰਾਰ ਰੱਖਣ ਲਈ ਬਿਹਤਰ ਨੀਤੀਆਂ ਵੀ ਬਣਾਈਆਂ ਜਾ ਰਹੀਆਂ ਹਨ।

ਹੈਰੀਸਨ ਨੇ ਕਿਹਾ ਕਿ ਨਵੇਂ ਪਰਵਾਸੀ ਕੈਨੇਡਾ ਆਉਂਦੇ ਹਨ ਅਤੇ ਊਬਰ ਚਲਾਉਂਦੇ ਹਨ, ਜਦਕਿ ਉਹ ਹੈਲਥ ਕੇਅਰ ਸਿਸਟਮ ਵਿਚ ਕੰਮ ਕਰ ਸਕਦੇ ਹਨ, ਪਰ ਉਹਨਾਂ ਦੀ ਸਿਖਲਾਈ ਅਤੇ ਵਿਦਿਆ ਨੂੰ ਮਾਨਤਾ ਮਿਲਣ ਵਿਚ ਪੇਚੀਦਗੀ ਕਰਕੇ ਉਹ ਅਜਿਹਾ ਨਹੀਂ ਕਰ ਪਾਉਂਦੇ।

ਉਹਨਾਂ ਕਿਹਾ ਕਿ ਕਾਮਿਆਂ ਦੀ ਘਾਟ ਦੀ ਸਮੱਸਿਆ ਦਾ ਅਰਥ ਹੈ ਕਿ ਨਵੇਂ ਪਰਵਾਸੀਆਂ ਲਈ ਰੁਜ਼ਗਾਰ ਉਪਲਬਧ ਹੈ।

ਹੈਰੀਸਨ ਨੇ ਕਿਹਾ ਕਿ ਉਹਨਾਂ ਨੇ ਫ਼ੈਡਰਲ ਸਰਕਾਰ ਨੂੰ ਸੂਬਾਈ ਨੌਮਿਨੀ ਪ੍ਰੋਗਰਾਮ ਲਈ ਇਮੀਗ੍ਰੇਸ਼ਨ ਸੀਟਾਂ ਵਿਚ ਵਾਧੇ ਦੀ ਮੰਗ ਕੀਤੀ ਹੈ।

ਸੂਬਾ ਸਰਕਾਰ ਅਨੁਸਾਰ ਅਗਸਤ ਵਿਚ ਉਸਨੂੰ ਸੂਬਾਈ ਇਮੀਗ੍ਰੈਂਟ ਨੌਮਿਨੀ ਪ੍ਰੋਗਰਾਮ ਵਿਚ ਮੌਜੂਦਾ 6,000 ਸੀਟਾਂ ਵਿਚ ਵਾਧੇ ਦੀ ਉਮੀਦ ਸੀ, 2022 ਵਿਚ ਹੀ ਇਸ ਸੀਮਾ ਨੂੰ ਘੱਟੋ ਘੱਟ 13,000 ਤੱਕ ਲਿਜਾਣ ਦਾ ਇਰਾਦਾ ਹੈ।

ਪੀ ਆਰ ਤੋਂ ਬਾਅਦ ਨੌਕਰੀਆਂ ਲਈ ਵੀ ਕੰਮ ਕਰਨ ਦੀ ਲੋੜ: ਇਮੀਗ੍ਰੇਸ਼ਨ ਵਕੀਲ

ਸਸਕਾਟੂਨ ਅਧਾਰਤ ਇਮੀਗ੍ਰੇਸ਼ਨ ਵਕੀਲ ਓਮਰ ਖ਼ੱਯਾਮ ਇਸ ਗੱਲ ਨਾਲ ਸਹਿਮਤ ਹੈ ਕਿ ਰਿਫ਼ਿਊਜੀਆਂ ਅਤੇ ਪਰਵਾਸੀਆਂ ਕਾਰਨ ਇਹ ਆਬਾਦੀ ਵਾਧਾ ਦਰਜ ਹੋਇਆ ਹੈ।

ਪਰ ਓਮਰ ਨੇ ਕਿਹਾ, ਬਹੁਤ ਸਾਰੇ ਵਿਦਿਆਰਥੀ ਜਿਹਨਾਂ ਕੋਲ ਵਰਕ ਪਰਮਿਟ ਹੁੰਦਾ ਹੈ, ਉਹ ਇੱਥੇ ਆਉਂਦੇ ਹਨ ਪਰ ਪਰਨਾਮੈਂਟ ਰੈਜ਼ੀਡੈਂਸੀ ਮਿਲਣ ਤੋਂ ਬਾਅਦ ਇੱਥੋਂ ਜਾਣ ਵਾਲੇ ਪਾਸੇ ਹੋ ਜਾਂਦੇ ਹਨ, ਕਿਉਂਕਿ ਇੱਥੇ ਉਹਨਾਂ ਦੇ ਮਤਲਬ ਦੀਆਂ ਨੌਕਰੀਆਂ ਦੀ ਕਮੀ ਹੈ

ਸਸਕਾਟੂਨ ਅਧਾਰਤ ਇਮੀਗ੍ਰੇਸ਼ਨ ਵਕੀਲ ਓਮਰ ਖ਼ੱਯਾਮ

ਸਸਕਾਟੂਨ ਅਧਾਰਤ ਇਮੀਗ੍ਰੇਸ਼ਨ ਵਕੀਲ ਓਮਰ ਖ਼ੱਯਾਮ

ਤਸਵੀਰ: (Osman Akthar)

ਉਸਦਾ ਕਹਿਣਾ ਹੈ ਕਿ ਸੂਬਾਈ ਨੌਮਿਨੀ ਪ੍ਰੋਗਰਾਮ ਵਿਚ ਅੰਕੜੇ ਵਧਾਉਣ ਨਾਲ ਮਦਦ ਜ਼ਰੂਰ ਮਿਲੇਗੀ, ਪਰ ਉਹ ਲੋਕਾਂ ਨੂੰ ਸੂਬੇ ਵਿਚ ਹੀ ਬਰਕਰਾਰ ਨਾ ਰੱਖ ਸਕਣ ਦੇ ਮਸਲੇ ਦਾ ਹੱਲ ਨਹੀਂ।

ਲੋਕਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਮਿਲ ਜਾਂਦੀ ਹੈ, ਪਰ ਉਹਨਾਂ ਨੂੰ ਨੌਕਰੀ ਨਹੀਂ ਮਿਲ ਰਹੀ। ਉਹਨਾਂ ਨੂੰ ਐਂਟਰੀ-ਲੈਵਲ (ਸ਼ੁਰੂਆਤੀ ਪੱਧਰ) ਦੀਆਂ ਨੌਕਰੀਆਂ ਮਿਲਦੀਆਂ ਹਨ

ਪਰਮਾਨੈਂਟ ਰੈਜ਼ੀਡੈਂਸੀ ਤੋਂ ਬਾਅਦ ਨੌਕਰੀਆਂ ਦੇ ਵਿਸ਼ੇ ‘ਤੇ ਕੰਮ ਕਰਨ ਦੀ ਜ਼ਰੂਰਤ ਹੈ

ਓਮਰ ਦਾ ਕਹਿਣਾ ਹੈ ਕਿ ਨਵੇਂ ਪਰਵਾਸੀ ਆਮ ਤੌਰ ‘ਤੇ ਓਨਟੇਰਿਓ, ਐਲਬਰਟਾ ਜਾਂ ਬੀਸੀ ਨੂੰ ਚੁਣਦੇ ਹਨ ਕਿਉਂਕਿ ਉੱਥੇ ਅਨੁਕੂਲ ਨੌਕਰੀਆਂ ਦੀ ਬਹੁਤਾਤ ਹੈ ਅਤੇ ਸਸਕੈਚਵਨ ਨੂੰ ਵੀ ਇਹੀ ਲਕਸ਼ ਰੱਖਣਾ ਚਾਹੀਦਾ ਹੈ।

ਪ੍ਰੱਤਯੁਸ਼ ਦਯਾਲ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ